“ਅਸੀਂ ਜ਼ਿੰਦਗੀ ਜੀਅ ਨਹੀਂ ਰਹੇ, ਨਰਕ ਭੋਗ ਰਹੇ ਹਾਂ“
ਮੀਂਹ ਤੋਂ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਰਾਵੀ ਦਰਿਆ ਦੇ ਪਾਰ ਰਹਿੰਦੇ ਸੱਤ ਪਿੰਡਾਂ ਦੇ ਲੋਕ
30 ਜੂਨ, 2026 – ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਪੈਂਦੇ ਅਤੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਸੱਤ ਪਿੰਡਾਂ ਦੇ ਲੋਕਾਂ ਦੀ ਬਰਸਾਤ ਦੇ ਦਿਨਾਂ ਵਿੱਚ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਦਰਿਆ ਪਾਰ ਪੈਂਦੇ 7 ਪਿੰਡਾਂ ਦਾ ਸੰਪਰਕ ਪੂਰੇ ਭਾਰਤ ਨਾਲੋਂ ਟੁੱਟ ਜਾਂਦਾ ਹੈ। ਤੂਰ, ਭਰਿਆਲ, ਮੰਮੀਆ, ਚਿੱਬ, ਚੱਕਰੰਗਾ, ਲਸਿਆਣ, ਕਜਲੇ ਅਤੇ ਚੂੰਬਰ ਦੇ ਲੋਕਾਂ ਨੂੰ ਨਾ ਕੋਈ ਮੈਡੀਕਲ ਸਹੂਲਤ ਮਿਲ ਪਾਉਂਦੀ ਹੈ ਨਾ ਹੀ ਇਹਨਾਂ ਪਿੰਡਾਂ ਦੇ ਨੌਜਵਾਨ ਸਕੂਲ ਕਾਲਜ ਜਾ ਸਕਦੇ ਹਨ। ਇੰਨਾ ਹੀ ਨਹੀਂ ਦਰਿਆ ਪਾਰ ਨੌਕਰੀਆਂ ਕਰਨ ਵਾਲੇ ਜਾਂ ਫਿਰ ਕੰਮ ਕਰਨ ਵਾਲੇ ਵੀ ਕੰਮਾਂ ਤੇ ਨਹੀਂ ਪਹੁੰਚ ਪਾਉਂਦੇ।
5 ਮਹੀਨਿਆਂ ਲਈ ਸਾਡੇ ਬੱਚੇ ਵੀ ਬਿਲਕੁਲ ਵਿਹਲੇ ਹੋ ਕੇ ਬੈਠ ਗਏ ਨੇ“
ਪਿੰਡ ਭਰਿਆਲ ਦੇ ਮੌਜੂਦਾ ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ “ਇਹ ਆਰਜੀ ਪੁੱਲ ਬਿਲਕੁਲ ਟੁੱਟ ਚੁੱਕਿਆ ਹੈ, ਇਸ ਸਮੇਂ ਅਸੀਂ ਹਿੰਦੂਸਤਾਨ ਨਾਲੋਂ ਬਿਲਕੁਲ ਟੁੱਟ ਚੁੱਕੇ ਹਾਂ। ਜਿਸ ਕਰਕੇ ਸਾਡੀ ਜ਼ਿੰਦਗੀ ਦੁੱਖਾਂ ਵਿੱਚ ਘਿਰ ਚੁੱਕੀ ਹੈ, 5 ਮਹੀਨੇ ਅਸੀਂ ਇਹ ਜ਼ਿੰਦਗੀ ਇੱਦਾਂ ਹੀ ਗੁਜ਼ਾਰਨੀ ਹੈ। ਇਸ ਸਮੇਂ ਨਾ ਤਾਂ ਸਾਡੇ ਬੱਚੇ ਪੜ੍ਹਨ ਲਈ ਸਕੂਲਾਂ ਵਿੱਚ ਜਾ ਸਕਦੇ ਨੇ, 5 ਮਹੀਨਿਆਂ ਲਈ ਸਾਡੇ ਬੱਚੇ ਵੀ ਬਿਲਕੁਲ ਵਿਹਲੇ ਹੋ ਕੇ ਬੈਠ ਗਏ ਨੇ। ਜੇਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਹਸਪਤਾਲ ਵਿੱਚ ਲਿਜਾਣਾ ਬਹੁਤ ਔਖਾ ਹੋ ਜਾਂਦਾ ਹੈ। ਅਸੀਂ ਕਿਸਾਨੀ ਨਾਲ ਜੁੜੇ ਹੋਏ ਲੋਕ ਹਾਂ ਅਤੇ ਸਾਡੀ ਖੇਤੀ ਖਾਦਾਂ ਅਤੇ ਦਵਾਈਆਂ ‘ਤੇ ਨਿਰਭਰ ਹੈ। ਪਰ ਖਾਂਦਾਂ ਅਤੇ ਦਵਾਈਆਂ ਵੀ ਅਸੀਂ ਸਿਰ ‘ਤੇ ਚੁੱਕ ਕੇ ਤਾਂ ਲਿਆ ਨਹੀਂ ਸਕਦੇ, ਉਸ ਲਈ ਵੀ ਦਰਿਆ ਤੋਂ ਪਾਰ ਜਾਣ ਦਾ ਕੋਈ ਹਿੱਲਾ ਹੋਣਾ ਚਾਹੀਦਾ ਹੈ। ਇਨ੍ਹਾਂ ਮਹੀਨਿਆਂ ਵਿੱਚ ਅਸੀਂ ਇਨ੍ਹਾਂ ਸਭ ਚੀਜ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ। ਸਾਨੂੰ ਸਾਡੀ ਇਹ ਜ਼ਿੰਦਗੀ ਨਰਕ ਦੀ ਤਰ੍ਹਾਂ ਲੱਗਦੀ ਹੈ।”
“ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਰਕਾਰੋਂ ਸਾਨੂੰ ਆਪਣਾ ਹਿੱਸਾ ਮੰਨੋ ਅਸੀਂ ਵੀ ਹਿੰਦੂਸਤਾਨ ਦੇ ਵਸਨੀਕ ਹਾਂ। ਅਸੀਂ ਤਾਂ ਪਹਿਲਾਂ ਹੀ ਬਹੁਤ ਘੱਟ ਰਹਿ ਚੁੱਕੇ ਹਾਂ ਬਾਕੀ ਇਥੋਂ ਆਪਣੇ ਘਰ ਛੱਡ-ਛੱਡ ਕੇ ਜਾ ਚੁੱਕੇ ਨੇ ਕਿਸੇ ਦਿਨ ਰਹਿੰਦੇ ਲੋਕ ਵੀ ਇੱਥੋਂ ਚਲੇ ਜਾਣੇ ਨੇ। ਜੇ ਤੁਹਾਡਾ ਇਹੀ ਰਵੱਈਆ ਰਿਹਾ ਤਾਂ ਇਹ ਪਿੰਡ ਖਾਲੀ ਹੀ ਹੋ ਜਾਣੇ ਨੇ, ਅਸੀਂ ਬੇਨਤੀ ਕਰਦੇ ਹਾਂ ਕਿ ਇਹ ਪੁੱਲ ਪੱਕਾ ਕਰਵਾ ਦਿਓ। ਸਾਨੂੰ ਕੋਈ ਸਿੱਖਿਆ ਨਹੀਂ ਚਾਹੀਦੀ ਸਾਨੂੰ ਕੋਈ ਸਿਹਤ ਸਹੂਲਤ ਨਹੀਂ ਚਾਹੀਦੀ ਬੱਸ ਸਾਡਾ ਪੁੱਲ ਪੱਕਾ ਕਰਵਾ ਦਿਓ ਅਸੀਂ ਆਪਣੇ ਆਪ ਹੀ ਜਾ ਕੇ ਸਿੱਖਿਆ ਹਾਸਿਲ ਕਰਲਾਂਗੇ ਅਤੇ ਆਪਣਾ ਇਲਾਜ ਕਰਵਾ ਲਿਆ ਕਰਾਂਗੇ। ਅਸੀਂ ਤੁਹਾਨੂੰ ਸਿਰਫ 10-15 ਦਿਨ ਦਾ ਸਮਾਂ ਦੇ ਰਹੇ ਹਾਂ ਨਹੀਂ ਤਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਹਾਈਵੇ ਜਾਮ ਕਰਾਂਗੇ।”- ਅਮਰੀਕ ਸਿੰਘ, ਪਿੰਡ ਭਰਿਆਲ ਦੇ ਮੌਜੂਦਾ ਸਰਪੰਚ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਾਡਾ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੀਆਂ ਚੋਣਾਂ ਸਮੇਂ ਅਸੀਂ ਇਨ੍ਹਾਂ ਪਾਟਰੀਆਂ ਨੂੰ ਇਸ ਧਰਤੀ ਤੇ ਪੈਰ ਨਹੀਂ ਰੱਖਣ ਦੇਵਾਂਗੇ ਨਾਲ ਹੀ ਇਨ੍ਹਾਂ ਦੇ ਜੁੱਤੀਆਂ ਦੇ ਹਾਰ ਪਾ ਕੇ ਭੇਜਾਂਗੇ।
“ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ ਇਨ੍ਹਾਂ ਪਿੰਡਾਂ ਦੇ ਲੋਕ“
ਭਰਿਆਲ ਪਿੰਡ ਦੇ ਲੋਕਾਂ ਦੇ ਕਹਿਣਾ ਹੈ ਕਿ “ਭਾਰਤ–ਪਾਕਿ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗ਼ੁਲਾਮ ਸਮਝਦੇ ਹਨ, ਕਿਉਂਕਿ ਜਦ ਵੀ ਇਹ ਅਸਥਾਈ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਕਈ ਲੋਕ ਤਾਂ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਸਾਨੂੰ ਇਹ ਪਤਾ ਨਹੀਂ ਚਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ ਦੋ ਦਰਿਆਵਾਂ ਦੇ ਪਾਰ ਅਤੇ ਐਲਓਸੀ ਦੇ ਨਾਲ ਲੱਗਦਾ ਹੈ।”
“ਟਾਪੂ ਬਣ ਜਾਂਦੇ ਹਨ ਦਰਿਆ ਤੋਂ ਪਾਰ ਵਸਦੇ 7 ਪਿੰਡ“
ਬਰਸਾਤ ਦੇ ਮੌਸਮ ਵਿਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਦਰਿਆ ਵਿੱਚ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ ਕਈ ਵਾਰ ਨਹੀ ਚੱਲ ਸਕਦੀ ਅਤੇ ਦਰਿਆ ਤੋਂ ਪਾਰ ਵਸਦੇ 7 ਪਿੰਡ ਇਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ । 2018 ਵਿੱਚ ਕੇਂਦਰ ਸਰਕਾਰ ਵੱਲੋਂ ਇੱਥੇ ਪੱਕਾ ਪੁੱਲ ਬਣਾਉਣਾ ਮਨਜ਼ੂਰ ਕੀਤਾ ਗਿਆ ਸੀ ਪਰ ਪਤਾ ਨਹੀਂ ਕਿਸ ਕਾਰਨ ਪੁੱਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਪਿੰਡਾਂ ਦੇ ਲੋਕਾਂ ਨੇ ਪਿਛਲੇ ਸਾਲ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਵਾਰ ਵੀ ਕੋਈ ਵੱਡਾ ਸੰਘਰਸ਼ ਉਲੀਕਣ ਦਾ ਮਨ ਬਣਾ ਚੁੱਕੇ ਹਨ।
ਪਾਣੀ ਵਿੱਚ ਰੁੜ ਗਿਆ ਆਰਜੀ ਪਲਟੂਨ ਪੁੱਲ ਦਾ ਅਗਲਾ ਹਿੱਸਾ
ਦੱਸ ਦਈਏ ਕਿ ਹਰ ਸਾਲ 15 ਜੂਨ ਦੇ ਕਰੀਬ ਆਰਜੀ ਪੁੱਲ ਹਟਾ ਲਿਆ ਜਾਂਦਾ ਸੀ ਤੇ ਇੱਥੇ ਬੇੜੀ ਪਾ ਦਿੱਤੀ ਜਾਂਦੀ ਸੀ ਪਰ ਇਸ ਵਾਰ ਬੇਮੌਸਮੀ ਬਰਸਾਤ ਦੇ ਬਾਵਜੂਦ ਆਰਜੀ ਤੌਰ ‘ਤੇ ਬਣਾਇਆ ਗਿਆ ਪਲਟੂਨ ਪੁਲ ਨਹੀਂ ਹਟਾਇਆ ਗਿਆ ਸੀ। ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਰਾਵੀ ਵਿੱਚ ਇਕਦਮ ਪਾਣੀ ਦਾ ਪੱਧਰ ਵਧਣ ਨਾਲ ਆਰਜੀ ਪਲਟੂਨ ਪੁੱਲ ਦਾ ਅਗਲਾ ਹਿੱਸਾ ਪਾਣੀ ਵਿੱਚ ਰੁੜ ਗਿਆ। ਜਿਸ ਕਾਰਨ ਹੁਣ ਦਰਿਆ ਤੋਂ ਪਾਰ 7 ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਹੈ। ਹਾਲਾਂਕਿ ਅੱਜ ਪਾਣੀ ਦਾ ਪੱਧਰ ਘੱਟਣ ਕਾਰਨ ਬੇੜੀ ਚੱਲ ਰਹੀ ਹੈ ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ। ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ, ਜਿਸ ਕਰਕੇ ਬਹੁਤ ਸਾਰੇ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ 14 ਵਿੱਚੋਂ ਸਿਰਫ 7 ਪਿੰਡ ਹੀ ਮੌਜੂਦ ਹਨ, ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ‘ਤੇ ਪੱਕਾ ਪੁੱਲ ਨਾ ਹੋਣ ਕਾਰਨ ਬੇਹਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਇਹ ਲੋਕ ਬਰਸਾਤ ਦੇ ਦਿਨਾਂ ਵਿੱਚ ਪੂਰੇ ਦੇਸ਼ ਨਾਲੋਂ ਵੱਖ ਹੋ ਜਾਂਦੇ ਹਨ।
ETV BHARAT