ਇੱਕ ਪਾਸੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋ ਚੁੱਕੀਆਂ ਹਨ ਤਾਂ ਦੂਜੇ ਪਾਸੇ ਬਾਰਵੀਂ ਦੇ ਪੇਪਰਾਂ ਦੀ ਡੇਟਸੀਟ ਜਾਰੀ ਹੋ ਚੁੱਕੀ ਹੈ।
10 ਸਤੰਬਰ, 2026 – ਰੂਪਨਗਰ: ਪੰਜਾਬ ਦੇ ਵਿੱਚ ਖੇਡਾਂ ਦਾ ਚੰਗਾ ਵਾਤਾਵਰਣ ਦੇਣ ਦੇ ਮਕਸਦ ਨਾਲ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਸੂਬੇ ਦੇ ਵਿੱਚ ਚੌਥੀ ਵਾਰ ਇਸ ਪ੍ਰੋਗਰਾਮ ਤਹਿਤ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਪਰ ਇੰਨਾਂ ਖੇਡਾਂ ‘ਤੇ ਕਈ ਵਾਰ ਸਵਾਲ ਵੀ ਖੜ੍ਹੇ ਹੋਏ ਹਨ। ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਯਾਨੀ 9 ਸਤੰਬਰ ਤੋਂ ਲੈ ਕੇ ਸਾਰਾ ਮਹੀਨਾ ਇਹ ਖੇਡਾਂ ਕਰਵਾਈਆਂ ਜਾਣੀਆਂ ਹਨ ਜਿਸਦੇ ਲਈ ਵੱਡੇ ਪੱਧਰ ‘ਤੇ ਹਰ ਜ਼ਿਲ੍ਹੇ ਵਿਚ ਤਿਆਰੀਆਂ ਵੀ ਕੀਤੀਆਂ ਗਈਆਂ ਹਨ ਪਰ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਪਹਿਲੀ ਤੋਂ ਬਾਰਵੀਂ ਜਮਾਤ ਦੀਆਂ ਟਰਮ ਪ੍ਰੀਖਿਆ ਲਈ ਇੰਨਾਂ ਤਰੀਕਾਂ ਵਿੱਚ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਹੈ ਜਿਸ ਤਹਿਤ 9 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦੇ ਇਮਤਿਹਾਨ ਹਨ। ਇਨਾਂ ਇਮਤਿਹਾਨਾਂ ਦੇ ਚੱਲਦਿਆਂ ਗਰਾਊਂਡਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਬਹੁਤ ਘੱਟ ਰਹੀ ਹੈ।
ਵੱਡੀ ਗੱਲ ਤਾਂ ਇਹ ਹੈ ਕਿ ਬੱਚੇ ਇਮਤਿਹਾਨ ਦੀ ਤਿਆਰੀ ਕਰਨ ਜਾਂ ਖੇਡਾਂ ਵਿੱਚ ਜ਼ੌਹਰ ਦਿਖਾਉਣ ਲਈ ਅਭਿਆਸ ਕਰਨ। ਉਧਰ ਅਧਿਆਪਕਾਂ ਦੀਆਂ ਵੀ ਦੋਵੇਂ ਪਾਸੇ ਡਿਊਟੀਆਂ ਲਗਾਈਆਂ ਗਈਆਂ ਹਨ। ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰ ਦੀ ਮੰਸ਼ਾਂ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਬੱਚਿਆਂ ਦੀਆਂ ਖੇਡਾਂ ਜਾਂ ਇਮਤਿਹਾਨਾਂ ਪ੍ਰਤੀ ਸੰਜੀਦਾ ਨਹੀਂ ਹੈ ਜਦ ਕਿ ਸਰਕਾਰ ਦਾ ਧਿਆਨ ਇਸ਼ਤਿਹਾਰਬਾਜੀ ਵੱਲ ਹੈ ਤੇ ਸਰਕਾਰ ਸਾਰੀ ਖੇਡ ਪ੍ਰਚਾਰ ਦੀ ਖੇਡ ਰਹੀ ਹੈ।
