ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਨਾਲ ਪੇਂਡੂ ਤੇ ਆਰਥਿਕ ਪੱਖੋਂ ਪੱਛੜੇ ਹੋਏ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲਿਆ ਤੇ ਉਨ੍ਹਾਂ ਦੇ ਸੁਪਨੇ ਸਾਕਾਰ ਹੋਏ। ਇਸ ’ਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਪਾਸਾਰਾਂ ਵਿਚ ਨਿੱਗਰ ਵਾਧਾ ਕਰਦਿਆਂ ਮਾਨਵਤਾ ਦੇ ਕਲਿਆਣ ਹਿਤ ਹੋਰ ਖੇਤਰਾਂ ਤੇ ਵਿਸ਼ਿਆਂ ਨਾਲ ਸਬੰਧਤ ਕੁੱਲ 11 ਫੈਕਲਟੀਆਂ ਸਥਾਪਤ ਕੀਤੀਆਂ ਗਈਆਂ।
ਪੰਜਾਬੀ ਮਾਤ-ਭਾਸ਼ਾ ਤੇ ਅਕਾਦਮਿਕ ਖਿੱਤੇ ਦੇ ਬਹੁਪੱਖੀ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਮਹੱਤਵ ਹੈ ਜੋ ਆਪਣਾ 63ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਹਿਬਰੋ (ਯਹੂਦੀਆਂ ਦੀ ਭਾਸ਼ਾ) ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਵਿਚ ਮਾਤ-ਭਾਸ਼ਾ ਦੇ ਨਾਂ ’ਤੇ ਸਥਾਪਤ ਹੋਣ ਵਾਲੇ ਇਸ ਦੂਜੇ ਅਦਾਰੇ ਨੇ ਆਪਣੀ ਉੱਚ-ਅਕਾਦਮਿਕਤਾ ਦੀ ਮਹਿਕ ਨੂੰ ਦੇਸ਼-ਵਿਦੇਸ਼ ਵਿਚ ਵੀ ਫੈਲਾਇਆ ਹੈ। ਸੰਨ 1960 ਦੇ ਆਸ-ਪਾਸ ਪੰਜਾਬ ਦੇ ਮਲਵਈ ਖਿੱਤੇ ’ਚ ਪਹਿਲੀ ਅਜਿਹੀ ਯੂਨੀਵਰਸਿਟੀ ਸਥਾਪਤ ਕਰਨ ਲਈ ਬਾਕਾਇਦਾ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਅਧੀਨ ਵੀਹ-ਮੈਂਬਰਾਂ ਦੀ ਇਕ ਨਵ-ਨਿਯੁਕਤ ਕਮੇਟੀ ਨੇ ਆਪਣੀਆਂ ਪੁਰਜ਼ੋਰ ਦਲੀਲਾਂ ਤੇ ਸਿਫ਼ਾਰਸ਼ਾਂ ਦੇ ਆਧਾਰ ’ਤੇ 1961 ਦੇ ਪੰਜਾਬ ਐਕਟ 35 ਨੰਬਰ ਤਹਿਤ ਇਸ ਸੰਸਥਾ ਦੀ ਬੁਨਿਆਦ ਪਟਿਆਲਾ ਸ਼ਹਿਰ ਦੀ ਬਾਰਾਂਦਰੀ ਵਿਖੇ ‘ਰਾਜਿੰਦਰਾ ਕੋਠੀ’ (ਜੋ ਅੱਜ-ਕੱਲ੍ਹ ਵਿਰਾਸਤੀ ਹੋਟਲ ਵਜੋਂ ਜਾਣੀ ਜਾਂਦੀ ਹੈ) ਵਿਖੇ 30 ਅਪ੍ਰੈਲ, 1962 ਨੂੰ ਰੱਖੀ ਸੀ ਜਿਸ ਦਾ ਉਦਘਾਟਨ ਤਤਕਾਲੀ ਰਾਸ਼ਟਰਪਤੀ ਡਾ. ਰਾਧਾਕਿ੍ਰਸ਼ਣਨ ਨੇ ਕੀਤਾ ਸੀ। ਮਗਰੋਂ ਇਸ ਦੀ ਇਮਾਰਤ ਦੀ ਯੋਜਨਾਬੱਧ ਤਾਮੀਰ ਪਟਿਆਲਾ ਤੋਂ 7 ਕਿੱਲੋਮੀਟਰ ਦੀ ਦੂਰੀ ’ਤੇ ਪਟਿਆਲਾ-ਰਾਜਪੁਰਾ ਰੋਡ ’ਤੇ ਹਰੇ-ਭਰੇ ਵਿਸ਼ਾਲ ਰੁੱਖਾਂ ਵਾਲੇ 316 ਏਕੜ ਦੇ ਖ਼ੂਬਸੂਰਤ ਇਲਾਕੇ ਵਿਚ ਕੀਤੀ ਗਈ।
ਇਸ ਦੇ ਬਾਨੀ ਵਾਈਸ ਚਾਂਸਲਰ ਉੱਘੇ ਵਿਦਵਾਨ ਤੇ ਸਿੱਖਿਆ ਸ਼ਾਸਤਰੀ ਭਾਈ ਜੋਧ ਸਿੰਘ ਨੇ ਆਪਣੀ ਦੂਰਦਿ੍ਰਸ਼ਟੀ ਨਾਲ ਇਸ ਅਦਾਰੇ ਦੀ ਗੁਣਵੱਤਾ ਨੂੰ ਜਗਮਗਾਉਣਾ ਸ਼ੁਰੂ ਕਰ ਦਿੱਤਾ। ਆਰੰਭਕ ਦੌਰ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 16 ਕਿੱਲੋਮੀਟਰ ਦੇ ਦਾਇਰੇ ’ਚ ਆਉਣ ਵਾਲੇ ਸਰਕਾਰੀ ਮਹਿੰਦਰਾ ਕਾਲਜ ਵਰਗੇ ਸਰਕਾਰੀ ਅਤੇ ਗ਼ੈਰ-ਸਰਕਾਰੀ 9 ਕਾਲਜਾਂ ਨੂੰ ਸਬੰਧਤਾ ਪ੍ਰਦਾਨ ਕੀਤੀ ਸੀ ਪਰ ਅੱਜ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੀ ਤਾਦਾਦ 275 ਤੋਂ ਟੱਪ ਚੁੱਕੀ ਹੈ। ਇਸ ਦੇ ਪਹਿਲਾਂ ਰਹਿ ਚੁੱਕੇ ਵਾਈਸ ਚਾਂਸਲਰਾਂ ’ਚੋਂ ਡਾ. ਭਗਤ ਸਿੰਘ, ਡਾ. ਸ.ਸ. ਜੌਹਲ, ਸਵਰਨ ਸਿੰਘ ਬੋਪਰਾਏ ਅਤੇ ਡਾ. ਜਸਪਾਲ ਸਿੰਘ ਆਦਿ ਨੇ ਵਿਸ਼ੇਸ਼ ਤੌਰ ’ਤੇ ਮਾਲਵੇ ਇਲਾਕੇ ਦੇ ਉਚੇਰੀ ਸਿੱਖਿਆ ਪੱਖੋਂ ਪੱਛੜੇ ਹੋਏ ਇਲਾਕਿਆਂ ਵਿਚ ਖੇਤਰੀ ਕੇਂਦਰਾਂ, ਨੇਬਰਹੁੱਡ ਕੈਂਪਸਿਜ਼ ਤੇ ਕਾਂਸਟੀਚੁਐਂਟ ਕਾਲਜਾਂ ਦੀ ਸਥਾਪਨਾ ਕਰ ਕੇ ਪੰਜਾਬੀ ਯੂਨੀਵਰਸਿਟੀ ਦੇ ਸ਼ਾਨਾਂਮੱਤੇ ਇਤਿਹਾਸ ਵਿਚ ਹੋਰ ਸੁਨਹਿਰੀ ਪੰਨੇ ਜੋੜ ਦਿੱਤੇ।
ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਨਾਲ ਪੇਂਡੂ ਤੇ ਆਰਥਿਕ ਪੱਖੋਂ ਪੱਛੜੇ ਹੋਏ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲਿਆ ਤੇ ਉਨ੍ਹਾਂ ਦੇ ਸੁਪਨੇ ਸਾਕਾਰ ਹੋਏ। ਇਸ ’ਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਪਾਸਾਰਾਂ ਵਿਚ ਨਿੱਗਰ ਵਾਧਾ ਕਰਦਿਆਂ ਮਾਨਵਤਾ ਦੇ ਕਲਿਆਣ ਹਿਤ ਹੋਰ ਖੇਤਰਾਂ ਤੇ ਵਿਸ਼ਿਆਂ ਨਾਲ ਸਬੰਧਤ ਕੁੱਲ 11 ਫੈਕਲਟੀਆਂ ਸਥਾਪਤ ਕੀਤੀਆਂ ਗਈਆਂ। ਇਨ੍ਹਾਂ ’ਚੋਂ ਸਮਾਜ-ਵਿਗਿਆਨ ਫੈਕਲਟੀ ਅਧੀਨ 14, ਆਰਟਸ ਤੇ ਕਲਚਰ ਅਧੀਨ 4, ਜੀਵਨ-ਵਿਗਿਆਨ ਅਧੀਨ 4, ਸਰੀਰਕ ਵਿਗਿਆਨ ਅਧੀਨ 9, ਭਾਸ਼ਾ ਅਧੀਨ 9, ਸਿੱਖਿਆ ਤੇ ਸੂਚਨਾ ਅਧੀਨ 5, ਇੰਜੀਨੀਅਰਿੰਗ ਤੇ ਤਕਨਾਲੋਜੀ ਅਧੀਨ 8, ਮੈਡੀਸਨ ਅਧੀਨ 3, ਵਣਜ ਅਧਿਐਨ ਅਧੀਨ 7 ਅਤੇ ਕਾਨੂੰਨ ਫੈਕਲਟੀ ਅਧੀਨ 4 ਵਿਭਾਗ ਅਧਿਐਨ, ਅਧਿਆਪਨ ਤੇ ਖੋਜ ਦੇ ਨਵੇਂ ਦਿਸਹੱਦੇ ਛੂਹ ਰਹੇ ਹਨ।
ਇਸ ਤੋਂ ਇਲਾਵਾ ਭੌਤਿਕ ਵਿਗਿਆਨ ਵਿਭਾਗ, ਬਨਸਪਤੀ ਵਿਗਿਆਨ ਵਿਭਾਗ, ਰਸਾਇਣ ਵਿਗਿਆਨ ਵਿਭਾਗ ਅਤੇ ਫੋਰੈਂਸਿਕ ਸਾਇੰਸ ਆਦਿ ਵਿਭਾਗਾਂ ਨੇ ਆਪਣੀਆਂ ਖੋਜ ਪ੍ਰਾਪਤੀਆਂ ਦੇ ਮੱਦੇਨਜ਼ਰ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਮਾਨਤਾ ਪ੍ਰਾਪਤ ਕੀਤੀ ਹੈ। ਇਸ ਦੇ ਸਮਾਂਤਰ ਖੇਡ-ਖੇਤਰ ਵਿਚ ਲਗਾਤਾਰ ਮਾਕਾ ਟਰਾਫ਼ੀ ਹਾਸਲ ਕਰਨਾ ਤੇ ਯੁਵਕਾਂ ’ਚ ਕਲਾਤਮਕ, ਸੱਭਿਆਚਾਰਕ ਤੇ ਸਿਰਜਣਾਤਮਕ ਖੇਤਰ ਵਿਚ ਕੌਮਾਂਤਰੀ ਉਪਲਬਧੀਆਂ ਪੰਜਾਬੀ ਯੂਨੀਵਰਸਿਟੀ ਦਾ ਹਾਸਲ ਹਨ।
ਇਸ ਦੇ ਸੈਂਟਰ ਫਾਰ ਡਿਸਟੈਂਸ ਤੇ ਆਨਲਾਈਨ ਐਜੂਕੇਸ਼ਨ ਵਿਭਾਗ ਵੱਲੋਂ ਦੂਰਵਰਤੀ ਵਿਦਿਆਰਥੀਆਂ ਲਈ ਨਵੀਨਤਮ ਪ੍ਰੋਗਰਾਮ ਕਰਵਾਉਣਾ, ਸਿੱਖਿਆ ਤੇ ਖੋਜ ਨੂੰ ਅਜੋਕੇ ਸਮੇਂ ਦੀ ਹਾਣੀ ਬਣਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਪੀਡੀਆ ਕੇਂਦਰ ਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਥਾਪਤ ਕਰਨਾ ਆਦਿ ਵਰਗੇ ਹੋਰ ਕਾਰਜ ਮਹੱਤਵਪੂਰਨ ਹਨ। ਇਸ ਦੀਆਂ ਨਵੀਨ ਉਪਲਬਧੀਆਂ ’ਚ ਪ੍ਰੀਖਿਆ ਸ਼ਾਖਾ ਨੂੰ ਨੈਟਵਰਕਿੰਗ ਕਾਰਜ ਪ੍ਰਣਾਲੀ ਨਾਲ ਜੋੜਨਾ, ਕੰਪਿਊਟਰ ਸਾਇੰਸ ਵਿਭਾਗ ਵੱਲੋਂ ਮੁਫ਼ਤ ਤੇ ਓਪਨ ਸੋਰਸ ਦੇ ਪਲੇਟਫਾਰਮ ਲਿਬਰੇਆਫਿਸ’ ਲਈ ਪੰਜਾਬੀ ਸਪੈਲ ਚੈਕਰ ਤੇ ਸ਼ਬਦ-ਕੋਸ਼ ਵਿਕਸਤ ਕਰਨ ਦੀ ਪਹਿਲਕਦਮੀ ਵਰਗੇ ਉੱਦਮ ਸ਼ਾਮਲ ਹਨ। ਸਾਇੰਸ ਨਾਲ ਸਬੰਧਤ ਵਿਸ਼ਿਆਂ ਬਾਰੇ ਪੰਜਾਬੀ ਮਾਤ ਭਾਸ਼ਾ ’ਚ ਗਿਆਨ ਦੇਣ ਤੇ ਖੋਜ ਕਰਵਾਉਣ ਲਈ ਵੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਤਕਨੀਕੀ ਯੁੱਗ ’ਚ ਦਰਪੇਸ਼ ਚੁਣੌਤੀਆਂ ਬਾਰੇ ਚੇਤੰਨ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਆਦਿ ਵਿਗਿਆਨਕ ਕੋਰਸਾਂ ਦੇ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਰਾਹੀਂ ਆਸਾਨੀ ਨਾਲ ਸਮਝਣ ਲਈ ਵੱਖ-ਵੱਖ ਕਿਸਮ ਦੇ ਮਾਤ-ਭਾਸ਼ਾ ਮੁਕਾਬਲੇ ਵੀ ਆਯੋਜਿਤ ਕੀਤੇ ਗਏ ਹਨ।
ਵਿਗਿਆਨ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਦੇਸ਼-ਵਿਦੇਸ਼ ਦੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਐੱਮਓਯੂ ਦਸਤਖ਼ਤ ਕੀਤੇ ਹਨ ਜਿਨ੍ਹਾਂ ਦਾ ਦੋਵਾਂ ਸੰਸਥਾਵਾਂ ਨੂੰ ਵੱਡੇ ਪੱਧਰ ’ਤੇ ਲਾਭ ਪੁੱਜੇਗਾ। ਨੈਕ (ਐੱਨਏਏਸੀ) ਦੀ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਹੁਪੱਖੀ ਸਰਵੇਖਣ ਕਰਨ ਉਪਰੰਤ ‘ਏ ਪਲੱਸ ਗ੍ਰੇਡ’ ਪ੍ਰਦਾਨ ਕਰ ਕੇ ਇਹ ਟਿੱਪਣੀ ਦੇਣੀ ਕਿ ਜਿਸ ਮਕਸਦ ਲਈ ਇਸ ਅਦਾਰੇ ਦੀ ਸਥਾਪਨਾ ਹੋਈ ਸੀ, ਉਸ ’ਤੇ ਇਹ ਅੱਜ ਵੀ ਬੜੇ ਫਖ਼ਰ ਨਾਲ ਪਹਿਰਾ ਦੇ ਰਹੀ ਹੈ, ਬਹੁਤ ਵੱਡਾ ਸਨਮਾਨ ਹੈ।
