ਸੁਖਪਾਲ ਸਿੰਘ ਬਰਨ
ਕਿਸੇ ਸਮੇਂ ਪਿੰਡਾਂ ਨੂੰ ਸਵਰਗ ਦੀ ਨਿਆਈ ਸਮਝਿਆ ਜਾਂਦਾ ਸੀ। ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਜ਼ਿੰਦਗੀ ਬੜੀ ਸ਼ਾਂਤ ਸਹਿਜ ਤੇ ਸਬਰ ਸੰਤੋਖ ਵਾਲੀ ਹੁੰਦੀ ਸੀ। ਪਿੰਡ ਦੇ ਲੋਕਾਂ ਵਿੱਚ ਮੋਹ, ਪਿਆਰ, ਅਪਣੱਤ ਅਤੇ ਦੁੱਖ ਸੁੱਖ ਦੀ ਸਾਂਝ ਉਨ੍ਹਾਂ ਦੇ ਜੀਵਨ ਵਿੱਚੋਂ ਝਲਕਦੀ ਸੀ। ਇਹ ਸਾਂਝ ਹੀ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਰੋਈ ਰੱਖਦੀ। ਭਾਵੇਂ ਲੋਕ ਬਹੁਤ ਸਾਰੀਆਂ ਥੁੜ੍ਹਾਂ ਨਾਲ ਜੂਝਦੇ ਸਨ, ਪ੍ਰੰਤੂ ਫਿਰ ਵੀ ਚਿਹਰੇ ਦੀ ਰੌਣਕ, ਖ਼ੁਸ਼ੀ ਅਤੇ ਸੰਤੁਸ਼ਟੀ ਦੇ ਭਾਵ ਸਪੱਸ਼ਟ ਨਜ਼ਰ ਆਉਂਦੇ ਸਨ। ਸਰੀਰਕ ਡੀਲ ਡੌਲ ਅਤੇ ਚਿਹਰੇ ਦਾ ਜਲੌਅ ਉਨ੍ਹਾਂ ਦੇ ਤੰਦਰੁਸਤ ਅਤੇ ਤਗੜੇ ਹੋਣ ਦਾ ਪ੍ਰਮਾਣ ਹੁੰਦਾ ਸੀ।
ਲੋਕ ਪਿੰਡ ਦੀਆਂ ਸੱਥਾਂ ਵਿੱਚ ਜੁੜ ਕੇ ਬੈਠਦੇ ਤੇ ਮਹੱਤਵਪੂਰਨ ਮਸਲਿਆਂ ’ਤੇ ਵਿਚਾਰ ਚਰਚਾ ਕਰਦੇ। ਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਨਿਪਟਾ ਲਏ ਜਾਂਦੇ ਸਨ। ਪੰਚਾਇਤ ਦਾ ਫ਼ੈਸਲਾ ਪਰਮੇਸ਼ਰ ਦਾ ਫ਼ੈਸਲਾ ਸਮਝਿਆ ਜਾਂਦਾ ਸੀ, ਪ੍ਰੰਤੂ ਅਜੋਕੇ ਵਿਸ਼ਵੀਕਰਨ, ਉਦਯੋਗੀਕਰਨ, ਤਕਨੀਕੀਕਰਨ, ਢਾਂਚਾਗਤ ਵਿਕਾਸ ਅਤੇ ਜੀਵਨ ਦੀਆਂ ਬਦਲਦੀਆਂ ਕੀਮਤਾਂ ਅਤੇ ਵਿਸ਼ਵਾਸਾਂ ਨੇ ਪਿੰਡਾਂ ਦੀ ਜ਼ਿੰਦਗੀ ’ਤੇ ਬਹੁਤ ਗਹਿਰਾ ਅਸਰ ਪਾਇਆ ਹੈ।
ਪਿੰਡਾਂ ਦੀ ਜ਼ਿੰਦਗੀ ਬੜੀ ਸਹਿਜ ਹੋਇਆ ਕਰਦੀ ਸੀ। ਮੁਰਗੇ ਦੀ ਬਾਂਗ ਦੇਣ ਨਾਲ ਹੀ ਜ਼ਿੰਦਗੀ ਦੀ ਹਰਕਤ ਸ਼ੁਰੂ ਹੋ ਜਾਂਦੀ ਸੀ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਖੇਤੀ ਦਾ ਜ਼ਿਆਦਾਤਰ ਕੰਮ ਬਲਦਾਂ ਤੇ ਊਠਾਂ ਨਾਲ ਕੀਤਾ ਜਾਂਦਾ ਸੀ।
