ਗੁਰਪ੍ਰੀਤ ਸੇਖੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ
ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਵਿੱਚ ਅਜਿਹਾ ਕੀ, ਜੋ ਸੱਤਾਧਿਰ ਨੂੰ ਵੀ ਭਾਅ ਗਿਆ
09 ਸਤੰਬਰ, 2026 – ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਵੱਡਾ ਹੜਕੰਪ ਮਚ ਗਿਆ ਜਦੋਂ ਸਾਲ 2016 ਦੇ ਚਰਚਿਤ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੇਖੋਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ “ਗੈਂਗਸਟਰਾਂ ਵਿਰੁੱਧ ਜੰਗ” ਦੇ ਦਾਅਵਿਆਂ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸ ਦਾ ਤਿੱਖਾ ਹਮਲਾ: “ਮਾਨ ਦੇ ਬੋਲ ਆਪਣੇ ਹੀ ਐਕਸ਼ਨਾਂ ‘ਚ ਫੇਲ੍ਹ“
ਗੁਰਪ੍ਰੀਤ ਸਿੰਘ ਸੇਖੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਨੇ ਸੋਸ਼ਲ ਮੀਡੀਆ ਐਕਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਪੰਜਾਬ ਕਾਂਗਰਸ ਨੇ ਆਪਣੇ ਬਿਆਨ ਵਿੱਚ ਲਿਖਿਆ: “ਭਗਵੰਤ ਮਾਨ, ਇਸੇ ਸਾਲ ਦੀ ਸ਼ੁਰੂਆਤ ਵਿੱਚ ਤੁਸੀਂ ਬੜੇ ਮਾਣ ਨਾਲ ਐਲਾਨ ਕੀਤਾ ਸੀ ਕਿ ‘ਅਸੀਂ ਗੈਂਗਸਟਰਾਂ ਨੂੰ ਟਿਕਟਾਂ ਨਹੀਂ ਦਿੰਦੇ ਅਤੇ ਨਾ ਹੀ ਉਨ੍ਹਾਂ ਨੂੰ ਪਨਾਹ ਦਿੰਦੇ ਹਾਂ।‘ ਪਰ ਤੁਸੀਂ ਖੁਦ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਨੂੰ ‘ਆਪ‘ ਵਿੱਚ ਸ਼ਾਮਲ ਕਰ ਲਿਆ ਹੈ। ਤੁਸੀਂ ਗੈਂਗਸਟਰਵਾਦ ਦੇ ਖ਼ਾਤਮੇ ਦਾ ਵਾਅਦਾ ਕੀਤਾ ਸੀ, ਪਰ ਤੁਹਾਡੀ ਆਪਣੀ ਰਾਜਨੀਤੀ ਉਨ੍ਹਾਂ ਲੋਕਾਂ ਨੂੰ ਸਿਆਸੀ ਥਾਂ ਦੇ ਰਹੀ ਹੈ, ਜਿਨ੍ਹਾਂ ਨੂੰ ਤੁਸੀਂ ਬਾਹਰ ਰੱਖਣ ਦੀ ਸੌਂਹ ਖਾਧੀ ਸੀ। ਤੁਹਾਡੇ ਸ਼ਬਦ ਤੁਹਾਡੇ ਆਪਣੇ ਹੀ ਕੰਮਾਂ ਦੀ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ।”
ਚਰਨਜੀਤ ਸਿੰਘ ਚੰਨੀ ਨੇ ਦੱਸਿਆ “ਸ਼ਰਮਨਾਕ” ਕਦਮ
ਕਾਂਗਰਸ ਦੇ ਐਮਪੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਲੰਧਰ ਵਿਖੇ ਇਸ ਮੁੱਦੇ ‘ਤੇ ‘ਆਪ’ ਸਰਕਾਰ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦੱਸਿਆ ਕਿ, ‘ਸੇਖੋਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਚੰਨੀ ਨੇ ਆਪਣੇ ਬਿਆਨ ਵਿੱਚ ਆਖਿਆ: “ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਹੀ ਸ਼ਰਮਨਾਕ ਹੈ। ਇੱਕ ਬਦਨਾਮ ਗੈਂਗਸਟਰ—ਜਿਸ ‘ਤੇ ਜੇਲ੍ਹ ਤੋੜਨ ਅਤੇ ਗੋਲੀਆਂ ਚਲਾ ਕੇ ਕੈਦੀਆਂ ਨੂੰ ਭਜਾਉਣ ਦੇ ਗੰਭੀਰ ਦੋਸ਼ ਹਨ—ਉਸ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ‘ਆਪ‘ ਆਗੂਆਂ ਨੇ ਨਾ ਸਿਰਫ਼ ਸਟੇਜ ‘ਤੇ ਉਸ ਦਾ ਸਵਾਗਤ ਕੀਤਾ, ਸਗੋਂ ਉਸ ਨੂੰ ਹਲਕਾ ਇੰਚਾਰਜ ਵੀ ਨਿਯੁਕਤ ਕਰ ਦਿੱਤਾ ਹੈ।”
ਭਾਜਪਾ ਦਾ ਸਵਾਲ: “ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਰਹੀ ਹੈ ਸਰਕਾਰ?”
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਫ਼ਤਿਹ ਜੰਗ ਸਿੰਘ ਬਾਜਵਾ ਨੇ ਵੀ ਚੰਡੀਗੜ੍ਹ ਵਿੱਚ ਇਸ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਬਿਆਨਾਂ ਦੀ ਯਾਦ ਦਿਵਾਈ। ਬਾਜਵਾ ਨੇ ਕੋਟ ਕਰਦੇ ਹੋਏ ਕਿਹਾ, “ਚਾਰ ਸਾਲ ਪਹਿਲਾਂ ਭਗਵੰਤ ਮਾਨ ਬੜੀ ਉੱਚੀ ਅਵਾਜ਼ ਵਿੱਚ ਕਹਿੰਦੇ ਹੁੰਦੇ ਸਨ ਕਿ ਪੰਜਾਬ ਵਿੱਚ ਸਾਰੇ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤੇ ਹਨ ਅਤੇ ਬਾਅਦ ਵਿੱਚ ਕਾਂਗਰਸ ਨੇ ਵੀ ਉਨ੍ਹਾਂ ਨੂੰ ਪਨਾਹ ਦਿੱਤੀ। ਪਰ ਹੁਣ ਉਹ ਖੁਦ ਗੈਂਗਸਟਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ। ਉਹ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਕੀ ਉਹ ਇਹ ਸੰਦੇਸ਼ ਦੇ ਰਹੇ ਹਨ ਕਿ ਤੁਸੀਂ ਗੈਂਗਸਟਰ ਬਣੋ ਅਤੇ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਜਾਓ? ਪੰਜਾਬ ਦੇ ਸੂਝਵਾਨ ਲੋਕ, ਵਪਾਰੀ, ਉਦਯੋਗਪਤੀ ਅਤੇ ਆਮ ਨਾਗਰਿਕ ਜੋ ਅਮਨ–ਕਾਨੂੰਨ ਚਾਹੁੰਦੇ ਹਨ, ਉਹ ਅਜਿਹੇ ਗੈਂਗਸਟਰਾਂ ਦੇ ਚਿਹਰੇ ਦੇਖਣਾ ਵੀ ਪਸੰਦ ਨਹੀਂ ਕਰਦੇ।”
ਅਕਾਲੀ ਦਲ ਨੇ ਖੋਲ੍ਹੀਆਂ ਅਪਰਾਧਿਕ ਮਾਮਲਿਆਂ ਦੀਆਂ ਫਾਈਲਾਂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰਾਸ਼ਟਰੀ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਗੁਰਪ੍ਰੀਤ ਸੇਖੋਂ ‘ਤੇ ਦਰਜ ਅਪਰਾਧਿਕ ਮੁਕੱਦਮਿਆਂ ਦੀ ਲਿਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਨੂੰ ਘੇਰਿਆ। ਰੋਮਾਣਾ ਨੇ ਸਵਾਲੀਆ ਲਹਿਜ਼ੇ ਵਿੱਚ ਕਿਹਾ, “ਆਪ ਦੇ ਇਸ ਨਵੇਂ ਪੋਸਟਰ ਬੁਆਏ ਗੁਰਪ੍ਰੀਤ ਸੇਖੋਂ ਨੂੰ ਮਿਲੋ, ਜਿਸ ਦੇ ਖ਼ਿਲਾਫ਼ 49 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜ਼ਬਰਨ ਵਸੂਲੀ, ਅਗਵਾ, ਅਸਲਾ ਐਕਟ, ਐਨਡੀਪੀਐਸ ਅਤੇ ਯੂਏਪੀਏ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ। ਭਗਵੰਤ ਮਾਨ ਜੀ, ਕੀ ਇਹ ਤੁਹਾਡਾ ‘ਗੈਂਗਸਟਰਾਂ ਤੇ ਵਾਰ‘ ਦਾ ਅਸਲੀ ਰੂਪ ਹੈ?”
