ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ ਵਾਹੁਣ ਜਾਂ ਚਕੋਤੇ ’ਤੇ ਚੁੱਕਣ ਲਈ ਅਤੇ ਉਧਾਰ ਲੈਣ ਦੇਣ ਦੇ ਵਹੀ ਖ਼ਾਤੇ ਲਈ ਸਾਲ ਵਿੱਚ ਲੋਹੜੀ ਅਤੇ ਨਿਮਾਣੀ ਦੋ ਖ਼ਾਸ ਦਿਨ ਮੰਨੇ ਜਾਂਦੇ ਸਨ। ਅਰਥਾਤ ਪਹਿਲਾਂ ਪਹਿਲ ਪਿੰਡ ਦੇ ਲੋਕਾਂ ਦਾ ਆਰਥਿਕ ਵਰ੍ਹਾ ਲੋਹੜੀ ਦੇ ਤਿਉਹਾਰ ਤੋਂ ਹੀ ਆਰੰਭ ਹੁੰਦਾ ਸੀ।

ਨਵੇਂ ਸਾਲ ਦੇ ਸ਼ੁਰੂ ਵਿੱਚ ਆਉਂਦੀ ਲੋਹੜੀ ਆਮ ਤੌਰ ’ਤੇ ਤੇਰ੍ਹਾਂ ਜਨਵਰੀ ਨੂੰ ਮਨਾਈ ਜਾਂਦੀ ਹੈ। ਦੇਸੀ ਮਹੀਨਿਆਂ ਅਨੁਸਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾਉਣ ਦੀ ਰੀਤ ਸਦੀਆਂ ਤੋਂ ਪ੍ਰਚੱਲਿਤ ਹੈ।
ਪੰਜਾਬ ਅਤੇ ਇਸ ਦੇ ਆਲੇ ਦੁਆਲੇ ਦੇ ਰਾਜ ਮੁੱਢ ਤੋਂ ਹੀ ਖੇਤੀ ਪ੍ਰਧਾਨ ਸੂਬੇ ਰਹੇ ਹਨ। ਪੁਰਾਤਨ ਸਮੇਂ ਤੋਂ ਹੀ ਜਦੋਂ ਬਿਜਲੀ ਵੀ ਨਹੀਂ ਆਈ ਸੀ, ਉਦੋਂ ਖੇਤੀਬਾੜੀ ਦੇ ਸਾਧਨ ਇੰਨੇ ਵਿਕਸਤ ਨਹੀਂ ਹੋਏ ਸਨ। ਉਦੋਂ ਬਹੁਤੀਆਂ ਫ਼ਸਲਾਂ ਮੀਂਹ ਦੇ ਪਾਣੀ ’ਤੇ ਹੀ ਨਿਰਭਰ ਕਰਦੀਆਂ ਸਨ। ਉਦੋਂ ਮੋਠ ਅਤੇ ਬਾਜਰੇ ਦੀ ਫ਼ਸਲ ਹੀ ਵਧੇਰੇ ਉਗਾਈ ਜਾਂਦੀ ਸੀ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਵਧੇਰੇ ਸਿੰਚਾਈ ਕਰਨ ਦੀ ਲੋੜ ਨਹੀਂ ਸੀ। ਮੋਠ ਬਾਜਰਾ ਆਮ ਹੋਣ ਕਾਰਨ ਇਨ੍ਹਾਂ ਨੂੰ ਮਿਲਾ ਕੇ ਹਾਰੇ ਵਿੱਚ ਲੋਹੜੀ ਵਾਲੀ ਸ਼ਾਮ ਖਿਚੜੀ ਧਰ ਦਿੱਤੀ ਜਾਂਦੀ ਸੀ। ਉਹ ਹਾਰੇ ਦੀ ਮੱਠੀ-ਮੱਠੀ ਅੱਗ ’ਤੇ ਹੌਲੀ-ਹੌਲੀ ਸਾਰੀ ਰਾਤ ਰਿੱਝਦੀ ਰਹਿੰਦੀ ਸੀ। ਅਗਲੇ ਦਿਨ ਸਵੇਰ ਤੱਕ ਹਾਰੇ ਵਿੱਚ ਪਾਥੀਆਂ ਦੀ ਭੁੱਬਲ ਉੱਤੇ ਖਿਚੜੀ ਨਿੱਘੀ ਰਹਿੰਦੀ ਸੀ। ਇਸ ਲਈ ਕਿਹਾ ਜਾਂਦਾ ਸੀ- ‘ਪੋਹ ਰਿੰਨ੍ਹੀ, ਮਾਘ ਖਾਧੀ।’
ਸਮੇਂ ਦੇ ਬਦਲਣ ਨਾਲ ਪੰਜਾਬ ਵਿੱਚ ਚੌਲਾਂ ਦਾ ਉਤਪਾਦਨ ਵਧੇਰੇ ਹੋਣ ਕਾਰਨ ਚੰਗੇ ਸਰਦੇ ਪੁੱਜਦੇ ਘਰਾਂ ਵੱਲੋਂ ਖਿਚੜੀ ਦੀ ਥਾਂ ਦੁੱਧ ਦੀ ਜਾਂ ਗੰਨੇ ਦੇ ਰਸ ਦੀ ਖੀਰ ਵੀ ਬਣਾਈ ਜਾਣ ਲੱਗ ਪਈ ਹੈ। ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਸ਼ਾਹਕਾਰ ਕ੍ਰਿਤ ‘ਮੇਰਾ ਪਿੰਡ’ ਵਿੱਚ ਲਿਖਿਆ ਹੈ, ‘ਪਹਿਲਾਂ ਲੋਹੜੀ ਵਾਲੀ ਸ਼ਾਮ ਨੂੰ ਪਿੰਡ ਦੇ ਲੋਕ ਦਰਵਾਜ਼ੇ ਮੂਹਰੇ ਖ਼ਾਸ ਤੌਰ ’ਤੇ ਜੁੜਦੇ ਸਨ। ਜਿਸ ਘਰ ਇਸ ਵਰ੍ਹੇ ਮੁੰਡਾ ਜੰਮਿਆ ਹੋਵੇ, ਉਸ ਘਰੋਂ ਗੁੜ ਦੀਆਂ ਭੇਲੀਆਂ ਦਰਵਾਜ਼ੇ ਪੁੱਜਦੀਆਂ ਸਨ। ਜਦੋਂ ਸਾਰੇ ਘਰਾਂ ਤੋਂ ਗੁੜ ਦੀਆਂ ਭੇਲੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਪਿੰਡ ਦੇ ਇੱਕ ਦੋ ਵਰਤਾਵਿਆਂ ਦੀ ਡਿਊਟੀ ਲਾ ਦਿੱਤੀ ਜਾਂਦੀ। ਵਰਤਾਵੇ ਇਨ੍ਹਾਂ ਭੇਲੀਆਂ ਨੂੰ ਗੁੜ-ਭੰਨਣੇ ਨਾਲ ਭੰਨ ਕੇ ਰਲਾ ਲੈਂਦੇ। ਫਿਰ ਸੱਥ ਵਿੱਚ ਬੈਠੇ ਲੋਕਾਂ ਨੂੰ ਇਹ ਪਿੰਡ ਦੀਆਂ ‘ਸਾਂਝੀਆਂ ਵਧਾਈਆਂ ਦਾ ਗੁੜ’ ਵੰਡ ਦਿੰਦੇ ਸਨ।’’
