ਸਿਹਤ ਵਿਭਾਗ ਸਖ਼ਤ, ਵਿਸ਼ੇਸ਼ ਸੈਂਪਲਿੰਗ ਦੇ ਹੁਕਮ
ਪੰਜਾਬ ਅੰਦਰ ਦੁੱਧ ਦੇ 204 ਵਿੱਚੋਂ 68 ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਦਾ ਸਿਹਤ ਵਿਭਾਗ ਨੇ ਸਖ਼ਤ ਨੋਟਿਸ ਲਿਆ ਹੈ।
23 ਮਈ, 2026 – ਪਟਿਆਲਾ: ਪੰਜਾਬ ਵਿੱਚ ਖਾਦ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਜਾਂਚ ਮੁਹਿੰਮ ਦੌਰਾਨ ਚਿੰਤਾਜਨਕ ਤੱਥ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪੂਰੇ ਪੰਜਾਬ ਵਿੱਚ ਦੁੱਧ ਦੇ ਲਏ ਗਏ 204 ਸੈਂਪਲਾਂ ਵਿੱਚੋਂ 68 ਸੈਂਪਲ ਫੇਲ੍ਹ ਪਾਏ ਗਏ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਹੋਰ ਸਖ਼ਤੀ ਕਰ ਦਿੱਤੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਦੋ ਦਿਨ ਲਈ ਪਨੀਰ ਦੀ ਸੈਂਪਲਿੰਗ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਮਿਲਾਵਟਖੋਰੀ ‘ਤੇ ਨਕੇਲ ਕਸੀ ਜਾ ਸਕੇ।
‘ਹਾਈ ਰਿਸਕ ਸ਼੍ਰੇਣੀ‘
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ, ‘ਵਿਭਾਗ ਵੱਲੋਂ ਖਾਦ ਪਦਾਰਥਾਂ ਦੀ ਨਿਗਰਾਨੀ ਅਤੇ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ 15 ਸੈਂਪਲ ਭਰੇ ਜਾ ਚੁੱਕੇ ਹਨ, ਜਿਨ੍ਹਾਂ ਦੀ ਜਾਂਚ ਪ੍ਰਕਿਰਿਆ ਜਾਰੀ ਹੈ। ਜਾਂਚ ਦੌਰਾਨ ਹਾਈ ਰਿਸਕ ਸ਼੍ਰੇਣੀ ਨਾਲ ਸਬੰਧਿਤ 110 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਵਿਭਾਗ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।‘
ਸਿਹਤ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹੁਣ ਤੱਕ ਚਾਰ ਚਲਾਨ ਕੀਤੇ ਜਾ ਚੁੱਕੇ ਹਨ, ਜਦਕਿ 389 ਨਵੇਂ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਖਾਦ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਅਤੇ ਜਾਂਚ ਨੂੰ ਹੋਰ ਮਜ਼ਬੂਤ ਕਰਨ ਲਈ ਵਿਭਾਗ ਵੱਲੋਂ ਇੱਕ ਫੂਡ ਸੇਫਟੀ ਵੈਨ ਵੀ ਚਲਾਈ ਜਾ ਰਹੀ ਹੈ।– ਡਾ. ਗੁਰਪ੍ਰੀਤ ਕੌਰ,ਜ਼ਿਲ੍ਹਾ ਸਿਹਤ ਅਫਸਰ ਪਟਿਆਲਾ
‘ਮਿਲਾਵਟਖੋਰਾਂ ਖ਼ਿਲਾਫ ਐਕਸ਼ਨ‘
ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ, ‘ਇਹ ਫੂਡ ਵੈਨ ਘਰ–ਘਰ ਜਾ ਕੇ ਖਾਦ ਪਦਾਰਥਾਂ ਦੇ ਸੈਂਪਲ ਟੈਸਟ ਕਰਦੀ ਹੈ ਅਤੇ ਇਸ ਜਾਂਚ ਲਈ 50 ਰੁਪਏ ਫੀਸ ਰੱਖੀ ਗਈ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 211 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਨਾਲ ਆਮ ਲੋਕਾਂ ਨੂੰ ਆਪਣੇ ਖਾਣ–ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ। ਮਿਲਾਵਟ ਅਤੇ ਖਾਦ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਹੁਣ ਤੱਕ 5 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਏਡੀਸੀ ਕੋਲ 58 ਕੇਸ ਵਿਚਾਰ ਅਧੀਨ ਹਨ, ਜਦਕਿ ਸੀਜੇਐਮ ਕੋਰਟ ਵਿੱਚ 5 ਕੇਸ ਚੱਲ ਰਹੇ ਹਨ।‘
ਪਟਿਆਲਾ ਜ਼ਿਲ੍ਹਾ ਸਿਹਤ ਅਫਸਰ ਕੌਰ ਨੇ ਕਿਹਾ ਕਿ ਲਏ ਗਏ ਸੈਂਪਲਾਂ ਦੀ ਰਿਪੋਰਟ ਖਰੜ ਲੈਬੋਰਟਰੀ ਨੂੰ ਭੇਜ ਦਿੱਤੀ ਗਈ ਹੈ ਅਤੇ ਜਿਵੇਂ ਹੀ ਰਿਪੋਰਟਾਂ ਪ੍ਰਾਪਤ ਹੋਣਗੀਆਂ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇਗਾ। ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਖਾਦ ਪਦਾਰਥ ਮੁਹੱਈਆ ਕਰਵਾਉਣਾ ਹੈ ਅਤੇ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ETV BHARAT