ਪੰਜਾਬ ਵਿੱਚ ਕਾਂਗਰਸ ਦਾ ਸਿਰਫ਼ ਇੱਕ ਹੀ ਚਿਹਰਾ ਅਤੇ ਉਹ ਰਾਹੁਲ ਗਾਂਧੀ, ਭੁਪੇਸ਼ ਬਘੇਲ ਦਾ ਵੱਡਾ ਬਿਆਨ
ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕਰ ਸਕਦੀ।
14 ਜੁਲਾਈ, 2026 – ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਕਾਰ ਸੂਬੇ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਸਿਰਫ਼ ਇੱਕ ਹੀ ਚਿਹਰਾ ਹੈ ਅਤੇ ਉਹ ਰਾਹੁਲ ਗਾਂਧੀ ਹੈ। ਬਘੇਲ ਦੀ ਐਕਸ ਪੋਸਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕਰ ਸਕਦੀ ਅਤੇ ਰਾਹੁਲ ਗਾਂਧੀ ਦੀ ਸਮੁੱਚੀ ਅਗਵਾਈ ਹੇਠ ਚੋਣਾਂ ਨਹੀਂ ਲੜ ਸਕਦੀ।
ਭੁਪੇਸ਼ ਬਘੇਲ ਨੇ ਕੀਤੀ ਪੋਸਟ
ਸੂਬੇ ਦੇ ਇੰਚਾਰਜ ਭੁਪੇਸ਼ ਬਘੇਲ ਨੇ ਐਕਸ ਉੱਤੇ ਲਿਖਿਆ “ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕੋਈ “ਕਿੰਤੂ–ਪ੍ਰੰਤੂ” ਨਹੀਂ ਹੈ। ਜਿਵੇਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਕੀਤਾ ਸੀ, ਪੰਜਾਬ ਦੇ ਵੋਟਰ ਵਿਧਾਨ ਸਭਾ ਚੋਣਾਂ ਲਈ ਸ੍ਰੀ ਰਾਹੁਲ ਗਾਂਧੀ ਵਿੱਚ ਆਪਣਾ ਭਰੋਸਾ ਰੱਖ ਰਹੇ ਹਨ। ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸਿਰਫ਼ ਇੱਕ ਹੀ ਚਿਹਰਾ ਹੈ ਸ੍ਰੀ ਰਾਹੁਲ ਗਾਂਧੀ।”
ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਸੀ ਚਿਹਰਾ
ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਅਮਰਿੰਦਰ, ਜੋ ਹੁਣ ਭਾਜਪਾ ਦੇ ਨਾਲ ਹਨ, ਨੇ 2002-07 ਤੱਕ ਕਾਂਗਰਸ ਸਰਕਾਰ ਦੀ ਅਗਵਾਈ ਵੀ ਕੀਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਇਆ ਸੀ। ਚੋਣਾਂ ਵਿੱਚ ਕਾਂਗਰਸ ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 18 ਜਿੱਤੀਆਂ ਸਨ।
ਜਾਣੋ ਪੂਰਾ ਮਾਮਲਾ ?
ਦੱਸ ਦਈਏ ਕਿ ਕਈ ਹਫ਼ਤਿਆਂ ਤੋਂ ਪੰਜਾਬ ਕਾਂਗਰਸ ਵਿੱਚ ਸੂਬਾਈ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਕਲੇਸ਼ ਬਰਕਰਾਰ ਹੈ। ਸ਼ਨੀਵਾਰ ਯਾਨੀ 12 ਜੁਲਾਈ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਚੰਨੀ ਧੜੇ ਨਾਲ ਮੁਲਾਕਾਤ ਕੀਤੀ ਸੀ। ਬਘੇਲ ਨੇ ਕਿਹਾ ਸੀ ਕਿ ਉਹ ਹਾਈਕਮਾਨ ਅੱਗੇ ਸਾਰੀ ਸਥਿਤੀ ਬਿਆਨ ਕਰਨਗੇ। ਹੁਣ ਉਨ੍ਹਾਂ ਦੀ ਐਕਸ ਪੋਸਟ ਕੁਝ ਹੋਰ ਹੀ ਇਸ਼ਾਰਾ ਕਰ ਰਹੀ ਹੈ। 1 ਜੁਲਾਈ ਨੂੰ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਜਾਰੀ ਰਹਿਣਗੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਸਾਬਕਾ ਮੁੱਖ ਮੰਤਰੀ ਚੰਨੀ, ਜੋ ਕਿ ਪੰਜਾਬ ਕਾਂਗਰਸ ਪ੍ਰਧਾਨ ਨਿਯੁਕਤ ਨਾ ਕੀਤੇ ਜਾਣ ਤੋਂ “ਨਾਰਾਜ਼” ਦੱਸੇ ਜਾਂਦੇ ਹਨ, ਬਘੇਲ ਨੂੰ ਨਹੀਂ ਮਿਲੇ। ਬਘੇਲ ਸੋਮਵਾਰ ਨੂੰ ਪੰਜਾਬ ਪਹੁੰਚੇ ਸਨ ਅਤੇ ਸੂਬਾਈ ਆਗੂਆਂ ਅਤੇ ਅਹੁਦੇਦਾਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਸਨ। ਚੰਨੀ ਦੇ ਕਰੀਬੀ ਕਈ ਆਗੂ ਵੀ ਇਨ੍ਹਾਂ ਮੀਟਿੰਗਾਂ ਤੋਂ ਦੂਰ ਰਹੇ ਅਤੇ ਅਖੀਰ ਵਾਲੇ ਦਿਨ ਚੰਨੀ ਧੜੇ ਨੇ ਬਘੇਲ ਨਾਲ ਮੁਲਾਕਾਤ ਕੀਤੀ ਸੀ।
ETV BHARAT