ਗੁਰਪ੍ਰੀਤ ਸੇਖੋਂ ਦਾ ਪਰਿਵਾਰਕ ਪਿਛੋਕੜ ਅਤੇ ਨਿਜੀ ਜ਼ਿੰਦਗੀ
ਗੁਰਪ੍ਰੀਤ ਸਿੰਘ ਸੇਖੋਂ ਪੰਜਾਬ ਦੇ ਫਿਰੋਜ਼ਪੁਰ/ਫ਼ਰੀਦਕੋਟ ਖੇਤਰ ਦੇ ਇੱਕ ਚੰਗੇ ਖਾਂਦੇ-ਪੀਂਦੇ ਅਤੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇੱਕ ਆਮ ਪਰਿਵਾਰਕ ਪਿਛੋਕੜ ਤੋਂ ਆਉਣ ਦੇ ਬਾਵਜੂਦ, ਉਹ ਜਵਾਨੀ ਦੇ ਦਿਨਾਂ ਵਿੱਚ ਗਲਤ ਸੰਗਤ ਅਤੇ ਸਥਾਨਕ ਰੰਜਿਸ਼ਾਂ ਕਾਰਨ ਅਪਰਾਧ ਦੀ ਦੁਨੀਆ ਵਿੱਚ ਦਾਖ਼ਲ ਹੋ ਗਿਆ। ਹੌਲੀ-ਹੌਲੀ ਉਹ ਪੰਜਾਬ ਦੇ ਖ਼ਤਰਨਾਕ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਅਤੇ ਆਪਣਾ ਇੱਕ ਵੱਖਰਾ ਗਰੋਹ (ਸੇਖੋਂ ਗੈਂਗ) ਤਿਆਰ ਕਰ ਲਿਆ। ਉਸ ਦੀ ਨਿਜੀ ਜ਼ਿੰਦਗੀ ਲੰਮੇ ਸਮੇਂ ਤੱਕ ਅੰਡਰਗਰਾਊਂਡ ਰਹਿਣ, ਪੁਲਿਸ ਹਿਰਾਸਤ ਅਤੇ ਅਦਾਲਤੀ ਚੱਕਰਾਂ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ ਹੈ।
ਕਿਸ ਤਰ੍ਹਾਂ ਦੇ ਪੁਲਿਸ ਕੇਸ ਹਨ ਦਰਜ?
