ਗਸ਼ਤ ਦੌਰਾਨ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ
ASI ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਅਣਪਛਾਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ।
18 ਸਤੰਬਰ, 2026 – ਅੰਮ੍ਰਿਤਸਰ: ਲੰਘੀ ਰਾਤ ਕਰੀਬ 2.30 ਵਜੇ ਦੇ ਵਿਚਕਾਰ ਥਾਣਾ ਗੇਟ ਹਕੀਮਾਂ ਇਲਾਕੇ ਵਿੱਚ ਤੈਨਾਤ ਏਐਸਆਈ ਹਰਜੀਤ ਸਿੰਘ ਦਾਣਾ ਮੰਡੀ ਨੇੜੇ ਮੋਟਰਸਾਈਕਲ ਉੱਤੇ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ASI ਹਰਜੀਤ ਸਿੰਘ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ।
‘ASI ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ‘
ਜ਼ਖ਼ਮੀ ਹਾਲਤ ਵਿੱਚ ASI ਹਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਹਮਲਾਵਰਾਂ ਦੀ ਪਛਾਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਾ ਖੰਗਾਲੇ ਜਾ ਰਹੇ ਹਨ।
ਸੀਐਮ ਮਾਨ ਵੱਲੋਂ ਸਹਾਇਤਾ ਦਾ ਐਲਾਨ
ਸੀਐਮ ਮਾਨ ਨੇ ਐਕਸ ਪੋਸਟ ਕਰਦਿਆਂ ਆਖਿਆ ਕਿ, ‘ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ… ਉਨ੍ਹਾਂ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਸਤਿਕਾਰ ਵਜੋਂ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ–ਗ੍ਰੇਸ਼ੀਆ ਅਤੇ HDFC ਬੈਂਕ ਵੱਲੋਂ 1 ਕਰੋੜ ਰੁਪਏ ਦਾ ਵਾਧੂ ਬੀਮਾ ਪਰਿਵਾਰ ਨੂੰ ਦਿੱਤਾ ਜਾਵੇਗਾ। ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੀ ਰਹੇਗੀ।‘
ਡੀਜੀਪੀ ਪੰਜਾਬ ਨੇ ਕੀਤੀ ਪੋਸਟ
ਮਾਮਲੇ ਸਬੰਧੀ ਐਕਸ ਪੋਸਟ ਕਰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਖਿਆ ਕਿ, ‘ਅੰਮ੍ਰਿਤਸਰ ਜ਼ਿਲ੍ਹੇ ਦੇ ਸਾਡੇ ਬਹਾਦਰ ਪੁਲਿਸ ਅਧਿਕਾਰੀ, ਏ.ਐਸ.ਆਈ. ਹਰਜੀਤ ਸਿੰਘ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਪੰਜਾਬ ਪੁਲਿਸ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਮਾਣਯੋਗ ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ (ਐਕਸ–ਗ੍ਰੇਸ਼ੀਆ) ਦਾ ਐਲਾਨ ਕੀਤਾ ਹੈ, ਜਦਕਿ HDFC ਬੈਂਕ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਦਿੱਤੀ ਜਾਵੇਗੀ। ਸ਼ਹੀਦ ਨੂੰ ਪੂਰੇ ਪੁਲਿਸ ਸਨਮਾਨ ਨਾਲ ਵਿਦਾਇਗੀ ਦਿੱਤੀ ਜਾਵੇਗੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਸਾਡੀਆਂ ਦੁਆਵਾਂ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹਨ।‘
ETV BHARAT