ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਵਿਛੀ; ਮੰਡੀਆਂ ਵਿੱਚ ਥਾਂ–ਥਾਂ ਪਾਣੀ ਭਰਿਆ
16 ਅਕਤੂਬਰ, 2026 – ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਅਜਿਹੇ ਵਿੱਚ ਬੀਤੀ ਰਾਤ ਪਏ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੀਂਹ ਤੇ ਗੜੇਮਾਰੀ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਕਰ ਕੇ ਖੇਤਾਂ ਵਿੱਚ ਵਾਢੀ ਲਈ ਤਿਆਰ ਖੜੀਆਂ ਫ਼ਸਲਾਂ ਵਿਛ ਗਈਆਂ ਹਨ, ਜਦੋਂ ਕਿ ਮੰਡੀਆਂ ਵਿੱਚ ਪਾਣੀ ਭਰਨ ਕਾਰਨ ਵਿਕਣ ਲਈ ਆਇਆ ਝੋਨਾ ਵੀ ਭਿੱਜ ਗਿਆ। ਬੁੱਧਵਾਰ ਨੂੰ ਰਾਤ 12 ਵਜੇ ਦੇ ਕਰੀਬ ਕਈ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਸੀ, ਜਿੱਥੇ ਸਵੇਰੇ ਅਤੇ ਬਾਅਦ ਦੁਪਹਿਰ ਤੱਕ ਭਾਰੀ ਮੀਂਹ ਪੈਂਦਾ ਰਿਹਾ। ਇਸ ਦੌਰਾਨ ਤਰਨ ਤਾਰਨ, ਮੁਕਤਸਰ ਅਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਮੌਜੂਦਾ ਸਮੇਂ ਝੋਨੇ ਦੀ ਫ਼ਸਲ ਦੇ ਅੰਬਾਰ ਲੱਗੇ ਹੋਏ ਹਨ, ਜਿੱਥੇ ਕਿਸਾਨਾਂ ਨੂੰ ਫ਼ਸਲਾਂ ਵੇਚਣ ਲਈ ਕਈ-ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਦੀ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਭਿੱਜ ਗਈ ਹੈ। ਮੀਂਹ ਤੇ ਗੜੇਮਾਰੀ ਦੀ ਮਾਰ ਹੇਠ ਆਈ ਫ਼ਸਲ ਦਾ ਦਾਣਾ ਬਦਰੰਗ ਹੋਣ ਅਤੇ ਝਾੜ ਘਟਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕਈ ਥਾਵਾਂ ’ਤੇ ਤੇਜ਼ ਤੂਫ਼ਾਨ ਆਉਣ ਕਰਕੇ ਲੋਕਾਂ ਦੇ ਸ਼ੈੱਡ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ 8-10 ਦਿਨ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
15 ਦਿਨਾਂ ਵਿੱਚ ਆਮ ਨਾਲੋਂ 353 ਫ਼ੀਸਦ ਵੱਧ ਮੀਂਹ ਪਿਆ
ਪੰਜਾਬ ਵਿੱਚ ਅਕਤੂਬਰ ਮਹੀਨੇ ਵਿੱਚ ਮੀਂਹ ਬਹੁਤ ਘੱਟ ਪੈਂਦਾ ਹੈ ਪਰ ਇਸ ਵਾਰ 1 ਤੋਂ 15 ਅਕਤੂਬਰ ਤੱਕ ਆਮ ਨਾਲੋਂ 353 ਫ਼ੀਸਦ ਵੱਧ ਮੀਂਹ ਪੈ ਗਿਆ ਹੈ। ਇਸ ਦੌਰਾਨ ਸੂਬੇ ਭਰ ਵਿੱਚ ਔਸਤਨ 5.2 ਐੱਮ ਐੱਮ ਮੀਂਹ ਪੈਂਦਾ ਹੈ, ਜਦੋਂ ਕਿ ਇਸ ਵਰ੍ਹੇ 23.6 ਐੱਮ ਐੱਮ ਮੀਂਹ ਪਿਆ। ਇਸੇ ਤਰ੍ਹਾਂ 9 ਤੋਂ 15 ਅਕਤੂਬਰ ਤੱਕ ਆਮ ਨਾਲੋਂ 801 ਫ਼ੀਸਦ ਵੱਧ ਮੀਂਹ ਪਿਆ। ਮੌਸਮ ਵਿਗਿਆਨੀਆਂ ਅਨੁਸਾਰ 9 ਤੋਂ 15 ਅਕਤੂਬਰ ਤੱਕ ਆਮ ਤੌਰ ’ਤੇ 2.5 ਐੱਮ ਐੱਮ ਮੀਂਹ ਪੈਂਦਾ ਹੈ, ਪਰ ਇਸ ਵਾਰ 22.5 ਐੱਮ ਐੱਮ ਮੀਂਹ ਪਿਆ।
Punjab : ਭਾਰੀ ਮੀਂਹ ਤੇ ਗੜੇਮਾਰੀ ਕਾਰਨ ਮੰਡੀਆਂ ‘ਚ ਭਰਿਆ ਪਾਣੀ; ਕਿਸਾਨਾਂ ਦੀ ਝੋਨੇ ਦੀ ਫ਼ਸਲ ਭਿੱਜੀ
ਚਾਰ ਦਿਨਾਂ ਤੋਂ ਮੰਡੀ ਵਿੱਚ ਫ਼ਸਲ ਲੈ ਕੇ ਬੈਠੇ ਕਿਸਾਨ ਖ਼ਰੀਦ ਦੀ ਉਡੀਕ ’ਚ, ਪਾਣੀ ਕੱਢਣ ਲਈ ਮਜ਼ਦੂਰਾਂ ਨੂੰ ਬਾਲਟੀਆਂ ਦਾ ਸਹਾਰਾ ਲੈਣਾ ਪਿਆ
ਭਿੱਖੀਵਿੰਡ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਖੇ ਦੇਰ ਰਾਤ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ। ਜਿੱਥੇ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ, ਉੱਥੇ ਹੀ ਪਿੰਡ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਵਿਕਰੀ ਲਈ ਲਿਆਂਦਾ ਗਿਆ ਝੋਨਾ ਪਾਣੀ ਵਿੱਚ ਭਿੱਜ ਗਿਆ।
ਮੰਡੀ ਵਿੱਚ ਪਾਣੀ ਭਰਨ ਕਾਰਨ ਫ਼ਸਲ ਦੀ ਸਾਂਭ-ਸੰਭਾਲ ਅਤੇ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਪੀੜਤ ਕਿਸਾਨਾਂ ਰਾਜਵੰਤ ਸਿੰਘ ਅਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਝੋਨੇ ਦੀ ਫ਼ਸਲ ਪਿਛਲੇ ਚਾਰ ਦਿਨਾਂ ਤੋਂ ਮੰਡੀ ਵਿੱਚ ਲੈ ਕੇ ਬੈਠੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਫ਼ਸਲ ਨੂੰ ਬਚਾਉਣ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਕੁਝ ਕਿਸਾਨਾਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਦਾ ਪ੍ਰਬੰਧ ਕਰਕੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਨ੍ਹਾਂ ਕੋਲ ਤਰਪਾਲਾਂ ਨਹੀਂ ਸਨ, ਉਨ੍ਹਾਂ ਦਾ ਝੋਨਾ ਪਾਣੀ ਵਿੱਚ ਭਿੱਜ ਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੀ ਭਾਰੀ ਗਿਣਤੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਫ਼ਸਲ ਤਿਆਰ ਕਰਨ ਲਈ ਭਾਰੀ ਮਿਹਨਤ ਅਤੇ ਖ਼ਰਚਾ ਕਰਦੇ ਹਨ, ਪਰ ਮੰਡੀ ਵਿੱਚ ਸਮੇਂ ਸਿਰ ਖ਼ਰੀਦ ਨਾ ਹੋਣ ਅਤੇ ਮੀਂਹ ਤੋਂ ਬਚਾਅ ਦੇ ਪ੍ਰਬੰਧਾਂ ਦੀ ਘਾਟ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਦੂਜੇ ਪਾਸੇ ਮੰਡੀ ਵਿੱਚ ਕੰਮ ਕਰਦੇ ਮਜ਼ਦੂਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਮੰਡੀ ਵਿੱਚ ਕਾਫ਼ੀ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਬਾਲਟੀਆਂ ਨਾਲ ਪਾਣੀ ਬਾਹਰ ਕੱਢਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਅਜਿਹੇ ਹਾਲਾਤ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀੜਤ ਕਿਸਾਨਾਂ ਨੇ ਸਬੰਧਤ ਵਿਭਾਗਾਂ ਅਤੇ ਖ਼ਰੀਦ ਏਜੰਸੀਆਂ ਤੋਂ ਮੰਗ ਕੀਤੀ ਕਿ ਮੰਡੀ ਵਿੱਚੋਂ ਝੋਨੇ ਦੀ ਫ਼ਸਲ ਦੀ ਖ਼ਰੀਦ ਅਤੇ ਚੁਕਾਈ ਜਲਦੀ ਕਰਵਾਈ ਜਾਵੇ। ਇਸ ਦੇ ਨਾਲ ਹੀ ਮੰਡੀ ਵਿੱਚ ਪਾਣੀ ਦੀ ਨਿਕਾਸੀ ਅਤੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।
ਪੰਜਾਬੀ ਟ੍ਰਿਬਯੂਨ