PRTC ਤੋਂ ਲੈ ਕੇ ਸੜਕਾਂ ਉੱਤੇ ਆਮ ਆਦਮੀ ਕਲੀਨਿਕ ਦੇ ਮੁਲਾਜ਼ਮ
ਪੰਜਾਬ ਵਿੱਚ ਵੱਖ–ਵੱਖ ਥਾਵਾਂ ‘ਤੇ ਵੱਖ–ਵੱਖ ਮਹਿਕਮਿਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇ ਲੱਗ ਰਹੇ ਹਨ।
28 ਜੁਲਾਈ, 2026 – ਲੁਧਿਆਣਾ/ਜਲੰਧਰ/ ਪਟਿਆਲਾ/ਗੁਰਦਾਸਪੁਰ/ਬਰਨਾਲਾ/ ਫਤਿਹਗੜ੍ਹ ਸਾਹਿਬ: ਪੰਜਾਬ ਭਰ ਵਿੱਚ ਵੱਖ-ਵੱਖ ਮਹਿਕਮਿਆਂ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਬੰਦ ਵਰਗੇ ਹਲਾਤ ਬਣੇ ਹੋਏ ਹਨ ਅਤੇ ਮੁਹੱਲਾ ਕਲੀਨਿਕਾਂ ਦੇ ਵਰਕਰ, ਬੱਸ ਡਰਾਈਵਰ ਅਤੇ ਡਾਕਟਰ ਆਦੀ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਬੈਠ ਪੰਜਾਬ ਦੀ ਆਮ ਆਦਮੀ ਪਾਰਟੀ ਖਿਲਾਫ ਧਰਨੇ ਲਾ ਰਹੇ ਹਨ। ਉੱਥੇ ਹੀ ਵਕੀਲ ਭਾਈਚਾਰੇ ਵੱਲੋਂ ਵੀ ਮੰਗਾਂ ਨੂੰ ਲੈਕੇ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ।
ਡਾਕਟਰਾਂ ਦੀ ਨੌਕਰੀ ਪੱਕੀ ਕਰਨ ਦੀ ਮੰਗ
ਦੱਸਣਯੋਗ ਹੈ ਕਿ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਦੇ ਰਹੇ ਡਾਕਟਰ, ਹੈਲਪਰ ਅਤੇ ਸਟਾਫ ਨਰਸਾਂ ਵੱਲੋਂ ਆਪਣੀ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਕਲੀਨਿਕਾਂ ਨੂੰ ਬੰਦ ਕਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਮ ਆਦਮੀ ਕਲੀਨਿਕਾਂ ਵਿੱਚ ਦਵਾਈ ਲੈਣ ਦੇ ਲਈ ਆ ਰਹੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਅੱਜ ਲੁਧਿਆਣਾ ਵਿਖੇ ਵੀ ਮੁਹੱਲਾ ਕਲੀਨਿਕਾਂ ਦੇ ਸਟਾਫ ਮੈਂਬਰ ਹੜਤਾਲ ਉੱਤੇ ਚੱਲ ਰਹੇ ਹਨ, ਜਿਸ ਕਰਕੇ ਮੁਹੱਲਾ ਕਲੀਨਿੰਗ ‘ਚ ਸਿਰਫ ਐਮਰਜੰਸੀ ਸੇਵਾਵਾਂ ਹੀ ਚਲਾਈਆਂ ਜਾ ਰਹੀਆਂ ਹਨ।
ਲੁਧਿਆਣਾ ਸਿਵਲ ਸਰਜਨ ਦਫਤਰ ਦੇ ਬਾਹਰ ਪ੍ਰਦਰਸ਼ਨ
ਅੱਜ ਦੇ ਧਰਨੇ ਦੌਰਾਨ ਕਲੀਨਿਕ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਗਰਮੀ ਦੇ ਬਾਵਜੂਦ ਮੁਹੱਲਾ ਕਲੀਨਿਕ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਦੀਆਂ ਮੁੱਖ ਮੰਗਾਂ ਵਿੱਚੋਂ ਪੱਕੇ ਕਰਨ ਦੀ ਮੰਗ ਹੈ।
ਗੁਰਦਾਸਪੁਰ ਵਿੱਚ ਵੀ ਪ੍ਰਦਰਸ਼ਨ
ਗੁਰਦਾਸਪੁਰ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਸਾਂਝਾ ਮੋਰਚਾ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਹੱਲਾ ਕਲੀਨਿਕਾਂ ਵਿੱਚ ਸੇਵਾ ਨਿਭਾਅ ਰਹੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਮੁਹੱਲਾ ਕਲੀਨਿਕ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ
ਆਮ ਆਦਮੀ ਕਲੀਨਿਕ ਸਾਂਝੇ ਫਰੰਟ, ਪੰਜਾਬ ਦੇ ਸੱਦੇ ‘ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ, ਫਾਰਮਾਸਿਸਟਾਂ ਅਤੇ ਕਲੀਨੀਕਲ ਅਸਿਸਟੈਂਟਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਟਾਫ਼ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਆਗੂ ਡਾ. ਸੁਖਵਿੰਦਰ ਸਿੰਘ ਅਤੇ ਡਾ. ਸੁਲੱਖਣ ਜੀਤ ਸਿੰਘ ਨੇ ਦੱਸਿਆ ਕਿ ‘ਸਰਕਾਰ ਨਾਲ ਕਈ ਗੇੜ ਦੀਆਂ ਮੀਟਿੰਗਾਂ ਹੋਣ ਅਤੇ ਮੰਗਾਂ ਮੰਨਣ ਦਾ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਕੋਈ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਤਨਖ਼ਾਹ ਤੇ ਇਨਸੈਂਟਿਵ ਵਿੱਚ ਸਾਲਾਨਾ ਵਾਧਾ, ਕੈਜ਼ੁਅਲ ਤੇ ਮੈਡੀਕਲ ਛੁੱਟੀਆਂ ਦਾ ਪ੍ਰਬੰਧ ਅਤੇ ਨੌਕਰੀਆਂ ਦੀ ਸੁਰੱਖਿਆ (ਪੱਕੇ ਕਰਨਾ) ਸ਼ਾਮਲ ਹਨ।‘
ਬਰਨਾਲਾ ਵਿੱਚ ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ
ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਬਰਨਾਲਾ ਵਿਖੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦਾ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਬਰਨਾਲਾ ਡਿਪੂ ਵਿਖੇ ਯੂਨੀਅਨ ਵੱਲੋਂ ਇੱਕ ਜ਼ੋਰਦਾਰ ਗੇਟ ਰੈਲੀ ਕਰਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਇਆ ਗਿਆ। ਬਰਨਾਲਾ ਡਿਪੂ ਦੇ ਬਾਹਰ ਵੱਡੀ ਗਿਣਤੀ ‘ਚ ਇਕੱਠੇ ਹੋਏ ਕਾਂਟ੍ਰੈਕਟ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਲੰਬੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕੀਤਾ। ਮੁਲਾਜ਼ਮਾਂ ਦੀ ਮੰਗ ਹੈ ਕਿ ਸਾਡੀ ਨੌਕਰੀ ਪੱਕੀ ਕੀਤੀ ਜਾਵੇ, ਪੀਆਰਟੀਸੀ ਬੱਸਾਂ ਦੀ ਕਿਲੋਮੀਟਰ ਸਕੀਮ ਰੱਦ ਕੀਤੀ ਜਾਵੇ। ਇਸ ਸਬੰਧੀ ਪੀਆਰਟੀਸੀ ਕੰਟਰੈਕਟਰ ਵਰਕਰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹਦੇ ਹੋਏ 3 ਅਗਸਤ ਨੂੰ ਸੀਐਮ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣਗੇ।
ਪਟਿਆਲਾ ਵਿੱਚ ਵਕੀਲ ਭਾਈਚਾਰੇ ਦਾ ਰੋਸ ਪ੍ਰਦਰਸ਼ਨ
