ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਵਿਖੇ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਹੈ।
ਪੜ੍ਹੋ ਬਲਵਿੰਦਰ ਸਿੰਘ ਦੀ ਖਾਸ ਰਿਪੋਰਟ
18 ਜੁਲਾਈ, 2026 – ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਮਹਾਨ ਨਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੀ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੀ 100ਵੀਂ ਸ਼ਹੀਦੀ ਸ਼ਤਾਬਦੀ ‘ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੰਜਾਬ ਦਾ ਮਹਾਨ ਸਪੂਤ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦਾ ਅਨਮੋਲ ਹੀਰਾ ਦੱਸਿਆ।
ਤੇਜਾ ਸਿੰਘ ਸਮੁੰਦਰੀ ਦੀ 100ਵੀਂ ਸ਼ਹੀਦੀ ਸ਼ਤਾਬਦੀ
ਸ. ਤੇਜਾ ਸਿੰਘ ਸਮੁੰਦਰੀ ਜੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਾਪਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਕੁਰਬਾਨੀ ਵਾਲੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਸਿੱਖ ਯੋਧਿਆਂ ਨੇ ਅਜਿੱਤ ਕਹੀ ਜਾਣ ਵਾਲੀ ਅੰਗਰੇਜ਼ ਹਕੂਮਤ ਖਿਲਾਫ਼ ਮੋਰਚਾ ਲਾਇਆ ਅਤੇ ਸਰਕਾਰ ਦੇ ਜ਼ੁਲਮਾਂ ਵਿਰੁੱਧ ਜਿੱਤ ਹਾਸਲ ਕਰਦਿਆਂ ਪੰਥ ਦਾ ਨਾਂ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਸਿੱਖ ਸੰਸਥਾਵਾਂ ਨੂੰ ਸਥਾਪਤ ਅਤੇ ਮਜ਼ਬੂਤ ਕਰਨ ਲਈ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਕੌਮ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਰਹੇ ਹਨ।
ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸੰਧੂ ਦਾ ਬਿਆਨ
ਇਸ ਮੌਕੇ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਉਹ ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ। ਜੇ ਲੋੜ ਪਈ ਤਾਂ ਉਹ ਆਪਣੀ ਜਾਇਦਾਦ ਵੀ ਪੰਥ ਲੇਖੇ ਲਾਉਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਜਿਥੇ ਪੰਥ ਤੇ ਸਮਾਜ ਲਈ ਵੱਡੇ ਕਾਰਜ ਕੀਤੇ ਉਥੇ ਉਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲਾ ਕਰਦਿਆਂ ਸਕੂਲ ਕਾਲਜ ਖੋਲ੍ਹਣ ਲਈ ਵਿਸ਼ੇਸ਼ ਯੋਗਦਾਨ ਪਾਇਆ।
ਕਦੋਂ ਹੋਇਆ ਤੇਜਾ ਸਿੰਘ ਸਮੁੰਦਰੀ ਦਾ ਜਨਮ ?
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1882 ਨੂੰ ਅੰਮ੍ਰਿਤਸਰ ਦੇ ਪਿੰਡ ਰਾਇ ਕਾ ਬੁਰਜ ਵਿਖੇ ਹੋਇਆ ਸੀ, ਪਰ ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਲਾਇਲਪੁਰ (ਪਾਕਿਸਤਾਨ) ਦੀ ਸਮੁੰਦਰੀ ਤਹਿਸੀਲ ਵਿੱਚ ਜਾ ਵੱਸਿਆ, ਜਿਸ ਕਾਰਨ ਉਨ੍ਹਾਂ ਦੇ ਨਾਮ ਨਾਲ ‘ਸਮੁੰਦਰੀ’ ਸ਼ਬਦ ਹਮੇਸ਼ਾ ਲਈ ਜੁੜ ਗਿਆ। ਉਹ ਫ਼ੌਜ ਵਿੱਚ ਭਰਤੀ ਹੋਏ ਪਰ ਸਾਢੇ ਤਿੰਨ ਸਾਲਾਂ ਬਾਅਦ ਨੌਕਰੀ ਛੱਡ ਕੇ ਦੇਸ਼ ਅਤੇ ਪੰਥ ਦੀ ਸੇਵਾ ਵਿੱਚ ਕੁੱਦ ਪਏ। ਡਾ. ਪਿਆਰਾ ਸਿੰਘ ਵੱਲੋਂ ਲਿਖੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਉਨ੍ਹਾਂ ਦੀ ਪ੍ਰਮਾਣਿਕ ਜੀਵਨੀ “ਤੇਜਾ ਸਿੰਘ ਸਮੁੰਦਰੀ” ਮੁਤਾਬਕ, ਉਨ੍ਹਾਂ ਨੇ ਲਾਇਲਪੁਰ ਵਿੱਚ ‘ਖਾਲਸਾ ਦੀਵਾਨ ਬਾਰ’ ਦੀ ਸਥਾਪਨਾ ਕੀਤੀ ਅਤੇ ਸਿੱਖਾਂ ਨੂੰ ਵਿੱਦਿਆ ਨਾਲ ਜੋੜਨ ਲਈ ਖਾਲਸਾ ਮਿਡਲ ਸਕੂਲ, ਸਮੁੰਦਰੀ ਅਤੇ ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਖੋਲ੍ਹ ਕੇ ਸਮਾਜਿਕ ਕ੍ਰਾਂਤੀ ਦੀ ਨੀਂਹ ਰੱਖੀ।
ਅੰਗਰੇਜ਼ਾਂ ਖ਼ਿਲਾਫ਼ ਖੜ੍ਹੀ ਕੀਤੀ ਸੀ ਲਹਿਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਰਿਕਾਰਡਾਂ ਮੁਤਾਬਕ, 1920 ਵਿੱਚ ਕਮੇਟੀ ਦੀ ਸਥਾਪਨਾ ਵੇਲੇ ਉਹ ਇਸ ਦੇ ਮੋਢੀ ਮੈਂਬਰ ਬਣੇ ਅਤੇ ਬਾਅਦ ਵਿੱਚ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੂੰ ਅਕਾਲੀ ਲਹਿਰ ਦੀ ‘ਅਸਲੀ ਰੂਹ ਅਤੇ ਰੀੜ੍ਹ ਦੀ ਹੱਡੀ’ ਮੰਨਿਆ ਜਾਂਦਾ ਸੀ। ਜਦੋਂ ਬ੍ਰਿਟਿਸ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਖੋਹ ਲਈਆਂ ਸਨ, ਤਾਂ ਸੋਹਣ ਸਿੰਘ ਜੋਸ਼ ਨੇ ਆਪਣੀ ਪ੍ਰਸਿੱਧ ਪੁਸਤਕ “ਅਕਾਲੀ ਮੋਰਚਿਆਂ ਦਾ ਇਤਿਹਾਸ” ਵਿੱਚ ਦਰਜ ਕੀਤਾ ਹੈ ਕਿ ਕਿਵੇਂ ਤੇਜਾ ਸਿੰਘ ਸਮੁੰਦਰੀ ਨੇ ਪੂਰੇ ਪੰਜਾਬ ਵਿੱਚ ਅੰਗਰੇਜ਼ਾਂ ਵਿਰੁੱਧ ਜਨਤਕ ਰੋਸ ਲਹਿਰ ਖੜ੍ਹੀ ਕੀਤੀ, ਜਿਸ ਕਾਰਨ ਅੰਗਰੇਜ਼ਾਂ ਨੂੰ ਗੋਡੇ ਟੇਕਣੇ ਪਏ। ਇੰਨਾ ਹੀ ਨਹੀਂ, 17 ਜੂਨ 1923 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਇਤਿਹਾਸਕ ‘ਕਾਰ ਸੇਵਾ’ ਸ਼ੁਰੂ ਕਰਨ ਲਈ ਪੰਥ ਵੱਲੋਂ ਚੁਣੇ ਗਏ ਪੰਜ ਪਿਆਰਿਆਂ ਵਿੱਚ ਵੀ ਸਰਦਾਰ ਸਮੁੰਦਰੀ ਸ਼ਾਮਲ ਸਨ।
50 ਏਕੜ ਉਪਜਾਊ ਜ਼ਮੀਨ ਅੰਗਰੇਜ਼ਾਂ ਕੋਲ ਕਿਉਂ ਕੀਤੀ ਸੀ ਗਹਿਣੇ ?