ਗੁਰਪ੍ਰੀਤ ਸੇਖੋਂ ਪੰਜਾਬ ਪੁਲਿਸ ਦੀਆਂ ਨਜ਼ਰਾਂ ਵਿੱਚ ਉਸ ਵੇਲੇ ਸਭ ਤੋਂ ਵੱਡਾ ਸਿਰਦਰਦ ਬਣਿਆ, ਜਦੋਂ ਉਸ ਦਾ ਨਾਮ 27 ਨਵੰਬਰ 2016 ਨੂੰ ਹੋਏ ਬਦਨਾਮ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਮੁੱਖ ਸਾਜ਼ਿਸ਼ਕਰਤਾ ਅਤੇ ਮੁਲਜ਼ਮ ਵਜੋਂ ਸਾਹਮਣੇ ਆਇਆ। ਇਸ ਕਾਂਡ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਜੇਲ੍ਹ ‘ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਖ਼ਤਰਨਾਕ ਅੱਤਵਾਦੀਆਂ ਅਤੇ ਗੈਂਗਸਟਰਾਂ (ਜਿਨ੍ਹਾਂ ਵਿੱਚ ਸੇਖੋਂ ਖੁਦ ਵੀ ਸ਼ਾਮਲ ਸੀ) ਨੂੰ ਫਰਾਰ ਕਰਵਾ ਲਿਆ ਸੀ। ਇਸ ਤੋਂ ਇਲਾਵਾ ਸੇਖੋਂ ਵਿਰੁੱਧ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਦਰਜਨਾਂ ਗੰਭੀਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਅਗਵਾ, ਡਰੱਗਜ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ UAPA ਕਾਨੂੰਨ ਤਹਿਤ ਮਾਮਲੇ ਸ਼ਾਮਲ ਹਨ।
‘ਮਸ਼ਹੂਰ ਸੁੱਖਾ ਕਾਹਲਵਾਂ ਕਤਲ ਕਾਂਡ‘
ਗੁਰਪ੍ਰੀਤ ਸੇਖੋਂ ਦਾ ਨਾਮ ਸਾਲ 2010 ਵਿੱਚ ਪੁਲਿਸ ਦੀ ਮੌਜੂਦਗੀ ਅੰਦਰ ਕਤਲ ਕੀਤੇ ਗਏ ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਜੁੜਿਆ ਸੀ ਅਤੇ ਇਸ ਮਾਮਲੇ ਵਿੱਚ ਸੇਖੋਂ ਉੱਤੇ ਕੇਸ ਵੀ ਦਰਜ ਹੋਇਆ ਸੀ। ਸੁੱਖਾ ਕਾਹਲਵਾਂ ਨੂੰ ਪੇਸ਼ੀ ਉੱਤੇ ਪੰਜਾਬ ਪੁਲਿਸ ਵੈਨ ਵਿੱਚ ਫਗਵਾੜਾ ਤੋਂ ਨਾਭਾ ਜੇਲ੍ਹ ਲੈ ਕੇ ਜਾ ਰਹੀ ਸੀ। ਇਸ ਦੌਰਾਨ ਪੁਲਿਸ ਦੀ ਗੱਡੀ ਜਲੰਧਰ ਵਿੱਚ ਗੁਰਾਇਆਂ ਕੋਲ ਪਹੁੰਚੀ ਤਾਂ ਬਦਮਾਸ਼ਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਪੁਲਿਸ ਮੁਲਜ਼ਮਾਂ ਨੂੰ ਗੱਡੀ ਵਿੱਚੋਂ ਉਤਾਰ ਕੇ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਪ੍ਰੀਤ ਸੇਖੋਂ ਦਾ ਸਬੰਧ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਵਿੱਕੀ ਗੌਂਡਰ ਨਾਲ ਵੀ ਦੱਸਿਆ ਜਾਂਦਾ ਰਿਹਾ ਹੈ। ਜਦੋਂ ਗੁਰਪ੍ਰੀਤ ਸੇਖੋਂ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਇਆ ਤਾਂ ਵਿੱਕੀ ਗੌਂਡਰ ਵੀ ਨਾਲ ਫਰਾਰ ਹੋਇਆ ਸੀ। ਪੁਲਿਸ ਰਿਕਾਰਡ ਮੁਤਾਬਿਕ ਸੇਖੋਂ ਨੂੰ ਨਾਭਾ ਜ਼ੇਲ੍ਹ ਬ੍ਰੇਕ ਕਾਂਡ ਵਿੱਚ 10 ਸਾਲ ਦੀ ਸਜ਼ਾ ਹੋਈ ਸੀ। ਰਿਕਾਰਡ ਮੁਤਾਬਕ ਸੇਖੋਂ ਉੱਤੇ ਦਰਜ ਵਧੇਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਕਈ ਕੇਸ ਹੁਣ ਵੀ ਬਾਕੀ ਹਨ।
