ਲੁਧਿਆਣਾ ਕਾਰੋਬਾਰੀਆਂ ਨੇ ਸੈਂਟਰਲ ਜ਼ੋਨ ਮੁਖੀ ਜਗਦੇਵ ਸਿੰਘ ਹੰਸ ਨੂੰ ਮੰਗ ਪੱਤਰ ਦਿੱਤਾ ਹੈ।
05 ਸਤੰਬਰ, 2026 – ਲੁਧਿਆਣਾ: ਪੰਜਾਬ ਵਿੱਚ ਬਿਜਲੀ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। PSPCL ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ 2 ਸਤੰਬਰ ਨੂੰ ਬਿਜਲੀ ਦੀ ਮੰਗ ਪੰਜਾਬ ਦੇ ਵਿੱਚ 16 ਹਜ਼ਾਰ ਮੈਗਾਵਾਟ ਤੋਂ ਵਧੇਰੇ ਸੀ। ਇਸ ਦਾ ਵੱਡਾ ਕਾਰਨ ਕਮਜ਼ੋਰ ਮਾਨਸੂਨ ਅਤੇ ਵੱਧ ਰਹੇ ਤਾਪਮਾਨ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਸਾਲ 2 ਸਤੰਬਰ ਨੂੰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 6800 ਮੈਗਾਵਾਟ ਦੇ ਕਰੀਬ ਸੀ। ਇਸ ਸਾਲ ਡਿਮਾਂਡ ਦੋ ਗੁਣਾ ਤੋਂ ਜਿਆਦਾ ਵਧ ਗਈ ਹੈ, ਇਸ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਨੇ।
ਫੀਕੋ ਵੱਲੋਂ ਮੰਗ ਪੱਤਰ
ਫੈਡਰੇਸ਼ਨ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਔਰਗਨਾਈਜੇਸ਼ਨ ਦੇ ਮੁਖੀ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਦੇ ਵਿੱਚ ਵਿਚ ਦਿਨ PSPCL ਦੇ ਲੁਧਿਆਣਾ ਸੈਂਟਰਲ ਜ਼ੋਨ ਦੇ ਚੀਫ ਜਗਦੇਵ ਸਿੰਘ ਹੰਸ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਇੰਡਸਟਰੀ ਵੱਲੋਂ ਲਗਾਤਾਰ ਰੋਜ਼ਾਨਾ ਬਿਜਲੀ ਦੇ 5 ਘੰਟੇ ਤੱਕ ਕੱਟ ਲੱਗਣ ਦੀ ਨਿੰਦਿਆ ਕੀਤੀ ਗਈ। ਇਸ ਦੌਰਾਨ ਨੀਲਮ ਸਾਈਕਲ ਦੇ ਚੇਅਰਮੈਨ ਕੇਕੇ ਸੇਠ, ਗੁਰਮੀਤ ਕੁਲਾਰ ਅਤੇ ਹੋਰ ਕਈ ਕਾਰੋਬਾਰੀ ਵੀ ਮੌਜੂਦ ਰਹੇ।
“ਬਿਜਲੀ ਜਾਣ ਨਾਲ ਸਾਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ“