ਕਿਸਾਨ ਤੋਂ ਇਲਾਵਾ ਹੋਰ ਕਿੱਤਿਆਂ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਿੱਤੇ ਨਾਲ ਜੁੜੇ ਹੁੰਦੇ ਸਨ। ਖੇਤੀ ਪੂਰੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੀ। ਜਿੱਥੇ ਦਾਣੇ ਕੱਢਣ ਤੋਂ ਬਾਅਦ ਕਿਸਾਨ ਦੇ ਘਰ ਫ਼ਸਲ ਆਉਂਦੀ, ਉੱਥੇ ਪਿੰਡ ਦੇ ਤਰਖਾਣ, ਮੋਚੀ, ਦਰਜੀ, ਘੁਮਿਆਰ ਆਦਿ ਨੂੰ ਵੀ ਕੰਮ ਕਰਾਉਣ ਬਦਲੇ ਦਾਣਿਆਂ ਦਾ ਕੁੱਝ ਹਿੱਸਾ ਦਿੱਤਾ ਜਾਂਦਾ ਜਿਸ ਨੂੰ ਸੇਫੀ ਕਹਿੰਦੇ ਸਨ। ਪਹੁ ਫੁਟਾਲੇ ਤੋਂ ਪਹਿਲਾਂ ਹੀ ਹਾਲੀ ਖੇਤਾਂ ਵਿੱਚ ਹਲ਼ ਜੋੜ ਲੈਂਦੇ। ਇਸੇ ਸਮੇਂ ਸੁਆਣੀਆਂ ਰਿੜਕਣੇ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਣ ਲੱਗ ਜਾਂਦੀਆਂ। ਜਿੱਥੇ ਖੇਤਾਂ ਵਿੱਚ ਲੋਕ ਇਕੱਠੇ ਮਿਲ ਕੇ ਕੰਮ ਕਰਦੇ, ਉੱਥੇ ਔਰਤਾਂ ਵੀ ਆਪਣਾ ਕੰਮ ਨਿਪਟਾ ਕੇ ਕੱਤਣ, ਕੱਢਣ ਦਾ ਕੰਮ ਇਕੱਠੀਆਂ ਬੈਠ ਕੇ ਕਰਦੀਆਂ। ਜਦੋਂ ਕੰਮ ਦਾ ਜ਼ੋਰ ਹੁੰਦਾ ਤਾਂ ਲੋਕ ਲੋਕ ਇੱਕ ਦੂਸਰੇ ਨਾਲ ਬਿੜੀ ਕਰਕੇ ਹਾੜ੍ਹੀ ਵੱਢਦੇ, ਦਾਣਿਆਂ ਦੀ ਕਢਾਈ ਕਰਦੇ। ਗਰਮੀਆਂ ਵਿੱਚ ਸਾਰੇ ਪਿੰਡ ਦੇ ਲੋਕ ਮਿਲ ਕੇ ਹੀ ਦਰੱਖਤਾਂ ਥੱਲੇ ਦੁਪਹਿਰੇ ਕੱਟਦੇ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦੀ ਹਰ ਕਿਰਿਆ ਵਿੱਚ ਮੇਲ ਮਿਲਾਪ ਝਲਕਦਾ ਸੀ ਅਤੇ ਅੱਜ ਦੀ ਜ਼ਿੰਦਗੀ ਵਾਂਗ ਇਕੱਲੇਪਣ ਜਾਂ ਨਿਰਾਸ਼ਤਾ ਲਈ ਕੋਈ ਥਾਂ ਨਹੀਂ ਸੀ ਹੁੰਦੀ।
ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਸਨ। ਕਿਸੇ ਇੱਕ ਦੇ ਦੁੱਖ ਨੂੰ ਸਾਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਜੇਕਰ ਕਿਸੇ ਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਵੀ ਸਾਰੇ ਪਿੰਡ ਦੇ ਲੋਕ ਅਫ਼ਸੋਸ ਕਰਨ ਘਰ ਆਉਂਦੇ ਸਨ। ਜੇਕਰ ਕਿਸੇ ਘਰ ਮੌਤ ਹੁੰਦੀ ਸੀ ਤਾਂ ਸਾਰਾ ਪਿੰਡ ਅਫ਼ਸੋਸ ਕਰਨ ਲਈ ਸੱਥਰ ’ਤੇ ਬੈਠਾ ਹੁੰਦਾ। ਭੋਗ ਪੈਣ ਤੱਕ ਰਾਤ ਨੂੰ ਵੀ ਬਹੁਤ ਸਾਰੇ ਲੋਕ ਮਰਗਤ ਵਾਲੇ ਦੇ ਘਰ ਸੌਂਦੇ। ਜੇਕਰ ਇਸ ਸਮੇਂ ਕੰਮ ਦਾ ਜ਼ੋਰ ਹੁੰਦਾ ਤਾਂ ਸਾਰਾ ਪਿੰਡ ਮਿਲ ਕੇ ਉਨ੍ਹਾਂ ਦਾ ਕੰਮ ਕਰ ਦਿੰਦਾ। ਇਸੇ ਤਰ੍ਹਾਂ ਲੋਕਾਂ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਸਨ।
ਵਿਆਹ ਵਾਲੇ ਘਰ ਵਿਆਹ ਤੋਂ ਕਈ ਦਿਨ ਪਹਿਲਾਂ ਕੋਠੇ ’ਤੇ ਮੰਜੇ ਜੋੜ ਕੇ ਸਪੀਕਰ ਲਾ ਦਿੱਤਾ ਜਾਂਦਾ ਸੀ। ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਘਰ ਆ ਕੇ ਵਿਆਹ ਤੋਂ ਕਈ ਦਿਨ ਪਹਿਲਾਂ ਪਿੰਡ ਦੀਆਂ ਔਰਤਾਂ ਮੁੰਡੇ ਦੇ ਵਿਆਹ ’ਤੇ ਸੁਹਾਗ ਤੇ ਕੁੜੀ ਦੇ ਵਿਆਹ ’ਤੇ ਘੋੜੀਆਂ ਗਾਉਂਦੀਆਂ। ਵਿਆਹ ਕਈ ਕਈ ਦਿਨ ਚੱਲਦਾ ਤੇ ਪੂਰੇ ਪਿੰਡ ਦੀ ਰੋਟੀ ਵਿਆਹ ਵਾਲੇ ਘਰ ਹੁੰਦੀ। ਵਿਆਹ ਵਾਲੇ ਘਰ ਵਿੱਚ ਰਿਸ਼ਤੇਦਾਰਾਂ ਦੇ ਸੌਣ ਦਾ ਪ੍ਰਬੰਧ ਕਰਨ ਲਈ ਪੂਰੇ ਪਿੰਡ ਵਿੱਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ। ਬਰਾਤਾਂ ਰਾਤਾਂ ਰਿਹਾ ਕਰਦੀਆਂ ਸਨ।
ਹੁਣ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਜ ਕੱਲ੍ਹ ਖ਼ੁਸ਼ੀ ਗ਼ਮੀ ਵਿੱਚ ਸ਼ਾਮਿਲ ਹੋਣਾ ਵੀ ਰਸਮੀ ਜਿਹਾ ਹੋ ਕੇ ਰਹਿ ਗਿਆ ਹੈ। ਕਈ ਵਾਰ ਤਾਂ ਖ਼ੁਸ਼ੀ ਦੀਆਂ ਵਧਾਈਆਂ ਤੇ ਗ਼ਮੀ ਦਾ ਅਫ਼ਸੋਸ ਸਿਰਫ਼ ਮੋਬਾਈਲ ਫੋਨਾਂ ’ਤੇ ਹੀ ਕਰ ਦਿੱਤਾ ਜਾਂਦਾ ਹੈ। ਜ਼ਿੰਦਗੀ ਦੀ ਕਾਹਲ ਕਾਰਨ ਵਿਆਹ ਮਹਿਜ਼ ਕੁੱਝ ਘੰਟਿਆਂ ਦੇ ਪ੍ਰੋਗਰਾਮ ਬਣ ਕੇ ਰਹਿ ਗਏ ਹਨ। ਅੱਜਕੱਲ੍ਹ ਪਿੰਡ ਦੇ ਲੋਕ ਰਾਜਨੀਤਿਕ ਧੜਿਆਂ ਵਿੱਚ ਵੰਡੇ ਹੋਏ ਹਨ ਅਤੇ ਮੋਹ ਅਤੇ ਅਪਣੱਤ ਦੀ ਪਹਿਲਾਂ ਵਾਲੀ ਭਾਵਨਾ ਨਜ਼ਰ ਨਹੀਂ ਆਉਂਦੀ।
ਪਹਿਲਾਂ ਵਾਲੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਵੀ ਅਜਿਹੇ ਸਨ ਕਿ ਲੋਕ ਇਕੱਠੇ ਹੋ ਕੇ ਮਨੋਰੰਜਨ ਕਰਦੇ। ਲੋਹੜੀ, ਵਿਸਾਖੀ ਅਤੇ ਹੋਰ ਮਹੱਤਵਪੂਰਨ ਦਿਨਾਂ ’ਤੇ ਲੱਗਦੇ ਮੇਲੇ ਮਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨ। ਮੇਲਾ ਦੇਖਣ ਦਾ ਅਜੀਬ ਚਾਅ ਹੁੰਦਾ ਸੀ। ਮੇਲੇ ਤੋਂ ਕਈ ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ, ਨਵੇਂ ਕੱਪੜੇ ਸਿਵਾਏ ਜਾਂਦੇ, ਖੇਤੀਬਾੜੀ ਨਾਲ ਸਬੰਧਿਤ ਤੇ ਹੋਰ ਘਰੇਲੂ ਕੰਮ ਧੰਦੇ ਪਹਿਲਾਂ ਹੀ ਨਿਬੇੜ ਲਏ ਜਾਂਦੇ ਸਨ। ਪਿੰਡਾਂ ਦੇ ਗੱਭਰੂ ਅਤੇ ਮੁਟਿਆਰਾਂ ਬੜੇ ਚਾਅ ਨਾਲ ਟੋਲੀਆਂ ਬਣਾ ਕੇ ਮੇਲਾ ਦੇਖਣ ਜਾਂਦੀਆਂ। ਮੇਲਿਆਂ ਵਿੱਚ ਹੁੰਦੀਆਂ ਘੋਲ, ਕਬੱਡੀਆਂ ਆਕਰਸ਼ਣ ਦਾ ਮੁੱਖ ਕੇਂਦਰ ਹੋਇਆ ਕਰਦੇ ਸਨ।
ਮੇਲਿਆਂ ਤੋਂ ਇਲਾਵਾ ਪਿੰਡਾਂ ਦੇ ਅਖਾੜਿਆਂ ਵਿੱਚ ਹੁੰਦੀਆਂ ਕੁਸ਼ਤੀਆਂ, ਕਬੱਡੀ, ਮੁਗਦਰ ਚੁੱਕਣ ਦੇ ਮੁਕਾਬਲੇ ਅਤੇ ਪਿੰਡਾਂ ਵਿੱਚ ਪੈਂਦੀਆਂ ਬਾਜ਼ੀਆਂ ਵੀ ਮਨੋਰੰਜਨ ਦਾ ਅਹਿਮ ਸਾਧਨ ਹੁੰਦੇ ਸਨ। ਪਿੰਡਾਂ ਵਿੱਚ ਕਵੀਸ਼ਰੀ ਗਾਉਣ ਵਾਲੇ ਕਵੀਸ਼ਰ ਅਤੇ ਢੱਡ ਸਾਰੰਗੀ ’ਤੇ ਗਾਉਣ ਵਾਲੇ ਗਵੱਈਆਂ ਨੂੰ ਲੋਕ ਬੜੇ ਚਾਅ ਨਾਲ ਸੁਣਦੇ। ਜਿੱਥੇ ਪੁਰਾਣੇ ਸਮਿਆਂ ਵਿੱਚ ਮਨੋਰੰਜਨ ਦੇ ਸਾਧਨ ਲੋਕਾਂ ਨੂੰ ਜੋੜਦੇ ਸਨ, ਉੱਥੇ ਅਜੋਕੇ ਸਮੇਂ ਵਿੱਚ ਮਨੋਰੰਜਨ ਦੇ ਮੁੱਖ ਸਾਧਨ ਟੀਵੀ ਅਤੇ ਮੋਬਾਈਲ ਆਦਿ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਨਾਲੋਂ ਤੋੜਦੇ ਹਨ।
ਪੁਰਾਤਨ ਪਿੰਡ ਦੇ ਲੋਕਾਂ ਦੇ ਰਿਸ਼ਤਿਆਂ ਦੀ ਤੰਦ ਬੜੀ ਮਜ਼ਬੂਤ ਹੁੰਦੀ ਸੀ। ਰਿਸ਼ਤੇ ਨਿਭਾਏ ਜਾਂਦੇ ਸਨ ਅਤੇ ਲੰਬਾ ਸਮਾਂ ਚੱਲਦੇ ਸਨ। ਮੁੰਡੇ-ਕੁੜੀ ਦਾ ਰਿਸ਼ਤਾ ਕਰਨ ਲਈ ਅੱਜ ਵਾਂਗ ਦੇਖ ਦਿਖਾਈ ਦਾ ਰਿਵਾਜ ਨਹੀਂ ਸੀ ਹੁੰਦਾ। ਕੋਈ ਨਜ਼ਦੀਕੀ ਜਦੋਂ ਰਿਸ਼ਤਾ ਲੈ ਕੇ ਆਉਂਦਾ ਸੀ ਤਾਂ ਗੱਲਬਾਤ ਕਰਨ ਤੋਂ ਬਾਅਦ ਲਾਗੀ ਹੱਥ ਰੁਪਈਆ ਦੇ ਕੇ ਰਿਸ਼ਤਾ ਪੱਕਾ ਕਰਨ ਲਈ ਭੇਜ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕੀਤੇ ਹੋਏ ਰਿਸ਼ਤੇ ਤਾਉਮਰ ਨਿਭ ਜਾਂਦੇ ਸਨ। ਪੁਰਾਣੇ ਸਮਿਆਂ ਦੇ ਗੀਤਾਂ, ਮੁਹਾਵਰਿਆਂ ਅਖੌਤਾਂ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦਿਓਰ-ਭਰਜਾਈ ਦਾ ਰਿਸ਼ਤਾ ਬੜੀ ਮੋਹ ਤੇ ਅਪਣੱਤ ਵਾਲਾ ਹੁੰਦਾ ਸੀ, ਪ੍ਰੰਤੂ ਇਸ ਦੇ ਉਲਟ ਜੇਠ-ਭਰਜਾਈ ਦਾ ਰਿਸ਼ਤਾ ਬਹੁਤਾ ਸੁਖਾਵਾਂ ਨਹੀਂ ਸੀ ਹੁੰਦਾ। ਨੂੰਹ-ਸੱਸ ਦੇ ਰਿਸ਼ਤੇ ਵਿੱਚੋਂ ਸੱਸ ਨੂੰ ਤਾਕਤਵਰ ਅਤੇ ਰੋਅਬ ਜਮਾਉਣ ਵਾਲੀ ਦਰਸਾਇਆ ਗਿਆ ਹੈ। ਨਣਦ-ਭਰਜਾਈ ਦੀ ਦਿਲੀ ਸਾਂਝ ਹੁੰਦੀ ਸੀ ਅਤੇ ਉਨ੍ਹਾਂ ਦੇ ਬਹੁਤ ਸਾਰੇ ਰਾਜ਼ ਸਾਂਝੇ ਹੁੰਦੇ ਸਨ। ਵਿਆਹ ਸ਼ਾਦੀ ਦੇ ਸਮੇਂ ਰਿਸ਼ਤੇਦਾਰ ਕਈ ਕਈ ਦਿਨ ਪਹਿਲਾਂ ਕੰਮ ਕਰਵਾਉਣ ਲਈ ਆ ਜਾਂਦੇ ਸਨ। ਨਾਨਕੇ ਮੇਲ ਦੀ ਪੂਰੀ ਧਾਂਕ ਹੁੰਦੀ ਸੀ। ਨਾਨਕਿਆਂ ਵੱਲੋਂ ਜਾਗੋ ਕੱਢਣੀ ਅਤੇ ਛੱਜ ਤੋੜਨਾ ਵਿਆਹ ਦੀ ਇੱਕ ਖ਼ਾਸ ਰਸਮ ਹੁੰਦੀ ਸੀ। ਨਾਨਕਾ ਮੇਲ ਪੂਰੇ ਪਿੰਡ ਵਿੱਚ ਗੇੜਾ ਮਾਰਦਾ ਅਤੇ ਪਿੰਡ ਦੇ ਪਰਨਾਲੇ ਤੋੜੇ ਜਾਂਦੇ ਸਨ।
