Transformer Oil Theft Gang Strikes Again
ਤਿੰਨ ਪਿੰਡਾਂ ’ਚ ਵਾਪਰੀਆਂ ਘਟਨਾਵਾਂ ਕਾਰਨ ਕਿਸਾਨ ਪ੍ਰੇਸ਼ਾਨ
04 ਜੂਨ, 2026 – ਬਠਿੰਡਾ : ਨੇੜਲੀ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਪਿੰਡ ਅਬਲੂ, ਕੋਠੇ ਲਾਲ ਸਿੰਘ ਵਾਲਾ ਅਤੇ ਕੋਠੇ ਸੰਧੂਆਂ ਵਿੱਚ ਬੀਤੀ ਰਾਤ ਚੋਰਾਂ ਨੇ 11 ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਸੈਂਕੜੇ ਲਿਟਰ ਤੇਲ ਚੋਰੀ ਕਰ ਲਿਆ। ਉਨ੍ਹਾਂ ਨੂੰ ਇਸ ਘਟਨਾ ਦਾ ਸਵੇਰੇ ਵੇਲੇ ਪਤਾ ਲੱਗਾ। ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਚੋਰਾਂ ਨੇ ਟਰਾਂਸਫਾਰਮਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਉਹ ਵਰਤੋਂਯੋਗ ਨਹੀਂ ਰਹੇ। ਚੇਤੇ ਰਹੇ ਟਰਾਂਸਫਾਰਮਰ ਚੋਰ ਗਰੋਹ ਕਾਫ਼ੀ ਲੰਮੇ ਤੋਂ ਸਰਗਰਮ ਹੈ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਕਿਸਾਨ ਪ੍ਰੇਸ਼ਾਨ ਹਨ।
ਕਿਸਾਨ ਜਸਮੇਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਹਰ ਟਰਾਂਸਫਾਰਮਰ ਵਿੱਚੋਂ ਕਰੀਬ 50 ਲਿਟਰ ਤੇਲ ਕੱਢਿਆ। ਘਟਨਾ ਸਥਾਨਾਂ ’ਤੇ ਚੋਰਾਂ ਦੇ ਪੈਰਾਂ ਅਤੇ ਵਾਹਨਾਂ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ। ਕਈ ਥਾਵਾਂ ’ਤੇ ਤੇਲ ਡੁੱਲ੍ਹਿਆ ਹੋਇਆ ਵੀ ਦੇਖਿਆ ਗਿਆ। ਅਬਲੂ ਦੇ ਭੋਲਾ ਸ਼ਰਮਾ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਇਸ ਲਈ ਪਾਵਰਕੌਮ ਜਲਦੀ ਨਵੇਂ ਟਰਾਂਸਫਾਰਮਰ ਮੁਹੱਈਆ ਕਰਵਾਏ ਤਾਂ ਜੋ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਨਾ ਹੋਣ। ਤੇਲ ਚੋਰੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਕਿਸਾਨਾਂ ਵਿੱਚ ਜਗਸੀਰ ਸਿੰਘ, ਪ੍ਰੀਤਮ ਸਿੰਘ, ਭੋਲਾ ਸ਼ਰਮਾ, ਮੱਲਾ ਸਿੰਘ, ਸਿਕੰਦਰ ਸਿੰਘ, ਸੁਖਮੇਲ ਸਿੰਘ, ਭੋਲਾ ਸਿੰਘ ਗਿਆਨੀ, ਮਦਨ ਲਾਲ, ਬਿੰਦਰਪਾਲ ਸ਼ਰਮਾ, ਤਰਸੇਮ ਲਾਲ ਅਤੇ ਰਾਜ ਕੁਮਾਰ ਦੇ ਨਾਂ ਸ਼ਾਮਲ ਹਨ।
ਪੰਜਾਬੀ ਟ੍ਰਿਬਯੂਨ