ਸਰਦਾਰ ਸਮੁੰਦਰੀ ਸਿਰਫ਼ ਇੱਕ ਧਾਰਮਿਕ ਸੁਧਾਰਕ ਨਹੀਂ ਸਨ। ਡਾ. ਮਹਿੰਦਰ ਸਿੰਘ ਨੇ ਆਪਣੀ ਇਤਿਹਾਸਕ ਅੰਗਰੇਜ਼ੀ ਪੁਸਤਕ “The Akali Movement” ਵਿੱਚ ਹਵਾਲਾ ਦਿੱਤਾ ਹੈ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਸੂਬਾ ਕਾਂਗਰਸ ਦੇ ਉਪ-ਪ੍ਰਧਾਨ ਵੀ ਸਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੇ ‘ਨਾ-ਮਿਲਵਰਤਣ ਅੰਦੋਲਨ’ ਨਾਲ ਸਿੱਖ ਮੋਰਚਿਆਂ ਨੂੰ ਜੋੜ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ। ਐਸਜੀਪੀਸੀ ਦੀ ਵੈੱਬਸਾਈਟ ਦੇ ਸਿੱਖ ਇਤਿਹਾਸ ਸੈਕਸ਼ਨ ਮੁਤਾਬਕ, ਜਦੋਂ ਪ੍ਰੀਵੀ ਕੌਂਸਲ (ਲੰਡਨ) ਵਿੱਚ ਕਾਨੂੰਨੀ ਲੜਾਈ ਲਈ ਫੰਡਾਂ ਦੀ ਕਮੀ ਆਈ, ਤਾਂ ਉਨ੍ਹਾਂ ਨੇ ਬਿਨਾਂ ਝਿਜਕ ਆਪਣੀ 50 ਏਕੜ ਉਪਜਾਊ ਜ਼ਮੀਨ ਅੰਗਰੇਜ਼ਾਂ ਕੋਲ ਗਹਿਣੇ ਰੱਖ ਕੇ ਫੰਡ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਨਤਾ ਨੂੰ ਜਾਗਰੂਕ ਕਰਨ ਲਈ ਪ੍ਰਸਿੱਧ ਰੋਜ਼ਾਨਾ ਅਖ਼ਬਾਰ ‘ਅਕਾਲੀ’ ਦੀ ਸਥਾਪਨਾ ਵੀ ਕੀਤੀ।
44 ਸਾਲ ਦੀ ਉਮਰ ਵਿੱਚ ਜੇਲ੍ਹ ਅੰਦਰ ਸ਼ਹਾਦਤ
1925 ਵਿੱਚ ‘ਸਿੱਖ ਗੁਰਦੁਆਰਾ ਐਕਟ’ ਪਾਸ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਰਿਹਾਈ ਲਈ ਅੰਗਰੇਜ਼ਾਂ ਦੇ ਮੁਆਫ਼ੀਨਾਮੇ ‘ਤੇ ਹਸਤਾਖਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜੇਲ੍ਹ ਦੇ ਮਾੜੇ ਹਾਲਾਤ ਅਤੇ ਤਸ਼ੱਦਦ ਕਾਰਨ 17 ਜੁਲਾਈ 1926 ਨੂੰ ਮਹਿਜ਼ 44 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਸ਼ਹਾਦਤ ਹੋ ਗਈ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਮਹਾਨ ਸਿੱਖ ਵਿਦਵਾਨ ਭਾਈ ਵੀਰ ਸਿੰਘ ਨੇ 1926 ਦੇ ‘ਖਾਲਸਾ ਸਮਾਚਾਰ’ ਵਿੱਚ ਉਨ੍ਹਾਂ ਨੂੰ “ਪਰਮ ਪਵਿੱਤਰ ਸ਼ਹੀਦ” ਲਿਖ ਕੇ ਸ਼ਰਧਾਂਜਲੀ ਦਿੱਤੀ ਸੀ। ਜੇਲ੍ਹ ਵਿੱਚ ਉਨ੍ਹਾਂ ਦੇ ਨਾਲ ਬੰਦ ਮਾਸਟਰ ਤਾਰਾ ਸਿੰਘ ਨੇ ਲਿਖਿਆ ਸੀ ਕਿ ਉਹ ਇੰਨੀ ਨਿਮਰਤਾ ਨਾਲ ਕੰਮ ਕਰਦੇ ਸਨ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਸਨ ਕਿ ਲਹਿਰ ਦੀ ਅਸਲ ਜਾਨ ਉਹ ਖ਼ੁਦ ਹਨ।
‘ਗੁਰੂ ਪੰਥ ਨੂੰ ਸਮਰਪਿਤ ਹੋ ਕੇ ਬਿਤਾਈ ਜ਼ਿੰਦਗੀ‘
