ਤਸਲੀਮਾ ਨਸਰੀਨ
ਅਵਾਮੀ ਲੀਗ ਦੇ ਆਗੂਆਂ-ਵਰਕਰਾਂ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੇ ਆਪ੍ਰੇਸ਼ਨ ਡੇਵਿਲ ਹੰਟ ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ। ਅਵਾਮੀ ਲੀਗ ਦੇ ਵਿਦਿਆਰਥੀ ਸੰਗਠਨ ’ਤੇ ਉਨ੍ਹਾਂ ਨੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਹੁਣ ਅਵਾਮੀ ਲੀਗ ’ਤੇ ਪਾਬੰਦੀ ਲਾਉਣ ਦਾ ਨਹੀਂ, ਬਲਕਿ ਉਸ ਨੂੰ ਪੂਰੀ ਤਰ੍ਹਾਂ ਮਿਟਾ ਦੇਣ ਦਾ ਉਨ੍ਹਾਂ ਦਾ ਇਰਾਦਾ ਹੈ।
ਬੰਗਲਾਦੇਸ਼ ’ਚ ਵਿਦਿਆਰਥੀਆਂ ਨੇ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ। ਚਾਹੇ ਹੀ ਇਹ ਵਿਦਿਆਰਥੀ ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਤੋਂ ਵੱਖਰੇ ਰਾਹ ’ਤੇ ਚੱਲਦੇ ਦਿਖਾਈ ਦਿੰਦੇ ਹੋਣ, ਪਰ ਉਨ੍ਹਾਂ ਦੀ ਪਿੱਠ ’ਤੇ ਉਨ੍ਹਾਂ ਦਾ ਹੀ ਹੱਥ ਹੈ। ਇਸ ਪਾਰਟੀ ’ਚ ਉਨ੍ਹਾਂ ਦੇ ਆਪਣੇ ਲੋਕ ਹਨ। ਯੂਨਸ ਚਾਹੁੰਦੇ ਹਨ ਕਿ ਚੋਣਾਂ ’ਚ ਇਹੀ ਪਾਰਟੀ ਜਿੱਤੇ। ਜੇ ਅਜਿਹਾ ਹੁੰਦਾ ਹੈ ਤਾਂ ਦੇਸ਼ ਦੇ ਤਜਰਬੇਕਾਰ ਸਿਆਸੀ ਆਗੂ ਹੱਥ ਮਲਦੇ ਰਹਿ ਜਾਣਗੇ ਤੇ ਯੂਨਸ ਪ੍ਰਤੱਖ-ਅਪ੍ਰਤੱਖ ਰੂਪ ਨਾਲ ਸੱਤਾ ’ਚ ਬਣੇ ਰਹਿਣਗੇ। ਕੀ ਹੁਣ ਯੂਨਸ ਨੂੰ ਲੈ ਕੇ ਲੋਕਾਂ ਦਾ ਭੁਲੇਖਾ ਟੁੱਟੇਗਾ।
ਇਕ ਸਮਾਂ ਸੀ ਜਦੋਂ ਬਤੌਰ ਅਰਥਸ਼ਾਸਤਰੀ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦਾ ਮਸੀਹਾ ਮੰਿਨਆ ਜਾਂਦਾ ਸੀ। ਉਨ੍ਹਾਂ ਨੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਵਜੋਂ ‘ਮਾਇਕ੍ਰੋਫਾਈਨੈਂਸ’ ਤੇ ‘ਮਾਈਕ੍ਰੋਕ੍ਰੈਡਿਟ’ ਦੇ ਸੰਕਲਪ ਨੂੰ ਜਨਮ ਦੇ ਕੇ ਦੁਨੀਆ ਭਰ ’ਚ ਪ੍ਰਸਿੱਧੀ ਖੱਟੀ ਸੀ। ਬਿਨਾਂ ਜ਼ਮਾਨਤ ਤੋਂ ਹਾਸ਼ੀਆਗਤ ਲੋਕਾਂ ਨੂੰ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਇਆ ਸੀ। ਇਸ ਯੋਗਦਾਨ ਸਦਕਾ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਪੁੱਠੇ ਰਾਹ ਤੁਰ ਪਏ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੇ ਲੋਕ ਵੀ ਕਿੰਨੇ ਰੂੜੀਵਾਦੀ ਹੋ ਸਕਦੇ ਹਨ। ਉਹ ਨਵੇਂ ਸਿਰੇ ਤੋਂ ਦੇਸ਼ ਦਾ ਸੰਵਿਧਾਨ ਬਣਾ ਰਹੇ ਹਨ।
ਸੰਵਿਧਾਨ ’ਚੋਂ ਧਰਮ-ਨਿਰਪੇਖਤਾ ਸ਼ਬਦ ਹਟਾਉਣ ਦਾ ਪ੍ਰਸਤਾਵ ਹੈ। ਕੱਟੜਵਾਦੀ ਪਾਰਟੀ ਜ਼ਮਾਤ-ਏ-ਇਸਲਾਮੀ ਦੇ ਵਿਦਿਆਰਥੀ ਸੰਗਠਨ ਸ਼ਿਬਿਰ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸੱਤਾ ’ਚ ਲਿਆ ਕੇ ਬਿਠਾਇਆ। ਇਹ ਉਹ ਲੋਕ ਸਨ, ਜੋ ਪਹਿਲਾਂ ਜੁਲਾਈ-ਅਗਸਤ ਦੇ ਵਿਦਿਆਰਥੀ ਅੰਦੋਲਨ ’ਚ ਪਿੱਛੇ ਸਨ। ਸਿੱਖਿਆ ਕੈਂਪਸਾਂ ’ਚ ਲੰਬੇ ਸਮੇਂ ਤੋਂ ਇਨ੍ਹਾਂ ਨੇ ਪ੍ਰਗਤੀਸ਼ੀਲਾਂ ਦੀ ਹੱਤਿਆ ਕੀਤੀ ਹੈ। ਹਸੀਨਾ ਨੂੰ ਸੱਤਾ ਤੋਂ ਲਾਹੁਣ ਲਈ ਛੇੜੇ ਗਏ ਵਿਦਿਆਰਥੀ ਅੰਦੋਲਨ ਦੀ ਮਦਦ ਹਿਜਬੁਲ ਤਹਿਰੀਰ ਨਾਮੀ ਅੱਤਵਾਦੀ ਸੰਗਠਨ ਨੇ ਕੀਤੀ ਸੀ।
ਮੈਂ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਯੂਨਸ ਦਾ ਸਬੰਧ ਕਿਸੇ ਵੀ ਤਰ੍ਹਾਂ ਜ਼ਮਾਤ-ਏ-ਇਸਲਾਮੀ ਨਾਲ ਹੋ ਸਕਦਾ ਹੈ, ਕਿਉਂਕਿ ਉਹ ਮੁਕਤੀ ਜੰਗ ਵਿਰੋਧੀ ਹੈ ਤੇ 1971 ’ਚ ਬੰਗਲਾਦੇਸ਼ ਨੂੰ ਮਿਲੀ ਆਜ਼ਾਦੀ ਨਹੀਂ ਚਾਹੁੰਦਾ ਸੀ। ਉਹ ਪਾਕਿਸਤਾਨ ਪ੍ਰਸਤ ਤੇ ਭਾਰਤ ਵਿਰੋਧੀ ਹੈ। ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੇ ਯੂਨਸ ਦਾ ਅਕਸ ਸ਼ਾਂਤੀ ਚਾਹੁਣ ਵਾਲੇ ਵਿਅਕਤੀ ਦਾ ਬਣਾ ਰੱਖਿਆ ਸੀ। ਜਿਸ ਵਿਅਕਤੀ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲ ਚੁੱਕਾ ਹੋਵੇ, ਉਹ ਸ਼ਾਂਤੀ ਪਸੰਦ ਨਹੀਂ ਹੋਵੇਗਾ, ਤਾਂ ਭਲਾ ਕੌਣ ਹੋਵੇਗਾ। ਪਰ ਸੱਤਾ ’ਚ ਆਉਂਦੇ ਹੀ ਉਨ੍ਹਾਂ ਨੇ ਭਾਰਤ-ਵਿਰੋਧੀ ਰੁਖ਼ ਅਪਨਾਉਣਾ ਸ਼ੁਰੂ ਕਰ ਦਿੱਤਾ।
ਫਿਰ ਉਹ ਬੰਗਲਾਦੇਸ਼ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਨ ਦੀ ਮੁਹਿੰਮ ’ਚ ਲੱਗ ਗਏ। ਜੇ ਯੂਨਸ ਭਲੇ ਆਦਮੀ ਹੁੰਦੇ, ਤਾਂ ਸੱਤਾ ’ਚ ਆਉਂਦੇ ਹੀ ਸਭ ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਸੋਚਦੇ ਅਤੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪ ਕੇ ਆਪਣਾ ਅਹੁਦਾ ਛੱਡ ਦਿੰਦੇ, ਕਿਉਂਕਿ ਉਨ੍ਹਾਂ ਦਾ ਖੇਤਰ ਸਿਆਸਤ ਨਹੀਂ ਹੈ ਪਰ 84 ਸਾਲ ਦੀ ਉਮਰ ’ਚ ਵੀ ਉਹ ਬੰਗਲਾਦੇਸ਼ ਨੂੰ ਤਬਾਹ ਕਰਨ ਦੀ ਆਪਣੀ ਮੁਹਿੰਮ ’ਚ ਲੱਗੇ ਹਨ।
ਅਵਾਮੀ ਲੀਗ ਦੇ ਆਗੂਆਂ-ਵਰਕਰਾਂ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੇ ਆਪ੍ਰੇਸ਼ਨ ਡੇਵਿਲ ਹੰਟ ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ। ਅਵਾਮੀ ਲੀਗ ਦੇ ਵਿਦਿਆਰਥੀ ਸੰਗਠਨ ’ਤੇ ਉਨ੍ਹਾਂ ਨੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਹੁਣ ਅਵਾਮੀ ਲੀਗ ’ਤੇ ਪਾਬੰਦੀ ਲਾਉਣ ਦਾ ਨਹੀਂ, ਬਲਕਿ ਉਸ ਨੂੰ ਪੂਰੀ ਤਰ੍ਹਾਂ ਮਿਟਾ ਦੇਣ ਦਾ ਉਨ੍ਹਾਂ ਦਾ ਇਰਾਦਾ ਹੈ। ਅਵਾਮੀ ਲੀਗ ਦੇ ਸਾਰੇ ਆਗੂਆਂ-ਵਰਕਰਾਂ ਨੂੰ ਜਾਂ ਤਾਂ ਯੂਨਸ ਦੇ ਸਾਹਮਣੇ ਆਤਮ-ਸਮਰਪਣ ਕਰਨਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਮਿਟਾ ਦਿੱਤਾ ਜਾਵੇਗਾ। ਜਿਹਾਦੀ ਤੱਤਾਂ ਨੂੰ ਉਨ੍ਹਾਂ ਨੇ ਇਸ ਮੁਹਿੰਮ ’ਚ ਲਾ ਦਿੱਤਾ ਹੈ।