ਲੋਹੜੀ ਦੇ ਤਿਉਹਾਰ ਸਬੰਧੀ ਡਾਕਟਰ ਮਹਿੰਦਰ ਸਿੰਘ ਵਣਜਾਰਾ ਬੇਦੀ ਨੇ ਲਿਖਿਆ ਹੈ, ‘‘ਲੋਹੜੀ, ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵਤਾ ਦੀ ਕੀਤੀ ਜਾਂਦੀ ਪੂਜਾ ਦੀ ਹੀ ਰਹਿੰਦ ਖੂਹੰਦ ਹੈ। ਕੱਤਕ ਦੇ ਮਹੀਨੇ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ। ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਅਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਸ ਪ੍ਰਕਾਰ ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਅਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।’’
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਬਹੁਤ ਹੀ ਖ਼ੁਸ਼ੀਆਂ, ਖੇੜੇ, ਚਾਵਾਂ ਮਲ੍ਹਾਰਾਂ ਅਤੇ ਰੀਝਾਂ ਨਾਲ ਮਨਾਇਆ ਜਾਣ ਵਾਲਾ ਪੰਜਾਬੀਆਂ ਦਾ ਸਰਬ ਸਾਂਝਾ ਤਿਉਹਾਰ ਹੈ। ਲੋਹੜੀ ਦੇ ਤਿਉਹਾਰ ਨਾਲ ਕਈ ਦੰਤ-ਕਥਾਵਾਂ ਵੀ ਜੁੜੀਆਂ ਹੋਈਆਂ ਮਿਲਦੀਆਂ ਹਨ। ਇੱਕ ਕਥਾ ਅਨੁਸਾਰ ਲੋਹੜੀ ਦੇ ਤਿਉਹਾਰ ਦਾ ਸਬੰਧ ਭਗਤੀ ਲਹਿਰ ਦੇ ਮਹਾਨ ਭਗਤ, ਭਗਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਿਆ ਜਾਂਦਾ ਹੈ।
ਕੁਝ ਇੱਕ ਦੀ ਇਹ ਧਾਰਨਾ ਹੈ ਕਿ ‘ਲੋਹੜੀ ਸ਼ਬਦ ਲੋਹ ਤੋਂ ਪਿਆ ਹੈ, ਜਿਸ ਦਾ ਅਰਥ ਹੈ ਰੌਸ਼ਨੀ ਅਤੇ ਸੇਕ।’ ਇੱਕ ਹੋਰ ਕਥਾ ਅਨੁਸਾਰ ਲੋਹੜੀ ਸ਼ਬਦ ਤਿਲੋਹੜੀ ਤਿਲ, ਲੋਅ, ਅੱਗ ਤੋਂ ਬਣਿਆ ਹੈ। ਕਿਉਂਕਿ ਪਹਿਲਾਂ ਤਿਲ ਪੰਜਾਬ ਦੀ ਮੁੱਖ ਫ਼ਸਲ ਸੀ। ਇਸ ਕਰਕੇ ਤਿਲ ਅਤੇ ਗੁੜ ਨੂੰ ਮਿਲਾ ਕੇ ਰਿਓੜੀਆਂ ਅਤੇ ਗੱਚਕ ਬਣਾਈ ਜਾਂਦੀ ਸੀ। ਪਹਿਲਾਂ ਤਾਂ ਜਵਾਰ ਦੇ ਭੂਤ ਪਿੰਨੇ ਵੀ ਬਣਾਏ ਜਾਂਦੇ ਸਨ।
ਲੋਹੜੀ ਦੇ ਤਿਉਹਾਰ ਦਾ ਸਬੰਧ ਪੰਜਾਬ ਦੇ ਲੋਕ ਸਾਹਿਤ ਵਿੱਚ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ‘ਦੁੱਲਾ ਭੱਟੀ’ ਨਾਲ ਵੀ ਜੁੜਿਆ ਹੋਇਆ ਮਿਲਦਾ ਹੈ। ਦੁੱਲਾ ਸਾਂਦਲ ਬਾਰ ਦਾ ਜੰਮਪਲ ਫ਼ਰੀਦ ਖ਼ਾਂ ਦਾ ਪੁੱਤਰ ਅਤੇ ਭੱਟੀ ਰਾਜਪੂਤ ਖ਼ਾਨਦਾਨ ਨਾਲ ਸਬੰਧ ਰੱਖਦਾ ਸੀ। ਉਸ ਦੇ ਪਿਉ-ਦਾਦੇ ਬੜੇ ਬਹਾਦਰ, ਅਣਖੀਲੇ, ਸੂਰਬੀਰ ਯੋਧੇ ਸਨ। ਉਹ ਮੁਗ਼ਲਾਂ ਵੱਲੋਂ ਜਨ-ਸਧਾਰਨ ਉੱਤੇ ਕੀਤੇ ਜ਼ੁਲਮਾਂ ਕਾਰਨ ਉਨ੍ਹਾਂ ਦੀ ਧੌਂਸ ਨਹੀਂ ਸਨ ਮੰਨਦੇ। ਇਸ ਕਰਕੇ ਉਹ ਹਾਕਮਾਂ ਨੂੰ ਮਾਮਲਾ ਵੀ ਨਹੀਂ ਦਿੰਦੇ ਸਨ।
ਪੰਜਾਬੀ ਲੋਕ ਕਥਾ ਅਨੁਸਾਰ ਮੁਗ਼ਲ ਬਾਦਸ਼ਾਹ ਅਕਬਰ ਨੇ ਸ਼ਾਹੀ ਫੌਜਾਂ ਦੇ ਜ਼ੋਰ ਨਾਲ ਦੁੱਲੇ ਭੱਟੀ ਦੇ ਪਿਉ-ਦਾਦੇ ਨੂੰ ਕੈਦ ਕਰਕੇ ਬਾਅਦ ਵਿੱਚ ਲਾਹੌਰ ਵਿੱਚ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਸੀ। ਮੁਗ਼ਲਾਂ ਵੱਲੋਂ ਜਨ-ਸਧਾਰਨ ਵਿੱਚ ਆਪਣੀ ਸ਼ਕਤੀ ਦੀ ਦਹਿਸ਼ਤ ਪਾਉਣ ਲਈ ਉਨ੍ਹਾਂ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ। ਇਸ ਦਾ ਜ਼ਿਕਰ ਇੱਕ ਗੀਤ ਵਿੱਚ ਕੀਤਾ ਗਿਆ ਮਿਲਦਾ ਹੈ;
ਤੇਰਾ ਸਾਂਦਲ ਦਾਦਾ ਮਾਰਿਆ, ਦਿੱਤਾ ਭੋਰੇ ’ਚ ਪਾ
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ, ਭਰੀਆਂ ਨਾਲ ਹਵਾ।
ਦੁੱਲਾ ਭੱਟੀ ਮੁੱਢ ਤੋਂ ਹੀ ਅਣਖ ਵਾਲਾ ਸੂਰਬੀਰ ਯੋਧਾ ਸੀ। ਆਪਣੇ ਪਿਉ-ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਅੱਗ ਉਹਦੇ ਸੀਨੇ ਵਿੱਚ ਸਦਾ ਭੜਕਦੀ ਰਹਿੰਦੀ ਸੀ। ਇੱਕ ਤਾਂ ਉਸ ਨੇ ਮੁਗ਼ਲ ਹਕੂਮਤ ਨੂੰ ਸਰਕਾਰੀ ਮਾਮਲਾ ਦੇਣਾ ਬੰਦ ਕਰ ਦਿੱਤਾ ਸੀ। ਦੂਜਾ ਸ਼ਾਹੀ ਦਰਬਾਰ ਲਈ ਲਿਜਾਏ ਜਾਂਦੇ ਘੋੜਿਆਂ ਅਤੇ ਹੋਰ ਮਹਿੰਗੇ ਤੋਹਫ਼ਿਆਂ ਨੂੰ ਉਹ ਆਪਣੇ ਸਾਥੀਆਂ ਨਾਲ ਰਾਹ ਵਿੱਚ ਹੀ ਲੁੱਟ ਲੈਂਦਾ ਸੀ। ਲੁੱਟਿਆ ਹੋਇਆ ਧਨ ਦੌਲਤ ਉਹ ਲੋੜਵੰਦਾਂ, ਗ਼ਰੀਬਾਂ, ਮਸਕੀਨਾਂ, ਕੰਮੀਆਂ, ਕਿਰਤੀਆਂ ਵਿੱਚ ਵੰਡ ਦਿੰਦਾ ਸੀ। ਇਸ ਪ੍ਰਕਾਰ ਸ਼ਾਹੀ ਫੌਜਾਂ ਦਾ ਬਾਗ਼ੀ ਜਨ-ਸਧਾਰਨ ਲਈ ‘ਲੋਕ ਨਾਇਕ’ ਬਣ ਗਿਆ। ਗੀਤਕਾਰ ਹਰਦੇਵ ਦਿਲਗੀਰ (ਥਰੀਕੇ ਵਾਲੇ) ਨੇ ਇੱਕ ਗੀਤ ਵਿੱਚ ਦੁੱਲ੍ਹੇ ਭੱਟੀ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਹੈ;
ਲਵੇ ਬਦਲਾ ਦਾਦੇ ਬਾਪ ਦਾ, ਦੁੱਲਾ ਭੱਟੀਆਂ ਦਾ ਸਰਦਾਰ ਨੀਂ।
ਗੱਲਾਂ ਕਰੂ ਥਰੀਕੇ ਵਾਲੜਾ, ਕਿਤੇ ਹੋ ਗੇ ਜੇ ਹੱਥ ਚਾਰ ਨੀਂ।
ਦੁੱਲਾ ਭੱਟੀ ਦੇ ਜੀਵਨ ਨਾਲ ਸਬੰਧਿਤ ਪਰਉਪਕਾਰ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਪੰਜਾਬੀ ਲੋਕ ਸਾਹਿਤ ਵਿੱਚ ਕੀਤਾ ਗਿਆ ਮਿਲਦਾ ਹੈ। ਇੱਕ ਕਥਾ ਅਨੁਸਾਰ ਇੱਕ ਗ਼ਰੀਬ ਪੰਡਿਤ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਧੀਆਂ ਸਨ। ਧੀਆਂ ਦੇ ਜੁਆਨ ਹੋਣ ’ਤੇ ਪਿਤਾ ਨੇ ਇੱਕੋ ਘਰ ਦੇ ਦੋ ਜੁਆਨ ਮੁੰਡੇ ਵੇਖ ਕੇ ਉਨ੍ਹਾਂ ਨਾਲ ਰਿਸ਼ਤਾ ਤੈਅ ਕਰ ਦਿੱਤਾ। ਜਦੋਂ ਮੁਗ਼ਲ ਸਰਦਾਰ ਨੂੰ ਪੰਡਿਤ ਦੀਆਂ ਸੋਹਣੀਆਂ ਧੀਆਂ ਦੀ ਭਿਣਕ ਪਈ ਤਾਂ ਉਸ ਨੇ ਦੋਵੇਂ ਕੁੜੀਆਂ ਨੂੰ ਉਧਾਲ ਕੇ ਲਿਜਾਣ ਦੀ ਯੋਜਨਾ ਬਣਾ ਲਈ। ਉਧਾਲੇ ਦੀ ਭਿਣਕ ਕਿਸੇ ਤਰ੍ਹਾਂ ਕੁੜੀਆਂ ਦੇ ਪਿਉ ਨੂੰ ਵੀ ਲੱਗ ਗਈ। ਉਸ ਨੇ ਕੁੜੀ ਦੇ ਸਹੁਰਿਆਂ ਦੇ ਘਰ ਸੁਨੇਹਾ ਘੱਲ ਦਿੱਤਾ ਕਿ ਅੱਜ ਰਾਤ ਨੂੰ ਦੋਵੇਂ ਕੁੜੀਆਂ ਨੂੰ ਵਿਆਹ ਕੇ ਲੈ ਜਾਵੋ। ਪੰਡਿਤ ਬਹੁਤ ਜ਼ਿਆਦਾ ਗ਼ਰੀਬ ਸੀ। ਇਸ ਲਈ ਉਹ ਮਦਦ ਮੰਗਣ ਲਈ ਪਿੰਡ ਦੇ ਨੇੜਲੇ ਜੰਗਲ ਵਿੱਚ ਚਲਾ ਗਿਆ, ਜਿੱਥੇ ਦੁੱਲਾ ਭੱਟੀ ਆਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਪੰਡਿਤ ਦੀ ਸਾਰੀ ਗੱਲ ਸੁਣ ਕੇ ਦੁੱਲੇ ਭੱਟੀ ਨੇ ਉਸ ਨੂੰ ਆਖਿਆ- ‘‘ਪੰਡਿਤ ਜੀ, ਤੁਸੀਂ ਕੋਈ ਫ਼ਿਕਰ ਨਾ ਕਰੋ। ਉਹ ਹੁਣ ਮੇਰੀਆਂ ਧੀਆਂ ਹਨ। ਮੈਂ ਆਪਣੇ ਹੱਥੀਂ ਆਪਣੀਆਂ ਧੀਆਂ ਨੂੰ ਵਿਆਹ ਕੇ ਵਿਦਾ ਕਰਾਂਗਾ।’’
ਇਸ ਉਪਰੰਤ ਦੁੱਲੇ ਭੱਟੀ ਨੇ ਉਸ ਪੰਡਿਤ ਦੇ ਘਰ ਪੁੱਜ ਕੇ ਸੁੰਦਰੀ ਅਤੇ ਮੁੰਦਰੀ ਦੋਵਾਂ ਕੁੜੀਆਂ ਦੇ ਵਿਆਹ ਆਪਣੇ ਹੱਥੀਂ ਕੀਤੇ। ਕੁੜੀਆਂ ਦੀ ਝੋਲ਼ੀ ਵਿੱਚ ਸ਼ੱਕਰ ਪਾ ਕੇ ਉਨ੍ਹਾਂ ਨੂੰ ਵਿਦਾ ਕੀਤਾ। ਇਸ ਘਟਨਾ ਨਾਲ ਦੁੱਲਾ ਭੱਟੀ ਸਾਰੇ ਪੰਜਾਬੀਆਂ ਵਿੱਚ ਇੰਨਾ ਜ਼ਿਆਦਾ ਹਰਮਨਪਿਆਰਾ ਹੋ ਗਿਆ ਕਿ ਲੋਕਾਂ ਨੇ ਉਹਦੇ ਨਾਂ ਨਾਲ ਜੋੜ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ;
ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦੇ ਬੋਝੇ ਪਾਈ, ਹੋ!
ਕੁੜੀ ਦਾ ਲਾਲ ਪਟਾਕਾ, ਹੋ!
ਇਹ ਵੀ ਇੱਕ ਰਵਾਇਤ ਚੱਲਦੀ ਆ ਰਹੀ ਹੈ ਕਿ ਸ਼ਗਨਾਂ ਵਜੋਂ ਲੋਹੜੀ ਦੇ ਤਿਉਹਾਰ ਉੱਤੇ ਗੰਨਾ ਪੱਟ ਕੇ ਚੂਪਿਆ ਜਾਂਦਾ ਸੀ। ਇਹ ਮੰਨਿਆਂ ਜਾਂਦਾ ਸੀ ਕਿ ਲੋਹੜੀ ਦੇ ਤਿਉਹਾਰ ਤੱਕ ਗੰਨੇ ਵਿੱਚ ਪੂਰਾ ਰਸ ਭਰ ਜਾਂਦਾ ਹੈ। ਪਹਿਲਾਂ ਪਹਿਲ ਮੂਲੀ ਵੀ ਲੋਹੜੀ ਵਾਲੇ ਦਿਨ ਪੱਟ ਕੇ ਅਗਲੇ ਦਿਨ ਖਾਧੀ ਜਾਂਦੀ ਸੀ, ਪ੍ਰੰਤੂ ਖੇਤੀਬਾੜੀ ਦੇ ਧੰਦੇ ਵਿੱਚ ਇਨਕਲਾਬੀ ਤਬਦੀਲੀ ਆਉਣ ਕਾਰਨ ਫ਼ਸਲਾਂ ਹੁਣ ਅਗੇਤੀਆਂ ਹੋ ਗਈਆਂ ਹਨ। ਇਸ ਕਰਕੇ ਮੂਲੀ ਤਾਂ ਸਤੰਬਰ ਮਹੀਨੇ ਤੋਂ ਹੀ ਖਾਧੀ ਜਾਣੀ ਆਰੰਭ ਹੋ ਜਾਂਦੀ ਹੈ। ਪਹਿਲਾਂ ਲੋਹੜੀ ਦੀ ਅੱਗ ਦੇ ਉੱਤੋਂ ਦੀ ਮੂਲੀਆਂ ਚੁਹਾ ਕੇ ਅਗਲੇ ਮਾਘੀ ਵਾਲੇ ਦਿਨ ਖਾਧੀਆਂ ਜਾਂਦੀਆਂ ਸਨ।
