ਬੁੱਧ ਸਿੰਘ ਨੀਲੋਂ

ਪੰਜਾਬ ਦੇ ਗਾਉਣ ਤੇ ਭੰਗੜਾ ਪਾਉਣ ਦਾ ਸ਼ੌਕ ਅੱਥਰਾ ਹੈ। ਇਹਨਾਂ ਦੇ ਇਸ ਸ਼ੌਕ ਨੇ ਇਹਨਾਂ ਨੂੰ ਮਾਣ ਵੀ ਬਖਸ਼ਿਆ ਹੈ ਤੇ ਬਦਨਾਮੀ ਵੀ ਖੱਟੀ ਹੈ। ਪੰਜਾਬੀਆਂ ਦੇ ਸੁਭਾਅ ਵਿੱਚ ਅੱਥਰਾਪਣ ਹੈ। ਜਿਵੇਂ ਅਣਖ਼ ਤੇ ਹੰਕਾਰ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਇਸੇ ਤਰ੍ਹਾਂ ਕਲ਼ਮ, ਹਥਿਆਰ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਸਿਰਫ਼ ਸੋਚ ਤੇ ਸਮਝ ਦਾ ਫ਼ਰਕ ਹੁੰਦਾ ਹੈ, ਫ਼ਰਕ ਇਹੋ ਹੁੰਦਾ ਹੈ ਕਿ ਕਿਹੜੇ ਵਕ਼ਤ ਕੀ ਚਲਾਉਣਾ ਹੈ। ਅਸੀਂ ਕਲ਼ਮ ਦੀ ਵਜਾਏ ਹਥਿਆਰ ਵਧੇਰੇ ਚਲਾਉਂਦੇ ਹਾਂ। ਇਸੇ ਕਰਕੇ ਕਿਸੇ ਨੇ ਗਾਇਆ ਸੀ, ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ। ਹੁਣ ਤਾਂ ਲਾਈਸੈਂਸੀ ਹਥਿਆਰਾਂ ਨਾਲੋਂ ਵੱਧ ਲੋਕ ਨਜ਼ਾਇਜ਼ ਹਥਿਆਰ ਚੁੱਕੀ ਫਿਰਦੇ ਹਨ। ਇਸੇ ਕਰਕੇ ਪੰਜਾਬ ਦੇ ਵਿੱਚ ਦੂਜੇ ਤੀਜੇ ਦਿਨ ਗੋਲੀਆਂ ਚਲਾ ਕੇ ਫ਼ਰਾਰ ਹੋਣ ਦੀਆਂ ਖਬਰਾਂ ਆਉਂਦੀਆਂ ਹਨ। ਸੱਤਾਧਾਰੀ ਧਿਰ ਵਾਲੇ ਕੌਰੂ ਬਾਦਸ਼ਾਹ ਨੂੰ ਤਰੇਲੀਆਂ ਲਿਆ ਰਹੇ ਹਨ। ਕਹਿੰਦੇ ਹਨ ਕਿ ਕੌਰੂ ਬਾਦਸ਼ਾਹ ਮੁਰਦਿਆਂ ਦੇ ਮੂੰਹ ਵਿਚੋਂ ਪੈਸੇ ਕਢਵਾ ਲੈਂਦਾ ਸੀ। ਇਹੋ ਜਿਹਾ ਕੰਮ ਇਹਨਾਂ ਦੇ ਮੰਤਰੀਆਂ ਤੇ ਸੰਤਰੀਆਂ ਨੇ ਸ਼ੁਰੂ ਕੀਤਾ ਹੋਇਆ ਹੈ।
ਭ੍ਰਿਸ਼ਟਾਚਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਪੁੱਜ ਗਿਆ ਹੈ, ਸਰਕਾਰੀ ਦਫ਼ਤਰਾਂ ਦੇ ਵਿੱਚ ਤਾਂ ਕੋਈ ਕੰਮ ਬਿਨਾਂ ਰਿਸ਼ਵਤ ਦੇ ਹੁੰਦਾ ਨਹੀਂ। ਤਹਿਸੀਲਦਾਰ ਵਸੀਕਾ ਨਵੀਸਾਂ ਦੇ ਰਾਹੀਂ ਰਜਿਸਟਰੀਆਂ ਕਰਾਉਣ ਦੇ ਪੈਸੇ ਲੈਂਦੇ ਹਨ। ਜੇ ਕੋਈ ਦਿੰਦਾ ਨਹੀਂ ਤਾਂ ਉਸਦੀ ਰਜਿਸਟਰੀ ਦੇ ਵਿੱਚ ਨੁਕਸ ਕੱਢੇ ਜਾਂਦੇ ਹਨ। ਸਮਰਾਲਾ ਤਹਿਸੀਲ ਵਿੱਚ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੇ ਨਾਲ ਇਹੋ ਕੁੱਝ ਹੋਇਆ ਹੈ। ਆਮ ਸਧਾਰਨ ਬੰਦੇ ਨਾਲ ਕੀ ਹੁੰਦਾ ਹੋਵੇਗਾ? ਪੱਟੀ ਦੇ ਵਿੱਚ ਇੱਕ ਵੇਅਰਹਾਊਸਿੰਗ ਵਿਭਾਗ ਦਾ ਐਮ ਡੀ ਆਪਣੇ ਉਪਰ ਹੋਏ ਜ਼ੁਲਮ ਢਾਹੁਣ ਵਾਲੇ ਮੰਤਰੀ ਵਿਰੁੱਧ ਆਪਣੇ ਉਚ ਅਧਿਕਾਰੀਆਂ ਨੂੰ ਚਿੱਠੀ ਲਿਖਦਾ ਹੈ, ਉਸਦੀ ਕੋਈ ਸੁਣਵਾਈ ਨਹੀਂ। ਮੰਤਰੀ ਆਪਣੇ ਪਿਉ ਦੇ ਨਾਂ ਤੇ ਟੈਂਡਰ ਮੰਗਦਾ ਹੈ, ਉਸਦੀ ਕਥਿਤ ਤੌਰ ਤੇ ਕੁੱਟਮਾਰ ਕਰਦਾ ਹੈ। ਹੁਣ ਐਮ ਡੀ ਨੇ ਖੁਦਕੁਸ਼ੀ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਮੱਥੇ ਤੇ ਕਲੰਕ ਲੱਗ ਗਿਆ ਹੈ। ਮੰਤਰੀ ਸਫ਼ਾਈਆਂ ਦੇਂਦਾ ਹੈ, ਉਸਦੀਆਂ ਵੀਡੀਓ ਤੇ ਚਿੱਠੀਆਂ ਕੁੱਝ ਹੋਰ ਕਹਿੰਦੀਆਂ ਹਨ।
ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਕਦੋਂ ਆਵੇਗੀ ਕਿ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਕੈਦਖਾਨਾ ਕਦੋਂ ਤਿਆਗਣਾ ਹੈ? ਹੋ ਸਕਦਾ ਪੰਜਾਬ ਨਾ ਹੀ ਜਾਗੇ ਕਿਉਂਕਿ ਪੰਜਾਬ ਇਸ ਸਮੇਂ ਜ਼ਹਿਰ ਖਾ ਰਿਹਾ, ਪੀ ਤੇ ਜੀਅ ਰਿਹਾ ਹੈ। ਇਸ ਨੂੰ ਕੋਈ ਜੰਮੇ ਮਰੇ ਦਾ ਫ਼ਿਕਰ ਨਹੀਂ ਹੈ। ਇਹ ਆਪਣੀ ਮਸਤੀ ਵਿੱਚ ਮਸਤ ਹੋਇਆ ਹੈ। ਸਮਾਜ, ਧਰਮ, ਰਾਜਨੀਤੀ ਆਰਥਿਕਤਾ, ਮਨੁੱਖੀ ਕਦਰਾਂ ਕੀਮਤਾਂ, ਅਧਿਕਾਰ, ਫਰਜ਼, ਪੌਣ ਪਾਣੀ, ਰਹਿਣ ਸਹਿਣ, ਬੋਲ ਚਾਲ ਸਭ ਖਤਰੇ ਵਿੱਚ ਹੈ। ਪਰ ਕਿਸੇ ਨੂੰ ਕੋਈ ਫ਼ਿਕਰ ਨਹੀਂ ਹੈ। ਆਪਾਂ ਕੀ ਲੈਣਾ ਐ, ਕੋਈ ਮਰੇ ਤੇ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਇਹਨਾਂ ਨੇ ਘੋਲ ਕੇ ਬੇਸ਼ਰਮੀ ਪੀ ਲਈ ਹੈ। ਸ਼ਾਮ ਵੇਲੇ ਸ਼ਰਾਬ ਦੇ ਠੇਕਿਆਂ ਉਤੇ ਮੇਲੇ ਲੱਗਦੇ ਹਨ। ਦਿਨ ਵੇਲੇ ਤਾਸ਼ ਖੇਡਦਿਆਂ ਦੂਜੇ ਦੀ ਬੇਗੀ ਫੜਦੇ ਹਨ। ਇਹਨਾਂ ਦੀਆਂ ਆਪਣੀਆਂ ਬੇਗੀਆਂ ਬਾਦਸ਼ਾਹ ਨੂੰ ਲੱਭਦੀਆਂ ਡੇਰਿਆਂ ਤੇ ਫਿਰਦੀਆਂ ਹਨ। ਸ਼ਹਿਰਾਂ ਦੇ ਬੱਸ ਅੱਡਿਆਂ ਤੇ ਹੋਰ ਸੁਰੱਖਿਆ ਥਾਵਾਂ ਉੱਤੇ ਦੇਹੀ ਨਾਦ ਹੁੰਦਾ ਹੈ।
ਭੁੱਖ ਟਕਿਆਂ ਉਤੇ ਵਿਕਦੀ ਹੈ। ਮੁਫ਼ਤ ਦੀਆਂ ਰੋਟੀਆਂ ਨੇ ਪੰਜਾਬ ਦੀ ਅਣਖ਼ ਗ਼ੈਰਤ ਖਤਮ ਕਰ ਦਿੱਤੀ ਹੈ। ਉਸਨੇ ਕਿਰਤ ਕਰਨੀ ਛੱਡ ਦਿੱਤੀ ਹੈ। ਹਰ ਨਿੱਕੇ ਤੇ ਵੱਡੇ ਕੰਮ ਉਤੇ ਗ਼ੈਰ ਪੰਜਾਬੀ ਕਾਬਜ਼ ਹੋ ਗਿਆ। ਪੰਜਾਬੀ ਧਰਨਿਆਂ ਤੇ ਰੈਲੀਆਂ ਵਿੱਚ, ਡੇਰਿਆਂ ਤੇ ਧਾਰਮਿਕ ਸਥਾਨਾਂ ਉਤੇ ਭਟਕ ਦੇ ਫਿਰਦੇ ਹਨ। ਸੁੱਖਾਂ ਸੁਖਦੇ ਤੇ ਸੁੱਖਾਂ ਲਾਉਂਦੇ ਫਿਰਦੇ ਹਨ। ਉਸ ਦੇ ਆਲੇ ਦੁਆਲੇ ਕੀ ਹੋ ਰਿਹਾ ਉਹ ਦੇਖਦਾ ਹੋਇਆ ਵੀ ਚੁੱਪ ਧਾਰੀ ਬੈਠਾ ਹੈ। ਕਿਸੇ ਇਨਕਲਾਬੀ ਯੋਧੇ ਦੀ ਉਡੀਕ ਕਰ ਰਿਹਾ ਹੈ। ਉਸਦੇ ਅੰਦਰਲੀ ਸ਼ਕਤੀ ਮਰ ਗਈ ਹੈ। ਉਹ ਹੁਣ ਕੱਪੜਿਆਂ ਨੂੰ ਮਿੱਟੀ ਨਹੀਂ ਲੱਗਣ ਦੇਂਦਾ ਪਰ ਖ਼ੁਦ ਮਿੱਟੀ ਦਾ ਮਾਧੋ ਬਣ ਗਿਆ ਹੈ। ਜੇ ਆਖਿਆ ਜਾਵੇ ਕਿ ਇਹ ਸਭ ਮੁਫ਼ਤ ਫਲ, ਸਬਜ਼ੀ, ਰੋਟੀ ਤੇ ਦੁੱਧ ਖਾ ਪੀ ਲਵੋ ਤਾਂ ਝੱਟ ਖਾ ਲਵੇਗਾ ਪਰ ਜੇ ਕਹਿ ਦੇਈਏ ਕਿ ਸਭ ਜ਼ਹਿਰ ਹੈ ਤਾਂ ਉਹ ਖਾਣ ਲਈ ਮੰਨੇਗਾ ਨਹੀਂ ਕਿਉਂਕਿ ਅਸੀਂ ਦੂਜੇ ਦੀ ਨਹੀਂ ਮੰਨਦੇ ਸਗੋਂ ਆਪਣੀ ਹੀ ਮਰਜ਼ੀ ਕਰਦੇ ਹਾਂ । ਜੇ ਕਿਤੇ ਕਿਸੇ ਗੱਡੀ ਵਾਲਾ ਉਪਰ ਚਾੜ੍ਹਨ ਲੱਗੇ ਤਾਂ ਅਗਲਾ ਛਾਲ ਮਾਰ ਕੇ ਪਾਸੇ ਹੋਣ ਤੋਂ ਪਹਿਲਾਂ ਗਾਲਾਂ ਦੀ ਬੁਛਾੜ ਮਾਰੇਗਾ। ਸੱਚ ਇਹ ਕਿ ਅਸੀਂ ਜ਼ਹਿਰ ਹੀ ਤਾਂ ਖਾ ਤੇ ਪੀ ਰਹੇ ਹਾਂ। ਦੁਨੀਆ ਦੇ ਵਿੱਚ ਇਹ ਜ਼ਹਿਰ ਅਮਰੀਕਾ ਨੇ ਵੀਅਤਨਾਮ ਵਿੱਚ ਵਰਤੀ ਸੀ ਉਸ ਵੇਲੇ ਗਿਆਰਾਂ ਲੱਖ ਲੋਕ ਪ੍ਰਭਾਵਿਤ ਹੋਏ ਸਨ ਪਰ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਹਰੀ, ਚਿੱਟੀ ਤੇ ਨੀਲੀ ਕ੍ਰਾਂਤੀ ਲਿਆਉਣ ਦੇ ਬਹਾਨੇ ਸਾਨੂੰ ਬਲੀ ਦੇ ਬੱਕਰੇ ਬਣਾਇਆ ।

ਸਾਨੂੰ ਬਲੀ ਦੇ ਬੱਕਰੇ ਬਣਾਉਣ ਦੇ ਲਈ ਬੇਗਾਨਿਆਂ ਨੇ ਘੱਟ ਤੇ ਆਪਣਿਆਂ ਨੇ ਪੂੰਛਾਂ ਵੱਧ ਚੁੱਕ ਲਈਆਂ ਸਨ। ਹੁਣ ਸਭ ਪੂੰਛਾਂ ਚੱਡਿਆਂ ਵਿੱਚ ਲੈ ਕੇ ਬਦੇਸ਼ ਦੌੜ ਗਏ ਤੇ ਦੌੜ ਰਹੇ ਹਨ। ਹੁਣ ਜੋ ਹਾਲਤ ਪੰਜਾਬ ਦੀ ਬਣੀ ਹੈ ਸਭ ਦੇ ਸਾਹਮਣੇ ਹੈ। ਪੰਜਾਬ ਦੇ ਵਿੱਚ ਨਿੱਜੀ ਹਸਪਤਾਲ, ਡੇਰੇ ਤੇ ਧਾਰਮਿਕ ਅਸਥਾਨ ਖੁੰਬਾਂ ਉਗ ਰਹੇ ਹਨ। ਇਹ ਲੋਕਾਂ ਦਾ ਸਰੀਰਕ ਤੇ ਮਾਨਸਿਕ ਇਲਾਜ ਕਰਨ ਦੇ ਨਾਮ ਉਤੇ ਲੁੱਟਮਾਰ ਕਰ ਰਹੇ ਹਨ ਤੇ ਅਸੀਂ ਕਰਵਾ ਰਹੇ ਹਾਂ ਪਰ ਬੀਮਾਰੀ ਦੀਆਂ ਜੜ੍ਹਾਂ ਨੂੰ ਫੜਨ ਦੀ ਵਜਾਏ ਅਸੀਂ ਦਵਾਈਆਂ ਦੇ ਤੇ ਸਾਧਾਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਪੰਜਾਬ ਦਾ ਪੌਣ ਪਾਣੀ, ਖਾਣ ਪੀਣ ਤੇ ਬੋਲਚਾਲ ਵਿੱਚ ਜ਼ਹਿਰ ਹੈ। ਇਹ ਜ਼ਹਿਰ ਅਚਾਨਕ ਨਹੀਂ ਆਈ। ਇਸਦੇ ਵਿੱਚ ਉਹਨਾਂ ਮਲਟੀ ਕੰਪਨੀਆਂ ਦਾ ਹੱਥ ਹੈ ਜਿਹਨਾਂ ਸਾਡੇ ਖੇਤੀਬਾੜੀ ਵਿਗਿਆਨੀਆਂ ਦੇ ਮੂੰਹ ਨੂੰ ਖੂਨ ਲਾ ਕੇ ਸਾਡੇ ਹੱਥ, ਪੈਰ ਤੇ ਸਿਰ ਵੱਢਿਆ। ਹੁਣ ਅਸੀਂ ਲੂਲੇ ਲੰਗੜੇ ਤੇ ਬਗੈਰ ਸਿਰਾਂ ਵਾਲੇ ਹਾਂ । ਇਨ੍ਹਾਂ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਵਾਲੇ ਕੁੱਝ ਕੁ ਸਨ ਤੇ ਹਨ,.