ਜਾਣੋ ਕਿੰਨਾ ਖ਼ਾਸ ਸੀ ‘ਸ਼ੇਰ ਏ ਪੰਜਾਬ‘ ਦਾ ਖਾਲਸਾ ਰਾਜ ?
ਬੀਜੇਪੀ ਨੇ ਦਫ਼ਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਗਾਕੇ ਪੰਜਾਬ ਵਿੱਚ ‘ਖਾਲਸਾ ਰਾਜ‘ ਵਰਗਾ ਸ਼ਾਸਨ ਲਿਆਉਣ ਦਾ ਅਹਿਦ ਲਿਆ। ਸਿੱਖ ਚਿੰਤਕਾ ਨੇ ਉਠਾਏ ਸਵਾਲ।
06 ਜੂਨ, 2026 – ਚੰਡੀਗੜ੍ਹ: ਪੰਜਾਬ ਭਾਜਪਾ ਦੀ ਕਮਾਨ ਸੰਭਾਲਦਿਆਂ ਹੀ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇੱਕ ਵੱਡਾ ਦਾਅ ਖੇਡਿਆ ਹੈ। ਪਾਰਟੀ ਦਫ਼ਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਗਾ ਕੇ ਉਨ੍ਹਾਂ ਨੇ ਪੰਜਾਬ ਵਿੱਚ ‘ਖਾਲਸਾ ਰਾਜ’ ਵਰਗਾ ਸ਼ਾਸਨ ਲਿਆਉਣ ਦਾ ਅਹਿਦ ਲਿਆ। ਇਸ ਬਿਆਨ ਨੇ ਸੂਬੇ ਦੀ ਸਿਆਸਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਆਖਿਰਕਾਰ ਇਹ ਖਾਲਸਾ ਰਾਜ ਕੀ ਸੀ ? ਇਸ ਦੀਆਂ ਕੀ ਖੂਬੀਆਂ ਸਨ ਅਤੇ ਭਾਜਪਾ ਵਰਗੀ ਰਾਸ਼ਟਰੀ ਪਾਰਟੀ ਨੂੰ ਅਚਾਨਕ ਇਸ ਦੀ ਲੋੜ ਕਿਉਂ ਪਈ ? ਇਸ ਖ਼ਾਸ ਰਿਪੋਰਟ ਵਿੱਚ ਅਸੀਂ ਤੱਥਾਂ ਦੇ ਅਧਾਰ ’ਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ…
ਕੀ ਸੀ ‘ਖਾਲਸਾ ਰਾਜ‘?
ਪ੍ਰਸਿੱਧ ਇਤਿਹਾਸਕਾਰ ਜੇ ਐਸ ਗਰੇਵਾਲ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘ’ ਦੇ ਤੱਥਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ‘ਖਾਲਸਾ ਰਾਜ’ ਮਹਿਜ਼ ਇੱਕ ਰਾਜਾ-ਸ਼ਾਹੀ ਨਹੀਂ, ਸਗੋਂ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਇੱਕ ਨਿਰਪੱਖ ਅਤੇ ਲੋਕ-ਪੱਖੀ ਸ਼ਾਸਨ ਸੀ, ਜਿੱਥੇ ਧਰਮ ਦੀ ਬਜਾਏ ਕਾਬਲੀਅਤ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ। ਇਸ ਰਾਜ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਹੀ ਪ੍ਰਸ਼ਾਸਨ ਦਾ ਹਿੱਸਾ ਸਨ, ਜਿਸ ਨਾਲ ਸਮਾਜ ਵਿੱਚ ਭਾਈਚਾਰਾ ਅਤੇ ਸੁਰੱਖਿਆ ਦਾ ਮਾਹੌਲ ਬਣਿਆ ਰਿਹਾ। ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅਜਿਹੀ ਤਾਕਤਵਰ ਅਤੇ ਅਨੁਸ਼ਾਸਿਤ ਫੌਜ ਤਿਆਰ ਕੀਤੀ ਜਿਸ ਨੇ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਤਾਂ ਦੂਜੇ ਪਾਸੇ ਖੇਤੀਬਾੜੀ ਅਤੇ ਵਪਾਰ ਨੂੰ ਉਤਸ਼ਾਹਿਤ ਕਰਕੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ। ਮਹਾਰਾਜਾ ਖੁਦ ਨੂੰ ਰਾਜ ਦਾ ਮਾਲਕ ਨਹੀਂ ਸਗੋਂ ਪੰਥ ਅਤੇ ਲੋਕਾਂ ਦਾ ਸੇਵਕ ਮੰਨਦੇ ਸਨ, ਜਿਸ ਕਰਕੇ ਉਸ ਦੌਰ ਨੂੰ ਅੱਜ ਵੀ ਨਿਆਂ, ਖੁਸ਼ਹਾਲੀ ਅਤੇ ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ‘ਸੁਨਹਿਰੀ ਯੁੱਗ’ ਮੰਨਿਆ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਕਿਹੋ ਜਿਹੀ ਸਖ਼ਸ਼ੀਅਤ ਸਨ ?
ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ‘Ranjit Singh- Maharaja of the Punjab’ ਦੇ ਅਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰਣ ਇੱਕ ਅਜਿਹੇ ਮਹਾਨ ਯੁਗ-ਪੁਰਸ਼ ਵਜੋਂ ਹੁੰਦਾ ਹੈ, ਜਿਸ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ। ਉਹ ਮਹਿਜ਼ ਇੱਕ ਰਾਜਾ ਨਹੀਂ ਸਨ, ਸਗੋਂ ਉਹ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪੰਜਾਬ ਦੀਆਂ ਵੱਖ-ਵੱਖ ਮਿਸਲਾਂ ਦੇ ਟਕਰਾਅ ਨੂੰ ਖਤਮ ਕਰਕੇ ਇੱਕ ਮਜ਼ਬੂਤ ਅਤੇ ਅਖੰਡ ਸਿੱਖ ਸਾਮਰਾਜ ਦੀ ਨੀਂਹ ਰੱਖੀ। ਖੁਸ਼ਵੰਤ ਸਿੰਘ ਉਨ੍ਹਾਂ ਨੂੰ ਇੱਕ ‘ਦਿਆਲੂ ਤਾਨਾਸ਼ਾਹ’ (Benevolent Despot) ਮੰਨਦੇ ਹਨ ਕਿਉਂਕਿ ਉਨ੍ਹਾਂ ਕੋਲ ਅਸੀਮ ਸ਼ਕਤੀ ਹੋਣ ਦੇ ਬਾਵਜੂਦ, ਉਨ੍ਹਾਂ ਦੇ ਸ਼ਾਸਨ ਦਾ ਮੁੱਖ ਅਧਾਰ ਲੋਕ-ਕਲਿਆਣ ਅਤੇ ਨਿਆਂ ਸੀ।
ਧਰਮ ਦਾ ਬਰਾਬਰ ਸਤਿਕਾਰ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਦਾ ਸਭ ਤੋਂ ਪ੍ਰਭਾਵਸ਼ਾਲੀ ਪਹਿਲੂ ਉਨ੍ਹਾਂ ਦੀ ਧਾਰਮਿਕ ਨਿਰਪੱਖਤਾ ਸੀ। ਉਹ ਇੱਕ ਸ਼ਰਧਾਵਾਨ ਸਿੱਖ ਹੁੰਦੇ ਹੋਏ ਵੀ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੇ ਸਨ। ਜਿਸ ਦਾ ਪ੍ਰਮਾਣ ਉਨ੍ਹਾਂ ਦੇ ਦਰਬਾਰ ਵਿੱਚ ਮੌਜੂਦ ਵੱਖ-ਵੱਖ ਧਰਮਾਂ ਦੇ ਉੱਚ-ਅਧਿਕਾਰੀ ਹੋਣਾ ਸੀ। ਖੁਸ਼ਵੰਤ ਸਿੰਘ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਕੂਟਨੀਤਕ ਚਤੁਰਾਈ ਅਤੇ ਦੂਰਅੰਦੇਸ਼ੀ ਸੋਚ ਹੀ ਸੀ ਕਿ ਉਨ੍ਹਾਂ ਨੇ ਉਸ ਸਮੇਂ ਦੇ ਬਦਲਦੇ ਹੋਏ ਰਾਜਨੀਤਕ ਸਮੀਕਰਨਾਂ ਨੂੰ ਸਮਝਦਿਆਂ ਅੰਗਰੇਜ਼ਾਂ ਨਾਲ ਸੰਤੁਲਨ ਬਣਾ ਕੇ ਰੱਖਿਆ। ਉਹ ਆਪਣੇ ਆਪ ਨੂੰ ਕਦੇ ਵੀ ਕਿਸੇ ਰਾਜੇ ਵਾਂਗ ਨਹੀਂ, ਸਗੋਂ ਗੁਰੂ ਸਾਹਿਬਾਨ ਦੇ ਇੱਕ ਸੇਵਕ ਵਜੋਂ ਪੇਸ਼ ਕਰਦੇ ਸਨ, ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਨਾਮ ਦੇ ਸਿੱਕੇ ਨਹੀਂ ਚਲਾਏ, ਸਗੋਂ ‘ਨਾਨਕਸ਼ਾਹੀ’ ਮੋਹਰ ਨੂੰ ਹੀ ਮਾਨਤਾ ਦਿੱਤੀ।