ਸ. ਤੇਜਾ ਸਿੰਘ ਸਮੁੰਦਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਕਹਿੰਦੇ ਹਨ ਕਿ, “ਸ. ਤੇਜਾ ਸਿੰਘ ਸਮੁੰਦਰੀ ਨੇ ਹਮੇਸ਼ਾ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਬਿਤਾਈ। ਜਿਹੜੀ ਸਾਡੀ ਹਮੇਸ਼ਾ ਭਾਵਨਾ ਰਹੀ ਹੈ ਕਿ “ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ“, ਇਹੀ ਕਾਰਨ ਹੈ ਕਿ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਲਾਹੌਰ ਜੇਲ੍ਹ ਵਿ4ਚ ਸ਼ਹਾਦਤ ਹੋ ਗਈ ਸੀ। ਸਿੱਖ ਧਰਮ ਦੇ ਹਰੇਕ ਵੱਡੋ ਮੋਰਚੇ ਵਿ4ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਸਾਹਿਤ ਨੂੰ ਵੀ ਉਨ੍ਹਾਂ ਦੀ ਵੱਡੀ ਦੇਣ ਹੈ, ਭਾਰਤ ਦਾ ਬਹੁਤ ਵੱਡਾ ਅਖ਼ਬਾਰ ਹਿੰਦੁਸਤਾਨ ਟਾਈਮਸ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਸੀ। ਸਾਨੂੰ ਉਨ੍ਹਾਂ ਨੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ।”
ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਨੂੰ ਪੋਤਰੇ ਨੇ ਅੱਗੇ ਵਧਾਇਆ
ਮਹਾਨ ਸਿੱਖ ਸੁਧਾਰਕ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਦੇਸ਼ ਅਤੇ ਕੌਮ ਪ੍ਰਤੀ ਸੇਵਾ ਦੀ ਵਿਰਾਸਤ ਨੂੰ ਉਹਨਾਂ ਦੇ ਪੁੱਤਰ ਅਤੇ ਪੋਤੇ ਨੇ ਸਿੱਖਿਆ ਅਤੇ ਰਾਜਨੀਤੀ ਦੇ ਖੇਤਰ ਵਿੱਚ ਉੱਚੇ ਅਹੁਦਿਆਂ ‘ਤੇ ਰਹਿ ਕੇ ਅੱਗੇ ਵਧਾਇਆ ਹੈ। ਉਨ੍ਹਾਂ ਦੇ ਪੁੱਤਰ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਨੇ ਅਮਰੀਕਾ ਤੋਂ ਉੱਚ ਸਿੱਖਿਆ ਹਾਸਲ ਕੀਤੀ ਸੀ। ਭਾਰਤ ਆ ਕੇ ਉਹ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ। ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ-ਚਾਂਸਲਰ ਰਹੇ। ਉਨ੍ਹਾਂ ਦੇ ਪੋਤੇ ਤਰਨਜੀਤ ਸਿੰਘ ਸੰਧੂ ਭਾਰਤੀ ਵਿਦੇਸ਼ ਸੇਵਾ ਦੇ ਇੱਕ ਪ੍ਰਮੁੱਖ ਅਧਿਕਾਰੀ ਰਹੇ ਹਨ। ਉਹਨਾਂ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਈ। ਵਰਤਮਾਨ ਵਿੱਚ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਹਨ।
ETV BHARAT