ਜਿਹਨਾਂ ਨੇ ਸਾਡੇ ਜੀਵਨ ਵਿੱਚ ਜ਼ਹਿਰ ਘੋਲਿਆ ਸੀ। ਤੁਸੀਂ ਸਭ ਜਾਣਦੇ ਹੋ ਕਿ ਲਾਲਚ ਬੁਰੀ ਬਲਾ ਹੈ।
ਤੁਸੀਂ ਲਾਲਚੀ ਕੁੱਤੇ ਦੀ ਕਹਾਣੀ ਪੜ੍ਹੀ ਹੈ। ਕੁੱਤੇ ਦੇ ਬਹਾਨੇ ਕਿਸੇ ਨੇ ਸਾਨੂੰ ਚਿਤਰਿਆ ਹੈ। ਜੇ ਗਲਤ ਹੈ ਤਾਂ ਦੱਸੋ। ਖੇਤੀਬਾੜੀ ਵਿਗਿਆਨੀਆਂ ਜ਼ਹਿਰ ਬਣਾਉਣ ਵਾਲੀਆਂ ਕੰਪਨੀਆਂ ਦੇ ਲਾਲਚ ਵਸ ਉਹ ਜ਼ਹਿਰੀਲੀਆਂ ਜ਼ਹਿਰਾਂ ਦੀਆਂ ਸਿਫਾਰਸ਼ਾਂ ਕੀਤੀਆਂ ਜੋ ਦੁਨੀਆਂ ਵਿੱਚ ਬੰਦ ਸਨ। ਕਿਸਾਨਾਂ ਨੇ ਵੱਧ ਝਾੜ ਤੇ ਮੁਨਾਫੇ ਦੇ ਚੱਕਰ ਵਿੱਚ ਉਹਨਾਂ ਨੂੰ ਅਪਣਾਇਆ । ਇਕ ਵਾਰ ਗੱਡੀ ਕੀ ਤੋਰੀ ਤੇ ਬੁਲਟ ਰੇਲ ਬਣ ਗਈ। ਜਿਹੜੀ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ। ਅਸੀਂ ਆਪਣੇ ਵਿਰਸੇ ਵੱਲ ਪਿੱਠ ਕੀ ਮੋੜੀ ਸਾਡੇ ਕੋਲ ਸਭ ਕੁੱਝ ਖੁੱਸ ਗਿਆ। ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਭ ਵਿਰਾਸਤੀ ਇਮਾਰਤਾਂ ਤੇ ਯਾਦਗਾਰਾਂ ਤਬਾਹ ਕਰ ਦਿੱਤੀਆਂ ਹਨ।
ਚਿੱਟਾ ਸੰਗਮਰਮਰ ਲਾ ਕੇ ਤਪਸ਼ ਵਧਾ ਦਿੱਤੀ ਹੈ। ਗੁਰਦੁਆਰਾ ਸਾਹਿਬ ਪੱਕੇ ਹੋ ਗਏ ਤੇ ਸਿੱਖ ਕੱਚੇ ਹੋ ਗਏ ਹਨ, ਖੈਰ ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਜੇ ਗਲਤੀਆਂ ਸਾਡੇ ਆਪਣਿਆਂ ਨੇ ਕੀਤੀਆਂ ਤੇ ਸੰਤਾਪ ਵੀ ਅਸੀਂ ਹੀ ਭੋਗਿਆ ਤੇ ਭੋਗ ਰਹੇ ਹਾਂ । ਹੁਣ ਇਹ ਸੰਤਾਪ ਸਾਡੀਆਂ ਅਗਲੀਆਂ ਨਸਲਾਂ ਨਾ ਭੁਗਤਣ ਇਸ ਬਾਰੇ ਸੋਚੀਏ। ਸੋਚਣ ਵਾਲਿਆਂ ਤੇ ਸੋਚਿਆ ਹੋਇਆ ਹੀ ਹੈ ਕਿ ਕੁਦਰਤ ਦੇ ਨਾਲ ਟੱਕਰ ਲੈ ਕੇ ਨਹੀਂ ਸਗੋਂ ਕੁਦਰਤ ਦੇ ਨਾਲ ਰਲ ਕੇ ਹੀ ਬਚਾਓ ਹੋ ਸਕਦਾ ਹੈ। ਅਸੀਂ ਬੀਮਾਰੀ ਤੋਂ ਬਚਣ ਲਈ ਦਵਾਈਆਂ ਵਰਤਦੇ ਹਾਂ। ਹੁਣ ਹੋਰ ਇਸ ਨੌਬਤ ਤੱਕ ਹੋਰ ਜਾਣ ਤੋਂ ਪਹਿਲਾਂ ਜੇ ਅਸੀਂ ਕੁਦਰਤ ਦੀ ਗੋਦ ਵਿੱਚ ਬਹਿ ਜਾਈਏ ਤਾਂ ਕੋਈ ਬਚਾ ਹੈ, ਨਹੀਂ ਸਾਡੀਆਂ ਨਸਲਾਂ ਸਾਨੂੰ ਲਾਹਣਤਾਂ ਪਾਉਣਗੀਆਂ ਜਿਵੇਂ ਆਪਾਂ ਹੁਣ ਮੌਜੂਦਾ ਸਰਕਾਰ ਨੂੰ ਪਾ ਰਹੇ ਹਾਂ ।
ਕੁਦਰਤ ਨਾਲ ਕਿਵੇਂ ਜੁੜਿਆ ਜਾ ਸਕਦਾ ਕਿਸੇ ਨੂੰ ਦੱਸਣ ਤੇ ਸਮਝਾਉਣ ਦੀ ਜਰੂਰਤ ਨਹੀਂ। ਜੇ ਕਿਸੇ ਨੂੰ ਸਮਝਾਉਣ ਦੀ ਜਰੂਰਤ ਹੈ ਤਾਂ ਆਪਣੇ ਆਪ ਨੂੰ ਸਮਝਾਓ। ਆਪਣੇ ਆਪ ਨੂੰ ਪੁੱਛੋ ਕਿ ਕਿਤੇ ਮੈਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦਾ ਕਾਤਲ ਤਾਂ ਨਹੀਂ ? ਜਦੋਂ ਤੁਸੀਂ ਆਪਣੇ ਆਪ ਦੇ ਸਾਹਮਣੇ ਪਾਕਿ ਪਵਿੱਤਰ ਹੋ ਗਏ ਤਾਂ ਆਲਾ ਦੁਆਲਾ ਵੀ ਪਵਿੱਤਰ ਹੋ ਜਾਵੇਗਾ। ਪੈਸੇ ਤੇ ਜਾਇਦਾਦ ਦੀ ਅੰਨ੍ਹੀ ਦੌੜ ਵਿੱਚੋ ਬਾਹਰ ਨਿਕਲੋ । ਕੁਦਰਤ ਤੇ ਆਪਣੇ ਆਪ ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ। ਜ਼ਹਿਰ ਦੀਆਂ ਫਸਲਾਂ ਨਾ ਬੀਜੋ, ਮਲਟੀ ਕੰਪਨੀਆਂ ਦੇ ਲਈ ਨਹੀਂ ਸਗੋਂ ਆਪਣੇ ਤੇ ਆਪਣਿਆਂ ਲਈ ਬੀਜੋ ਤੇ ਲੰਮੀ ਜ਼ਿੰਦਗੀ ਜੀਓ। ਬਹੁਤ ਸਮਾਂ ਗੁਜਰ ਗਿਆ ਹੈ , ਜ਼ਹਿਰ ਖਾਦਿਆਂ ਤੇ ਪੀਦਿਆਂ…ਬਸ ਕਰੋ…ਹੁਣ ਤੇ ਬਸ ਹੋ ਗਈ ਹੈ। ਅਸੀਂ ਤੁਹਾਡੇ ਦਰ ਆਏ ਹਾਂ!