12 ਫਰਵਰੀ, 2025 – ਬਠਿੰਡਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ ਅਤੇ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਅੱਜ ਵੀ ਜਾਰੀ ਰਿਹਾ। ਵਕੀਲ ਆਪਣੇ ਸਾਥੀ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਦਾ ਪਿੜ ਮੱਲੀ ਬੈਠੇ ਹਨ।
ਲੰਘੀ 22 ਜਨਵਰੀ ਨੂੰ ਇਥੇ ਨੈਸ਼ਨਲ ਫ਼ਰਟੀਲਾਈਜ਼ਰ ਦੇ ਗੇਟ ਨੰਬਰ ਦੋ ਦੇ ਨੇੜੇ ਕਥਿਤ ਗੋਲੀਬਾਰੀ ’ਚ ਵਾਲ-ਵਾਲ ਬਚੇ ਵਕੀਲ ਯਸ਼ਪਿੰਦਰ ਪਾਲ ਸਿੰਘ ਯਸ਼ ਦੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਐਸੋਸੀਏਸ਼ਨ ਦੇ ਸਕੱਤਰ ਗੁਰਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਗੁਲਸ਼ਨਦੀਪ ਸਿੰਘ ਸਿੱਧੂ, ਖ਼ਜ਼ਾਨਚੀ ਉਮਾ ਗਿਰੀ, ਰਾਜਨ ਗਰਗ ਆਦਿ ਨੇ ਦੋਸ਼ ਲਾਏ ਕਿ ਯਸ਼ ’ਤੇ ਦੋ ਕਾਰ ਸਵਾਰਾਂ ਵੱਲੋਂ ਫ਼ਾਇਰਿੰਗ ਕੀਤੀ ਗਈ ਸੀ ਪਰ ਉਹ ਜਾਨ ਬਚਾ ਕੇ ਭੱਜਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਕਿਹਾ ਕਿ ਥਾਣਾ ਥਰਮਲ ’ਚ ਇਸ ਸਬੰਧੀ ਐੱਫਆਈਆਰ ਦਰਜ ਹੋਈ ਸੀ ਪਰ ਮੁਲਜ਼ਮਾਂ ਦੀ ਸ਼ਨਾਖ਼ਤ ਯਸ਼ ਵੱਲੋਂ ਦੱਸੇ ਜਾਣ ’ਤੇ ਵੀ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਉਲਟਾ ਪੁਲੀਸ ਨੇ ਯਸ਼ ਦਾ ਲਾਇਸੈਂਸੀ ਅਸਲਾ ਤੇ ਫ਼ੋਨ ਵੀ ਆਪਣੇ ਕੋਲ ਰੱਖਿਆ ਹੋਇਆ ਹੈ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਹਮਲਾਵਰਾਂ ਨੂੰ ਪੁਲੀਸ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਬਾ-ਦਸਤੂਰ ਜਾਰੀ ਰੱਖਿਆ ਜਾਵੇਗਾ।
ਅੱਜ ਪ੍ਰਦਰਸ਼ਨ ਦੌਰਾਨ ਐੱਸਐੱਸਪੀ ਅਮਨੀਤ ਕੌਂਡਲ ਨੇ ਐਸੋਸੀਏਸ਼ਨ ਦੇ ਸਕੱਤਰ ਗੁਰਿੰਦਰ ਸਿੱਧੂ ਸਮੇਤ ਪੰਜ ਮੈਂਬਰੀ ਵਫ਼ਦ ਨਾਲ ਗੱਲਬਾਤ ਕੀਤੀ। ਸ੍ਰੀ ਸਿੱਧੂ ਅਨੁਸਾਰ ਜ਼ਿਲ੍ਹਾ ਪੁਲੀਸ ਕਪਤਾਨ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਲਕੇ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਤਾਂ ਵਫ਼ਦ ਨੇ ਰਜ਼ਾਮੰਦੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਭਰੋਸਾ ਮਿਲਣ ਮਗਰੋਂ ਫਿਲਹਾਲ ਸੰਘਰਸ਼ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ
test