ਯੂਨਸ ਦਾ ਮੰਨਣਾ ਹੈ ਕਿ ਨਵੇਂ ਬੰਗਲਾਦੇਸ਼ ਦਾ ਨਿਰਮਾਣ ਅਵਾਮੀ ਲੀਗ ਨੂੰ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ। ਯੂਨਸ ਜੋ ਕੁਝ ਕਰਨਾ ਚਾਹੁੰਦੇ ਹਨ, ਜਿਹਾਦੀ ਤੱਤ ਉਨ੍ਹਾਂ ਨੂੰ ਉਹ ਸਭ ਮੁਹੱਈਆ ਕਰਵਾ ਰਹੇ ਹਨ। ਦੂਜੇ ਪਾਸੇ, ਜਿਹਾਦੀਆਂ ਨੂੰ ਜੋ ਕੁਝ ਚਾਹੀਦਾ ਹੈ, ਯੂਨਸ ਨੂੰ ਉਨ੍ਹਾਂ ਨੂੰ ਉਹ ਸਭ ਮੁਹੱਈਆ ਕਰਵਾ ਰਹੇ ਹਨ। ਹਾਲਾਂਕਿ ਇਸ ਵਿਚਾਲੇ ਉਹ ਕੁਝ ਅਜਿਹੇ ਬਿਆਨ ਵੀ ਦੇ ਰਹੇ ਹਨ, ਜਿਨ੍ਹਾਂ ਨਾਲ ਜਨਤਾ ਉਨ੍ਹਾਂ ਨੂੰ ਚੰਗਾ ਇਨਸਾਨ ਸਮਝੇ।
ਜਿਹਾਦੀਆਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਉਹ ਸਿਰਫ਼ ਤੋੜਨਾ ਅਤੇ ਤਬਾਹ ਕਰਨਾ ਜਾਣਦੇ ਹਨ। ਉਨ੍ਹਾਂ ਦੀ ਮਨਸ਼ਾ ਪ੍ਰਕਾਸ਼ਕਾਂ ’ਤੇ ਹਮਲਾ ਕਰਨ ਦੀ ਸੀ, ਤਾਂ ਉਨ੍ਹਾਂ ਨੂੰ ਉਹ ਮੌਕਾ ਉਪਲੱਬਧ ਕਰਵਾਇਆ ਗਿਆ। ਉਹ ਪੁਸਤਕ ਮੇਲੇ ’ਚ ਸਟਾਲ ਬੰਦ ਕਰਵਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ। ਔਰਤਾਂ ਸੈਨਿਟਰੀ ਨੈਪਕਿਨ ਦੀ ਦੁਕਾਨ ਚਲਾ ਰਹੀਆਂ ਸਨ। ਜਿਹਾਦੀ ਉਸ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ ਤਾਂ ਉਹ ਬੰਦ ਕਰਵਾ ਦਿੱਤੀਆਂ ਗਈਆਂ। ਜਿਹਾਦੀ ਵੈਲੇਂਟਾਈਨ ਡੇ ’ਤੇ ਫੁੱਲਾਂ ਦੀ ਦੁਕਾਨ ’ਤੇ ਹਮਲਾ ਕਰਨਾ ਚਾਹੁੰਦੇ ਸਨ।
ਉਹ ਇਸ ’ਚ ਕਾਮਯਾਬ ਰਹੇ। ਮਕਰ ਸਕ੍ਰਾਂਤੀ ’ਤੇ ਪਤੰਗ ਉਤਸਵ ਬੰਦ ਕਰਨ ਲਈ ਉਨ੍ਹਾਂ ਨੇ ਯੋਜਨਾਬੱਧ ਢੰਗ ਨਾਲ ਪਤੰਗਾਂ ਦੀਆਂ ਦੁਕਾਨਾਂ ’ਤੇ ਹਮਲਾ ਕੀਤਾ। ਜਿਹਾਦੀ ਦੇਸ਼ ਭਰ ’ਚ ਕਰਵਾਇਆ ਜਾਣ ਵਾਲਾ ਬਸੰਤ ਉਤਸਵ ਖ਼ਤਮ ਕਰਨਾ ਚਾਹੁੰਦੇ ਸਨ, ਸਰਕਾਰ ਨੇ ਉਨ੍ਹਾਂ ਦੀ ਮਦਦ ਕੀਤੀ। ਲਾਲਨ ਫਕੀਰ ਦੀ ਯਾਦਗਾਰ ’ਚ ਕਰਵਾਏ ਜਾਣ ਵਾਲੇ ਉਤਸਵ ਨੂੰ ਵੀ ਉਨ੍ਹਾਂ ਨੇ ਬੰਦ ਕਰਵਾ ਦਿੱਤਾ। ਨਾਟ ਉਤਸਵ ’ਤੇ ਵੀ ਉਨ੍ਹਾਂ ਦਾ ਹਮਲਾ ਕਾਮਯਾਬ ਰਿਹਾ। ਇਸ ਤੋਂ ਪਹਿਲਾਂ ਜਿਹਾਦੀਆਂ ਨੇ 1971 ਦੀ ਮੁਕਤੀ ਜੰਗ ਨਾਲ ਜੁੜੀਆਂ ਸਾਰੀਆਂ ਯਾਦਗਾਰਾਂ ਤੇ ਮਿਊਜ਼ੀਅਮਾਂ ’ਤੇ ਹਥੌੜਾ ਚਲਾਉਣ ਦੀ ਇਜਾਜ਼ਤ ਮੰਗੀ ਤਾਂ ਉਹ ਵੀ ਉਨ੍ਹਾਂ ਨੂੰ ਮਿਲ ਗਈ।
ਬੰਗਲਾਦੇਸ਼ ’ਚ ਜਾਰੀ ਹਾਲਾਤ ’ਤੇ ਰੋਕ ਲਈ ਲੋਕਤੰਤਰ, ਧਰਮ-ਨਿਰਪੇਖਤਾ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀਆਂ ਹਮਾਇਤੀ ਸ਼ਕਤੀਆਂ ਨੂੰ ਆਪਸ ’ਚ ਹਮਦਰਦੀ ਰੱਖਣੀ ਪਵੇਗੀ। ਇਹ ਯਾਦ ਰੱਖਣਾ ਪਵੇਗਾ ਕਿ ਅਸ਼ੁਭ ਸ਼ਕਤੀਆਂ ਨੂੰ ਹਰਾਉਣ ਤੇ ਬੰਗਲਾਦੇਸ਼ ਨੂੰ ਉਸ ਦੇ ਸ਼ਿਕੰਜੇ ਤੋਂ ਮੁਕਤ ਕਰਨ ਲਈ ਆਪਣੇ ਛੋਟੇ ਹਿਤਾਂ ਨੂੰ ਭੁੱਲ ਕੇ ਮੁਕਤੀ ਜੰਗ ਦੇ ਪੱਖ ’ਚ ਲੜਨ ਵਾਲੀਆਂ ਸਾਰੀਆਂ ਸ਼ੁਭ ਸ਼ਕਤੀਆਂ ਨੂੰ ਇਕਜੁਟ ਹੋਣਾ ਪਵੇਗਾ।
ਬੰਗਲਾਦੇਸ਼ ’ਚ ਵੱਡਾ ਸਿਆਸੀ ਬਦਲਾਅ ਹੋ ਗਿਆ, ਪਰ ਉਸ ਦਾ ਚੰਗਾ ਨਤੀਜਾ ਨਹੀਂ ਨਿਕਲਿਆ। ਅਸਲ ’ਚ ਹਸੀਨਾ ਤੇ ਯੂਨਸ ’ਚ ਹੈਰਾਨ ਕਰਨ ਵਾਲੀਆਂ ਸਮਾਨਤਾਵਾਂ ਹਨ। ਹਸੀਨਾ ਸੱਤਾ ਨਹੀਂ ਛੱਡਣਾ ਚਾਹੁੰਦੀ ਸੀ। ਯੂਨਸ ਵੀ ਗੱਦੀ ਨਹੀਂ ਛੱਡਣਾ ਚਾਹੁੰਦੇ। ਹਸੀਨਾ ਬਦਲਾ ਲੈਣ ਤੋਂ ਕਦੀ ਨਹੀਂ ਖੁੰਝਦੀ ਸੀ। ਯੂਨਸ ਦਾ ਵੀ ਇਹੀ ਸੁਭਾਅ ਹੈ। ਹਸੀਨਾ ਜਦ ਸੱਤਾ ’ਚ ਸੀ, ਤਦ ਸਾਰੀਆਂ ਗ਼ਲਤੀਆਂ ਦਾ ਠੀਕਰਾ ਵਿਰੋਧੀ ਪਾਰਟੀ ਬੀਐੱਨਪੀ ’ਤੇ ਭੰਨਦੀ ਸੀ। ਠੀਕ ਇਸੇ ਤਰ੍ਹਾਂ ਬੰਗਲਾਦੇਸ਼ ’ਚ ਅੱਜ ਜੋ ਕੁਝ ਵੀ ਗ਼ਲਤ ਹੋ ਰਿਹਾ ਹੈ, ਯੂਨਸ ਉਸ ਸਭ ਲਈ ਸ਼ੇਖ਼ ਹਸੀਨਾ ਤੇ ਅਵਾਮੀ ਲੀਗ ਨੂੰ ਿਜ਼ੰਮੇਵਾਰ ਦੱਸ ਰਹੇ ਹਨ। ਸ਼ੇਖ ਹਸੀਨਾ ਇਸਲਾਮੀ ਕੱਟੜਵਾਦੀਆਂ ਦਾ ਤੁਸ਼ਟੀਕਰਨ ਕਰਦੀ ਸੀ। ਯੂਨਸ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਹਸੀਨਾ ਦੇ ਸਮੇਂ ਪ੍ਰੈੱਸ ਦੀ ਆਜ਼ਾਦੀ ਨਹੀਂ ਸੀ, ਪਰ ਮੀਡੀਆ ਉਨ੍ਹਾਂ ਦੀ ਪ੍ਰਸੰਸਾ ’ਚ ਲੱਗਾ ਰਹਿੰਦਾ ਸੀ। ਉਹੀ ਯੂਨਸ ਚਾਹੁੰਦੇ ਹਨ। ਹਸੀਨਾ ਵੀ ਮੈਨੂੰ ਬੰਗਲਾਦੇਸ਼ ਨਹੀਂ ਆਉਣ ਦੇਣਾ ਚਾਹੁੰਦੀ ਸੀ। ਯੂਨਸ ਵੀ ਇਹੀ ਚਾਹੁੰਦੇ ਹਨ।
ਬੰਗਲਾਦੇਸ਼ ’ਚ ਸਾਰੇ ਕਾਰਖਾਨੇ ਬੰਦ ਹੋ ਗਏ ਹਨ। ਨਤੀਜੇ ਵਜੋਂ ਕਈ ਮਰਦ-ਔਰਤਾਂ ਬੇਕਾਰ ਘੁੰਮ ਰਹੇ ਹਨ। ਬੇਰੁਜ਼ਗਾਰ ਮਰਦ ਚੋਰੀ-ਡਕੈਤੀ ਤਾਂ ਮਜਬੂਰ ਔਰਤਾਂ ਆਪਣੀ ਇੱਜ਼ਤ ਦਾਅ ’ਤੇ ਲਾ ਰਹੀਆਂ ਹਨ। ਇਸ ਕਾਰਨ ਮਜ਼ਹਬ ਦੇ ਕਾਰੋਬਾਰੀ ਮਜ਼ੇ ’ਚ ਹਨ। ਇਹੀ ਇਕ ਕਾਰੋਬਾਰ ਹੈ, ਜੋ ਚੰਗਾ ਚੱਲ ਰਿਹਾ ਹੈ। ਪੂਰਾ ਬੰਗਾਲਦੇਸ਼ ਡਰਿਆ ਹੋਇਆ ਹੈ। ਚੌਕਸ ਲੋਕ ਜੇ ਹੁਣ ਵੀ ਖੜ੍ਹੇ ਨਾ ਹੋਏ, ਤਾਂ ਬੰਗਲਾਦੇਸ਼ ਰਸਾਤਲ ’ਚ ਜਾਂਦਾ ਰਹੇਗਾ, ਸੜਦਾ ਰਹੇਗਾ ਤੇ ਯੂਨਸ ਸਾਹਿਬ ਹੱਸਦੇ ਰਹਿਣਗੇ। ਉਹ ਸੱਤਾ ਦੇ ਲਾਲਚੀ, ਸੁਆਰਥੀ, ਰੂੜੀਵਾਦੀ, ਈਰਖਾਲੂ, ਜ਼ਾਲਮ ਵਿਅਕਤੀ ਹਨ। ਨੋਬਲ ਪੁਰਸਕਾਰ ਨਾਲ ਉਨ੍ਹਾਂ ਨੇ ਸਨਮਾਨ ਹਾਸਲ ਕੀਤਾ ਸੀ ਪਰ ਬੰਗਲਾਦੇਸ਼ ਦੀ ਸੱਤਾ ਦਾ ਸੰਚਾਲਨ ਕਰਦੇ ਹੋਏ ਉਹ ਨਿੰਦਾ ਦੇ ਪਾਤਰ ਬਣ ਚੁੱਕੇ ਹਨ। ਉਹ ਬੰਗਲਾਦੇਸ਼ ’ਚ ਕੱਟੜਤਾ, ਹਿੰਸਾ, ਚੋਰੀ, ਡਕੈਤੀ ਤੇ ਜਬਰ ਜਨਾਹ ’ਤੇ ਰੋਕ ਲਾਉਣ ਦੇ ਜ਼ਰਾ ਵੀ ਇੱਛਕ ਨਹੀਂ ਦਿਖਾਈ ਦਿੰਦੇ।
(ਲੇਖਿਕਾ ਬੰਗਲਾਦੇਸ਼ ’ਚੋਂ ਕੱਢੀ ਗਈ ਸਾਹਿਤਕਾਰ ਹੈ)
Credit : https://www.punjabijagran.com/editorial/general-yunus-is-ruining-bangladesh-9473224.html
test