ਸ਼ਰਾਬ ਦੀ ਬੋਤਲ ਤੋਂ ਬਿਜਲੀ ਦੇ ਬਿੱਲ ਤੱਕ ਗਊ ਸੈੱਸ ਦੀ ਵਸੂਲੀ, ਫਿਰ ਵੀ ਸੜਕਾਂ ’ਤੇ ਬੇਸਹਾਰਾ ਪਸ਼ੂਆਂ ਦਾ ਕਬਜ਼ਾ
2026 ਵਿੱਚ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਵੀ ਮੰਨਿਆ ਕਿ ਗਊ ਸੈੱਸ ਦੇ ਪੈਸੇ ਗਊਸ਼ਾਲਾਵਾਂ ਤੱਕ ਪਹੁੰਚਾਉਣ ਲਈ ਨਿਯਮ ਹੀ ਨਹੀਂ ਬਣੇ ਸਨ।
28 ਨਵੰਬਰ, 2026 – ਬਠਿੰਡਾ : ਪੰਜਾਬ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਬਣੀ ਹੋਈ ਹੈ। ਸ਼ਹਿਰਾਂ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਕੌਮੀ ਮਾਰਗਾਂ ਤੱਕ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲਦੇ ਹਨ। ਰਾਤ ਸਮੇਂ ਅਤੇ ਧੁੰਦ ਦੇ ਮੌਸਮ ਵਿੱਚ ਇਹ ਪਸ਼ੂ ਵਾਹਨ ਚਾਲਕਾਂ ਲਈ ਹੋਰ ਵੀ ਵੱਡਾ ਖ਼ਤਰਾ ਬਣ ਜਾਂਦੇ ਹਨ। ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ।
ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਗਊਆਂ ਦੀ ਸਾਂਭ-ਸੰਭਾਲ ਅਤੇ ਬੇਸਹਾਰਾ ਪਸ਼ੂਆਂ ਦੇ ਪ੍ਰਬੰਧ ਲਈ ਲੋਕਾਂ ਤੋਂ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਉੱਪਰ ਗਊ ਸੈੱਸ ਵਸੂਲਿਆ ਜਾ ਰਿਹਾ ਹੈ। ਸ਼ਰਾਬ ਦੀ ਬੋਤਲ, ਸੀਮਿੰਟ ਦਾ ਬੈਗ, ਵਾਹਨਾਂ ਦੀ ਖਰੀਦ ਅਤੇ ਬਿਜਲੀ ਦੀ ਖਪਤ ਤੱਕ ਇਸ ਦੇ ਦਾਇਰੇ ਵਿੱਚ ਰੱਖੀ ਗਈ ਹੈ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕਾਂ ਤੋਂ ਗਊਆਂ ਦੀ ਸਾਂਭ-ਸੰਭਾਲ ਲਈ ਪੈਸਾ ਲਿਆ ਜਾ ਰਿਹਾ ਹੈ ਤਾਂ ਫਿਰ ਸੜਕਾਂ ’ਤੇ ਬੇਸਹਾਰਾ ਪਸ਼ੂ ਕਿਉਂ ਘੁੰਮ ਰਹੇ ਹਨ?
ਪੰਜਾਬ ਸਰਕਾਰ ਵੱਲੋਂ ਗਊ ਸੈੱਸ ਦੇ ਰੂਪ ਵਿੱਚ
- ਸ਼ਰਾਬ ਦੀ IMFL ਬੋਤਲ ਤੇ 10 ਰੁਪਏ,
- ਪੰਜਾਬ ਮੀਡੀਅਮ ਸ਼ਰਾਬ ਦੀ ਬੋਤਲ ਤੇ 5 ਰੁਪਏ
- ਬੀਅਰ ਦੀ ਬੋਤਲ ਤੇ 5 ਰੁਪਏ
- ਸੀਮਿੰਟ ਦਾ ਬੈਗ ਤੇ 1 ਰੁਪਇਆ
- ਬਿਜਲੀ ਦੀ ਖਪਤ ਤੇ 2 ਪੈਸੇ ਪ੍ਰਤੀ ਯੂਨਿਟ
- ਤੇਲ ਟੈਂਕਰ ਤੋਂ 100 ਰੁਪਏ ਪ੍ਰਤੀ ਚੱਕਰ