ਅੱਜਕੱਲ੍ਹ ਦੇ ਰਿਸ਼ਤਿਆਂ ਵਿੱਚ ਸਵਾਰਥ ਅਤੇ ਮਤਲਬਪ੍ਰਸਤੀ ਭਾਰੂ ਹੋ ਗਈ ਹੈ। ਰਿਸ਼ਤੇ ਭਾਵੇਂ ਦੇਖ ਪਰਖ ਕੇ ਅਤੇ ਲੈਣ ਦੇਣ ਮੁਕਾ ਕੇ ਕੀਤੇ ਜਾਂਦੇ ਹਨ, ਪ੍ਰੰਤੂ ਰਿਸ਼ਤਿਆਂ ਦੀ ਉਮਰ ਬਹੁਤ ਲੰਬੀ ਨਹੀਂ ਹੁੰਦੀ। ਤਲਾਕ ਦੇ ਕੇਸ ਲਗਾਤਾਰ ਵਧ ਰਹੇ ਹਨ। ਭਰਾ ਵੱਲੋਂ ਭਰਾ ਅਤੇ ਪੁੱਤਰ ਵੱਲੋਂ ਪਿਤਾ ਦੇ ਕਤਲ ਦੀਆਂ ਖ਼ਬਰਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ।
ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਕੰਮ ਜ਼ੋਰ ਨਾਲ ਕੀਤਾ ਜਾਂਦਾ ਸੀ। ਇਸ ਬਾਰੇ ਇੱਕ ਕਹਾਵਤ ਮਸ਼ਹੂਰ ਸੀ ਕਿ ‘ਘਰ ਦਾ ਭਾਵੇਂ ਮਾੜਾ ਹੋਵੇ, ਪਰ ਜ਼ੋਰ ਦਾ ਮਾੜਾ ਨਾ ਹੋਵੇ।’ ਇਸ ਲਈ ਸਰੀਰ ਨੂੰ ਤਾਕਤਵਰ ਤੇ ਜ਼ੋਰਾਵਰ ਰੱਖਣ ਲਈ ਖ਼ੁਰਾਕ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ। ਰੋਜ਼ਾਨਾ ਦੀ ਖ਼ੁਰਾਕ ਵਿੱਚ ਦੁੱਧ, ਲੱਸੀ, ਮੱਖਣ ਅਤੇ ਘਿਓ ਦੀ ਭਰਮਾਰ ਹੁੰਦੀ ਸੀ। ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਦੇਸੀ ਘਿਓ ਜੋੜਿਆ ਜਾਂਦਾ ਸੀ। ਘਰਾਂ ਵਿੱਚ ਦੇਸੀ ਘਿਓ ਨੂੰ ਘੜੇ ਜਾਂ ਪੀਪੇ ਵਿੱਚ ਭਰ ਕੇ ਰੱਖਿਆ ਜਾਂਦਾ ਸੀ।
ਸਰਦੀਆਂ ਵਿੱਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਸਭ ਤੋਂ ਸਵਾਦ ਪਕਵਾਨ ਮੰਨਿਆ ਜਾਂਦਾ ਸੀ। ਗਰਮੀਆਂ ਵਿੱਚ ਦਲੀਆ, ਖਿਚੜੀ, ਭੁੰਨੇ ਦਾਣਿਆਂ ਵਿੱਚ ਮਿੱਠਾ ਰਲਾ ਕੇ ਸੱਤੂ ਬਣਾ ਕੇ ਖਾਇਆ ਜਾਂਦਾ ਸੀ। ਵਿਆਹ ਸ਼ਾਦੀਆਂ ’ਤੇ ਦੇਸੀ ਘਿਓ ਦੇ ਲੱਡੂ-ਜਲੇਬੀਆਂ ਬਣਾਏ ਜਾਂਦੇ ਸਨ। ਤਿੱਥ ਤਿਉਹਾਰ ’ਤੇ ਕੜਾਹ-ਪ੍ਰਸ਼ਾਦ, ਖੀਰ, ਪੂੜੇ, ਗੁਲਗੁਲੇ, ਮੱਠੀਆਂ ਆਦਿ ਬਣਾਏ ਜਾਂਦੇ ਸਨ। ਛੋਲਿਆਂ ਦੇ ਭੁੰਨੇ ਦਾਣੇ, ਮੱਕੀ ਦੀਆਂ ਛੱਲੀਆਂ, ਖੋਏ ਦੀਆਂ ਪਿੰਨੀਆਂ, ਚੌਲਾਂ ਦੀਆਂ ਪਿੰਨੀਆਂ, ਕਣਕ ਅਤੇ ਤਿਲਾਂ ਦੇ ਮਰੂੰਡੇ ਵੀ ਸ਼ੁੱਧ ਤਰੀਕੇ ਨਾਲ ਘਰ ਤਿਆਰ ਕਰਕੇ ਖਾਏ ਜਾਂਦੇ ਸਨ। ਇਨ੍ਹਾਂ ਖਾਣਿਆਂ ਦੀ ਇਹ ਵਿਸ਼ੇਸ਼ਤਾ ਸੀ ਕਿ ਇਹ ਪੂਰੀ ਤਰ੍ਹਾਂ ਸ਼ੁੱਧ ਅਤੇ ਮਿਲਾਵਟ ਰਹਿਤ ਹੁੰਦੇ ਸਨ।
ਪੰਜਾਬੀਆਂ ਦੇ ਤਕੜੇ ਡੀਲ-ਡੌਲ ਅਤੇ ਤਾਕਤਵਾਰ ਜੁੱਸਿਆਂ ਦਾ ਕਾਰਨ ਉਨ੍ਹਾਂ ਦੀ ਸ਼ੁੱਧ ਖੁਰਾਕ ਹੀ ਸੀ, ਪ੍ਰੰਤੂ ਅੱਜ ਖਾਣਿਆਂ ਵਿੱਚ ਬਹੁਤ ਤਬਦੀਲੀ ਆਈ ਹੈ। ਅੱਜ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਅਤੇ ਬਾਜ਼ਾਰੂ ਖਾਣਿਆਂ ’ਤੇ ਨਿਰਭਰ ਹੁੰਦੀ ਜਾ ਰਹੀ ਹੈ। ਪੀਜ਼ੇ, ਬਰਗਰ, ਮੋਮੋਜ਼ ਆਦਿ ਦੇ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵ ਨਜ਼ਰ ਆ ਰਹੇ ਹਨ। ਆਪਣੇ ਸ਼ੁੱਧ ਪੁਰਾਤਨ ਖਾਣਿਆਂ ਤੋਂ ਦੂਰ ਹੋਣਾ ਅਤੇ ਬਾਜ਼ਾਰੂ ਖਾਣਿਆਂ ’ਤੇ ਨਿਰਭਰ ਹੋਣ ਕਾਰਨ ਬਿਮਾਰੀਆਂ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਆਧੁਨਿਕ ਵਿਕਾਸ ਦੇ ਕਾਰਨ ਪਿੰਡਾਂ ਦਾ ਮੁਹਾਂਦਰਾ ਕਾਫ਼ੀ ਹੱਦ ਤੱਕ ਬਦਲ ਗਿਆ ਹੈ। ਪੁਰਾਣੇ ਪਿੰਡਾਂ ਦੀ ਪਛਾਣ ਉਸ ਦੇ ਗੁਹਾਰਿਆਂ ਤੋਂ ਹੁੰਦੀ ਸੀ। ਪਿੰਡਾਂ ਦੇ ਗੁਹਾਰਿਆਂ ਦੀ ਬਣਤਰ ਤੋਂ ਪਿੰਡਾਂ ਦੇ ਸੁਚੱਜੇਪਣ ਦਾ ਅੰਦਾਜ਼ਾ ਲਗਾ ਲਿਆ ਜਾਂਦਾ ਸੀ, ਪ੍ਰੰਤੂ ਅੱਜਕੱਲ੍ਹ ਆਧੁਨਿਕ ਵਿਕਾਸ ਦੇ ਕਾਰਨ ਕੱਚੇ ਘਰਾਂ ਦੀ ਥਾਂ ਪੱਕੀਆਂ ਕੋਠੀਆਂ ਨੇ ਲੈ ਲਈ ਹੈ। ਪੁਰਾਣੇ ਘਰਾਂ ਦੇ ਦਰਵਾਜ਼ੇ, ਬਰਾਂਡੇ, ਸਬਾਤ, ਝਲਾਨੀ ਵਰਗੇ ਸ਼ਬਦ ਅੱਜ ਦੇ ਆਧੁਨਿਕ ਘਰਾਂ ਵਿੱਚੋਂ ਗਾਇਬ ਹਨ। ਜਿਹੜੇ ਪਿੰਡ ਰਾਜ ਜਾਂ ਰਾਸ਼ਟਰੀ ਮਾਰਗ ’ਤੇ ਪੈਂਦੇ ਹਨ, ਉੱਥੇ ਵੱਡੀਆਂ ਸੜਕਾਂ, ਓਵਰ ਬਰਿੱਜ, ਅੰਡਰ ਬਰਿੱਜ, ਆਊਟਲੈੱਟ, ਫੈਕਟਰੀਆਂ ਆਦਿ ਹੋਂਦ ਵਿੱਚ ਆ ਗਏ ਹਨ। ਇਨ੍ਹਾਂ ਦੀ ਉਸਾਰੀ ਨੇ ਪਿੰਡ ਅਤੇ ਸ਼ਹਿਰ ਦਾ ਪਾੜਾ ਖ਼ਤਮ ਕਰ ਦਿੱਤਾ ਹੈ ਅਤੇ ਪਿੰਡਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਜੇਕਰ ਅਸੀਂ ਪੁਰਾਤਨ ਅਤੇ ਆਧੁਨਿਕ ਪਿੰਡਾਂ ਦੇ ਬਦਲਾਅ ਦੀ ਗੱਲ ਕਰੀਏ ਤਾਂ ਪਿਛਲੇ ਚਾਰ ਦਹਾਕਿਆਂ ਵਿੱਚ ਪਿੰਡਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਬਦਲਾਅ ਆਇਆ ਹੈ। ਆਧੁਨਿਕਤਾ ਦੀ ਤੇਜ਼ ਤਰਾਰ ਦੌੜ ਕਾਰਨ ਹੁਣ ਪਿੰਡਾਂ ਦੀ ਜ਼ਿੰਦਗੀ ਵਿਚਲੀ ਸਹਿਜਤਾ ਲਗਭਗ ਖ਼ਤਮ ਹੋ ਰਹੀ ਹੈ। ਸਾਡੇ ਰਹਿਣ ਸਹਿਣ, ਸੱਭਿਆਚਾਰ, ਪਹਿਰਾਵਾ, ਖਾਣ-ਪੀਣ ਅਤੇ ਰਸਮ ਰਿਵਾਜਾਂ ਵਿੱਚ ਵੱਡੀ ਪੱਧਰ ’ਤੇ ਬਦਲਾਅ ਆਇਆ ਹੈ।
ਪਿੰਡ ਦੀ ਜ਼ਿੰਦਗੀ ਵਿੱਚ ਸਹਿਜ, ਸੰਜਮ, ਸਬਰ- ਸੰਤੋਖ ਦੀ ਘਾਟ ਨਜ਼ਰ ਆਉਂਦੀ ਹੈ। ਰਿਸ਼ਤੇ ਨਾਤੇ ਪਹਿਲਾਂ ਨਾਲੋਂ ਕਮਜ਼ੋਰ ਹੋਏ ਹਨ। ਕਿਰਤ ਕਰੋ ਅਤੇ ਵੰਡ ਛਕਣ ਦੇ ਸੰਕਲਪ ਨੂੰ ਢਾਹ ਲੱਗੀ ਹੈ। ਉਪਰੋਕਤ ਕਦਰਾਂ ਕੀਮਤਾਂ ਦੇ ਘਟਣ ਕਾਰਨ ਤੇ ਅੱਜ ਦੀ ਸਵਾਰਥ ਭਰੀ ਅਤੇ ਤੇਜ਼ ਤਰਾਰ ਜ਼ਿੰਦਗੀ ਨੂੰ ਦੇਖ ਕਿ ਹੁਣ ਇਹ ਕਹਿਣਾ ਮੁਸ਼ਕਿਲ ਲੱਗਦਾ ਹੈ ਕਿ ਪਿੰਡਾਂ ਵਿੱਚ ਰੱਬ ਵਸਦਾ ਹੈ।
ਸੰਪਰਕ: 98726-59588
ਪੰਜਾਬੀ ਟ੍ਰਿਬਯੂਨ
test