ਮੰਗ ਪੱਤਰ ਦੇ ਵਿੱਚ ਲਿਖਿਆ ਗਿਆ ਕਿ “ਇੰਡਸਟਰੀ ਕੁਝ ਦਿਨਾਂ ਤੋਂ ਲਗਾਤਾਰ ਲੱਗ ਰਹੇ ਅਨਸਡਿਊਲ ਬਿਜਲੀ ਦੇ ਕੱਟਾ ਤੋਂ ਪਰੇਸ਼ਾਨ ਹੈ। ਜਿਸ ਦਾ ਅਸਰ ਪ੍ਰੋਡਕਸ਼ਨ ‘ਤੇ ਪੈ ਰਿਹਾ ਹੈ, ਖਾਸ ਕਰਕੇ ਪੀਕ ਘੰਟਿਆਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਨੇ, ਪੰਜ–ਪੰਜ ਛੇ–ਛੇ ਘੰਟੇ ਬਿਜਲੀ ਨਹੀਂ ਆਉਂਦੀ। ਖਾਸ ਕਰਕੇ ਜਦੋਂ ਫਰਨੈਸ ਚਲਾਈਆਂ ਜਾਂਦੀਆਂ ਨੇ ਤਾਂ ਇੱਕ ਵਾਰੀ ਹੀਟ ਹੋਣ ਤੋਂ ਬਾਅਦ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਉਸ ਨੂੰ ਹੀਟ ਹੋਣ ਲਈ ਸੀ ਦੋ ਤੋਂ ਤਿੰਨ ਘੰਟੇ ਲੱਗਦੇ ਹਨ, ਇਸ ਦੌਰਾਨ ਬਿਜਲੀ ਜਾਣ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਕਰਕੇ ਇੰਡਸਟਰੀ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਉਪਰਾਲੇ ਕੀਤੇ ਜਾਣ“
ਬਿਜਲੀ ਦੀ ਮੰਗ ਵਧਣ ਦੇ ਕਾਰਨ
ਦਰਅਸਲ ਬਿਜਲੀ ਦੀ ਮੰਗ ਵਧਣ ਦੇ ਕਈ ਕਾਰਨ ਹਨ, ਜਿਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਸ ਵਾਰ ਮੌਨਸੂਨ ਕਮਜ਼ੋਰ ਰਹਿਣਾ ਹੈ। ਜਿਸ ਕਰਕੇ ਬਾਰਿਸ਼ਾਂ ਘੱਟ ਹੋਈਆਂ ਨੇ ਅਤੇ ਕਿਸਾਨ ਪੰਜਾਬ ਦੇ ਵਿੱਚ ਝੋਨਾ ਲਾਉਂਦੇ ਨੇ ਅਤੇ ਇਸ ਦੌਰਾਨ ਝੋਨੇ ਨੂੰ ਭਰਪੂਰ ਪਾਣੀ ਲਾਉਣ ਲਈ ਕਿਸਾਨਾਂ ਨੂੰ ਟਿਊਬਵੇਲਾਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਜਿਸ ਕਰਕੇ ਬਿਜਲੀ ਦੀ ਖਪਤ ਵਧੇਰੇ ਹੋ ਜਾਂਦੀ ਹੈ। ਲੁਧਿਆਣਾ ਵਿੱਚ ਹੀ ਅਗਸਤ ਮਹੀਨੇ ਦੇ ਅੰਦਰ 45 ਫੀਸਦੀ ਘੱਟ ਬਾਰਿਸ਼ ਰਹੀ ਹੈ। ਮੌਸਮ ਵਿਭਾਗ ਪੀਏਯੂ ਵੱਲੋਂ ਇਹਨਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਕਰਕੇ ਗਰਮੀ ਹਾਲੇ ਵੀ ਪੈ ਰਹੀ ਹੈ। ਜਿਸ ਕਰਕੇ ਘਰੇਲੂ ਉਤਪਾਦਨ ਦੇ ਵਿੱਚ ਵੀ ਬਿਜਲੀ ਦੀ ਕਾਫੀ ਮੰਗ ਵਧੀ ਹੈ। ਤਾਪਮਾਨ ਹਾਲੇ ਵੀ 35 ਡਿਗਰੀ ਤੋਂ ਵੱਧ ਚੱਲ ਰਿਹਾ ਹੈ, ਜਿਸ ਕਰਕੇ ਲਗਾਤਾਰ ਬਿਜਲੀ ਦੀ ਮੰਗ ਵੱਧ ਰਹੀ ਹੈ।
ਬਿਜਲੀ ਦੀ ਘਾਟ ਨਾਲ ਪ੍ਰੋਡਕਸ਼ਨ ‘ਤੇ ਅਸਰ