ਪਹਿਲਾਂ ਪਿੰਡਾਂ ਦੇ ਦਰਵਾਜ਼ਿਆਂ ਮੂਹਰੇ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਲੋਹੜੀ ਵਾਲੇ ਦਿਨ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਕੇ ਧੂਣੀਆਂ ਲਾਈਆਂ ਜਾਂਦੀਆਂ ਸਨ। ਜਿਨ੍ਹਾਂ ਉੱਤੇ ਅੱਧੀ ਅੱਧੀ ਰਾਤ ਤੱਕ ਕੁੜੀਆਂ-ਮੁੰਡੇ ਧਮਾਲਾਂ ਪਾ ਪਾ ਨੱਚਦੇ, ਟੱਪਦੇ ਅਤੇ ਗਾਉਂਦੇ ਰਹਿੰਦੇ ਸਨ। ਲੋਹੜੀ ਦੇ ਤਿਉਹਾਰ ਤੋਂ ਲਗਪਗ ਇੱਕ ਹਫ਼ਤਾ ਪਹਿਲਾਂ ਛੋਟੇ-ਛੋਟੇ ਮੁੰਡੇ-ਕੁੜੀਆਂ ਟੋਲੀਆਂ ਬਣਾ ਕੇ, ਜਿਸ ਜਿਸ ਘਰ ਇਸ ਸਾਲ ਮੁੰਡਾ ਹੋਇਆ ਹੁੰਦਾ ਹੈ, ਗੁੜ, ਤਿਲ ਅਤੇ ਖਾਣ ਵਾਲੀਆਂ ਹੋਰ ਵਸਤਾਂ ਮੰਗਣ ਜਾਂਦੇ ਸਨ। ਬਾਲਾਂ ਦੀਆਂ ਟੋਲੀਆਂ ਨਿੱਕੀਆਂ-ਨਿੱਕੀਆਂ ਤੋਤਲੀਆਂ ਜ਼ੁਬਾਨਾਂ ਨਾਲ ਗੁੜ ਮੰਗਦੀਆਂ ਮਨ ਮੋਹ ਲੈਂਦੀਆਂ। ਬਾਲਾਂ ਦੀਆਂ ਇਨ੍ਹਾਂ ਟੋਲੀਆਂ ਨੇ ਗੁੜ ਦੇ ਨਾਲ-ਨਾਲ ਧੂਣੀ ਬਾਲਣ ਲਈ ਪਾਥੀਆਂ ਅਤੇ ਲੱਕੜਾਂ ਵੀ ਤਾਂ ਇਕੱਠੀਆਂ ਕਰਨੀਆਂ ਹੁੰਦੀਆਂ ਸਨ। ਇਸ ਲਈ ਤੁਰੇ ਜਾਂਦਿਆਂ ਹਰੇਕ ਘਰ ਦੇ ਦਰਵਾਜ਼ੇ ਅੱਗੇ ਇਹ ਧਾਰਨਾ ਵੀ ਲਾਈ ਜਾਂਦੀ ਸੀ;
ਕੁੱਪੀਏ ਨੀਂ ਕੁੱਪੀਏ, ਅਸਮਾਨ ਤੇ ਲੁੱਟੀਏ। ਅਸਮਾਨ ਪੁਰਾਣਾ, ਛਿੱਕ ਬੰਨ੍ਹ ਤਾਣਾ।
ਲੰਗਰੀ ’ਚ ਦਾਲ਼, ਮਾਰ ਮੱਥੇ ਨਾਲ। ਮੱਥਾ ਤੇਰਾ ਵੱਡਾ, ਲਿਆ ਲੱਕੜੀਆਂ ਦਾ ਗੱਡਾ।
ਇਸ ਤਰ੍ਹਾਂ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਦਿਆਂ ਨੂੰ ਦੂਜਾ ਵਧਾਈ ਵਾਲਾ ਘਰ ਆ ਜਾਂਦਾ। ਫਿਰ ਨਵੇਂ ਗੀਤ ਦੀ ਤੰਦ ਛੋਹ ਲਈ ਜਾਂਦੀ;
ਚੱਲ ਓਏ ਮਿੱਤੂ ਗਾਹੇ ਨੂੰ, ਬਾਬੇ ਵਾਲੇ ਰਾਹੇ ਨੂੰ।
ਜਿੱਥੇ ਬਾਬਾ ਮਾਰਿਆ, ਦਿੱਲੀ ਕੋਟ ਸਵਾਰਿਆ।
ਦਿੱਲੀ ਕੋਟ ਦੀਆਂ ਰੋਟੀਆਂ, ਜਿਊਣ ਸਾਧੂ ਦੀਆਂ ਝੋਟੀਆਂ।
ਝੋਟੀਆਂ ਗਲ਼ ਪੰਜਾਲੀ, ਜਿਊਣ ਸਾਧੂ ਦੇ ਹਾਲੀ।
ਹਾਲੀਆਂ ਪੈਰੀਂ ਜੁੱਤੀ, ਜੀਵੇ ਸਾਧੂ ਦੀ ਕੁੱਤੀ।
ਕੁੱਤੀ ਦੇ ਗਲ਼ ’ਤੇ ਫੋੜਾ, ਜੀਵੇ ਸਾਧੂ ਦਾ ਘੋੜਾ।
ਘੋੜੇ ਉੱਤੇ ਕਾਠੀ, ਜੀਵੇ ਸਾਧੂ ਦਾ ਹਾਥੀ।
ਹਾਥੀ ਉੱਤੇ ਛਾਪੇ, ਜਿਊਣ ਸਾਧੂ ਦੇ ਮਾਪੇ।
ਲੋਹੜੀ ਬਈ ਲੋਹੜੀ, ਦਿਓ ਗੁੜ ਦੀ ਰੋੜੀ।
ਇਹੋ ਜਿਹੀਆਂ ਪਿਆਰੀਆਂ ਅਤੇ ਤੋਤਲੀਆਂ ਆਵਾਜ਼ਾਂ ਵਿੱਚ ਗਾਏ ਗੀਤ ਸੁਣ ਕੇ ਹਰ ਇੱਕ ਦੀ ਰੂਹ ਨਸ਼ਿਆ ਜਾਂਦੀ। ਲੋਕਾਂ ਦੇ ਘਰਾਂ ਅੱਗੇ ਭੀੜ ਜਮ੍ਹਾਂ ਹੋ ਜਾਂਦੀ। ਕਈ ਘਰਾਂ ਵਾਲੇ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝੇ ਹੋਏ ਹੋਣ ਕਾਰਨ ਲੋਹੜੀ ਵਾਲੀ ਟੋਲੀ ਨੂੰ ਗੁੜ, ਸ਼ੱਕਰ, ਤਿਲ ਆਦਿ ਦੇਣ ਵਿੱਚ ਦੇਰੀ ਕਰ ਦਿੰਦੇ। ਇਸ ਪ੍ਰਕਾਰ ਇਨ੍ਹਾਂ ਨੰਨ੍ਹੇ ਮੁੰਨ੍ਹੇ ਬਾਲ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਵਿੱਚ ਅੱਗੇ ਛੇਤੀ ਟੋਰਨ ਦੀ ਰਮਜ਼ ਵੀ ਸੁੱਟ ਦਿੱਤੀ ਜਾਂਦੀ ਸੀ;
ਰੱਤੇ ਚੀਰੇ ਵਾਲੀ!