ਖ਼ਾਲਸਾ ਰਾਜ ਦੀਆਂ ਹੱਦਾਂ 1799–1849 ਤੱਕ
1799 ਤੋਂ 1849 ਤੱਕ ਦਾ ਖ਼ਾਲਸਾ ਰਾਜ (ਸਰਕਾਰ-ਏ-ਖ਼ਾਲਸਾ) ਆਪਣੇ ਸਮੇਂ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਸ਼ਾਲ ਸਾਮਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਸ ਦੀਆਂ ਹੱਦਾਂ ਚਾਰੇ ਪਾਸੇ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਸਨ। ਵੱਖ ਵੱਖ ਇਤਿਹਾਸਕ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖਾਲਸਾ ਰਾਜ (ਸਿੱਖ ਸਮਰਾਜ) ਪੱਛਮ ਵਿਚ ਖ਼ੈਬਰ ਦੱਰੇ ਤੋਂ ਜਮਰੌਦ ਕਿਲ੍ਹੇ ਤੱਕ, ਉੱਤਰ ਵਿਚ ਕਸ਼ਮੀਰ, ਗਿਲਗਿਤ-ਬਾਲਟਿਸਤਾਨ ਤੋਂ ਲੱਦਾਖ਼ ਤੱਕ, ਪੂਰਬ ਵਿਚ ਕਾਂਗੜਾ-ਚੰਬਾ ਤੋਂ ਪੱਛਮੀ ਤਿੱਬਤ ਦੀ ਸਰਹੱਦ ਤੱਕ ਅਤੇ ਦੱਖਣ ਵਿਚ ਮੁਲਤਾਨ ਤੋਂ ਮਿਠਨਕੋਟ ਤੱਕ ਸਨ। ਇਸ ਵਿਚ ਅੱਜ ਦਾ ਸਾਰਾ ਪੰਜਾਬ (ਪਾਕਿਸਤਾਨ ਤੇ ਭਾਰਤ), ਖ਼ੈਬਰ ਪਖ਼ਤੂਨਖ਼ਵਾ ਦਾ ਪੇਸ਼ਾਵਰ ਇਲਾਕਾ, ਜੰਮੂ, ਕਸ਼ਮੀਰ, ਹਿਮਾਚਲ ਦੇ ਸਤਲੁਜ ਤੋਂ ਉੱਤਰ ਦੇ ਪਹਾੜੀ ਇਲਾਕੇ ਸ਼ਾਮਲ ਸਨ, ਪਰ ਸਤਲੁਜ ਤੋਂ ਦੱਖਣ ਦੇ ਲੁਧਿਆਣਾ, ਪਟਿਆਲਾ, ਨਾਭਾ ਵਾਲੀ ਰਿਆਸਤ ਤੇ ਬਹਾਵਲਪੁਰ ਰਿਆਸਤ ਸ਼ਾਮਲ ਨਹੀਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਖਾਲਸਾ ਰਾਜ ਆਪਣੇ ਸਿਖਰ ਉੱਤੇ ਲਗਭਗ 5.2 ਲੱਖ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ।
ਖਾਲਸਾ ਰਾਜ ਦਾ ਪ੍ਰਸ਼ਾਸਨਿਕ ਕੰਮਕਾਰ
ਇਤਿਹਾਸਕਾਰ ਜੇ ਐਸ ਗਰੇਵਾਲ ਅਤੇ ਲੇਖਕ ਖੁਸ਼ਵੰਤ ਸਿੰਘ ਦੀਆਂ ਕਿਤਾਬਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਖਾਲਸਾ ਰਾਜ ਦਾ ਪ੍ਰਸ਼ਾਸਨ ਕੁਝ ਇਸ ਤਰ੍ਹਾਂ ਦਾ ਸੀ….
