ਸਾਬਕਾ IPS ਅਤੇ ਡੇਰਾ ਬੱਲਾਂ ਦੇ ਮੁਖੀ ਨੂੰ ਰਾਸ਼ਟਰਪਤੀ ਹੱਥੋਂ ਪੁਰਸਕਾਰ ਮਿਲਿਆ ਹੈ।
24 ਜੂਨ, 2026 – ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪਦਮਸ਼੍ਰੀ ਪੁਰਸਕਾਰ 2026 ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦੇ ਪੰਜਾਬ ਦੀਆਂ ਦੋ ਮਹਾਨ ਸਖਸ਼ੀਅਤਾਂ ਨੂੰ ਵੀ ਇਸ ਪੁਰਸਕਾਰ ਨਾਲ ਨਵਾਜਿਆ ਗਿਆ ਹੈ, ਜਿਸ ‘ਚ ਚੰਡੀਗੜ੍ਹ ‘ਚ ਰਹਿਣ ਵਾਲੇ ਸਾਬਕਾ IPS ਇੰਦਰਜੀਤ ਸਿੰਘ ਸਿੱਧੂ ਅਤੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਦਾ ਨਾਂ ਸ਼ਾਮਲ ਹੈ। ਇਸ ਪੁਰਸਕਾਰ ਨਾਲ ਉਨ੍ਹਾਂ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਪੁਰਸਕਾਰ ਹਰ ਸਾਲ ਉਨ੍ਹਾਂ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।
ਰਾਸ਼ਟਰਪਤੀ ਭਵਨ ‘ਚ ਪ੍ਰੋਗਰਾਮ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ 23 ਜੂਨ ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਪਦਮ ਪੁਰਸਕਾਰ ਸਮਾਰੋਹ ਦੇ ਦੂਜੇ ਪੜਾਅ ਵਿੱਚ ਬਾਕੀ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
ਸਾਬਕਾ ਡੀਆਈ ਨੂੰ ਪਦਮਸ਼੍ਰੀ
ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀਆਈਬੀ) ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਕਿ “ਸਾਬਕਾ ਆਈਪੀਐਸ ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਹੋਇਆ। ਉਨ੍ਹਾਂ ਨੂੰ ਬਰੂਮ ਵਾਰਿਅਰ (ਝਾੜੂ ਯੋਧਾ) ਦੇ ਤੌਰ ‘ਤੇ ਜਾਣਿਆ ਜਾਂਦਾ ਜਾਂਦਾ ਹੈ, ਜਿਨ੍ਹਾਂ ਨੇ ਸੇਵਾਮੁਕਤੀ ਤੋਂ ਬਾਅਦ ਆਪਣੇ ਆਪ ਨੂੰ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤਾ। ਸਵੱਛਤਾ ਪ੍ਰਤੀ ਆਪਣੀ ਸ਼ਾਂਤ ਪਰ ਮਜ਼ਬੂਤ ਵਚਨਬੱਧਤਾ ਲਈ ਉਨ੍ਹਾਂ ਨੂੰ ਦੇਸ਼ ਵਿਆਪੀ ਪ੍ਰਸ਼ੰਸਾ ਮਿਲੀ।”
ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ
ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਕਿ “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸੰਤ ਸ਼੍ਰੀ ਨਿਰੰਜਨ ਦਾਸ ਜੀ ਨੂੰ ਭਾਰਤ ਦਾ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਸੰਤ ਨਿਰੰਜਨ ਦਾਸ ਜੀ ਦੇ ਸਮਾਜ ਵਿੱਚ ਅਧਿਆਤਮਿਕ ਚੇਤਨਾ, ਮਨੁੱਖੀ ਭਲਾਈ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਨੇ ਆਪਣਾ ਜੀਵਨ ਸੇਵਾ, ਸਮਾਨਤਾ ਅਤੇ ਮਨੁੱਖਤਾ ਦੀਆਂ ਕਦਰਾਂ–ਕੀਮਤਾਂ ਨੂੰ ਸਮਰਪਿਤ ਕੀਤਾ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦਾ ਮਾਰਗਦਰਸ਼ਨ ਸਮਾਜ ਵਿੱਚ ਸਕਾਰਾਤਮਕ ਸੋਚ, ਸਮਾਜਿਕ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਦਾ ਰਹਿੰਦਾ ਹੈ। ਅਧਿਆਤਮਿਕ ਜਾਗਰੂਕਤਾ ਅਤੇ ਸਮਾਜ ਸੇਵਾ ਪ੍ਰਤੀ ਤੁਹਾਡੇ ਯਤਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜਿਸ ਵਿੱਚ ਪੰਜਾਬ ਅਤੇ ਦੇਸ਼ ਭਰ ਸ਼ਾਮਲ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਮਾਰਗਦਰਸ਼ਨ ਕਰਦੇ ਰਹੋ ਅਤੇ ਮਨੁੱਖਤਾ ਦੀ ਸੇਵਾ ਦੀ ਇਹ ਰੌਸ਼ਨੀ ਫੈਲਦੀ ਰਹੇ।”