ਇਨ੍ਹਾਂ ਥਾਵਾਂ ਤੋਂ ਵਸੂਲਿਆ ਜਾਂਦਾ ‘ਗਊ ਸੈਸ‘
ਏਸੀ ਮੈਰਿਜ ਪੈਲੇਸ ਤੋਂ 1,000 ਰੁਪਏ ਪ੍ਰਤੀ ਸਮਾਗਮ, ਨਾਨ-ਏਸੀ ਮੈਰਿਜ ਪੈਲੇਸ ਤੋਂ 500 ਰੁਪਏ ਪ੍ਰਤੀ ਸਮਾਗਮ ਸਾਲ 2015-16 ਵਿੱਚ ਤੋਂ ਮਸੂਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੀ ਆਬਕਾਰੀ ਨੀਤੀ ਵਿੱਚ ਗਊ ਭਲਾਈ ਫੀਸ (Cow Welfare Fee) ਵਿੱਚ 50 ਫ਼ੀਸਦੀ ਵਾਧਾ ਕੀਤਾ ਸੀ। ਪਹਿਲਾਂ ਇਹ ਫੀਸ ਇੱਕ ਰੁਪਇਆ ਪ੍ਰਤੀ ਪ੍ਰੂਫ਼ ਲਿਟਰ ਸੀ, ਜਿਸ ਨੂੰ ਵਧਾ ਕੇ 1.50 ਰੁਪਏ ਪ੍ਰਤੀ ਪ੍ਰੂਫ਼ ਲਿਟਰ ਕਰ ਦਿੱਤਾ ਗਿਆ। ਸਰਕਾਰ ਨੇ ਇਸ ਨਾਲ ਗਊ ਭਲਾਈ ਫੀਸ ਦੀ ਉਗਰਾਹੀ 16 ਕਰੋੜ ਰੁਪਏ ਤੋਂ ਵਧ ਕੇ 24 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਸੀ।
ਰਿਪੋਰਟ ਮੁਤਾਬਕ ਆਏ ਤੱਥ
ਪੰਜਾਬ ਵਿੱਚ ਨਿੱਜੀ ਗਊਸ਼ਾਲਾਵਾਂ 417 ਹਨ ਇਸ ਤੋਂ ਇਲਾਵਾ ਸਰਕਾਰੀ ਕੈਟਲ ਪੌਂਡ 20,ਨਗਰ ਨਿਗਮਾਂ ਵੱਲੋਂ ਚਲਾਈਆਂ ਗਊਸ਼ਾਲਾਵਾਂ ਦੀ ਗਿਣਤੀ 10 ਹੈ ਇਨ੍ਹਾਂ ਸਾਰੇ ਕੇਂਦਰਾਂ ਵਿੱਚ ਰੱਖੇ ਪਸ਼ੂ 1.83 ਲੱਖ ਤੋਂ ਵੱਧ ਹਨ। ਇਹ ਅੰਕੜੇ ਮਾਰਚ 2023 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ ਜਾਣਕਾਰੀ ’ਤੇ ਆਧਾਰਿਤ ਹਨ। ਇਸ ਤੋਂ ਇਲਾਵਾ ਨਵੰਬਰ 2023 ਵਿੱਚ ਦੀ ਰਿਪੋਰਟ ਵਿੱਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਲਗਭਗ 1.25 ਲੱਖ ਦੱਸੀ ਗਈ ਸੀ ਅਤੇ ਸਾਲਾਨਾ 120 ਤੋਂ ਵੱਧ ਮੌਤਾਂ ਹੋਣ ਦੀ ਗੱਲ ਸਾਹਮਣੇ ਆਈ ਸੀ।
ਡਿਪਟੀ ਕਮਿਸ਼ਨਰ ਬਠਿੰਡਾ ਰਾਕੇਸ਼ ਧੀਮਾਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ‘ਉਹ ਸੜਕਾਂ ਦੇ ਘੁੰਮਣ ਵਾਲੇ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਪਾਉਣ ਤਾਂ ਜੋ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਕਰੋੜਾਂ ਰੁਪਆ ਟੈਕਸ ਦੇ ਰੂਪ ਵਿੱਚ ਗਊ ਸੈਂਸ ਪ੍ਰਾਪਤ ਕਰਨ ਵਾਲਾ ਪ੍ਰਸ਼ਾਸਨ ਇਹਨਾਂ ਸੜਕ ‘ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਦੀ ਜਿੰਮੇਵਾਰੀ ਕਿਉਂ ਨਹੀਂ ਸਮਝ ਰਿਹਾ।‘
