ਕਿਸਾਨਾਂ ਨੇ ਪ੍ਰਸ਼ਾਸਨਿਕ ਲਾਪਰਵਾਹੀ ਦੇ ਲਾਏ ਇਲਜ਼ਾਮ
ਕਿਸਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਹਰ ਸਾਲ ਅਜਿਹੇ ਹਲਾਤ ਬਣਦੇ ਹਨ, ਪਰ ਪਹਿਲਾ ਕੋਈ ਪ੍ਰਬੰਧ ਨਹੀਂ ਕਰਦਾ।
24 ਜੁਲਾਈ, 2026 – ਅੰਮ੍ਰਿਤਸਰ/ਗੁਰਦਾਸਪੁਰ: ਭਾਰੀ ਮੀਂਹ ਕਾਰਨ ਗੱਗੋਮਾਹਲ ਪਿੰਡ ਅਤੇ ਪੰਜਾਬ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ, ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਸ਼ਾਸਨਿਕ ਲਾਪਰਵਾਹੀ ਨੇ ਸਥਿਤੀ ਨੂੰ ਹੋਰ ਵਿਗੜ ਦਿੱਤਾ ਹੈ। ਜਿਸ ਤਹਿਤ ਖੇਤਾਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਪਾਣੀ ਭਰ ਜਾਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼, ਪੰਜਾਬ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਗਾਏ ਹਨ।
‘ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਿਸਾਨਾਂ ਦਾ ਹੋਇਆ ਨੁਕਸਾਨ‘
ਕਿਸਾਨ ਪਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ‘ਡੇਰਾ ਬਾਬਾ ਨਾਨਕ–ਅੰਮ੍ਰਿਤਸਰ ਮੁੱਖ ਸੜਕ ਸਮੇਤ ਕਈ ਸੰਪਰਕ ਮਾਰਗ ਪਾਣੀ ਹੇਠ ਆ ਚੁੱਕੇ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਤਰਾ ਬਣ ਗਿਆ ਹੈ। ਜੇਕਰ ਜਲਦੀ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਸਕਦੀਆਂ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਖ਼ਰਾਬ ਹੋ ਜਾਵੇਗੀ। ਬਰਸਾਤ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਪੁਲਾਂ ਹੇਠ ਉੱਗੀ ਬੂਟੀ ਵੀ ਨਹੀਂ ਹਟਾਈ ਗਈ। ਇਸ ਕਾਰਨ ਮੀਂਹ ਦਾ ਪਾਣੀ ਅੱਗੇ ਨਹੀਂ ਨਿਕਲ ਸਕਿਆ ਅਤੇ ਪਿੰਡਾਂ ਅਤੇ ਖੇਤਾਂ ਵਿੱਚ ਇਕੱਠਾ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਨਾਲੋਂ ਵੱਧ ਪ੍ਰਸ਼ਾਸਨ ਦੀ ਅਣਦੇਖੀ ਅਤੇ ਨਾਕਾਮੀ ਦਾ ਨਤੀਜਾ ਹੈ।
ਆਪ ਮੁਹਾਰੇ ਲੱਗੇ ਲੋਕ
ਕਿਸਾਨ ਆਗੂ ਨੇ ਕਿਹਾ ਕਿ ‘ਇੰਨੇ ਗੰਭੀਰ ਹਾਲਾਤ ਦੇ ਬਾਵਜੂਦ ਅਜੇ ਤੱਕ ਨਾ ਕੋਈ ਰਾਹਤ ਟੀਮ ਮੌਕੇ ‘ਤੇ ਪਹੁੰਚੀ ਹੈ, ਨਾ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਨਾ ਹੀ ਕੋਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਇਆ ਹੈ। ਲੋਕ ਆਪਣੇ ਪੱਧਰ ‘ਤੇ ਪਾਣੀ ਦੀ ਨਿਕਾਸੀ ਲਈ ਯਤਨ ਕਰ ਰਹੇ ਹਨ, ਜਦਕਿ ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।‘
ਮੁਆਵਜ਼ੇ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਜਾਣ, ਪਾਣੀ ਦੀ ਨਿਕਾਸੀ ਲਈ ਲੋੜੀਂਦੀਆਂ ਮਸ਼ੀਨਾਂ ਤਾਇਨਾਤ ਕੀਤੀਆਂ ਜਾਣ, ਡੁੱਬੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਗੁਰਦਾਸਪੁਰ ‘ਚ ਵੀ ਵਧਿਆ ਪਾਣੀ
ਉਧਰ ਗੁਰਦਾਸਪੁਰ ‘ਚ ਵੀ ਕੁਝ ਅਜਿਹਾ ਹੀ ਹਾਲ ਹੈ, ਜਿਥੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਵਹਿੰਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਉੱਥੇ ਸਰਹੱਦੀ ਪਿੰਡਾਂ ਵਿੱਚੋਂ ਗੁਜ਼ਰਦੇ ਸੱਕੀ ਕਿਰਨ ਨਾਲਾ ਜਿਸ ਨੇ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਵੱਡੀ ਤਬਾਹੀ ਮਚਾਈ ਸੀ। ਉਸ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸਰਹੱਦੀ ਪਿੰਡ ਡੇਅਰੀ ਵਾਲ ਕਿਰਨ ਦੇ ਪੁੱਲ ਨੇੜੇ ਪਾਣੀ ਦੇ ਤੇਜ਼ ਵਹਾਅ ਨਾਲ ਸੜਕ ਨੂੰ ਢਾਹ ਲੱਗਣ ਕਾਰਨ ਇਹ ਪੁੱਲ ਟੁੱਟਣ ਦਾ ਖਦਸ਼ਾ ਬਣਿਆ ਹੋਇਆ ਹੈ। ਜਿਸ ਕਾਰਨ ਪਿੰਡ ਡੇਅਰੀ ਵਾਲ ਕਿਰਨ ਅਤੇ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਸੱਕੀ ਕਿਰਨ ਨਾਲੇ ਦੀ ਸਫਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਾਲ ਪਿੰਡ ਦੇ ਵਾਸੀ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ, ਰਸ਼ਪਾਲ ਸਿੰਘ ਹਰਦੀਪ ਸਿੰਘ, ਰਵਿੰਦਰ ਸਿੰਘ ਸਾਹਿਬ ਸਿੰਘ ਆਦਿ ਵੱਲੋਂ ਸੱਕੀ ਨਾਲੇ ਦੇ ਪਾਣੀ ਨਾਲ ਪੁਲ ਅਤੇ ਸੜਕ ਨੂੰ ਲੱਗੇ ਖੋਰੇ ਵਾਲੀ ਥਾਂ ‘ਤੇ ਮਿੱਟੀ ਦੀਆਂ ਬੋਰੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ‘ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਇਸ ਨਾਲੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਉਹਨਾਂ ਕਿਹਾ ਕਿ ਇਸ ਸੱਕੀ ਕਿਰਨ ਨਾਲੇ ਦੀ ਸਫਾਈ ਨਾ ਹੋਣ ਕਾਰਨ ਪਾਣੀ ਨਾਲ ਰੁੜ ਕੇ ਆਈ ਜਲ ਕੰਭੀ ਅਤੇ ਹੋਰ ਬੂਟੀਆਂ ਡੇਅਰੀ ਵਾਲ ਪਿੰਡ ਦੇ ਬਾਹਰਵਾਰ ਸੱਕੀ ਕਿਰਨ ਨਾਲੇ ਦੇ ਪੁਲ ਹੇਠਾਂ ਫੱਸ ਗਈਆਂ ਹਨ ਅਤੇ ਪਾਣੀ ਦੀ ਡਾਫ ਲੱਗਣ ਕਰਕੇ ਪੁਲ ਦੇ ਨੇੜੇ ਸੜਕ ਨੂੰ ਪਾਣੀ ਢਾਹ ਲਾ ਰਿਹਾ ਹੈ।
ETV BHARAT