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।
ਦੇ ਗੋਹਾ, ਖਾਹ ਖੋਆ, ਸੁੱਟ ਲੱਕੜ, ਖਾਹ ਸ਼ੱਕਰ।
ਲੋਹੜੀ ਬਈ ਲੋਹੜੀ, ਕਾਕਾ ਚੜ੍ਹਿਆ ਘੋੜੀ।
ਜਦੋਂ ਪਾਥੀਆਂ ਅਤੇ ਲੱਕੜਾਂ ਇੱਕ ਥਾਂ ਇਕੱਠੀਆਂ ਕਰ ਲਈਆਂ ਜਾਂਦੀਆਂ, ਤਦ ਲੋਹੜੀ ਦਾ ਆਰੰਭ ਕੀਤਾ ਜਾਂਦਾ। ਪਾਥੀਆਂ ਅਤੇ ਲੱਕੜਾਂ ਦੇ ਢੇਰ ਨੂੰ ਇੱਕ ਸਥਾਨ ’ਤੇ ਇਕੱਠਾ ਕਰਕੇ ਧੂਣੀ ਬਾਲੀ ਜਾਂਦੀ ਹੈ। ਬਲਦੀ ਅੱਗ ਵਿੱਚ ਤਿਲ ਪਾ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਪ੍ਰਕਾਰ ਇੱਕ ਤਰ੍ਹਾਂ ਨਾਲ ਅੱਗ ਦੀ ਪੂਜਾ ਕੀਤੀ ਜਾਂਦੀ ਹੈ। ਜਦੋਂ ਤੋਂ ਮਨੁੱਖ ਨੇ ਅੱਗ ਦੀ ਕਾਢ ਕੱਢੀ ਹੈ, ਉਦੋਂ ਤੋਂ ਹੀ ਉਸ ਦੇ ਮਨ ਵਿੱਚ ਅਗਨੀ ਦੀ ਪੂਜਾ ਕਰਨ ਦਾ ਸੰਕਲਪ ਬੈਠਿਆ ਹੋਇਆ ਹੈ। ਹਵਨ ਕਰਨ ਦੀ ਰਸਮ ਵੀ ਸਿੱਧੇ ਤੌਰ ’ਤੇ ਅਗਨੀ ਨਾਲ ਸਬੰਧਿਤ ਹੈ। ਅਸੀਂ ਬਲਦੀ ਧੂਣੀ ਵਿੱਚ ਤਿਲ ਪਾ ਕੇ ਮੱਥਾ ਟੇਕਦੇ ਹਾਂ। ਮੂੰਹੋਂ ਬੋਲਦੇ ਹਾਂ;
ਈਸ਼ਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਜਦੋਂ ਕਿਸੇ ਔਰਤ ਦਾ ਨਵਾਂ ਵਿਆਹ ਹੋਇਆ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਈ ਜਾਂਦੀ ਸੀ। ਅਰਥਾਤ ਉਹ ਧੂਣੀ ਨੂੰ ਬਾਲਦੀ ਸੀ। ਤਦ ਇਹ ਗੀਤ ਗਾਇਆ ਜਾਂਦਾ ਸੀ;
ਕੀਹਨੇ ਨੀਂ ਲੋਹੜੀ ਉੱਖਣੀ, ਕੀਹਦੀ ਬੰਨੋਂ ਨੇ ਭਰਿਆ ਥਾਲ ਵੇ,
ਚੰਬੇ ਦਾ ਡਾਲ ਤੂੰ ਮੱਚ ਧਰਮੀਂ ਲੋਹੜੀਏ।
ਹਰਜੋਤ ਲੋਹੜੀ ਉੱਖਣੀ, ਉਹਦੀ ਬੰਨੋਂ ਨੇ ਭਰਿਆ ਥਾਲ, ਚੰਬੇ ਦਾ ਡਾਲ ਤੂੰ ਮੱਚ ਧਰਮੀਂ ਲੋਹੜੀਏ!
ਨਵੀਂ ਵਿਆਹੁਲੀ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਉਣ ਦਾ ਇੱਕੋ-ਇੱਕ ਉਦੇਸ਼ ਇਹ ਹੁੰਦਾ ਸੀ ਕਿ ਅਗਲੀ ਲੋਹੜੀ ਤੋਂ ਪਹਿਲਾਂ-ਪਹਿਲਾਂ ਉਹ ਪੁੱਤਰ ਨੂੰ ਜਨਮ ਦੇਵੇਗੀ। ਉਦੋਂ ਖੇਤੀਬਾੜੀ ਹੀ ਮੁੱਖ ਧੰਦਾ ਹੋਣ ਕਾਰਨ ਪੁੱਤਰਾਂ ਨੂੰ ਧੀਆਂ ਨਾਲੋਂ ਕਿਤੇ ਵੱਧ ਤਰਜੀਹ ਦਿੱਤੀ ਜਾਂਦੀ ਸੀ। ਲੋਹੜੀ ਤੋਂ ਅਗਲੇ ਦਿਨ ਮੂੰਹ ਹਨੇਰੇ ਜਦੋਂ ਲੋਹੜੀ ਨੂੰ ਇਕੱਠਾ ਕੀਤਾ ਜਾਂਦਾ ਸੀ, ਅਰਥਾਤ ਧੂਣੀ ਦੀ ਸੁਆਹ ਨੂੰ ਇਕੱਠਾ ਕਰਨਾ ਹੁੰਦਾ ਸੀ ਤਾਂ ਆਮ ਤੌਰ ’ਤੇ ਉਹ ਵਿਆਹੁਤਾ ਔਰਤ ਇਹ ਜ਼ਿੰਮੇਵਾਰੀ ਨਿਭਾਉਂਦੀ ਸੀ, ਜਿਸ ਦੇ ਵਿਆਹ ਨੂੰ ਕਾਫ਼ੀ ਸਾਲ ਹੋ ਚੁੱਕੇ ਹੋਣ ਦੇ ਬਾਵਜੂਦ ਉਹ ਬੇਔਲਾਦ ਹੁੰਦੀ ਸੀ। ਉਸ ਸਮੇਂ ਹੇਠ ਲਿਖਿਆ ਗੀਤ ਛੋਹ ਲਿਆ ਜਾਂਦਾ ਸੀ;
ਸੁਖਦੀਪ ਕੁੜੀਏ!