ਯੂਨੀਵਰਸਿਟੀ ਪਿਛਲੇ ਅਰਸੇ ਦੌਰਾਨ ਮਾਲੀ ਸੰਕਟ ਨਾਲ ਜੂਝਦੀ ਰਹੀ ਪਰ ਮੌਜੂਦਾ ਦੌਰ ’ਚ ਇਸ ਨਜ਼ਰੀਏ ਤੋਂ ਸੁਖਦ ਵਾਧਾ ਹੋਇਆ ਹੈ ਤੇ ਭਾਰਤ ਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਾਜੈਕਟ ਵੀ ਪ੍ਰਾਪਤ ਹੋਏ ਹਨ। ਦੇਸੀ-ਵਿਦੇਸ਼ੀ ਵੱਡੀਆਂ ਸੰਸਥਾਵਾਂ ਨਾਲ ਐੱਮਓਯੂ (ਮੈਮੋਰੰਡਮ ਆਫ ਅੰਡਰਸਟੈਂਡਿੰਗ) ਵੀ ਹੋਏ ਹਨ ਜਿਨ੍ਹਾਂ ਦਾ ਲਾਭ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਦੂਜੇ ਅਦਾਰਿਆਂ ਨੂੰ ਵੀ ਹੋਇਆ ਹੈ।
ਇਹ ਵੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਗ੍ਰਾਂਟ ਵੀ 9.5 ਕਰੋੜ ਪ੍ਰਤੀ ਮਹੀਨਾ ਤੋਂ ਵਧਾ ਕੇ 30 ਕਰੋੜ ਰੁਪਏ ਪ੍ਰਤੀ ਮਹੀਨਾ ਹੋਈ ਹੈ ਪਰ ਫਿਰ ਵੀ ਇਸ ਨੂੰ ਆਪਣੇ ਕਈ ਵਿਭਾਗਾਂ ਦੀਆਂ ਬਜਟ-ਮੱਦਾਂ ਵਿਚ ਮਜਬੂਰਨ ਕੁਝ ਕਟੌਤੀ ਵੀ ਕਰਨੀ ਪਈ ਹੈ।
ਮਾਲਵੇ ਦੀ ਉਚੇਰੀ ਸਿੱਖਿਆ ਦੇ ਰੂਪ ਵਿਚ ਇਸ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਤੇ ਇਸ ਨੂੰ ਕਰਜ਼ਾ-ਮੁਕਤ ਕਰ ਕੇ ਕਰਮਚਾਰੀਆਂ ਨੂੰ ਤਨਖ਼ਾਹ ਦੀ ਚਿੰਤਾ ਤੋਂ ਮੁਕਤ ਕਰਨ ਹਿਤ ਵਿਦਿਆਰਥੀਆਂ ਦੇ ਕਲਿਆਣ ਲਈ ਜੁਟੀਆਂ ਵੱਡੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਤੇ ਐੱਨਆਰਆਈ ਵਿਅਕਤੀਆਂ ਦਾ ਇਸ ਉਚੇਰੀ ਸਿੱਖਿਆ ਪ੍ਰਦਾਤਾ ਅਦਾਰੇ ਪ੍ਰਤੀ ਸਹਿਯੋਗ ਬੇਹੱਦ ਕਾਰਗਰ ਸਾਬਿਤ ਹੋ ਸਕਦਾ ਹੈ। ਆਰਥਿਕ ਸਥਿਤੀ ਬਿਹਤਰ ਹੋਵੇਗੀ ਤਾਂ ਯਕੀਨਨ ਅਧਿਆਪਨ ਤੇ ਖੋਜ ਕਾਰਜਾਂ ਦੀ ਗੁਣਵੱਤਾ ’ਚ ਹੋਰ ਮਿਆਰੀ ਵਾਧਾ ਹੋਵੇਗਾ।
-ਦਰਸ਼ਨ ਸਿੰਘ ‘ਆਸ਼ਟ’ (ਡਾ.)
-(ਲੇਖਕ ਸਾਹਿਤ ਅਕਾਦਮੀ ਐਵਾਰਡੀ ਹੈ)
-ਮੋਬਾਈਲ ਨੰ. : 98144-23703
ਆਭਾਰ : https://www.punjabijagran.com/editorial/general-yesterday-today-and-tomorrow-of-punjabi-university-9358269.html
test