“ਗੱਲ ਖੇਡਾਂ ਦੀ ਨਹੀਂ ਹੋਣੀ। ਨਾ ਹੀ ਮਾਹੌਲ ਬੱਚਿਆਂ ਨੂੰ ਖੇਡਾਂ ਦਾ ਦੇਣਾ ਹੈ। ਨਾ ਇਮਤਿਹਾਨਾਂ ਦਾ ਇਨ੍ਹਾਂ ਨੇ ਧਿਆਨ ਰੱਖਣਾ ਹੈ। ਗੱਲ ਤਾਂ ਉੱਥੇ ਫੋਟੋਆਂ ਦੀ ਹੈ। ਉਸਦੇ ਸਹਾਰੇ ਕਿਨਾਂ ਖਰਚ ਕਰਨਾ ਹੈ। ਇਹ ਸਾਰੀ ਖੇਡ ਪ੍ਰਚਾਰ ਦੀ ਹੈ। ਇਨ੍ਹਾਂ ਦੇ ਹਿੱਸੇ ਇਹੋ ਰਹਿ ਗਿਆ ਹੈ। ਇਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਸਬੰਧੀ ਦਿੱਲੀ ਤੋਂ ਫੈਸਲਾ ਲਿਆ ਗਿਆ ਹੋਣਾ ਹੈ। ਬੱਚਿਆਂ ਵਾਲਾ ਪੱਖ ਇਨ੍ਹਾਂ ਦੇ ਦਿਮਾਗ ਵਿੱਚ ਨਹੀਂ ਹੈ।”–ਦਲਜੀਤ ਚੀਮਾ, ਅਕਾਲੀ ਆਗੂ
ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਵੀ ਕਿਹਾ ਕਿ “ਅਜਿਹੀ ਮਿਸ ਮੇਨੇਜਮੈਂਟ ਕਾਰਨ ਬੱਚਿਆਂ ‘ਤੇ ਦਿਮਾਗੀ ਪ੍ਰੇਸ਼ਾਨੀ ਵੱਧਦੀ ਹੈ। ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਇਹ ਬਿਨਾਂ ਸੋਚ ਸਮਝ ਤੋਂ ਤਰੀਕਾਂ ਰੱਖੀਆਂ ਗਈਆਂ ਹਨ ਕਿਉਂਕਿ ਉਸੇ ਸਮੇਂ ਜਿਹੜੇ ਬੱਚਿਆਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਉਨ੍ਹਾਂ ਦੇ ਪੇਪਰ ਵੀ ਹਨ। ਇਸ ਕਰਕੇ ਬੱਚੇ ਸਮੱਸਿਆ ਵਿੱਚ ਹਨ ਕਿ ਉਹ ਪੇਪਰ ਦੇਣ ਜਾਂ ਫਿਰ ਖੇਡਾਂ ਵਿੱਚ ਹਿੱਸਾ ਲੈਣ।”
“ਬੱਚਿਆਂ ਦੇ ਪੇਪਰ ਹਨ ਇਹ ਗੱਲ ਬਿਲਕੁਲ ਠੀਕ ਹੈ। ਪੜ੍ਹਾਈ ਦੇ ਇਸਦਾ ਫਰਕ ਪਵੇਗਾ। ਮੇਰੇ ਵੱਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ ਹੈ। ਉਨ੍ਹਾਂ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਅੱਗੇ ਗੱਲਬਾਤ ਕੀਤੀ ਜਾਵੇਗੀ ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਅਤੇ ਬੱਚੇ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈ ਸਕਣ।”–ਡੀਸੀ,ਰੂਪਨਗਰ
ਉਧਰ ਰੂਪਨਗਰ ਦੇ ਡੀਸੀ ਨੇ ਮੰਨਿਆ ਕਿ “ਇਹ ਸਮੱਸਿਆ ਜ਼ਰੂਰ ਹੈ ਪਰ ਉਨ੍ਹਾਂ ਕਿਹਾ ਕਿ ਬੱਚੇ ਇਮਤਿਹਾਨ ਦੇਣ ਤੋਂ ਬਾਅਦ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਤਰੀਕਾਂ ਦੇ ਬਦਲਾਅ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਦੀ ਗਈ ਹੈ।”
ETV BHARAT