ਮੋਗਾ ਦੇ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਵੱਲੋਂ ਕਿਸਾਨਾਂ ਨੂੰ ਤੋਹਫਾ ਦਿੱਤਾ ਗਿਆ ਹੈ
03 ਨਵੰਬਰ, 2026 – ਮੋਗਾ: ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪਰ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਨੇ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜੋ ਹੋਰਨਾਂ ਪਿੰਡਾਂ ਲਈ ਵੀ ਪ੍ਰੇਰਨਾ ਬਣ ਰਹੀ ਹੈ। ਇੱਥੇ ਪਿਛਲੇ 8 ਸਾਲਾਂ ਤੋਂ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।
31 ਲੱਖ 50 ਹਜ਼ਾਰ ਰੁਪਏ ਦੀ ਖੇਤੀ ਮਸ਼ੀਨਰੀ ਕਰਵਾਈ ਗਈ ਮੁਹੱਈਆ
ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਅਤੇ ਖ਼ਾਸ ਕਰਕੇ ਛੋਟੇ ਕਿਸਾਨਾਂ ਦੀ ਮਦਦ ਲਈ 31 ਲੱਖ 50 ਹਜ਼ਾਰ ਰੁਪਏ ਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਸਰਪੰਚ ਦੇ ਇਸ ਉਪਰਾਲੇ ਦਾ ਮਕਸਦ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਹੈ।
“ਛੋਟੇ ਕਿਸਾਨਾਂ ਲਈ ਇਹ ਸੰਦ ਖਰੀਦਣਾ ਆਸਾਨ ਨਹੀਂ ਹੁੰਦਾ“
ਇਸੇ ਸਬੰਧੀ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਨੇ ਦੱਸਿਆ ਕਿ “ਪਰਾਲੀ ਦੇ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਕਾਫ਼ੀ ਮਹਿੰਗੀ ਹੁੰਦੀ ਹੈ। ਛੋਟੇ ਕਿਸਾਨਾਂ ਲਈ ਇਹ ਸੰਦ ਖਰੀਦਣਾ ਆਸਾਨ ਨਹੀਂ ਹੁੰਦਾ। ਖ਼ਾਸ ਕਰਕੇ ਦੋ ਤੋਂ ਚਾਰ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਖੇਤ ਤਿਆਰ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਉਂਦੀ ਹੈ। ਇਸੇ ਸਮੱਸਿਆ ਨੂੰ ਦੇਖਦਿਆਂ ਪੰਚਾਇਤ ਵੱਲੋਂ ਕਿਸਾਨਾਂ ਨੂੰ ਮੁਫ਼ਤ ਖੇਤੀ ਮਸ਼ੀਨਰੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤਹਿਤ ਦੋ ਐੱਮਬੀ ਪਲਾਊ, ਦੋ ਮਲਚਰ, ਦੋ ਸੁਪਰ ਸੀਡਰ ਅਤੇ ਟਰੈਕਟਰ ਸਮੇਤ ਹੋਰ ਖੇਤੀ ਸੰਦਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕਿਸਾਨ ਬਿਨਾਂ ਕਿਸੇ ਵਾਧੂ ਖਰਚੇ ਦੇ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧ ਕਰ ਸਕਣ।”