- ਕੇਂਦਰੀ ਦਰਬਾਰ:ਪ੍ਰਸ਼ਾਸਨ ਲਾਹੌਰ ਦਰਬਾਰ ਤੋਂ ਚੱਲਦਾ ਸੀ। ਮਹਾਰਾਜਾ ਰਣਜੀਤ ਸਿੰਘ ਸਰਵਉੱਚ ਸਨ ਤੇ ਧਿਆਨ ਸਿੰਘ ਡੋਗਰਾ, ਫਕੀਰ ਅਜ਼ੀਜ਼ੂਦੀਨ ਵਰਗੇ ਵਜ਼ੀਰ ਨਾਲ ਸਨ।
- ਧਰਮ ਨਿਰਪੱਖਤਾ:ਵਜ਼ੀਰਾਂ ਤੇ ਅਫਸਰਾਂ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਭ ਧਰਮਾਂ ਦੇ ਲੋਕ ਸ਼ਾਮਲ ਸਨ। ਯੋਗਤਾ ਦੇ ਅਧਾਰ ‘ਤੇ ਅਹੁਦੇ ਮਿਲਦੇ ਸਨ।
- ਸੂਬਾ ਪ੍ਰਬੰਧ:ਰਾਜ 4 ਸੂਬਿਆਂ – ਲਾਹੌਰ, ਮੁਲਤਾਨ, ਕਸ਼ਮੀਰ, ਪਿਸ਼ਾਵਰ ਵਿੱਚ ਵੰਡਿਆ ਸੀ। ਹਰ ਸੂਬੇ ਦਾ ਮੁਖੀ ‘ਨਾਜ਼ਿਮ’ ਹੁੰਦਾ ਸੀ।
- ਪਰਗਣਾ ਪ੍ਰਬੰਧ:ਸੂਬਿਆਂ ਤੋਂ ਹੇਠਾਂ ਪਰਗਣੇ ਸਨ। ਹਰ ਪਰਗਣੇ ਦਾ ਮੁਖੀ ‘ਕਾਰਦਾਰ’ ਹੁੰਦਾ ਸੀ ਜੋ ਲਗਾਨ ਇਕੱਠਾ ਕਰਦਾ ਤੇ ਝਗੜੇ ਨਿਪਟਾਉਂਦਾ ਸੀ।
- ਮਾਲ ਵਿਵਸਥਾ:ਕਿਸਾਨਾਂ ਤੋਂ ਪੈਦਾਵਾਰ ਦਾ 1/3 ਤੋਂ 1/2 ਹਿੱਸਾ ਲਗਾਨ ਲਿਆ ਜਾਂਦਾ ਸੀ। ‘ਬਟਾਈ’ ਤੇ ‘ਕਨਕੂਟ’ ਸਿਸਟਮ ਰਾਹੀਂ ਹਿਸਾਬ ਹੁੰਦਾ ਸੀ।
- ਨਿਆਂ ਪ੍ਰਣਾਲੀ:ਪਿੰਡ ਪੱਧਰ ‘ਤੇ ਪੰਚਾਇਤ, ਪਰਗਣੇ ਵਿੱਚ ਕਾਰਦਾਰ/ਕਾਜ਼ੀ, ਤੇ ਸਭ ਤੋਂ ਉੱਤੇ ਮਹਾਰਾਜਾ ਖੁਦ ਨਿਆਂ ਕਰਦਾ ਸੀ।
- ਫੌਜੀ ਪ੍ਰਬੰਧ:ਫੌਜ ਨੂੰ ਫੌਜ-ਏ-ਖਾਸ ਤੇ ਫੌਜ-ਏ-ਬੇਕਾਇਦਾ ਵਿੱਚ ਵੰਡਿਆ ਸੀ। ਫਰਾਂਸੀਸੀ ਜਰਨੈਲਾਂ ਨੇ ਯੂਰਪੀ ਢੰਗ ਨਾਲ ਟ੍ਰੇਨਿੰਗ ਦਿੱਤੀ।
- ਰਾਜ ਭਾਸ਼ਾ:ਫਾਰਸੀ ਸਰਕਾਰੀ ਭਾਸ਼ਾ ਸੀ। ਸਾਰੇ ਫਰਮਾਨ, ਹਿਸਾਬ-ਕਿਤਾਬ ਤੇ ਚਿੱਠੀ-ਪੱਤਰ ਫਾਰਸੀ ਵਿੱਚ ਲਿਖੇ ਜਾਂਦੇ ਸਨ।
• ਧਾਰਮਿਕ ਨੀਤੀ: ਗੁਰਦੁਆਰੇ, ਮੰਦਰ, ਮਸੀਤ ਸਭ ਨੂੰ ਜ਼ਮੀਨਾਂ ਮੁਆਫ ਸਨ। ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਸੀ। - ਮਹਾਰਾਜੇ ਦਾ ਦਰਬਾਰ:ਮਹਾਰਾਜਾ ਰਣਜੀਤ ਸਿੰਘ ਰੋਜ਼ ਦਰਬਾਰ ਲਗਾ ਕੇ ਖੁਦ ਲੋਕਾਂ ਦੀਆਂ ਫਰਿਆਦਾਂ ਸੁਣਦੇ ਅਤੇ ਫੈਸਲੇ ਕਰਦੇ ਸਨ।
