1 ਜੁਲਾਈ ਤੋਂ ਪੰਜਾਬ ਵਿੱਚ ਮਾਨਸੂਨ ਦੀ ਆਮਦ ਹੋ ਰਹੀ ਹੈ। ਬੁੱਢੇ ਨਾਲੇ ਦੀ ਸਫਾਈ ਨੂੰ ਲੈਕੇ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਹਨ।
29 ਜੂਨ, 2026 – ਲੁਧਿਆਣਾ: 1 ਜੁਲਾਈ ਤੋਂ ਪੰਜਾਬ ਵਿੱਚ ਮਾਨਸੂਨ ਦੀ ਆਮਦ ਹੋ ਰਹੀ ਹੈ। ਉਸ ਤੋਂ ਪਹਿਲਾਂ ਸ਼ਹਿਰਾਂ ਵਿੱਚ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜੇ ਰਹੇ ਹਨ। ਜਿਨ੍ਹਾਂ ‘ਚ ਸਮਾਰਟ ਸਿਟੀ ਲੁਧਿਆਣਾ ਵੀ ਸ਼ਾਮਿਲ ਹੈ। ਲੁਧਿਆਣਾ ਵਿੱਚ ਬੁੱਢਾ ਨਾਲਾ ਹਰ ਸਾਲ ਬਰਸਾਤਾਂ ਵਿੱਚ ਕਹਿਰ ਮਚਾਉਂਦਾ ਹੈ। ਖਾਸ ਕਰਕੇ ਲੁਧਿਆਣਾ ਦਾ ਵਿਧਾਨ ਸਭਾ ਹਲਕਾ ਕੇਂਦਰੀ, ਦੱਖਣੀ, ਪੱਛਮੀ, ਉੱਤਰੀ ਵਿੱਚ ਬੁੱਢੇ ਨਾਲੇ ਦਾ ਪ੍ਰਭਾਵ ਹੈ। ਲੁਧਿਆਣਾ ਸ਼ਹਿਰ ‘ਚੋਂ ਲਗਭਗ 20 ਕਿਲੋਮੀਟਰ ਦੇ ਇਲਾਕੇ ‘ਚੋਂ ਬੁੱਢਾ ਨਾਲਾ ਲੰਘਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਬਰਸਾਤਾਂ ਦੌਰਾਨ ਬੁੱਢਾ ਨਾਲਾ ਓਵਰਫਲੋ ਹੋਕੇ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ ਅਤੇ ਗੰਦੇ ਨਾਲੇ ਦਾ ਪਾਣੀ ਲੋਕਾਂ ਲਈ ਨਰਕ ਬਣ ਜਾਂਦਾ ਹੈ। ਇਸੇ ਨੂੰ ਲੈਕੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਆਗੂ ਸਵਾਲ ਖੜੇ ਕਰ ਰਹੇ ਹਨ।
ਅਕਾਲੀ ਦਲ ਦਾ ਮਿਲਿਆ ਵਫਦ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਭਿੰਦਾ ਨੇ ਕਿਹਾ ਕਿ ਬੀਤੇ ਦਿਨੀਂ ਸਾਡਾ ਇਕ ਵਫਦ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ ਸੀ। ਇਸ ਦੌਰਾਨ ਅਸੀਂ ਇਹ ਮੁੱਦਾ ਚੁੱਕਿਆ ਸੀ ਕਿ ਆਗਾਮੀ ਬਰਸਾਤਾਂ ਦੇ ਮੌਸਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਤਾਂ ਉਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਇਸ ਵਾਰ ਹਾਲਾਤ ਕਾਬੂ ਹੇਠ ਰਹਿਣਗੇ। “ਅਸੀਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ ਆਪਣੀਆਂ ਮਸ਼ੀਨਾਂ ਅਸੀਂ ਬੁੱਢੇ ਨਾਲੇ ਦੀ ਸਫਾਈ ਦੇ ਲਈ ਲਗਾਈਆਂ ਹੋਈਆਂ ਹਨ। ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਇਸ ਵਾਰ ਪਿਛਲੇ ਸਾਲ ਵਰਗੇ ਹਾਲਾਤ ਨਹੀਂ ਬਣਨਗੇ। ਲੋਕਾਂ ਦੇ ਘਰਾਂ ਦੇ ਵਿੱਚ ਕਾਲੇ ਨਾਲੇ ਦਾ ਪਾਣੀ ਨਹੀਂ ਜਾਵੇਗਾ। ਨਾਲੇ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।”
ਕਿੱਥੇ ਗਿਆ 850 ਕਰੋੜ ?