ਲੀਗਲ ਐਂਡ ਡਿਫੈਂਸ ਕੌਂਸਲ (ਐੱਲਏਡੀਸੀ) ਪਾਲਸੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਵੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਸੱਦੇ ’ਤੇ ਵਕੀਲ ਭਾਈਚਾਰੇ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਪਟਿਆਲਾ ਵਿਖੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ‘ਐਲਏਡੀਸੀ ਸਿਸਟਮ ਨਾ ਤਾਂ ਆਮ ਲੋਕਾਂ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਨਿਆਂ ਪ੍ਰਣਾਲੀ ਦੇ ਹਿੱਤ ‘ਚ ਹੈ। ਜੇਕਰ ਕੋਈ ਵਕੀਲ ਸਰਕਾਰ ਤੋਂ ਤਨਖ਼ਾਹ ਲੈ ਕੇ ਕਿਸੇ ਵਿਅਕਤੀ ਦਾ ਕੇਸ ਲੜੇਗਾ ਤਾਂ ਉਸ ਦੀ ਸੁਤੰਤਰਤਾ ਅਤੇ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਜਿਸ ਕਾਰਨ ਪੀੜਤ ਨੂੰ ਇਨਸਾਫ਼ ਮਿਲਣ ਵਿੱਚ ਰੁਕਾਵਟ ਆ ਸਕਦੀ ਹੈ। ਵਕੀਲਾਂ ਨੇ ਕਿਹਾ ਕਿ ਸਿਰਫ਼ ਕੇਸਾਂ ਨੂੰ ਜਲਦੀ ਨਿਪਟਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਹਰ ਵਿਅਕਤੀ ਨੂੰ ਨਿਰਪੱਖ, ਸੁਤੰਤਰ ਅਤੇ ਪੂਰਾ ਇਨਸਾਫ਼ ਮਿਲਣਾ ਵੀ ਉਨਾਂ ਹੀ ਜ਼ਰੂਰੀ ਹੈ। ਵਕੀਲ ਭਾਈਚਾਰੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ‘ਤੇ ਜਲਦ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।’
ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਪੰਜਾਬ ਬੰਦ
ਬਰਨਾਲਾ ਵਿੱਚ ਕੁਝ ਦਿਨ ਪਹਿਲਾਂ ਧਰਨੇ ‘ਤੇ ਬੈਠੀਆਂ ਸਫਾਈ ਕਰਮਚਾਰੀ ਔਰਤਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਅੰਮ੍ਰਿਤਸਰ ਅਤੇ ਜਲੰਧਰ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ‘ਚ ਵਾਲਮੀਕੀ ਭਾਈਚਾਰੇ ਅਤੇ ਸਫਾਈ ਕਰਮਚਾਰੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਦਾ ਅਸਰ ਪੂਰੇ ਸ਼ਹਿਰ ‘ਚ ਨਜ਼ਰ ਆਇਆ। ਜਲੰਧਰ ਸਮੇਤ ਪੂਰੇ ਪੰਜਾਬ ਵਿੱਚ ਦੁਕਾਨਾਂ ਬੰਦ ਮਿਲੀਆਂ ਅਤੇ ਲੋਕ ਸੜਕਾਂ ‘ਤੇ ਬੈਠੇ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ।। ਜਲੰਧਰ ਸ਼ਹਿਰ ਵਿੱਚ ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਸੁੰਨਸਾਨ ਮਾਹੌਲ ਰਿਹਾ ਅਤੇ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਬੰਦ ਨਜ਼ਰ ਆਏ।
ਦੱਸਣਯੋਗ ਹੈ ਕਿ ਬਰਨਾਲਾ ਵਿੱਚ ਧਰਨੇ ‘ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਹਟਾਉਣ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਐਸਪੀ ਅਤੇ ਡੀਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ, ਪਰ ਪੀੜਤਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਖ਼ਤ ਕਾਰਵਾਈ ਅਧੀਨ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।
ETV BHARAT