ਭਾਜਪਾ ਲਈ ਖਾਲਸਾ ਰਾਜ ਖ਼ਾਸ ਕਿਉਂ ?
ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ “ਮਹਾਰਾਜਾ ਇੱਕ ਬਹੁਤ ਹੀ ਕਠੋਰ ਪਰ ਨਿਰਪੱਖ ਪ੍ਰਸ਼ਾਸਕ ਸਨ। ਉਨ੍ਹਾਂ ਦੇ ਰਾਜ ਵਿੱਚ ਗਰੀਬ ਅਤੇ ਅਮੀਰ ਸਭ ਨੂੰ ਬਰਾਬਰ ਸਤਿਕਾਰ ਮਿਲਦਾ ਸੀ। ਉਨ੍ਹਾਂ ਨੇ ਆਪਣੇ 40 ਸਾਲਾਂ ਦੇ ਰਾਜ ਦੌਰਾਨ ਕਦੇ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲੇ। ਉਨ੍ਹਾਂ ਨੇ ਅੰਗਰੇਜ਼ਾਂ ਅਤੇ ਅਫਗਾਨ ਸ਼ਾਸਕਾਂ ਵਰਗੀਆਂ ਵੱਡੀਆਂ ਤਾਕਤਾਂ ਦੇ ਵਿਚਕਾਰ ਇੱਕ ਅਜ਼ਾਦ ਅਤੇ ਮਜ਼ਬੂਤ ਰਾਜ ਸਥਾਪਿਤ ਕੀਤਾ। ਉਨ੍ਹਾਂ ਨੇ ਫਰੰਟੀਅਰ (ਸਰਹੱਦੀ ਇਲਾਕਿਆਂ) ਅਤੇ ਤਿੱਬਤ ਦੇ ਖੇਤਰਾਂ ਨੂੰ ਵਾਪਸ ਭਾਰਤੀ ਉਪ–ਮਹਾਂਦੀਪ ਦਾ ਹਿੱਸਾ ਬਣਾਇਆ। ਖਾਲਸਾ ਰਾਜ ਨੂੰ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਪੂਰੇ ਉਪ–ਮਹਾਂਦੀਪ ਲਈ ਇੱਕ ਅਹਿਮ ਦੇਣ ਮੰਨਿਆ ਗਿਆ ਹੈ।”
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਸ਼ੁਰੂਆਤ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਲਗਾਉਣ ਦੇ ਕਦਮ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਰਜਿੰਦਰ ਸਿੰਘ ਵਿਰਾਸਤ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਪੰਜਾਬੀ ਮਾਨਸਿਕਤਾ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਪ੍ਰਤੀ ਹਮੇਸ਼ਾ ਡੂੰਘਾ ਸਤਿਕਾਰ ਅਤੇ ਪਿਆਰ ਰਿਹਾ ਹੈ।
ਕੀ ਭਾਜਪਾ ਖਾਲਸਾ ਰਾਜ ਤੋਂ ਪ੍ਰਭਾਵਿਤ ਹੈ ?
