ਪਿੰਡ ਵਿੱਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
ਪੰਜਾਬ ਦਾ ਇੱਕ ਹੋਣਹਾਰ ਨੌਜਵਾਨ ਕੈਨੇਡਾ ਵਿੱਚ ਜੱਜ ਬਣ ਚੁੱਕਿਆ ਹੈ, ਜੱਜ ਬਣਨ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ।
25 ਮਈ, 2026 – ਖੰਨਾ (ਲੁਧਿਆਣਾ): ਪੰਜਾਬ ਦੇ ਇੱਕ ਹੋਣਹਾਰ ਨੌਜਵਾਨ ਵੱਲੋਂ ਪੂਰੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਵਿਕਰਮਜੀਤ ਸਿੰਘ ਔਜਲਾ ਨਾਮ ਦਾ ਨੌਜਵਾਨ ਕੈਨੇਡਾ ਵਿੱਚ ਜੱਜ ਬਣ ਚੁੱਕਿਆ ਹੈ, ਜਿਸ ਕਰਕੇ ਅੱਜ ਪੂਰਾ ਪੰਜਾਬ ਉਸ ਨੌਜਵਾਨ ਨੂੰ ਸਲਾਮਾਂ ਕਰ ਰਿਹਾ ਹੈ, ਉਸ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।
ਖੰਨਾ ਦੇ ਪਿੰਡ ਨਸਰਾਲੀ ਦਾ ਰਹਿਣ ਵਾਲਾ ਹੈ ਵਿਕਰਮਜੀਤ ਸਿੰਘ ਔਜਲਾ
ਖੰਨਾ ਦੇ ਨਜ਼ਦੀਕੀ ਪਿੰਡ ਨਸਰਾਲੀ ਲਈ ਮਾਣ ਵਾਲਾ ਪਲ ਉਸ ਵੇਲੇ ਆਇਆ ਜਦੋਂ ਪਿੰਡ ਨਾਲ ਸਬੰਧਤ ਵਿਕਰਮਜੀਤ ਸਿੰਘ ਔਜਲਾ ਨੂੰ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਜੱਜ ਨਿਯੁਕਤ ਕੀਤਾ ਗਿਆ। ਜਿਸ ਨਸਰਾਲੀ ਪਿੰਡ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੂੰ ਜਨਮ ਦਿੱਤਾ ਸੀ, ਹੁਣ ਉਸੇ ਪਿੰਡ ਦਾ ਇੱਕ ਹੋਰ ਪੁੱਤਰ ਵਿਦੇਸ਼ ਦੀ ਧਰਤੀ ’ਤੇ ਨਿਆਂਪਾਲਿਕਾ ਦੇ ਉੱਚ ਅਹੁਦੇ ਤੱਕ ਪਹੁੰਚ ਕੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ। ਇਸ ਉਪਲਬਧੀ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਇਸ ਨੂੰ ਨਸਰਾਲੀ ਲਈ ਇਤਿਹਾਸਕ ਪਲ ਕਰਾਰ ਦਿੱਤਾ।
ਵਿਕਰਮਜੀਤ ਸਿੰਘ ਦੇ ਪਿਤਾ ਦੇ ਦੋਸਤ ਨੇ ਸਾਂਝੀਆਂ ਕੀਤੀ ਅਹਿਮ ਗੱਲਾਂ
ਰਿਟਾਇਰਡ ਅਧਿਆਪਕ ਜਸਵੰਤ ਸਿੰਘ ਨੇ ਦੱਸਿਆ ਕਿ “ਮੈਂ ਵਿਕਰਮਜੀਤ ਸਿੰਘ ਦੇ ਪਿਤਾ ਨਾਹਰ ਸਿੰਘ ਦਾ ਕਰੀਬੀ ਦੋਸਤ ਹਾਂ। ਔਜਲਾ ਪਰਿਵਾਰ ਸਾਲ 1976 ਵਿੱਚ ਕੈਨੇਡਾ ਵਸ ਗਿਆ ਸੀ ਅਤੇ ਵਿਕਰਮਜੀਤ ਸਿੰਘ ਦਾ ਜਨਮ ਵੀ ਉੱਥੇ ਹੀ ਹੋਇਆ। ਬਚਪਨ ਤੋਂ ਹੀ ਉਹ ਪੜ੍ਹਾਈ ਵਿੱਚ ਹੋਣਹਾਰ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਰਿਹਾ ਹੈ। ਪਿੰਡ ਨਾਲ ਸਬੰਧਤ ਪਰਿਵਾਰ ਦੇ ਪੁੱਤਰ ਦਾ ਜੱਜ ਬਣਨਾ ਹਰ ਨਸਰਾਲੀ ਵਾਸੀ ਲਈ ਮਾਣ ਦੀ ਗੱਲ ਹੈ। ਮੈਨੂੰ 2018 ਵਿੱਚ ਕੈਨੇਡਾ ਜਾਣ ਦਾ ਮੌਕਾ ਮਿਲਿਆ ਸੀ, ਜਿੱਥੇ ਮੇਰੀ ਨਾਹਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਸੀ ਇਸ ਦੌਰਾਨ ਹੀ ਮੈਂ ਉਨ੍ਹਾਂ ਦੇ ਪੁੱਤਰ ਵਿਕਰਮਜੀਤ ਸਿੰਘ ਔਜਲਾ ਨੂੰ ਮਿਲਿਆ, ਉਸ ਸਮੇਂ ਉਹ ਵਕੀਲ ਵਜੋਂ ਨੌਕਰੀ ਕਰ ਰਿਹਾ ਸੀ।”
