ਪੰਜਾਬੀ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ,ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ।
03 ਅਕਤੂਬਰ, 2026 – ਨੰਗਲ (ਰੂਪਨਗਰ): ਇੱਕ ਹੋਰ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।
4 ਸਾਲ ਪਹਿਲਾਂ ਮਸਕਟ ਗਿਆ ਸੀ ਗੁਰਪ੍ਰੀਤ ਸਿੰਘ
ਨੰਗਲ ਦੇ ਪਿੰਡ ਲੋਅਰ ਪੱਟੀ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਮਸਕਟ ਗਿਆ ਗੁਰਪ੍ਰੀਤ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ
ਪਰਿਵਾਰਕ ਮੈਂਬਰਾਂ ਮੁਤਾਬਕ “ਕਰੀਬ ਦੋ ਸਾਲ ਪਹਿਲਾਂ ਉਸਨੂੰ ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੂੰ 25 ਸਤੰਬਰ ਨੂੰ ਉਸਨੂੰ ਸਜ਼ਾ ਏ ਮੌਤ ਸੁਣਾਏ ਜਾਣ ਦੀ ਜਾਣਕਾਰੀ ਮਿਲੀ।”
ਮਾਪਿਆਂ ਦਾ ਇਕਲੌਤਾ ਪੁੱਤ ਹੈ ਗੁਰਪ੍ਰੀਤ ਸਿੰਘ
ਗੁਰਪ੍ਰੀਤ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਉਸਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਬਜ਼ੁਰਗ ਮਾਤਾ ਸਤਵੰਤ ਕੌਰ ਅਤੇ ਪਰਿਵਾਰ ਨੇ ਭਾਰਤ ਸਰਕਾਰ ਭਾਰਤੀ ਦੂਤਾਵਾਸ ਅਤੇ ਸਬੰਧਤ ਅਧਿਕਾਰੀਆਂ ਤੋਂ ਗੁਰਪ੍ਰੀਤ ਨੂੰ ਕਾਨੂੰਨੀ ਤੇ ਕੂਟਨੀਤਕ ਸਹਾਇਤਾ ਦਿਵਾਉਣ ਦੀ ਅਪੀਲ ਕੀਤੀ ਹੈ।
“ਗੁਰਪ੍ਰੀਤ ਸਿੰਘ ਨੂੰ ਮਸਕਟ ਗਏ ਨੂੰ 4 ਸਾਲ ਹੋ ਗਏ ਹਨ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਉਸ ਤੇ ਕੇਸ ਪਏ ਨੂੰ 2 ਸਾਲ ਹੋ ਚੁੱਕੇ ਹਨ। ਮਸਕਟ ਤੋਂ ਸਾਊਦੀ ਨੂੰ ਟਰੱਕ ਲੈ ਕੇ ਜਾ ਰਹੇ ਸੀ। ਉੱਥੇ ਹੀ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰ ਲਿਆ। ਅਸੀਂ ਮੰਨਦੇ ਹਾਂ ਕਿ ਸਾਡੇ ਬੱਚੇ ਵੱਲੋਂ ਗਲਤ ਕੰਮ ਕੀਤਾ ਗਿਆ ਹੈ। ਅਸੀਂ ਕੇਂਦਰ ਸਰਕਾਰ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ।”–ਪਰਿਵਾਰਕ ਮੈਂਬਰ
ਪਰਿਵਾਰ ਰੋ–ਰੋ ਲਗਾ ਰਿਹਾ ਮਦਦ ਦੀ ਗੁਹਾਰ
ਪਰਿਵਾਰ ਵੱਲੋਂ ਸਥਾਨਕ ਵਿਧਾਇਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਸ ਪੀ ਓਬਰਾਏ ਤੋਂ ਵੀ ਮਦਦ ਦੀ ਗੁਹਾਰ ਲਗਾਈ ਗਈ ਹੈ। ਹੁਣ ਪਰਿਵਾਰ ਦੀਆਂ ਨਜ਼ਰਾਂ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ’ਤੇ ਟਿਕੀਆਂ ਹਨ।
ETV BHARAT