ਇਸ ਪਾਸੇ ਜਿੱਥੇ ਫਿਕੋ ਦੇ ਵਫਦ ਵਲੋਂ PSPCL ਦੇ ਲੁਧਿਆਣਾ ਚੀਫ ਨਾਲ ਮੁਲਾਕਾਤ ਕਿਸ ਕਰਕੇ ਮੰਗ ਕੀਤੀ ਗਈ ਹੈ ਕਿ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਕੀਤਾ ਜਾਵੇ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਅਤੇ ਸਾਈਕਲ ਕਾਰੋਬਾਰੀ ਅਵਤਾਰ ਸਿੰਘ ਭੋਗਲ ਨੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ “ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਸਪਲਾਈ ਘੱਟ ਗਈ ਹੈ, ਪਹਿਲਾਂ ਸਾਨੂੰ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜੇਕਰ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਚਲਾਉਣੀ ਹੈ ਤਾਂ ਉਸ ਲਈ ਕਾਰੋਬਾਰੀ ਨੂੰ ਦੋ ਰੁਪਏ ਪ੍ਰਤੀ ਯੂਨਿਟ ਵੱਧ ਦੇਣੇ ਪੈਣਗੇ। ਜਿਸ ਲਈ ਅਸੀਂ ਰਾਜ਼ੀ ਹੋ ਗਏ, ਉਸ ਤੋਂ ਬਾਅਦ ਹੁਣ ਨਵਾਂ ਫਰਮਾਨ ਆਇਆ ਹੈ ਕਿ 6 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇ, ਇੰਡਸਟਰੀ ਦੇ ਵਿੱਚ ਪਹਿਲਾਂ ਵੱਖ–ਵੱਖ ਦਿਨ ਰੱਖੇ ਗਏ ਸਨ, ਜਿਸ ਕਰਕੇ ਕੰਮ ਕਿਵੇਂ ਨਾ ਕਿਵੇਂ ਪੂਰਾ ਕਰ ਲਿਆ ਜਾਂਦਾ ਸੀ। ਪਰ ਹੁਣ ਕਦੀ ਵੀ ਲਾਈਟ ਚਲੀ ਜਾਂਦੀ ਹੈ, ਇਸ ਕਰਕੇ ਮਸ਼ੀਨਾਂ ਰੁਕ ਜਾਂਦੀਆਂ ਨੇ ਲੇਬਰ ਵਿਹਲੀ ਪੈ ਜਾਂਦੀ ਹੈ, ਵਿਹਲੀ ਲੇਬਰ ਨੂੰ ਤਨਖਾਹ ਦੇਣੀ ਮੁਸ਼ਕਿਲ ਹੈ। ਅਜਿਹੇ ਵਿੱਚ ਪ੍ਰੋਡਕਸ਼ਨ ‘ਤੇ 40 ਤੋਂ 50 ਫੀਸਦੀ ਦਾ ਅਸਰ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾਵੇ।”
“ਜੇਕਰ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਹੈ ਤਾਂ ਘਰਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਬੰਦ ਕੀਤੀ ਜਾਵੇ। ਮੋਟਰਾਂ ਦੇ ਬਿੱਲ ਬੰਦ ਕੀਤੇ ਜਾਣ ਸਗੋਂ ਕਿਸਾਨਾਂ ਲਈ ਸੋਲਰ ਪਲਾਂਟ ਦਿੱਤੇ ਜਾਣ ਤਾਂ ਜੋ ਬਿਜਲੀ ਵੀ ਇਹਨਾਂ ਨੂੰ ਮੁਫਤ ਮਿਲੇ ਅਤੇ ਬਿਜਲੀ ਹੋਰ ਫਾਇਦਾ ਹੋਵੇ ਕਿਉਂਕਿ ਇੰਡਸਟਰੀ ਕਰੋੜਾਂ ਰੁਪਏ ਟੈਕਸ ਦਿੰਦੀ ਹੈ। ਇਸ ਕਰਕੇ ਇੰਡਸਟਰੀ ਨੂੰ ਵੀ ਬਿਜਲੀ ਦੀ ਲੋੜ ਹੈ ਬਿਨਾਂ ਬਿਜਲੀ ਇੰਡਸਟਰੀ ਨਹੀਂ ਚੱਲ ਸਕਦੀ।”–ਅਵਤਾਰ ਸਿੰਘ ਭੋਗਲ, ਸਾਈਕਲ ਕਾਰੋਬਾਰੀ