ਆਪਣੀਆਂ ਨਸਲਾਂ ਤੇ ਫਸਲਾਂ ਬਚਾ ਲਵੋ। ਜ਼ਹਿਰ ਦੇ ਵਪਾਰੀਆਂ ਨੇ ਮਨੁੱਖਤਾ ਨੂੰ ਤਬਾਹ ਕਰਨ ਲਈ ਸਾਨੂੰ ਦਮੜਿਆਂ ਦੇ ਲਾਲਚ ਵਿੱਚ ਫਸਾ ਕੇ ਸਾਡੇ ਪੌਣ ਤੇ ਪਾਣੀ ਤੇ ਧਰਤੀ ਮਾਂ ਨੂੰ ਪਲੀਤ ਕਰ ਦਿੱਤਾ। ਹੁਣ ਕਿਵੇਂ ਬਚਣਾ ਹੈ ਤੇ ਭਵਿੱਖ ਬਚਾ ਕੇ ਰੱਖਣਾ ਹੈ ? ਇਸ ਬਾਰੇ ਆਪਾਂ ਸਭ ਨੇ ਰਲਮਿਲ ਕੇ ਯਤਨ ਕਰਨਾ ਹੈ।
ਕੁਦਰਤੀ ਖੇਤੀਬਾੜੀ ਕਿਵੇਂ ਕਰਨੀ ਹੈ..? ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਜਾਣਦੇ ਹੀ ਹੋ। ਵਗੈਰ ਜ਼ਹਿਰਾਂ ਦੇ ਕਿਵੇਂ ਫਸਲਾਂ ਬੀਜਣੀਆਂ ਤੇ ਕਿਵੇਂ ਕੁਦਰਤੀ ਖਾਦ ਤਿਆਰ ਕਰਨੀ ਤੇ ਵਰਤਣੀ ਹੈ.ਸਮੇ ਸਮੇ ਤੁਹਾਨੂੰ ਮਾਹਿਰ ਵੀ ਦੱਸਣਗੇ। ਤੁਸੀਂ ਕੁਦਰਤ ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ। ਸਿਹਤਮੰਦ ਪੰਜਾਬ ਦੀ ਉਸਾਰੀ ਲਈ ਤੁਹਾਡਾ ਹਰ ਤਰ੍ਹਾਂ ਦੇ ਸਹਿਯੋਗ ਦੀ ਸਮਾਜ ਨੂੰ ਲੋੜ ਹੈ। ਘਰ ਘਰ ਤੇ ਪਿੰਡ ਪਿੰਡ ਕੁਦਰਤੀ ਖੇਤੀਬਾੜੀ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰੋ। ਨਹੀਂ ਹੁਣ ਜ਼ਹਿਰ ਖਾ ਕੇ ਨਿੱਤ ਮਰਨ ਦਾ ਰਾਹ ਤਾਂ ਸਰਕਾਰਾਂ ਤੇ ਅਸੀਂ ਰਲ ਕੇ ਚੁਣਿਆ ਹੀ ਹੋਇਆ ਹੈ। ਪੰਜਾਬੀਓ ਤੁਸੀਂ ਨਿੱਤ ਜ਼ਹਿਰ ਖਾ ਤੇ ਪੀ ਕੇ ਜੀ ਰਹੇ ਹੋ। ਉਨ੍ਹਾਂ ਨੂੰ ਪਛਾਣੋ ਜੋ ਜ਼ਹਿਰ ਦਾ ਵਪਾਰ ਕਰਦੇ ਹਨ ਤੇ ਝੋਲੀਆਂ ਭਰਦੇ ਹਨ ? ਦਸੋ ਕਦੋਂ ਤੱਕ ਜ਼ਹਿਰ ਬੀਜਦੇ ਤੇ ਖਾਂਦੇ ਰਹੋਗੇ? ਪੰਜਾਬੀਓ ਕਦੋਂ ਤੱਕ ਤੁਸੀਂ ਇਹ ਅੱਖੀਂ ਦੇਖੀ ਮੱਖੀ ਨਿਗਲਦੇ ਰਹੋਗੇ? ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੈ, ਉੱਠੋ ਜਾਗੋ ਤੇ ਇਕੱਠੇ ਹੋਈਏ ਤੇ ਧਾੜਵੀਆਂ ਨੂੰ ਭਜਾਈਏ।