ਸੇਖੋਂ ਦਾ ਸਿਆਸੀ ਸਫ਼ਰ
ਦਸੰਬਰ 2025 ਵਿੱਚ ਹੋਈਆਂ ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੇ ਪਹਿਲੀ ਵਾਰ ਸਿੱਧੇ ਤੌਰ ‘ਤੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਚੋਣ ਦੌਰਾਨ ਸਭ ਤੋਂ ਵੱਧ ਚਰਚਾ ਉਨ੍ਹਾਂ ਦੀਆਂ ਦੋ ਪਤਨੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਅਤੇ ਦੋਵਾਂ ਵੱਲੋਂ ਵੱਡੀ ਜਿੱਤ ਦਰਜ ਕਰਨ ਦੀ ਰਹੀ।
ਦੋਵਾਂ ਪਤਨੀਆਂ ਨੇ ਲੜੀ ਚੋਣ ਅਤੇ ਸ਼ਾਨਦਾਰ ਜਿੱਤ ਕੀਤੀ ਦਰਜ
ਗੁਰਪ੍ਰੀਤ ਸੇਖੋਂ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੋ ਵੱਖ-ਵੱਖ ਜ਼ੋਨਾਂ ਤੋਂ ਆਪਣੀਆਂ ਦੋਵਾਂ ਪਤਨੀਆਂ ਨੂੰ ਅਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਵਾਈ ਸੀ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਹਾਸਲ ਸੀ।
- ਮਨਦੀਪ ਕੌਰ ਸੇਖੋਂ (ਪਹਿਲੀ ਪਤਨੀ): ਇਨ੍ਹਾਂ ਨੇ ਫ਼ਿਰੋਜ਼ਪੁਰ ਦੇ ਬਜੀਦਪੁਰ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਅਤੇ ਲਗਭਗ 8,500 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ
- ਕੁਲਜੀਤ ਕੌਰ ਸੇਖੋਂ (ਦੂਜੀ ਪਤਨੀ): ਇਨ੍ਹਾਂ ਨੇ ਫ਼ਿਰੋਜ਼ਪੁਰ ਦੇ ਹੀ ਫ਼ਿਰੋਜ਼ਸ਼ਾਹ ਜ਼ੋਨ ਤੋਂ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾਈ ਅਤੇ ਲਗਭਗ 3,500 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
ਬਲਾਕ ਸੰਮਤੀ ਚੋਣਾਂ ਵਿੱਚ ਦਬਦਬਾ
ਜ਼ਿਲ੍ਹਾ ਪ੍ਰੀਸ਼ਦ ਦੇ ਨਾਲ-ਨਾਲ ਫ਼ਿਰੋਜ਼ਪੁਰ ਦੇ ਘੱਲ ਖ਼ੁਰਦ ਬਲਾਕ ਦੀਆਂ ਬਲਾਕ ਸੰਮਤੀ ਚੋਣਾਂ ਵਿੱਚ ਵੀ ਸੇਖੋਂ ਦੇ ਧੜੇ ਦਾ ਵੱਡਾ ਦਬਦਬਾ ਦੇਖਣ ਨੂੰ ਮਿਲਿਆ:
- ਸੇਖੋਂ ਗਰੁੱਪ ਨੇ ਇਸ ਬਲਾਕ ਦੀਆਂ ਕੁੱਲ ਸੀਟਾਂ ਵਿੱਚੋਂ 23 ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ।