2019 ਵਿੱਚ ਕੀਤੀ ਗਈ ਸੀ ਇਸ ਮੁਹਿੰਮ ਦੀ ਸ਼ੁਰੂਆਤ
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਸਾਲ 2019 ਵਿੱਚ ਕੀਤੀ ਗਈ ਸੀ। ਉਸ ਸਮੇਂ ਲਗਭਗ ਪੰਜ ਲੱਖ ਰੁਪਏ ਦੀ ਮਸ਼ੀਨਰੀ ਦਾ ਪ੍ਰਬੰਧ ਕੀਤਾ ਗਿਆ ਅਤੇ ਕਿਸਾਨਾਂ ਨੂੰ ਮੁਫ਼ਤ ਵਰਤੋਂ ਲਈ ਸੰਦ ਦਿੱਤੇ ਗਏ ਸੀ। ਪਿੰਡ ਦੇ ਕਿਸਾਨਾਂ ਨੇ ਵੀ ਇਸ ਵਿੱਚ ਪੂਰਾ ਸਹਿਯੋਗ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪਿੰਡ ਵਿੱਚ ਲਗਾਤਾਰ 8 ਸਾਲਾਂ ਤੋਂ ਪਰਾਲੀ ਸਾੜਨ ਦੀ ਕੋਈ ਘਟਨਾ ਨਹੀਂ ਹੋਈ।
“ਰਣਸੀਂਹ ਕਲਾਂ ਦੇ ਕਿਸਾਨ ਇਕੱਲੇ ਕਿਸਾਨੀ ਹੀ ਨਹੀਂ ਕਰਦੇ ਸਗੋਂ ਵਿਗਿਆਨੀ ਵੀ ਕਰਦੇ ਨੇ, ਸਾਡੇ ਪਿੰਡ ਵਿੱਚ 30 ਪ੍ਰਤੀਸ਼ਤ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘੱਟ ਕੀਤੀ ਜਾਂਦ ਹੈ। ਅਸੀਂ ਖੇਤਾਂ ਨੂੰ ਅੱਗ ਨਹੀਂ ਲਗਾਉਂਦੇ ਇਸ ਕਰਕੇ ਸਾਨੂੰ ਰੇਅ ਸਪਰੇਅ ਵੀ ਘੱਟ ਪਾਉਣਾ ਪੈਂਦਾ। ਕਿਉਂਕਿ ਇੱਥੋਂ ਦੇ ਕਿਸਾਨਾਂ ਲਈ ਪਰਾਲੀ ਇੱਕ ਵਰਦਾਨ ਬਣ ਚੁੱਕੀ ਹੈ, ਪਰਾਲੀ ਵਿੱਚ ਪੋਟਾਸ਼ ਹੁੰਦੀ ਹੈ, ਜੋ ਸਾਡੀਆਂ ਫਸਲਾਂ ਲਈ ਇੱਕ ਵਰਦਾਨ ਹੀ ਹੁੰਦੀ ਹੈ। ਇਸ ਤਰ੍ਹਾਂ ਸਾਡੇ ਖੇਤਾਂ ਵਿੱਚ ਪੋਟਾਸ਼ ਦੀ ਕਮੀ ਪਰਾਲੀ ਹੀ ਪੂਰੀ ਕਰ ਦਿੰਦੀ ਹੈ ਸਾਨੂੰ ਅਲੱਗ ਤੋਂ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ।”–ਪ੍ਰੀਤਇੰਦਰ ਸਿੰਘ ਮਿੰਟੂ, ਸਰਪੰਚ
ਇਸੇ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨ ਗੋਪਾਲ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉੱਥੇ ਹੀ ਜ਼ਮੀਨ ਦੇ ਮਿੱਤਰ ਕੀੜੇ ਅਤੇ ਹੋਰ ਜੀਵ-ਜੰਤੂ ਵੀ ਨਸ਼ਟ ਹੁੰਦੇ ਹਨ। ਇਸ ਦੇ ਉਲਟ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲਾਭ ਮਿਲਦਾ ਹੈ ਅਤੇ ਵਾਤਾਵਰਨ ਵੀ ਸਾਫ਼ ਰਹਿੰਦਾ ਹੈ। ਸਾਡੇ ਪਿੰਡ ਦੇ ਇਸ ਉਪਰਾਲੇ ਕਰਕੇ ਇਸ ਪਿੰਡ ਦਾ ਨਾਮ ਪਾਰਲੀਮੈਂਟ ਤੱਕ ਗੂੰਜਣ ਲੱਗ ਚੁੱਕਿਆ ਹੈ।
ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫਾਇਦੇ
- ਖੇਤਾਂ ਵਿੱਚ ਪੋਟਾਸ਼ ਘੱਟ ਪੈਂਦੀ ਹੈ।
- ਦੂਜੇ-ਤੀਜੇ ਸਾਲ ਡੀਏਪੀ ਘੱਟ ਜਾਂਦਾ ਹੈ।
- ਸਾਡਾ-ਦੁਆਲਾ ਸਾਫ ਰਹਿੰਦਾ ਹੈ।
- ਧੂੰਏ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਧਰਤੀ ਵਿੱਚ ਰਹਿਣ ਵਾਲੇ ਜੀਵ-ਜੰਤੂ ਬਚ ਜਾਂਦੇ ਨੇ।
“ਇਹ ਧਰਤੀ ਇਕੱਲੇ ਮਨੁੱਖ ਦੇ ਰਹਿਣ ਲਈ ਹੀ ਨਹੀਂ ਹੈ, ਇਹ ਹੋਰ ਜੀਵ–ਜੰਤੂ ਅਤੇ ਜਾਨਵਰਾਂ ਦੇ ਰਹਿਣ ਲਈ ਵੀ ਹੈ। ਇਹ ਸਾਰੇ ਜੀਵ–ਜੰਤੂ ਅਤੇ ਹੋਰ ਕਾਇਨਾਤ ਲਈ ਵੀ ਉਨ੍ਹਾਂ ਵੀ ਜਰੂਰੀ ਹੈ, ਜਿੰਨੀ ਮਨੁੱਖ ਨੂੰ ਹੈ। ਇਸ ਕਰਕੇ ਆਪਣੇ ਬਾਰੇ ਸੋਚਣਾ ਛੱਡ ਕੇ ਬਾਕੀ ਕਾਇਨਾਤ ਬਾਰੇ ਵੀ ਸੋਚਣਾ ਚਾਹੀਦਾ ਹੈ।”–ਗੋਪਾਲ ਸਿੰਘ, ਕਿਸਾਨ
ਜ਼ਿਕਰਯੋਗ ਹੈ ਕਿ ਪਿੰਡ ਰਣਸੀਂਹ ਕਲਾਂ ਵਿੱਚ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਨੂੰ ਦੇਖਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਿੱਚ ਪਰਾਲੀ ਦਾ ਪ੍ਰਬੰਧ ਕਰਕੇ ਆਲੂ, ਸਰ੍ਹੋਂ ਅਤੇ ਕਣਕ ਦੀ ਬਿਜਾਈ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ।
ਸਰਪੰਚ ਸਰਕਾਰ ਨੂੰ ਅਪੀਲ
ਸਰਪੰਚ ਮਿੰਟੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਛੋਟੇ ਕਿਸਾਨਾਂ ਨੂੰ ਮੁਫ਼ਤ ਜਾਂ ਸਬਸਿਡੀ ’ਤੇ ਖੇਤੀ ਮਸ਼ੀਨਰੀ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦਾ ਖੇਤਾਂ ਵਿੱਚ ਹੀ ਪ੍ਰਬੰਧ ਕਰਨ। ਕੁੱਲ ਮਿਲਾ ਕੇ ਪਿੰਡ ਰਣਸੀਂਹ ਕਲਾਂ ਦੀ ਇਹ ਪਹਿਲ ਸਾਬਿਤ ਕਰਦੀ ਹੈ ਕਿ ਜੇਕਰ ਪੰਚਾਇਤ ਅਤੇ ਕਿਸਾਨ ਮਿਲ ਕੇ ਯਤਨ ਕਰਨ ਤਾਂ ਪਰਾਲੀ ਸਾੜਨ ਵਰਗੀ ਗੰਭੀਰ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਦੀਵਾਲੀ ਮੌਕੇ 31.50 ਲੱਖ ਰੁਪਏ ਦੀ ਮਸ਼ੀਨਰੀ ਦਾ ਇਹ ਤੋਹਫ਼ਾ ਸਿਰਫ਼ ਕਿਸਾਨਾਂ ਲਈ ਸਹੂਲਤ ਨਹੀਂ, ਸਗੋਂ ਸਾਫ਼-ਸੁਥਰੇ ਪੰਜਾਬ ਵੱਲ ਇੱਕ ਵੱਡਾ ਕਦਮ ਵੀ ਹੈ।
ETV BHARAT