ਪੰਜਾਬ ਦੀ ਧੀ ਡਾ. ਜਸਵਿੰਦਰ ਕੌਰ ਵੱਲੋਂ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ।
06 ਜੁਲਾਈ, 2026 – ਅੰਮ੍ਰਿਤਸਰ: ਪੰਜਾਬ ਦੀ ਧੀ ਨੇ ਆਪਣੀ ਕਲਾ ਦੇ ਜ਼ਰੀਏ ਨਾ ਸਿਰਫ਼ ਬਿਆਸ, ਸਗੋਂ ਪੂਰੇ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਆਪਣੀ ਪੇਂਟਿੰਗ ਦੀ ਕਲਾ ਸਦਕਾ ਡਾ. ਜਸਵਿੰਦਰ ਕੌਰ ਨੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇੰਨਾ ਹੀ ਨਹੀਂ ਡਾਕਟਰ ਜਸਵਿੰਦਰ ਕੌਰ ਇਸ ਤੋਂ ਪਹਿਲਾਂ ਵੀ ਲੰਡਨ ਬੁੱਕ ਆਫ ਵਰਲਡ ਰਿਕਾਰਡ ਅਤੇ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਸਮੇਤ ਅਨੇਕਾਂ ਰਿਕਾਰਡ ਆਪਣੇ ਨਾਮ ਦਰਜ ਕਰਵਾ ਚੁੱਕੀ ਹੈ।
ਸ਼ਿਵਾਜੀ ਮਹਾਰਾਜ ਦੇ 275 ਕਿਲਿਆਂ ਵਿੱਚੋਂ 221 ਦੀਆਂ ਬਣਾਈਆਂ ਪੇਂਟਿੰਗ
ਡਾ. ਜਸਵਿੰਦਰ ਕੌਰ ਨੇ ਮਹਾਰਾਸ਼ਟਰ ਦੇ ਮਹਾਨ ਯੋਧੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ 275 ਇਤਿਹਾਸਕ ਕਿਲਿਆਂ ਵਿੱਚੋਂ 221 ਕਿਲਿਆਂ ਦੀਆਂ ਸ਼ਾਨਦਾਰ ਕੈਨਵਸ ਪੇਂਟਿੰਗਾਂ ਤਿਆਰ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਸ ਵਿਲੱਖਣ ਉਪਲਬਧੀ ਨੇ ਉਨ੍ਹਾਂ ਨੂੰ ਕਲਾ ਜਗਤ ਵਿੱਚ ਇੱਕ ਨਵੀਂ ਪਛਾਣ ਦਿਵਾਈ ਹੈ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ।
- “ਮੈਂ ਏਸ਼ੀਅਨ ਬੁੱਕ ਆਫ ਵਰਲਡ ਰਿਕਾਰਡ ਬਣਾਇਆ ਹੈ। ਮੈਨੂੰ ਬਕਾਲਾ ਦੇ ਐਸਡੀਐਮ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਮਹਾਰਾਸ਼ਟਰ ਵਿੱਚ ਸ਼ਿਵਾਜੀ ਮਹਾਰਾਜ ਦੇ 275 ਕਿਲ੍ਹੇ ਬਣਾਏ ਗਏ ਹਨ ਪਰ ਮੇਰੇ ਵੱਲੋਂ 221 ਪੈਂਟਿੰਗਜ਼ ਬਣਾਈਆਂ ਗਈਆਂ ਹਨ ਜਿਸ ਕਰਕੇ ਮੇਰਾ ਇਹ ਵਿਸ਼ਵ ਰਿਕਾਰਡ ਬਣਿਆ ਹੈ। ਹੇਮਾ ਮਾਲਿਨੀ ਦੇ ਪੋਰਟਰੈਟ ਤੋਂ ਮੇਰੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਮੇਰੀ ਕਲ੍ਹਾ ਦੀ ਪ੍ਰਸ਼ੰਸਾ ਕੀਤੀ ਗਈ ਸੀ। 66 ਮੀਟਰ ਲੰਬੀ ਮੀਰਾਂ ਬਾਈ ਦੀ ਪੇਂਟਿੰਗ ਤਿਆਰ ਕਰਕੇ ਇੰਡੀਆ ਵਰਲਡ ਰਿਕਾਰਡ ਵਿੱਚ ਵੀ ਆਪਣਾ ਨਾਮ ਦਰਜ ਕਰਵਾਇਆ। ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਭਾਰਤ ਦੇ 12 ਇਤਿਹਾਸਕ ਕਿਲ੍ਹਿਆਂ ਦੀਆਂ ਪੇਂਟਿੰਗਾਂ ਬਣਾ ਕੇ ਲੰਡਨ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਆਪਣਾ ਨਾਮ ਦਰਜ ਕਰਵਾਇਆ।”– ਡਾ. ਜਸਵਿੰਦਰ ਕੌਰ
ਐਸਡੀਐਮ ਵੱਲੋਂ ਡਾ. ਜਸਵਿੰਦਰ ਕੌਰ ਦਾ ਨਿੱਘਾ ਸਵਾਗਤ
ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਨੂੰ ਧਿਆਨ ਵਿੱਚ ਰੱਖਦਿਆਂ ਐਸਡੀਐਮ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵੱਲੋਂ ਡਾ. ਜਸਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਕਲਾ, ਮਿਹਨਤ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹੀਆਂ ਸ਼ਖ਼ਸੀਅਤਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹਨ।
ਲੰਡਨ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਵੀ ਕਰਵਾ ਚੁੱਕੇ ਨੇ ਦਰਜ
ਡਾ. ਜਸਵਿੰਦਰ ਕੌਰ ਦੀਆਂ ਪ੍ਰਾਪਤੀਆਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਉਹ 66 ਮੀਟਰ ਲੰਬੀ ਮੀਰਾਂ ਬਾਈ ਦੀ ਪੇਂਟਿੰਗ ਤਿਆਰ ਕਰਕੇ ਇੰਡੀਆ ਵਰਲਡ ਰਿਕਾਰਡ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਭਾਰਤ ਦੇ 12 ਇਤਿਹਾਸਕ ਕਿਲ੍ਹਿਆਂ ਦੀਆਂ ਪੇਂਟਿੰਗਾਂ ਬਣਾ ਕੇ ਲੰਡਨ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਆਪਣੀ ਥਾਂ ਬਣਾਈ ਹੈ।
ਡਾ. ਜਸਵਿੰਦਰ ਕੌਰ ਹੇਮਾ ਮਾਲਨੀ ਨਾਲ ਵੀ ਕਰ ਚੁੱਕੇ ਨੇ ਕੰਮ
ਡਾ. ਜਸਵਿੰਦਰ ਕੌਰ ਬਾਲੀਵੁੱਡ ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਬਣਾਇਆ ਗਿਆ, ਹੇਮਾ ਮਾਲਿਨੀ ਦਾ ਪੋਰਟਰੇਟ ਕਾਫ਼ੀ ਸਰਾਹਿਆ ਗਿਆ ਸੀ, ਜਿਸ ਲਈ ਖੁਦ ਹੇਮਾ ਮਾਲਿਨੀ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ। ਇਹ ਉਨ੍ਹਾਂ ਦੀ ਕਲਾਤਮਕ ਯੋਗਤਾ ਅਤੇ ਮਿਹਨਤ ਦਾ ਵੱਡਾ ਸਬੂਤ ਹੈ।
ਪੰਜਾਬ ਦੇ ਲੋਕਾਂ ਨੂੰ ਅਪੀਲ
ਇਸ ਮੌਕੇ ਡਾ. ਜਸਵਿੰਦਰ ਕੌਰ ਨੇ ਕਿਹਾ ਕਿ “ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਬੇਅੰਤ ਹੁਨਰ ਹੈ। ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਮੌਕੇ ਮਿਲਣ ਤਾਂ ਉਹ ਵੀ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹਨ। ਕਲਾ ਸਿਰਫ਼ ਸ਼ੌਕ ਨਹੀਂ, ਸਗੋਂ ਆਪਣੀ ਸੰਸਕ੍ਰਿਤੀ, ਇਤਿਹਾਸ ਅਤੇ ਵਿਰਾਸਤ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।”
ਬਿਆਸ ਦੀ ਇਸ ਧੀ ਨੇ ਆਪਣੀ ਮਿਹਨਤ, ਲਗਨ ਅਤੇ ਕਲਾਤਮਕ ਪ੍ਰਤਿਭਾ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਛੋਟੇ ਸ਼ਹਿਰਾਂ ਤੋਂ ਵੀ ਵਿਸ਼ਵ ਪੱਧਰ ਦੀਆਂ ਉਪਲਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ETV BHARAT