ਤੂੰ ਕਿਉਂ ਹੋਈਓਂ ਦਿਲਗੀਰ। ਬੱਚਾ ਦੇਊ ਜੋਗੀਪੀਰ।
ਤੇਰੀ ਜੱਗ ਵਿੱਚ ਰਲ਼ ਜੂ ਸੀਰ। ਲੋਹੜੀ ਥਾਪ ਦਿਓ ਨੀਂ।
ਵੱਢੋ ਜੰਡ ਤੇ ਕਰੀਰ। ਲੋਹੜੀ ਥਾਪ ਦਿਓ ਨੀਂ।
ਅਸੀਂ ਜਾਣਦੇ ਹਾਂ ਕਿ ਜੰਡ ਅਤੇ ਕਰੀਰ ਉਜਾੜ, ਰੋਹੀ ਬੀਆਬਾਨ ਵਿੱਚ ਹੁੰਦੇ ਹਨ। ਹਰੀਆਂ ਭਰੀਆਂ ਫ਼ਸਲਾਂ ਉਪਜਾਊ ਅਤੇ ਪੱਧਰੀ ਧਰਤੀ ਉੱਤੇ ਉਗਾਈਆਂ ਜਾਂਦੀਆਂ ਹਨ। ਇਸ ਪ੍ਰਕਾਰ ਅਸੀਂ ਜੰਡ ਅਤੇ ਕਰੀਰ ਨੂੰ ਵੱਢਣਾ ਚਾਹੁੰਦੇ ਹਾਂ ਤਾਂ ਜੋ ਹਰੀਆਂ ਭਰੀਆਂ ਫ਼ਸਲਾਂ ਦੀ ਕਾਸ਼ਤ ਵਿੱਚ ਵਾਧਾ ਹੋਵੇ।
ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਵਿਸ਼ੇਸ਼ ਤੌਰ ’ਤੇ ਪੁੱਤਰ ਦੀ ਆਮਦ ਉੱਤੇ ਜਾਂ ਨਵਾਂ ਵਿਆਹ ਹੋਣ ਦੀ ਖ਼ੁਸ਼ੀ ਵਿੱਚ ਹੀ ਵਧੇਰੇ ਚਾਹ, ਉਤਸ਼ਾਹ ਅਤੇ ਉਮਾਹ ਸਹਿਤ ਮਨਾਇਆ ਜਾਂਦਾ ਸੀ। ਜਿਉਂ-ਜਿਉਂ ਸਾਡੀ ਜੀਵਨ ਜਾਚ ਵਿੱਚ ਤਬਦੀਲੀ ਆਈ ਹੈ। ਲੋਕਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਬਦਲੇ ਹਨ। ਹੁਣ ਸਮੇਂ ਦੇ ਬਦਲਣ ਨਾਲ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਪੜ੍ਹਾਈ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਹੁਣ ਜਦੋਂ ਕੁੜੀਆਂ ਦੀ ਪੜ੍ਹਾਈ ਨੂੰ ਬਰਾਬਰ ਅਹਿਮੀਅਤ ਦਿੱਤੀ ਜਾਣ ਲੱਗੀ ਹੈ ਤਾਂ ਕੁਦਰਤੀ ਤੌਰ ’ਤੇ ਉਹ ਸਮਾਜ ਦੇ ਵੱਖ-ਵੱਖ ਕੰਮਾਂ ਵਿੱਚ ਮੁੰਡਿਆਂ ਦੇ ਬਰਾਬਰ ਆ ਖੜ੍ਹੀਆਂ ਹਨ। ਉਹ ਹੁਣ ਸਮਾਜ ਦੇ ਹਰੇਕ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਰਨ ਲੱਗ ਪਈਆਂ ਹਨ। ਮੈਰਿਟ ਸੂਚੀ ਵਿੱਚ ਤਾਂ ਉਹ ਮੁੰਡਿਆਂ ਨਾਲੋਂ ਵੀ ਕਿਤੇ ਅੱਗੇ ਲੰਘ ਚੁੱਕੀਆਂ ਹਨ। ਇੱਥੇ ਸ਼ਾਇਰ ਸੁਰਿੰਦਰ ਭੂਪਾਲ ਦੇ ਲਿਖੇ ਗੀਤ ਦੀਆਂ ਕੁਝ ਸਤਰਾਂ ਬਹੁਤ ਢੁੱਕਵੀਆਂ ਲੱਗਦੀਆਂ ਹਨ;
ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ ਕਸਮਾਂ ਖਾਈਏ।
ਇੱਕ ਸਹੁੰ ਮੇਰੀ ਅੰਮੜੀ ਖਾਵੇ, ਆਪਣੀ ਕੁੱਖੋਂ ਧੀ ਬਚਾਵੇ
ਸੱਧਰਾਂ ਨੂੰ ਨਾ ਲਾਂਬੂ ਲਾਵੇ, ਕਿਉਂ ਧੀਆਂ ਦੀ ਬਲੀ ਚੜ੍ਹਾਈਏ?