ਰਾਜਨੀਤਕ ਮਾਹਰ ਐਡਵੋਕੇਟ ਪੂਨਮ ਆਰਿਆ ਕਹਿੰਦੇ ਹਨ ਕਿ “ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ‘ਖਾਲਸਾ ਰਾਜ‘ ਜਾਂ ‘ਪਵਿੱਤਰ ਰਾਜ‘ ਹੈ। ਜਿੱਥੇ ਸਭ ਨੂੰ ਬਰਾਬਰੀ ਦਾ ਦਰਜਾ ਪ੍ਰਾਪਤ ਸੀ ਅਤੇ ਕੋਈ ਅੱਤਿਆਚਾਰ ਨਹੀਂ ਸੀ। ਉਨ੍ਹਾਂ ਦੇ ਰਾਜ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਭ ਨੂੰ ਉੱਚੇ ਅਹੁਦਿਆਂ ‘ਤੇ ਬਿਠਾਇਆ ਜਾਂਦਾ ਸੀ ਅਤੇ ਕੋਈ ਜਾਤੀ–ਪਾਤੀ ਭੇਦਭਾਵ ਨਹੀਂ ਸੀ। ਉਨ੍ਹਾਂ ਦੇ ਰਾਜ ਦਾ ਪ੍ਰਤੀਕ ‘ਦੇਗ, ਤੇਗ ਅਤੇ ਫਤਿਹ‘ ਸੀ। ਉਨ੍ਹਾਂ ਨੇ ਮੌਜੂਦਾ ਸਿਆਸੀ ਆਗੂਆਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਲਿਆਉਣ ਦੇ ਦਾਅਵਿਆਂ ਦੀ ਆਲੋਚਨਾ ਕੀਤੀ ਹੈ।”
ਸਿਰਫ਼ ਵੋਟਾਂ ਲੈਣ ਲਈ ਕੀਤਾ ਜਾ ਰਿਹਾ ਪ੍ਰੋਪੇਗੰਡਾ
ਐਡਵੋਕੇਟ ਪੂਨਮ ਆਰਿਆ ਦਾ ਕਹਿਣਾ ਹੈ ਕਿ ਇਹ ਸਿਰਫ਼ ਵੋਟਾਂ ਲੈਣ ਲਈ ਕੀਤਾ ਜਾ ਰਿਹਾ ਇੱਕ ਚੋਣ ਪ੍ਰਚਾਰ (ਪ੍ਰੋਪੇਗੰਡਾ) ਹੈ। ਉਹ ਕਹਿੰਦੇ ਹਨ ਕਿ ਭਾਜਪਾ ਸਿਰਫ਼ ਸਿਆਸੀ ਲਾਭ ਲਈ ਇਹ ਸਭ ਕਰ ਰਹੀ ਹੈ ਅਤੇ ਅਸਲ ਵਿੱਚ ਉਹ ‘ਖਾਲਸਾ’ ਦਾ ਮਤਲਬ ਵੀ ਨਹੀਂ ਜਾਣਦੇ।
ਭਾਜਪਾ ਦਾ ਏਜੰਡਾ ਖਾਲਸਾ ਰਾਜ ਕਿਉਂ ?
ਈਟੀਵੀ ਭਾਰਤ ਨਾਲ ਫੋਨ ‘ਤੇ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਨੇ ਦੱਸਿਆ ਕਿ ਭਾਜਪਾ ਵੱਲੋਂ ਖਾਲਸਾ ਰਾਜ ਦੀ ਦੁਹਾਈ ਦੇਣਾ ਇੱਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਅਕਾਲੀ ਦਲ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਭਾਜਪਾ ਨੂੰ ਪੰਜਾਬ ਦੇ ਪੇਂਡੂ ਅਤੇ ਸਿੱਖ ਹਲਕਿਆਂ ਵਿੱਚ ਪੈਰ ਜਮਾਉਣ ਲਈ ਇੱਕ ਮਜ਼ਬੂਤ ਸੱਭਿਆਚਾਰਕ ਅਤੇ ਧਾਰਮਿਕ ਪ੍ਰਤੀਕ ਦੀ ਲੋੜ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਕੋਈ ਚਿਹਰਾ ਨਹੀਂ ਹੋ ਸਕਦਾ। ਵਿਰੋਧੀ ਧਿਰਾਂ ਭਾਜਪਾ ਨੂੰ ‘ਸਿਰਫ਼ ਸ਼ਹਿਰੀ ਜਾਂ ਹਿੰਦੂ ਪਾਰਟੀ’ ਵਜੋਂ ਪੇਸ਼ ਕਰਦੀਆਂ ਆਈਆਂ ਹਨ।
“ਖਾਲਸਾ ਰਾਜ ਦੀ ਗੱਲ ਕਰਕੇ ਪਾਰਟੀ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਪੰਜਾਬ ਦੀ ਵਿਰਾਸਤ ਦਾ ਓਨਾ ਹੀ ਸਤਿਕਾਰ ਕਰਦੀ ਹੈ। ਭਾਜਪਾ ਮਹਾਰਾਜਾ ਰਣਜੀਤ ਸਿੰਘ ਦੀ ਧਰਮ–ਨਿਰਪੱਖਤਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ‘ਸਭਕਾ ਸਾਥ, ਸਭਕਾ ਵਿਕਾਸ‘ ਦੇ ਨਾਅਰੇ ਨਾਲ ਜੋੜ ਕੇ ਪੇਸ਼ ਕਰ ਰਹੀ ਹੈ ਤਾਂ ਜੋ ਸਿੱਖ ਵੋਟਰਾਂ ਵਿੱਚ ਸਵੀਕਾਰਤਾ ਬਣਾਈ ਜਾ ਸਕੇ।” –ਨਿਰਮਲ ਸਿੰਘ, ਸੀਨੀਅਰ ਪੱਤਰਕਾਰ
ਕੀ ਪੰਜਾਬ ਦੀ ਅਵਾਜ਼ ਬਣ ਸਕਦੀ ਹੈ ਭਾਜਪਾ ?
ਸਿੱਖ ਚਿੰਤਕ ਸੁਖਵਿੰਦਰ ਸਿੰਘ ਭਾਟੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਦਾ ਕਹਿਣਾ ਹੈ ਕਿ ਇਹ ਆਗੂ, ਜੋ ਪਹਿਲਾਂ ਕਾਂਗਰਸ ਅਤੇ ਹੁਣ ਭਾਰਤੀ ਜਨਤਾ ਪਾਰਟੀ (BJP) ਨਾਲ ਜੁੜੇ ਹੋਏ ਹਨ। ਪੰਜਾਬ ਦੀ ਅਵਾਜ਼ ਬਣਨ ਵਿੱਚ ਨਾਕਾਮਯਾਬ ਰਹੇ ਹਨ। ਇਹ ਆਗੂ ਸਿਰਫ਼ ਆਪਣੀਆਂ ਸਿਆਸੀ ਕੁਰਸੀਆਂ ਅਤੇ ਨਿੱਜੀ ਮੁਫਾਦਾਂ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ, ਜਿਸ ਕਾਰਨ ਸਿੱਖ ਕੌਮ ਦੇ ਅਸਲ ਮੁੱਦੇ ਅਤੇ ਹਿੱਤ ਲਗਾਤਾਰ ਅਣਗੌਲੇ ਕੀਤੇ ਜਾ ਰਹੇ ਹਨ। 