- ਸਥਾਨਕ ਰਾਜਨੀਤਿਕ ਸਮੀਕਰਨਾਂ ਨੂੰ ਬਦਲਦਿਆਂ, ਉਨ੍ਹਾਂ ਦੇ 23 ਵਿੱਚੋਂ 14 ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਦਰਜ ਕੀਤੀ।
‘ਚੋਣਾਂ ਦੌਰਾਨ ਗ੍ਰਿਫ਼ਤਾਰੀ ਅਤੇ ਹਾਈਵੇਅ ਜਾਮ‘
ਇਸ ਚੋਣ ਪ੍ਰਦਰਸ਼ਨ ਦੇ ਪਿੱਛੇ ਇੱਕ ਵੱਡਾ ਸਿਆਸੀ ਡਰਾਮਾ ਵੀ ਹੋਇਆ ਸੀ। ਚੋਣ ਪ੍ਰਚਾਰ ਦੌਰਾਨ ਫ਼ਿਰੋਜ਼ਪੁਰ ਪੁਲਿਸ ਨੇ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੇਖੋਂ ਨੇ ਇਲਜ਼ਾਮ ਲਗਾਇਆ ਸੀ ਕਿ ਇਹ ਕਾਰਵਾਈ ਫ਼ਿਰੋਜ਼ਪੁਰ ਦਿਹਾਤੀ ਦੇ ‘ਆਪ’ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੇ ਇਸ਼ਾਰੇ ‘ਤੇ ਸਿਆਸੀ ਰੰਜਿਸ਼ ਤਹਿਤ ਕੀਤੀ ਗਈ ਸੀ। ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੇਖੋਂ ਦੇ ਸਮਰਥਕਾਂ ਨੇ ਫ਼ਿਰੋਜ਼ਪੁਰ-ਲੁਧਿਆਣਾ ਰਾਸ਼ਟਰੀ ਰਾਜਮਾਰਗ (NH-5) ਨੂੰ ਜਾਮ ਕਰਕੇ ਵੱਡਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ।
ਚੋਣਾਂ ਅਤੇ ਅਗਲੀ ਰਣਨੀਤੀ
ਸੇਖੋਂ ਨੇ ਖ਼ੁਦ ਅਜੇ ਤੱਕ ਕੋਈ ਚੋਣ ਨਹੀਂ ਲੜੀ, ਪਰ ਇਨ੍ਹਾਂ ਸਥਾਨਕ ਚੋਣਾਂ ਵਿੱਚ ਮਿਲੀ ਸਫ਼ਲਤਾ ਅਤੇ ਲਗਭਗ 50,000 ਸੋਸ਼ਲ ਮੀਡੀਆ ਫਾਲੋਅਰਜ਼ ਦੇ ਜ਼ਮੀਨੀ ਪ੍ਰਭਾਵ ਸਦਕਾ ਉਨ੍ਹਾਂ ਨੇ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨ ਲਈ ਆਪਣਾ ਦਫ਼ਤਰ ਵੀ ਖੋਲ੍ਹ ਲਿਆ ਸੀ। ਹਾਲਾਂਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਸਿੱਧਾ ‘ਆਪ’ ਵਿੱਚ ਸ਼ਾਮਲ ਕਰ ਲੈਣ ਕਾਰਨ, ਪਾਰਟੀ ਵੱਲੋਂ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੀਰਾ ਹਲਕੇ ਤੋਂ ਉਮੀਦਵਾਰ ਬਣਾਉਣ ਦੀਆਂ ਕਨਸੋਆਂ ਨੇ ਜ਼ੋਰ ਫੜ ਲਿਆ ਹੈ।
ਕੀ ਕਹਿੰਦੇ ਹਨ ‘ਆਪ‘ ਵਿਧਾਇਕ?
ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਨੇ ETV ਭਾਰਤ ਨਾਲ ਗੱਲਬਾਤ ਦੌਰਾਨ ਇਸ ਪੂਰੇ ਮਾਮਲੇ ‘ਤੇ ਨਪਿਆ-ਤੁਲਿਆ ਬਿਆਨ ਦਿੱਤਾ ਹੈ। ਗੁਰਪ੍ਰੀਤ ਸੇਖੋਂ ਦੀ ‘ਆਪ’ ਵਿੱਚ ਐਂਟਰੀ ਅਤੇ ਟਿਕਟ ਦੇ ਦਾਅਵੇ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਦਹੀਆ ਨੇ ਆਖਿਆ ਕਿ, “ਪਾਰਟੀ ਹਾਈਕਮਾਂਡ ਨੇ ਜੇਕਰ ਗੁਰਪ੍ਰੀਤ ਸੇਖੋਂ ਨੂੰ ਸ਼ਾਮਲ ਕੀਤਾ ਹੈ ਤਾਂ ਯਕੀਨਨ ਸਾਰੇ ਸਿਆਸੀ ਸਮੀਕਰਨਾਂ ਨੂੰ ਸੋਚ–ਸਮਝ ਕੇ ਹੀ ਇਹ ਫੈਸਲਾ ਲਿਆ ਹੋਵੇਗਾ। ਰਹੀ ਗੱਲ ਪਿਛਲੇ ਸਮੇਂ ਦੌਰਾਨ ਸਾਡੇ ਵਿਚਕਾਰ ਹੋਈ ਖਿੱਚੋਤਾਣ ਦੀ ਤਾਂ ਚੋਣਾਂ ਵੇਲੇ ਅਜਿਹੀਆਂ ਗੱਲਾਂ ਮੌਕੇ ਦੀ ਸਿਆਸਤ ਦਾ ਹਿੱਸਾ ਹੁੰਦੀਆਂ ਹਨ, ਜਿਨ੍ਹਾਂ ਨੂੰ ਹੁਣ ਪਿੱਛੇ ਛੱਡ ਦਿੱਤਾ ਗਿਆ ਹੈ। ਸੇਖੋਂ ਨੂੰ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦੀ ਟਿਕਟ ਮਿਲੇਗੀ ਜਾਂ ਨਹੀਂ, ਇਸ ਦਾ ਅੰਤਿਮ ਫੈਸਲਾ ਪਾਰਟੀ ਲੀਡਰਸ਼ਿਪ ਕਰੇਗੀ। ਪਰ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੀ ਫ਼ਿਰੋਜ਼ਪੁਰ ਦਿਹਾਤੀ ਦੀ ਸੀਟ ਐੱਸ.ਸੀ. ਰਿਜ਼ਰਵ ਹੈ, ਇਸ ਲਈ ਮੇਰੇ ਹਲਕੇ ‘ਤੇ ਇਸ ਦਾ ਕੋਈ ਸਿੱਧਾ ਅਸਰ ਨਹੀਂ ਹੈ।”
“ਗੈਂਗਸਟਰਵਾਦ ਤੋਂ ਕੋਈ ਪਾਰਟੀ ਅਛੂਤੀ ਨਹੀਂ“
ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਕਹਿੰਦੇ ਹਨ ਕਿ, “ਗੈਂਗਸਟਰਾਂ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਮੇਂ–ਸਮੇਂ ਵਧਾਵਾ ਦਿੱਤਾ ਹੈ, ਇਸ ਤੋਂ ਕੋਈ ਵੀ ਪਾਰਟੀ ਬਚੀ ਹੋਈ ਨਹੀਂ ਹੈ। ਜੇਕਰ ਕੋਈ ਸਮੇਂ ਦੇ ਹਾਲਾਤ ਮੁਤਾਬਕ ਗ਼ਲਤ ਰਾਹ ‘ਤੇ ਚਲਾ ਜਾਵੇ ਅਤੇ ਹੁਣ ਮੁੱਖ ਧਾਰਾ ਵਿੱਚ ਆਉਣਾ ਚਾਹੇ ਤਾਂ ਉਸ ਨੂੰ ਅਪਣਾਉਣ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਪਰ, ਸਿਆਸਤ ਵਿੱਚ ਇੰਨੀ ਛੇਤੀ ਇੰਨੀਆ ਵੱਡੀਆਂ ਜ਼ਿੰਮੇਵਾਰੀਆਂ ਕਿਸੇ ਸ਼ਖ਼ਸ ਨੂੰ ਉਦੋਂ ਤੱਕ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਦੋਂ ਤੱਕ ਅਦਾਲਤਾਂ ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਰੇ ਇਲਜ਼ਾਮਾਂ ਤੋਂ ਬਰੀ ਨਹੀਂ ਕਰ ਦਿੰਦੀਆਂ।”
“ਉਸ ਕਾਲ਼ੇ ਦੌਰ ਦੇ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੇ ਸੰਘਰਸ਼ ਦਾ ਰਾਹ ਚੁਣਿਆ ਸੀ, ਜੇ ਉਹ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਸਮਾਜ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਿਨਾ ਪੱਖਪਾਤ ਦੇ ਅਪਣਾਉਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਸਿਲੈਕਟਿਵ ਰਾਜਨੀਤੀ ਜਾਂ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ।”- ਜੈ ਸਿੰਘ ਛਿੱਬਰ,ਸੀਨੀਅਰ ਪੱਤਰਕਾਰ
“ਸਰਕਾਰਾਂ ਤੋਂ ਅੱਕੇ ਲੋਕ ਇਨ੍ਹਾਂ ਨੂੰ ਸਭ ਕੁਝ ਮੰਨਦੇ“
ਸਿਆਸੀ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਮਨਜੀਤ ਸਿੰਘ ‘ਆਪ’ ਵੱਲੋਂ ਗੁਰਪ੍ਰੀਤ ਸੇਖੋਂ ਨੂੰ ਸ਼ਾਮਲ ਕਰਵਾਏ ਜਾਣ ਦੀ ਇੱਕੋ ਵਜ੍ਹਾ ਦੱਸਦੇ ਹਨ “ਵਿਨੇਬਿਲਿਟੀ”, ਯਾਨਿ ਜਿੱਤਣ ਦੀ ਆਸ। ਉਹ ਕਹਿੰਦੇ ਹਨ ਕਿ, “ਸਿਆਸੀ ਪਾਰਟੀਆਂ ਨੂੰ ਉਹੀ ਸ਼ਖ਼ਸ ਚੰਗਾ ਲਗਦਾ ਹੈ ਜੋ ਚੋਣਾਂ ਜਿੱਤ ਸਕਦਾ ਹੋਵੇ, ਫਿਰ ਭਾਵੇਂ ਉਹ ਸਾਧੂ ਹੋਵੇ ਤੇ ਭਾਵੇਂ ਗੁੰਡਾ।” ਆਮ ਲੋਕਾਂ ਨੇ ਵੀ ਸੇਖੋਂ ਨੂੰ ਸਥਾਨਕ ਚੋਣਾਂ ਵਿੱਚ ਜਿੱਤ ਦੁਆਈ। ਇਸ ਬਾਰੇ ਬੋਲਦੇ ਹੋਏ ਉਹ ਕਹਿੰਦੇ ਹਨ ਕਿ, “ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੇ ਕੰਮ ਕਰਵਾਉਣਾ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕਰਨਾ। ਪਰ ਅਸਲੀਅਤ ਇਸ ਤੋਂ ਉਲਟ ਹੈ।
ਸਿਆਸੀ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੁਤਾਬਕ, ‘ਜਦੋਂ ਲੋਕਾਂ ਦੀ ਸਰਕਾਰਾਂ ਤੋਂ ਆਸ ਟੁੱਟਦੀ ਹੈ ਤਾਂ ਉਹ ਸੇਖੋਂ ਵਰਗੇ ਅਨਸਰਾਂ ਦਾ ਰੁਖ਼ ਕਰਦੇ ਹਨ। ਜੋ ਲੋਕਾਂ ਦੇ ਆਮ ਜਿਹੀਆਂ ਜ਼ਰੂਰਤਾਂ ਜਿਵੇਂ ਛੋਟੇ ਮੋਟੇ ਫਸੇ ਹੋਏ ਕੰਮ, ਝਗੜਿਆਂ ਦੇ ਹੱਲ ਜਾਂ ਇਨਸਾਫ਼ ਆਪਣੀ ਧੌਂਸ ਨਾਲ ਕਰਵਾ ਦਿੰਦੇ ਹਨ। ਪੰਜਾਬ ਵਿੱਚ 80-90 ਦੇ ਦਹਾਕੇ ਦੌਰਾਨ ਖਾੜਕੂ ਅਤੇ ਅੱਜ ਦੇ ਸਮੇਂ ਵਿੱਚ ਗੈਂਗਸਟਰ ਅਜਿਹੇ ਕੰਮ ਕਰਦੇ ਰਹਿੰਦੇ ਅਤੇ ਸਟੇਟ ਤੋਂ ਅੱਕੇ ਲੋਕ ਇਨ੍ਹਾਂ ਨੂੰ ਹੀ ਆਪਣਾ ਸਭ ਕੁਝ ਮੰਨਣਾ ਸ਼ੁਰੂ ਕਰ ਦਿੰਦੇ ਹਨ। ਭਾਵੇਂ ਇਹ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਰਲ਼ ਕੇ ਚੱਲਦੇ ਹਨ ਪਰ ਆਮ ਲੋਕਾਂ ਵਿੱਚ ਆਪਣਾ ਅਕਸ ਸਾਫ–ਸੁਥਰਾ ਰੱਖਦੇ ਹਨ, ਜਿਸ ਕਰਕੇ ਸਿਆਸੀ ਪਾਰਟੀਆਂ ਨੂੰ ਵੀ ਇਨ੍ਹਾਂ ਦੀ ਲੋੜ ਮਹਿਸੂਸ ਹੁੰਦੀ ਹੈ।”
ETV BHARAT