ਜਸਵੰਤ ਸਿੰਘ ਨੇ ਦੱਸਿਆ ਕਿ “ਵਿਕਰਮਜੀਤ ਸਿੰਘ ਦੇ ਪਿਤਾ ਨਾਹਰ ਸਿੰਘ ਔਜਲਾ ਕੈਨੇਡਾ ਵਿੱਚ ਸਿਟੀ ਕੌਂਸਲਰ ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਇਸ ਵੇਲੇ ਵੀ ਸਿਟੀ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ। ਪਰਿਵਾਰ ਦੀ ਸਮਾਜਿਕ ਅਤੇ ਜਨ ਸੇਵਾ ਦੀ ਪਿਛੋਕੜ ਨੇ ਵੀ ਵਿਕਰਮਜੀਤ ਸਿੰਘ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।”
ਪਿੰਡ ਵਾਸੀ ਕਰ ਰਹੇ ਮਾਣ ਮਹਿਸੂਸ
ਪਿੰਡ ਦੇ ਹੀ ਰਹਿਣ ਵਾਲੇ ਹਾਕਮ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਔਜਲਾ ਨੇ ਸਾਲ 2011 ਵਿੱਚ ਓਨਟਾਰੀਓ ਬਾਰ ਕੌਂਸਲ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਰੈਂਪਟਨ ਵਿੱਚ ਪੀਲ ਕਰਾਊਨ ਅਟਾਰਨੀ ਦਫ਼ਤਰ ਵਿੱਚ ਸਹਾਇਕ ਕਰਾਊਨ ਅਟਾਰਨੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਕਈ ਗੰਭੀਰ ਅਤੇ ਜਟਿਲ ਅਪਰਾਧਿਕ ਮਾਮਲਿਆਂ ਦੀ ਸਫ਼ਲ ਪੈਰਵੀ ਕੀਤੀ ਅਤੇ ਆਪਣੀ ਯੋਗਤਾ ਦੇ ਬਲ ‘ਤੇ ਕਾਨੂੰਨੀ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ। ਹਾਕਮ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਸਿਰ ‘ਤੇ ਦੁਨੀਆਂ ਭਰ ਵਿੱਚ ਸਫ਼ਲਤਾ ਦੇ ਝੰਡੇ ਗੱਡੇ ਹਨ। ਵਿਕਰਮਜੀਤ ਸਿੰਘ ਦੀ ਨਿਯੁਕਤੀ ਵੀ ਇਸ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਸਰਾਲੀ ਪਿੰਡ ਨੇ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਅਤੇ ਵਿਦੇਸ਼ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ।
‘ਨੌਜਵਾਨਾਂ ਲਈ ਪ੍ਰੇਰਣਾ ਸਰੋਤ‘
ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਵਿਕਰਮਜੀਤ ਸਿੰਘ ਔਜਲਾ ਦੇ ਜੱਜ ਬਣਨ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ ਅਤੇ ਸਾਬਤ ਕਰਦੀ ਹੈ ਕਿ ਮਿਹਨਤ ਅਤੇ ਸਮਰਪਣ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਵਿਕਰਮਜੀਤ ਸਿੰਘ ਔਜਲਾ ਦੀ ਇਸ ਉਪਲਬਧੀ ਨਾਲ ਨਸਰਾਲੀ ਪਿੰਡ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜਿਸ ਧਰਤੀ ਨੇ ਕਦੇ ਧਰਮਿੰਦਰ ਵਰਗਾ ਮਹਾਨ ਕਲਾਕਾਰ ਦਿੱਤਾ ਸੀ, ਅੱਜ ਉਸੇ ਧਰਤੀ ਦਾ ਪੁੱਤਰ ਕੈਨੇਡਾ ਦੀ ਨਿਆਂਪਾਲਿਕਾ ਵਿੱਚ ਜੱਜ ਬਣ ਕੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਰਿਹਾ ਹੈ।
ETV BHARAT