ਕੌਣ ਹਨ IPS ਸਿੱਧੂ
ਸਾਬਕਾ IPS ਇੰਦਰਜੀਤ ਸਿੰਘ ਸਿੱਧੂ ਦੀ ਉਮਰ ਕਰੀਬ 88 ਸਾਲ ਹੈ ਅਤੇ ਉਹ ਚੰਡੀਗੜ੍ਹ ਦੇ ਸੈਕਟਰ 49 ‘ਚ ਆਪਣੇ ਰਿਹਾਇਸ਼ੀ ਖੇਤਰ ਨੂੰ ਹਰ ਰੋਜ਼ ਸਵੇਰੇ 6 ਵਜੇ ਸਾਫ਼ ਕਰਦੇ ਹਨ। ਉਨ੍ਹਾਂ ਨੂੰ ਅਕਸਰ ਹੀ ਆਪ ਰੇਹੜੀ ਉਤੇ ਕੂੜਾ ਇੱਕਠਾ ਕਰਦੇ ਹੋਏ ਦੇਖਿਆ ਜਾਂਦਾ ਹੈ। ਕਦੇ ਉਹ ਬੋਰੇ ਵਿੱਚ ਭਰ ਕੇ ਹੀ ਕੂੜਾ ਸੁੱਟਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਇਸ ਉਮਰ ਵਿੱਚ ਕੀਤੀ ਜਾ ਰਹੀ ਮਿਹਨਤ ਅਤੇ ਲਗਣ ਦੇ ਨਾਲ ਨਾਲ ਸਮਾਜ ਵਿੱਚ ਫੈਲਾਈ ਜਾ ਰਹੀ ਸਫਾਈ ਪ੍ਰਤੀ ਸਕਰਾਤਮਕ ਸੋਚ ਲਈ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 1964 ਬੈਚ ਦੇ ਆਈਪੀਐਸ ਅਧਿਕਾਰੀ, ਸਿੱਧੂ ਨੇ 1996 ਵਿੱਚ ਆਪਣੀ ਸੇਵਾਮੁਕਤੀ ਤੋਂ ਬਾਅਦ ਲਗਾਤਾਰ ਸਫਾਈ ਨੂੰ ਇੱਕ ਨਾਗਰਿਕ ਜ਼ਿੰਮੇਵਾਰੀ ਸਮਝਦੇ ਹੋਏ। ਸਮਾਜ ਵਿੱਚ ਉਦਾਹਰਣ ਕਾਇਮ ਕਰ ਰਹੇ ਹਨ, ਜਿਸਨੂੰ ਉਦਯੋਗਪਤੀ ਆਨੰਦ ਮਹਿੰਦਰਾ ਦੁਆਰਾ “ਗਲੀਆਂ ਦਾ ਇੱਕ ਖਾਮੋਸ਼ ਯੋਧਾ” ਕਿਹਾ ਗਿਆ ਹੈ।
ਪੰਜਾਬ ਦਾ ਡੇਰਾ ਬੱਲਾਂ
ਜਲੰਧਰ ਦੇ ਕੋਲ ਸਥਿਤ ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖੇਤਰ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ। ਜਿਸਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਇਹਨਾਂ ਖੇਤਰਾਂ ਵਿੱਚ ਦਲਿਤ ਅਬਾਦੀ ਜ਼ਿਆਦਾ ਰਹਿੰਦੀ ਹੈ। ਪੰਜਾਬ ਵਿੱਚ ਦੇਸ਼ ਦੀ ਸਭ ਤੋਂ ਵੱਧ ਦਲਿਤ ਆਬਾਦੀ ਕਰੀਬ 32 ਫੀਸਦ ਹੈ ਅਤੇ ਇਨ੍ਹਾਂ ਵਿੱਚੋਂ ਵੱਡਾ ਹਿੱਸਾ ‘ਰਵਿਦਾਸੀਆ’ ਭਾਈਚਾਰੇ ਦਾ ਹੈ ਜੋ ਇਸ ਡੇਰੇ ਨਾਲ ਜੁੜਿਆ ਹੋਇਆ ਹੈ। ਡੇਰਾ ਬੱਲਾਂ ਦੀ ਸਥਾਪਨਾ 20ਵੀਂ ਸਦੀ ਦੀ ਸ਼ੁਰੂਆਤ 1900 ‘ਚ ਹੋਈ। ਸੰਤ ਪਿੱਪਲ ਦਾਸ ਵੱਲੋਂ ਸਥਾਪਨਾ ਕੀਤੀ ਗਈ ਸੀ, ਜਿਸ ਦੇ ਮੌਜੂਦਾ ਮੁਖੀ ਸੰਤ ਨਿਰੰਜਨ ਦਾਸ ਹਨ।
ਇਹ ਪੁਰਸਕਾਰ ਵਿਸ਼ੇਸ਼ ਕਿਉਂ ਹੈ?
ਭਾਰਤ ਦੇ ਸਭ ਤੋਂ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਪਦਮ ਪੁਰਸਕਾਰ ਤਿੰਨ ਸ਼੍ਰੇਣੀਆਂ ਵਿੱਚ ਪੇਸ਼ ਕੀਤੇ ਜਾਂਦੇ ਹਨ : 1954 ਵਿੱਚ ਸਥਾਪਿਤ, ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ‘ਤੇ ਐਲਾਨੇ ਜਾਂਦੇ ਹਨ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦੇ ਹਨ ਜਿਨ੍ਹਾਂ ਨੇ ਕਲਾ, ਸਮਾਜਿਕ ਕਾਰਜ, ਜਨਤਕ ਪ੍ਰਸ਼ਾਸਨ, ਵਿਗਿਆਨ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ ਅਤੇ ਸਿਵਲ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ। ਪਦਮ ਵਿਭੂਸ਼ਣ ਨੂੰ ਅਸਾਧਾਰਨ ਅਤੇ ਵਿਲੱਖਣ ਸੇਵਾ ਲਈ, ਪਦਮ ਭੂਸ਼ਣ ਨੂੰ ਉੱਚ ਪੱਧਰੀ ਵਿਲੱਖਣ ਸੇਵਾ ਲਈ, ਜਦੋਂ ਕਿ ਪਦਮ ਸ਼੍ਰੀ ਨੂੰ ਕਿਸੇ ਵੀ ਖੇਤਰ ਵਿੱਚ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਜਾਂਦਾ ਹੈ।
ETV BHARAT