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਇਸ ਮੁੱਦੇ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ “ਕੇਂਦਰ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫਾਈ ਦੇ ਲਈ 850 ਕਰੋੜ ਰੁਪਇਆ ਭੇਜਿਆ ਗਿਆ। 650 ਕਰੋੜ ਉਸ ਦੀ ਸਫਾਈ ਵਿੱਚ ਵਰਤਿਆ ਜਾਣਾ ਸੀ ਅਤੇ ਬਾਕੀ 200 ਕਰੋੜ ਰੱਖ ਰਖਾਵ ਲਈ ਸੀ। ਪਰ ਇਹ ਰੁਪਏ ਕਿੱਥੇ ਲੱਗੇ ਨੇ ਸਮਝ ਨਹੀਂ ਆ ਰਹੀ, ਸਗੋਂ ਬੁੱਢੇ ਨਾਲੇ ਦੇ ਕੰਢੇ ‘ਤੇ ਸੜਕਾਂ ਅਤੇ ਕੰਧਾਂ ਬਣਾ ਕੇ ਉਸ ਦੀ ਚੌੜਾਈ ਘਟਾ ਦਿੱਤੀ ਗਈ ਹੈ। ਜਦੋਂ ਬਰਸਾਤਾਂ ਆਉਣਗੀਆਂ ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਅਨਿਲ ਸਰੀਨ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਇਲਾਕੇ ਦੇ ਐਮਐਲਏ ਕੀ ਕਰ ਰਹੇ ਹਨ, ਇਸ ਗੱਲ ਦਾ ਜਵਾਬ ਦੇਣ।”
ਸਾਫ- ਸਫਾਈ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ
ਅਨਿਲ ਸਰੀਨ ਨੇ ਕਿਹਾ ਕਿ ਸ਼ਹਿਰ ਦੀ ਸਾਫ- ਸਫਾਈ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ, ਨਾ ਹੀ ਸੀਵਰੇਜ ਦੀ ਸਫਾਈ ਕਰਵਾਈ ਗਈ ਹੈ ਅਤੇ ਨਾ ਹੀ ਬੁੱਢੇ ਨਾਲੇ ਦੀ ਗਾਰ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ।
ਸਰਕਾਰ ਦਾ ਦਾਅਵਾ
ਹਾਲਾਂਕਿ ਇਸ ਸਬੰਧੀ ਲੁਧਿਆਣਾ ਉੱਤਰੀ ਦੇ ਐਮਐਲਏ ਚੌਧਰੀ ਮਦਨ ਲਾਲ ਬੱਗਾ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ “ਅਸੀਂ ਆਪਣੇ ਹਲਕੇ ਵਿੱਚ ਸਫਾਈ ਦੇ ਪ੍ਰਬੰਧ ਮੁਕੰਮਲ ਕੀਤੇ ਹਨ। ਕੁੰਦਨਪੁਰੀ ਤੋਂ ਲੈਕੇ ਹੈਬੋਵਾਲ ਤੱਕ ਨਾਲੇ ਦੇ ਦੋਵੇਂ ਪਾਸੇ ਸੜਕ ਬਣਾ ਦਿੱਤੀ ਗਈ ਹੈ, ਅਸੀਂ ਜੰਗਲ ਸਾਫ ਕਰਕੇ ਸੜਕ ਬਣਾਈ ਗਈ ਹੈ। ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਬਰਸਾਤ ਦੇ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਜਿਸ ਕਰਕੇ ਅਸੀਂ ਸੁੰਦਰ ਨਗਰ ਅਤੇ ਬਾਜਵਾ ਨਗਰ ਦੇ ਵਿੱਚ ਦੋ ਡਿਸਪੋਜਲਾਂ ਵੀ ਬਣਵਾਈਆਂ ਸਨ। ਜਿਸ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ।”
“ਇਲਾਕਿਆਂ ਦੇ ਵਿੱਚ ਤਿੰਨ-ਤਿੰਨ ਫੁੱਟ ਪਾਣੀ ਖੜਾ ਹੋ ਜਾਂਦਾ ਸੀ, ਅਸੀਂ ਹੁਣ ਹੋਰ 4 ਡਿਸਪੋਜ਼ਲ ਬਣਾਉਣ ਜਾ ਰਹੇ ਹਨ। ਜਲਦ ਕੰਮ ਮੁਕੰਮਲ ਹੋ ਜਾਵੇਗਾ, ਕੁੰਦਨਪੁਰੀ, ਉਪਕਾਰ ਨਗਰ, ਨਿਊ ਦੀਪ ਨਗਰ ਇਹ ਸਾਰੇ ਇਲਾਕੇ ਬੁੱਢੇ ਨਾਲੇ ਦੀ ਮਾਰ ਹੇਠ ਸੀ ਇਨ੍ਹਾਂ ਵਿੱਚ ਕੰਮ ਮੁਕੰਮਲ ਕਰਵਾਏ ਗਏ ਹਨ।“-ਚੌਧਰੀ ਮਦਨ ਲਾਲ ਬੱਗਾ, ਐਮਐਲਏ
ਨਗਰ ਨਿਗਮ ਦਾ ਦਾਅਵਾ
ਇਸ ਸਬੰਧੀ ਅਸੀਂ ਨਗਰ ਨਿਗਮ ਲੁਧਿਆਣਾ ਜ਼ੋਨ ਡੀ ਦੇ ਜੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ। ਜਿਨ੍ਹਾਂ ਇਹ ਕਿਹਾ ਕਿ “ਬਰਸਾਤਾਂ ਤੋਂ ਪਹਿਲਾਂ ਹੀ ਅਸੀਂ ਜੇਸੀਬੀ ਮਸ਼ੀਨਾਂ ਲਵਾ ਕੇ ਜਿੰਨੇ ਵੀ ਬੁੱਢੇ ਨਾਲ ਦੇ ਨਾਲ ਲੱਗਦੇ ਇਲਾਕੇ ਹਨ, ਜਿਨ੍ਹਾਂ ਵਿੱਚ ਵਾਟਰ ਲੋਗਿੰਗ ਹੁੰਦੀ ਹੈ, ਉਨ੍ਹਾਂ ਵਿੱਚ ਗਾਰ ਕਢਵਾਈ ਜਾ ਰਹੀ ਹੈ। ਮਸ਼ੀਨਾਂ ਕੰਮ ਕਰ ਰਹੀਆਂ ਹਨ, ਸਾਡੀ ਪਹਿਲੀ ਤਰਜੀਹ ਉਨ੍ਹਾਂ ਇਲਾਕਿਆਂ ਵਿੱਚ ਹੀ ਹੈ। ਜਿੱਥੇ ਪਾਣੀ ਸੀ ਸਮੱਸਿਆ ਹੈ ਜਾਂ ਨੀਵੇਂ ਇਲਾਕੇ ਹਨ।”
ETV BHARAT