ਆਉ ਧੀਆਂ ਦੀ ਲੋਹੜੀ ਪਾਈਏ।
ਇੱਕ ਸਹੁੰ ਮੇਰਾ ਬਾਬਲ ਖਾਵੇ, ਵਾਰੇ ਵਾਰੇ ਧੀ ਤੋਂ ਜਾਵੇ
ਪੁੱਤਾਂ ਵਾਂਗੂੰ ਧੀ ਪੜ੍ਹਾਵੇ। ਧੀ ਹੋਣ ਦਾ ਮਾਣ ਵਧਾਈਏ।
ਆਉ ਧੀਆਂ ਦੀ ਲੋਹੜੀ ਪਾਈਏ।
ਹੁਣ ਇਸ ਬਦਲਦੇ ਮਾਹੌਲ ਵਿੱਚ ਧੀਆਂ ਦੀ ਲੋਹੜੀ ਵੀ ਓਨੇ ਹੀ ਉਤਸ਼ਾਹ ਨਾਲ ਮਨਾਈ ਜਾਣੀ ਆਰੰਭ ਹੋਈ ਹੈ, ਜਿੰਨੀ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ। ਚੰਗੇ ਸਮਾਜ ਦੀ ਉਸਾਰੀ ਲਈ ਇਸ ਤਬਦੀਲੀ ਨੂੰ ਸ਼ੁਭ ਸ਼ਗਨ ਹੀ ਕਹਿਣਾ ਬਣਦਾ ਹੈ। ਇਸ ਪ੍ਰਕਾਰ ਬਦਲਦੇ ਸਮੇਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਵਿੱਚ ਵੀ ਤਬਦੀਲੀ ਆਉਣ ਨਾਲ ਇਸ ਤਿਉਹਾਰ ਦੀ ਸਾਰਥਿਕਤਾ ਬਣੀ ਹੋਈ ਹੈ। ਜੇਕਰ ਸਾਡੇ ਤਿਉਹਾਰ ਪੁਰਾਤਨਤਾ ਨਾਲ ਹੀ ਜੁੜੇ ਰਹਿਣਗੇ ਤਾਂ ਇਨ੍ਹਾਂ ਵਿੱਚੋਂ ਰਸ, ਖਿੱਚ, ਰੌਚਕਤਾ, ਆਕਰਸ਼ਣ ਹੌਲੀ-ਹੌਲੀ ਘਟਦਾ ਜਾਵੇਗਾ। ਅੰਤ ਵਿੱਚ ਬਿਲਕੁਲ ਖ਼ਤਮ ਹੋ ਜਾਵੇਗਾ।
ਜਿੱਥੇ ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਮੁੰਡੇ ਦੇ ਜਨਮ ਨਾਲ ਹੀ ਜੋੜਿਆ ਜਾਂਦਾ ਸੀ। ਉੱਥੇ ਹੁਣ ਇਹ ਤਿਉਹਾਰ ਬੱਚੇ ਦੇ ਜਨਮ ਨਾਲ ਜੋੜਿਆ ਜਾਣ ਲੱਗਾ ਹੈ। ਇਸੇ ਲਈ ਕਿਹਾ ਜਾਂਦਾ ਹੈ;
ਨਾ ਪੁੱਤ ਦੀ, ਨਾ ਧੀ ਦੀ। ਲੋਹੜੀ ਹਰ ਨਵੇਂ ਜੀਅ ਦੀ।
ਹੁਣ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚੱਲਿਤ ਹੋ ਰਹੇ ਰਿਵਾਜ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਲਈ ਸਾਡੇ ਮਨਾਂ ਵਿਚਲੀ ਸੋਚ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ। ਕੇਵਲ ਲੋਹੜੀ ਮਨਾ ਲੈਣ ਨਾਲ ਸਾਡੀਆਂ ਧੀਆਂ ਭੈਣਾਂ ਦਾ ਕੁਝ ਸੰਵਰਨ ਵਾਲਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਦੀਆਂ ਪੁਰਾਣੀ ਮਰਦ ਪ੍ਰਧਾਨ ਸਮਾਜ ਵਾਲੀ ਹਉਮੈ ਦਾ ਤਿਆਗ ਕਰਕੇ ਧੀਆਂ ਨੂੰ ਧੁਰ ਅੰਦਰੋਂ ਪੁੱਤਾਂ ਬਰਾਬਰ ਸਮਾਨਤਾ ਦਾ ਦਰਜਾ ਦੇਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਆਪਣੀਆਂ ਧੀਆਂ, ਭੈਣਾਂ, ਮਾਵਾਂ, ਨਾਰਾਂ ਲਈ ਸਮਾਜ ਵਿੱਚ ਸੁਰੱਖਿਅਤ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਉਹ ਰਾਤ-ਬਰਾਤੇ ਇਕੱਲੀਆਂ ਵਿਚਰਦੀਆਂ ਹੋਈਆਂ ਆਪਣੇ ਆਪ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਹਿਸੂਸ ਕਰਨ।
ਸੱਚ ਤਾਂ ਇਹ ਹੈ ਕਿ ਲੋਹੜੀ ਚਾਵਾਂ, ਮਲ੍ਹਾਰਾਂ, ਰੀਝਾਂ, ਖ਼ੁਸ਼ੀਆਂ, ਖੇੜੇ ਦਾ ਤਿਉਹਾਰ ਹੈ। ਅੱਜ ਲੋੜ ਹੈ ਕਿ ਇਸ ਤਿਉਹਾਰ ਨੂੰ ਅਸੀਂ ਲਿੰਗ ਵਿਤਕਰੇ ਨਾਲ ਨਾ ਜੋੜੀਏ, ਕਿਉਂਕਿ ਲਿੰਗ ਵਿਤਕਰੇ ਦੇ ਭਿੰਨ-ਭੇਦ ਕਾਰਨ ਸਾਡੇ ਤਿਉਹਾਰ ਨਹੀਂ ਚੱਲਣੇ। ਸਾਡੀ ਜੀਵਨ-ਜਾਚ ਦਾ ਹਿੱਸਾ ਸਾਂਝ ਵਾਲਾ ਹੋਵੇ। ਅਗਾਂਹ ਵਧੂ ਸੋਚ ਵਾਲਾ ਸਮਾਜ ਹੋਵੇ। ਅਸੀਂ ਮੁੰਡੇ ਦੇ ਜਨਮ ਨੂੰ ਵੀ ਲੋਹੜੀ ਦੀਆਂ ਖ਼ੁਸ਼ੀਆਂ ਨਾਲ ਮਨਾਈਏ। ਕੁੜੀ ਦੇ ਜਨਮ ਨੂੰ ਵੀ ਓਨੀਆਂ ਹੀ ਖ਼ੁਸ਼ੀਆਂ ਨਾਲ ਮਨਾਈਏ।
ਸੰਪਰਕ: 84276-85020
ਪੰਜਾਬੀ ਟ੍ਰਿਬਯੂਨ