ਇੱਥੋਂ ਨੇੜਲੇ ਪਿੰਡ ਸੇਖਾ ਦੀ ਪੱਤੀ ਦਾਓਕੀ ਦੀ ਇੱਕ ਮੁੱਖ ਗਲੀ ਦੇ ਵਾਸੀ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਤੋਂ ਖਫ਼ਾ ਤੇ ਪ੍ਰੇਸ਼ਾਨ ਹਨ। ਕਿਉਂਕਿ ਉਨ੍ਹਾਂ ਵੱਲੋਂ ਡੀ ਸੀ ਬਰਨਾਲਾ ਨੂੰ ਲਿਖ਼ਤੀ ਸ਼ਿਕਾਇਤ…
17 ਅਕਤੂਬਰ, 2026 – ਬਰਨਾਲਾ : ਇੱਥੋਂ ਨੇੜਲੇ ਪਿੰਡ ਸੇਖਾ ਦੀ ਪੱਤੀ ਦਾਓਕੀ ਦੀ ਇੱਕ ਮੁੱਖ ਗਲੀ ਦੇ ਵਾਸੀ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਤੋਂ ਖਫ਼ਾ ਤੇ ਪ੍ਰੇਸ਼ਾਨ ਹਨ। ਕਿਉਂਕਿ ਉਨ੍ਹਾਂ ਵੱਲੋਂ ਡੀ ਸੀ ਬਰਨਾਲਾ ਨੂੰ ਲਿਖ਼ਤੀ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਹੱਲ ਤਾਂ ਦੂਰ ਸੁਣਵਾਈ ਤੱਕ ਨਹੀਂ ਕੀਤੀ ਜਾ ਰਹੀ। ਲੰਘੇ ਦਿਨ ਬਾਰਸ਼ ਦੇ ਇਕੱਠੇ ਹੋਏ ਪਾਣੀ ਨੇ ਤਾਂ ਬਾਹਰ ਨਿਕਲਣਾ ਮੁਹਾਲ ਕਰ ਦਿੱਤਾ।
ਪੀੜਤ ਮੁਹੱਲਾ ਵਾਸੀਆਂ ’ਚ ਸ਼ਾਮਲ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ ਨੇ ਦੱਸਿਆ ਕਿ 4-5 ਸਾਲ ਪਹਿਲਾਂ ਜਦੋਂ ਇਹ ਗਲੀ ਬਣਾਈ ਗਈ ਸੀ, ਤਾਂ ਨਾਲੀਆਂ ਦੀ ਕੁਦਰਤੀ ਢਲਾਨ ਦੱਖਣ ਵੱਲ ਹੋਣ ਦੇ ਬਾਵਜੂਦ ਗਲੀ ਦੀ ਢਾਲ ਉਲਟ ਦਿਸ਼ਾ ਯਾਨੀ ਉੱਤਰ ਵੱਲ ਕਰ ਦਿੱਤੀ ਗਈ। ਜਿਸ ਕਾਰਨ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਠੱਪ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਹੋਈ ਬਾਰਿਸ਼ ਕਾਰਨ ਗਲੀ ਵਿੱਚ ਕਈ-ਕਈ ਫੁੱਟ ਗੰਦਾ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਝੀਲ/ਛੱਪੜ ਦਾ ਰੂਪ ਧਾਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਲੰਘੀ 6 ਸਤੰਬਰ ਨੂੰ ਡੀਸੀ ਦਫ਼ਤਰ ਵਿਖੇ ਈਮੇਲ ਭੇਜੀ ਗਈ ਸੀ ਅਤੇ 7 ਸਤੰਬਰ ਨੂੰ ਡਿਪਟੀ ਕਮਿਸ਼ਨਰ (ਡੀਸੀ) ਬਰਨਾਲਾ, ਡੀਡੀਪੀਓ ਅਤੇ ਬੀਡੀਪੀਓ ਨੂੰ ਖ਼ੁਦ ਮਿਲ ਕੇ ਲਿਖ਼ਤੀ ਦਰਖ਼ਾਸਤ ਵੀ ਦਿੱਤੀ ਗਈ ਸੀ। ਪਰ ਅੱਜ ਤੱਕ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੋਇਆ। ਦੂਜੇ ਪਾਸੇ ਸੰਪਰਕ ਕਰਨ ’ਤੇ ਵਿਭਾਗੀ ਜੇ ਈ ਜਗਜੀਤ ਸਿੰਘ ਨੇ ਕਿਹਾ ਕਿ ਇਸ ਮੁਹੱਲੇ ਦੇ ਅਖ਼ੀਰ ’ਚੋਂ ਪਿੰਡ ਸੇਖਾ ਤੋਂ ਕਰਮਗੜ੍ਹ ਨੂੰ ਜਾਂਦੀ ਲਿੰਕ ਸੜਕ ਦਾ ਉੱਚੀ ਕਰਕੇ ਕੀਤਾ ਮੁੜ ਨਿਰਮਾਣ ਸਮੱਸਿਆ ਦੀ ਵਜ੍ਹਾ ਹੈ ਜਿਸ ਸਬੰਧੀ ਉਨ੍ਹਾਂ ਖੁਦ ਪਤਵੰਤੇ ਵਾਸੀਆਂ ਨੂੰ ਅਗਾਊਂ ਚੌਕਸ ਕੀਤਾ ਸੀ। ਪਰ ਸਮੇਂ ਸਿਰ ਚਾਰਾਜੋਈ ਨਾ ਹੋਣ ਕਾਰਨ ਇਹ ਸਮੱਸਿਆ ਉਪਜੀ ਹੈ। ਸਬੰਧਤ ਐਕਸੀਅਨ ਦਵਿੰਦਰ ਸਿੰਘ ਨੂੰ ਵਾਰ ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਪੰਜਾਬੀ ਟ੍ਰਿਬਯੂਨ