1984 ਦੇ ਨਵੰਬਰ ਮਹੀਨੇ ਵਾਪਰੇ ਘਟਨਾਕ੍ਰਮ ਨੂੰ ਇੱਕ ਵੱਡਾ ਮੁੱਦਾ ਦੱਸਿਆ ਗਿਆ ਹੈ। ਇੰਨੇ ਦਹਾਕੇ ਬੀਤ ਜਾਣ ਦੇ ਬਾਵਜੂਦ, ਸਿੱਖਾਂ ਨੂੰ ਨਾ ਤਾਂ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਮੌਜੂਦਾ ਸਿਆਸੀ ਆਗੂਆਂ ਨੇ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਚੁੱਕਿਆ ਹੈ। ਮੌਜੂਦਾ ਸਿੱਖ ਲੀਡਰਸ਼ਿਪ ਨੂੰ ‘ਕਮਜ਼ੋਰ’ ਕਰਾਰ ਦਿੱਤਾ ਹੈ।
“ਪੰਥਕ ਆਗੂਆਂ ਵਿੱਚ ਅੱਜ ਅਜਿਹੀ ਇੱਛਾ ਸ਼ਕਤੀ ਦੀ ਘਾਟ ਹੈ ਜੋ ਸਿੱਖ ਕੌਮ ਦੇ ਗੰਭੀਰ ਮਸਲਿਆਂ ਦਾ ਹੱਲ ਕੱਢ ਸਕੇ। ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਦੇ ਹਾਂ ਕਿ ਭਾਰਤੀ ਸਿਸਟਮ ਦੇ ਅੰਦਰ ਰਹਿ ਕੇ ਸਿੱਖਾਂ ਨੂੰ ਬਰਾਬਰੀ ਅਤੇ ਇਨਸਾਫ਼ ਮਿਲਣਾ ਅਸੰਭਵ ਹੈ। ਸਿੱਖਾਂ ਦੀ ਆਪਣੀ ਪ੍ਰਭੂਸੱਤਾ ਜਾਂ ਵੱਖਰੀ ਹੋਂਦ ਹੀ ਇੱਕੋ-ਇੱਕ ਰਾਹ ਹੈ। ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ।” – ਸੁਖਵਿੰਦਰ ਸਿੰਘ ਭਾਟੀਆ, ਸਿੱਖ ਚਿੰਤਕ
“ਜੇ ਦਾਅਵਾ ਹਕੀਕਤ ਬਣ ਜਾਵੇ ਤਾਂ ਸਭ ਵਧੀਆ”
ਸਿੱਖ ਸਕਾਲਰ ਡਾ. ਰਣਬੀਰ ਸਿੰਘ ਕਹਿੰਦੇ ਹਨ ਕਿ “ਜੇਕਰ ਅਜਿਹਾ ਰਾਜ ਲਿਆਇਆ ਜਾਂਦਾ ਹੈ ਤਾਂ ਇਹ ਇੱਕ ਚੰਗੀ ਗੱਲ ਹੋਵੇਗੀ ਪਰ ਅੱਜ ਦੇ ਪੰਜਾਬ ਅਤੇ ਉਸ ਸਮੇਂ ਦੇ ਪੰਜਾਬ ਵਿੱਚ ਬਹੁਤ ਵੱਡਾ ਅੰਤਰ ਹੈ। ਅਸਲੀ ਚੁਣੌਤੀ ਇਹ ਹੈ ਕਿ ਪਾਰਟੀਆਂ ਦੇ ਦਾਅਵਿਆਂ ਵਿੱਚ ਕਿੰਨੀ ਸਚਾਈ ਹੈ ਅਤੇ ਉਹ ਇਸ ਨੂੰ ਅਸਲ ਵਿੱਚ ਕਿੰਨਾ ਲਾਗੂ (Implement) ਕਰ ਸਕਦੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਸਿਰਫ਼ ‘ਸਿੱਖ ਚਿਹਰੇ’ ਅੱਗੇ ਕਰਕੇ ਵੋਟਾਂ ਨਹੀਂ ਮਿਲਣੀਆਂ ਚਾਹੀਦੀਆਂ, ਸਗੋਂ ਪਾਰਟੀਆਂ ਨੂੰ ਪੰਜਾਬ ਦੇ ਗੰਭੀਰ ਮੁੱਦਿਆਂ ਜਿਵੇਂ ਕਿ ਬੇਰੁਜ਼ਗਾਰੀ, ਡੈਮੋਗ੍ਰਾਫਿਕ ਬਦਲਾਅ, ਗੈਂਗਸਟਰਵਾਦ, ਨਸ਼ਾ, ਚੰਡੀਗੜ੍ਹ ਦਾ ਮੁੱਦਾ ਅਤੇ ਪਾਣੀਆਂ ਦੇ ਮਸਲਿਆਂ ‘ਤੇ ਕੰਮ ਕਰਨਾ ਚਾਹੀਦਾ ਹੈ।
ETV BHARAT