ਸਮਾਜ ਸੇਵੀਆਂ ਦੇ ਤਰਕ
ਬਠਿੰਡਾ ਵਿੱਚ ਗਊ ਵੰਸ਼ ਦੀ ਸੇਵਾ ਕਰਨ ਵਾਲੇ ਆਸਰਾ ਵੈਲਫੇਅਰ ਸੋਸਾਇਟੀ ਦੇ ਰਾਕੇਸ਼ ਮਹਿਤਾ ਦਾ ਕਹਿਣਾ ਹੈ ਕਿ ‘ਜਿਉਂ–ਜਿਉਂ ਸਰਦੀ ਦਾ ਮੌਸਮ ਵਧਦਾ ਹੈ ਧੁੰਦ ਤੇ ਕੋਹਰੇ ਦੀ ਚਾਦਰ ਫੈਲਦੀ ਹੈ ਤਿਉਂ ਤਿਉਂ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂ ਦੇ ਗਲਾਂ ਵਿੱਚ ਰਿਫਲੈਕਟਰ ਪਾਏ ਜਾਂਦੇ ਹਨ ਕਿਉਂਕਿ ਸੜਕਾਂ ਦੇ ਘੁੰਮ ਰਹੇ ਬੇਸਹਾਰਾ ਪਸ਼ੂ ਧੁੰਦ ਵਿੱਚ ਦਿਖਾਈ ਨਹੀਂ ਦਿੰਦੇ ਅਤੇ ਹਾਦਸੇ ਦਾ ਕਾਰਨ ਬਣਦੇ ਹਨ ਅਤੇ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਹ ਉਪਰਾਲਾ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ, ਇਸ ਉਪਰਾਲੇ ਵਿੱਚ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਵਸੂਲ ਕੀਤੇ ਜਾ ਰਹੇ ਗਊ ਸੈਸ ਤੋਂ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਜਾਂਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਘੁੰਮ ਰਹੇ ਪਸ਼ੂ ਧਨ ਦੇ ਗਲ ਵਿੱਚ ਰਿਫਲੈਕਟਰ ਪਾਉਣ ਲਈ ਉਨ੍ਹਾਂ ਨੂੰ ਮੈਨ ਪਾਵਰ ਉਪਲਬਧ ਕਰਾਵੇ , ਕਿਉਂਕਿ ਰਿਫਲੈਕਟ ਗਲਾ ਵਿੱਚ ਪਾਉਣਾ ਹਰ ਇੱਕ ਬੰਦੇ ਦੇ ਵੱਸ ਦਾ ਰੋਗ ਨਹੀਂ, ਕਈ ਵਾਰ ਪਸ਼ੂ ਟੱਕਰ ਵੀ ਮਾਰਦੇ ਹਨ ਅਤੇ ਲੋਕ ਜ਼ਖਮੀ ਹੋ ਜਾਂਦੇ ਹਨ।‘
‘ਆਰਟੀਆਈ ਨੇ ਕੀਤਾ ਕਿਨਾਰਾ‘
ਆਰਟੀਆਈ ਐਕਟੀਵਿਸਟ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਆਰਟੀਆਈ ਰਾਹੀਂ ਇਹ ਜਾਣਕਾਰੀ ਮੰਗੀ ਗਈ ਸੀ ਕਿ ਨਗਰ ਨਿਗਮ ‘ਗਊ ਸੈੱਸ’ ਦੇ ਰੂਪ ਵਿੱਚ ਕਿੰਨਾ ਪੈਸਾ ਇਕੱਠਾ ਕਰ ਰਿਹਾ ਹੈ। ਜਿਸ ਸਬੰਧੀ ਉਨਾਂ ਨੂੰ ਵਿਸ਼ਵਾਸਯੋਗ ਜਾਣਕਾਰੀ ਉਪਲਬਧ ਨਹੀਂ ਕਰਵਾਈ ਗਈ, ਉਨ੍ਹਾਂ ਕਿਹਾ ਕਿ ‘ਇੱਕ ਪਾਸੇ ਪ੍ਰਸ਼ਾਸਨ ਰਾਜਸਥਾਨੀ ਲੋਕਾਂ ਨੂੰ ਬੇਸਹਾਰਾ ਪਸ਼ੂਆਂ ਨੂੰ ਰੈਸਕਿਊ ਕਰਨ ਦਾ 400 ਰੁਪਏ ਪ੍ਰਤੀ ਪਸ਼ੂ ਅਦਾ ਕਰ ਰਿਹਾ ਹੈ। ਦੂਸਰੇ ਪਾਸੇ ਕਰੋੜਾਂ ਰੁਪਏ ਗਊ ਸੈਸ ਦੇ ਰੂਪ ਵਿੱਚ ਵਸੂਲ ਦੇ ਬਾਵਜੂਦ ਸਮਾਜ ਸੇਵੀ ਸੰਸਥਾਵਾਂ ਨੂੰ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਪਾਉਣ ਲਈ ਅਪੀਲ ਕਰ ਰਿਹਾ ਹੈ। ਆਖਿਰ ਕਰੋੜਾਂ ਰੁਪਆ ਗਊ ਸੈਸ ਦੇ ਰੂਪ ਵਿੱਚ ਇਕੱਠਾ ਕਰਨ ਦੇ ਬਾਵਜੂਦ ਇਸ ਦਾ ਸਹੀ ਉਪਯੋਗ ਕਿਉਂ ਨਹੀਂ ਕੀਤਾ ਜਾ ਰਿਹਾ।‘
ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ (CAG) ਦੀ ਪੰਜਾਬ ਦੇ ਮਾਲੀਏ ਸਬੰਧੀ ਰਿਪੋਰਟ ਨੰਬਰ 6 ਆਫ਼ 2025 ਵਿੱਚ ਗਊ ਸੈੱਸ ਦੀ ਉਗਰਾਹੀ ਨੂੰ ਲੈ ਕੇ ਅਹਿਮ ਇਤਰਾਜ਼ ਦਰਜ ਕੀਤੇ ਗਏ ਹਨ। ਰਿਪੋਰਟ ਮੁਤਾਬਕ ਪਟਿਆਲਾ, ਪਠਾਨਕੋਟ ਅਤੇ ਰੋਪੜ ਦੀਆਂ ਸਥਾਨਕ ਸਰਕਾਰਾਂ ਨੇ ਨਵੇਂ ਦੋ ਪਹੀਆ ਵਾਹਨਾਂ ’ਤੇ 200 ਰੁਪਏ ਅਤੇ ਚਾਰ ਪਹੀਆ ਵਾਹਨਾਂ ’ਤੇ 1,000 ਰੁਪਏ ਗਊ ਸੈੱਸ ਲਗਾਇਆ ਸੀ।
ਪਸ਼ੂਆਂ ਦੀ ਰਾਖੀ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ!
ਜਲੰਧਰ ਨਗਰ ਨਿਗਮ ਦੇ ਖੇਤਰ ਵਿੱਚ ਨਵੇਂ ਚਾਰ ਪਹੀਆ ਵਾਹਨਾਂ ਦੀ ਵਿਕਰੀ ’ਤੇ 1,000 ਰੁਪਏ ਸੈੱਸ ਲਾਗੂ ਸੀ। ਪਰ ਕੈਗ ਨੇ ਜਾਂਚ ਦੌਰਾਨ ਪਾਇਆ ਕਿ ਵਾਹਨ ਡੀਲਰਾਂ ਵੱਲੋਂ ਗਊ ਸੈੱਸ ਇਕੱਠਾ ਕਰਨ ਅਤੇ ਨਗਰ ਨਿਗਮਾਂ ਕੋਲ ਜਮ੍ਹਾਂ ਕਰਵਾਉਣ ਦੀ ਨਿਗਰਾਨੀ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਵਿਭਾਗ ਨੇ ਅਪ੍ਰੈਲ 2025 ਵਿੱਚ ਜਵਾਬ ਦਿੱਤਾ ਕਿ ‘ਵਾਹਨ ਰਜਿਸਟ੍ਰੇਸ਼ਨ ਲਈ VAHAN ਪੋਰਟਲ ਰਾਹੀਂ ਗਊ ਸੈੱਸ ਇਕੱਠਾ ਕਰਨ ਵਾਸਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨਾਲ ਮਾਮਲਾ ਉਠਾਇਆ ਗਿਆ ਹੈ ਅਤੇ ਆਰਟੀਓਜ਼ ਨੂੰ ਬਕਾਇਆ ਰਕਮ ਵਸੂਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਰਿਪੋਰਟ ਨੇ ਸਾਫ ਜ਼ਹਿਰ ਕਰ ਦਿੱਤਾ ਸੀ ਕਿ ਲੋਕਾਂ ਤੋਂ ਸੈੱਸ ਵਸੂਲਣ ਲਈ ਨਿਯਮ ਤਾਂ ਬਣਾਏ ਗਏ ਪਰ ਸਰਕਾਰੀ ਪੱਧਰ ’ਤੇ ਇਸ ਦੀ ਪੂਰੀ ਨਿਗਰਾਨੀ ਨਹੀਂ ਹੋ ਰਹੀ।’
ETV BHARAT