“ਉਮੀਦ ਹੈ ਕਿ ਇਹ ਸਮੱਸਿਆ ਜਲਦੀ ਹੀ ਹੋਵੇਗੀ ਹੱਲ“
ਹਾਲਾਂਕਿ ਇਸ ਸਬੰਧੀ PSPCL ਦੇ ਚੀਫ ਵੱਲੋਂ ਵੀ ਕਾਰੋਬਾਰੀਆ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਪੰਜਾਬ ਦੇ ਵਿੱਚ ਝੋਨੇ ਡਿਸੀਜ਼ਨ ਕਰਕੇ ਕਿਸਾਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਸੀ ਕਿਉਂਕਿ ਮੌਨਸੂਨ ਇਸ ਵਾਰ ਕਮਜ਼ੋਰ ਰਿਹਾ ਦੂਜਾ ਗਰਮੀ ਵੱਧ ਚੱਲ ਰਹੀ ਹੈ ਇਸ ਕਰਕੇ ਬਿਜਲੀ ਦੀ ਡਿਮਾਂਡ ਵਧੀ ਹੈ ਇਸ ਕਰਕੇ ਹੀ ਇੰਡਸਟਰੀ ਨੂੰ ਕੁਝ ਸਮੇਂ ਲਈ ਜਰੂਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਮੌਸਮ ਠੀਕ ਹੋ ਰਿਹਾ ਹੈ ਬਾਰਿਸ਼ ਪੈਣ ਦੇ ਵੀ ਆਸਾਰ ਨੇ ਇਸ ਕਰਕੇ ਉਮੀਦ ਹੈ ਕਿ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ।
ਡਾਇੰਗ ਇੰਡਸਟਰੀ ਵੀ ਪਰੇਸ਼ਾਨ
ਬਿਜਲੀ ਤੇ ਲਗਾਤਾਰ ਲੱਗ ਰਹੇ ਕੱਟਾ ਤੋਂ ਸਿਰਫ ਸਾਈਕਲ ਇੰਡਸਟਰੀ ਇਹ ਨਹੀਂ ਸਗੋਂ ਡਾਇੰਗ ਇੰਡਸਟਰੀ ਵੀ ਪਰੇਸ਼ਾਨ ਹੈ। ਡਾਇੰਗ ਇੰਡਸਟਰੀ ਦੇ ਮੁਖੀ ਬੋਬੀ ਜਿੰਦਲ ਅਤੇ ਨਾਲ ਹੀ ਕਮਲ ਚੌਹਾਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ PSPCL ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਬਿਜਲੀ ਦੇ ਕੱਟ ਲੱਗਣੇ ਬੰਦ ਨਾ ਹੋਏ ਤਾਂ ਉਹ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ ਅਤੇ ਆਪਣੇ ਮਜ਼ਦੂਰਾਂ ਦੇ ਸਣੇ ਸੜਕਾਂ ਤੇ ਉਤਰ ਕੇ ਸੜਕਾਂ ਜਾਮ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਕੱਟਾਂ ਦੇ ਕਰਕੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਮੁਫਤ ਬਿਜਲੀ ਵੰਡ ਰਹੀ ਹੈ ਜਦਕਿ ਇੰਡਸਟਰੀ ਜੋ ਕਿ ਟੈਕਸ ਦੇ ਰਹੀ ਹੈ ਉਹਨਾਂ ਨੂੰ ਲੋੜੀਂਦੀ ਮਾਤਰਾ ਦੇ ਵਿੱਚ ਵੀ ਬਿਜਲੀ ਸਰਕਾਰ ਮੁਹਈਆ ਨਹੀਂ ਕਰਵਾ ਰਹੀ ਜਦੋਂ ਕਿ ਇੰਡਸਟਰੀ ਨੂੰ ਮਹਿੰਗੀ ਬਿਜਲੀ ਮਿਲਦੀ ਹੈ।
ETV BHARAT