ਕਲਾ ਦੀ ਮਾਹਿਰ ਗੁਰਅਮਰਪ੍ਰੀਤ ਕੌਰ ਦੀ ਸੰਘਰਸ਼ਮਈ ਕਹਾਣੀ
ਗੁਰਅਮਰਪ੍ਰੀਤ ਕੌਰ ਜਿਸ ਦੀਆਂ ਬਣਾਈਆਂ ਤਸਵੀਰਾਂ ‘ਚ ਜਾਨ ਪੈ ਜਾਂਦੀ ਹੈ।
18 ਮਈ, 2026 – ਚੰਡੀਗੜ੍ਹ: ਕੁਝ ਤਸਵੀਰਾਂ ਬੋਲਦੀਆਂ ਨੇ, ਕੁਝ ਰੋਂਦੀਆਂ ਨੇ, ਕੁਝ ਹੱਸਦੀਆਂ ਨੇ, ਕੁਝ ਤਸਵੀਰਾਂ ਸਮਾਜ ਦਾ ਸ਼ੀਸ਼ਾ ਬਣਕੇ ਸਮਾਜ ਦੇ ਗੁੱਝੇ ਭੇਦ ਉਜਾਗਰ ਕਰਦੀਆਂ ਹਨ। ਜਦੋਂ ਅਸੀਂ ਆਪਣਾ ਦਰਦ ਕਿਸੇ ਨੂੰ ਸ਼ਬਦਾਂ ਵਿੱਚ ਬਿਆਨ ਨਾ ਕਰ ਸਕੀਏ ਤਾਂ ਉਸ ਵੇਲੇ ਤਸਵੀਰਾਂ ਦੁੱਖ ਵੰਡਾਉਣ ਦਾ ਜ਼ਰੀਆ ਵੀ ਬਣਦੀਆਂ ਹਨ। ਅਜਿਹੀਆਂ ਹੀ ਤਸਵੀਰਾਂ ਪੇਂਟਿੰਗ ਦੇ ਰੂਪ ਵਿੱਚ ਗੁਰਅਮਰਪ੍ਰੀਤ ਕੌਰ ਵੱਲੋਂ ਬਣਾਈਆਂ ਗਈਆਂ, ਜਿਹਨਾਂ ਨੇ ਸਮਾਜ ਦਾ ਦਰਦ ਚਿੱਤਰਾਂ ਰਾਹੀਂ ਬਿਆਨ ਕੀਤਾ। ਈਟੀਵੀ ਭਾਰਤ ਵੱਲੋਂ ਗੁਰਅਮਰਪ੍ਰੀਤ ਕੌਰ ਨਾਲ ਉਹਨਾਂ ਦੀ ਖਾਸ ਕਲਾ ਬਾਰੇ ਗੱਲਬਾਤ ਕੀਤੀ ਗਈ।
ਮਸ਼ੀਨਾਂ ਵਿੱਚ ਮਨ ਨਹੀਂ ਲੱਗਿਆ ਚਿੱਤਰਾਂ ਵਿੱਚ ਲੱਗਿਆ
ਈਟੀਵੀ ਭਾਰਤ ਦੀ ਵਿਸ਼ੇਸ਼ ਇੰਟਰਵਿਊ ਦੌਰਾਨ ਉਹਨਾਂ ਗੱਲ ਕਰਦਿਆਂ ਦੱਸਿਆ ਕਿ “ਅਕਾਦਮਿਕ ਤੌਰ ‘ਤੇ ਉਹਨਾਂ ਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਹੈ। ਕੰਪਿਊਟਰ ਦੀ ਪੜ੍ਹਾਈ ਕਰਦਿਆਂ ਵੀ ਉਨ੍ਹਾਂ ਦਾ ਮਨ ਮਸ਼ੀਨਾਂ ਵਿੱਚ ਨਹੀਂ ਲੱਗਿਆ। ਉਨ੍ਹਾਂ ਦੇ ਅੰਦਰਲੇ ਜਜ਼ਬਾਤ ਅਤੇ ਸੋਚਾਂ ਕੈਨਵਸ ‘ਤੇ ਰੰਗਾਂ ਰਾਹੀਂ ਸਾਹਮਣੇ ਆਉਣ ਲੱਗੀਆਂ। ਉਹ ਆਪਣੇ ਮਨ ਦੀ ਉਥਲ–ਪੁਥਲ ਨੂੰ ਡਾਇਰੀ ਅਤੇ ਪੇਂਟਿੰਗ ਰਾਹੀਂ ਪ੍ਰਗਟ ਕਰਦੇ ਰਹੇ। ਉਨ੍ਹਾਂ ਨੇ ਆਪਣੀ ਪਹਿਲੀ ਪ੍ਰਦਰਸ਼ਨੀ ਐੱਮ.ਸੀ.ਏ. ਦੀ ਪੜ੍ਹਾਈ ਦੌਰਾਨ ਲਗਾਈ, ਜਿਸ ਨਾਲ ਉਨ੍ਹਾਂ ਦੇ ਕਲਾ–ਸਫ਼ਰ ਦੀ ਇੱਕ ਨਵੀਂ ਸ਼ੁਰੂਆਤ ਹੋਈ। ਉਂਝ ਤਾਂ ਉਹ ਬਚਪਨ ਤੋਂ ਹੀ ਇਸ ਕਲਾ ਨਾਲ ਜੁੜੇ ਹਨ ਪਰ 2017 ਤੋਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਇਸ ਕਲਾ ਦੇ ਲੇਖੇ ਲਗਾ ਦਿੱਤੀ ਹੈ।”
ਜ਼ਿੰਦਗੀ ਦੇ ਤਜ਼ਰਬਿਆਂ ਵਿੱਚੋਂ ਉੱਭਰੀ ਕਲਾਕਾਰੀ
ਜ਼ਿੰਦਗੀ ਦੇ ਉਤਰਾਅ-ਚੜ੍ਹਾਅ, ਸਮਾਜਿਕ ਕੁਰੀਤੀਆ ਅਤੇ ਆਪਣੇ ਨਿੱਜੀ ਤਜ਼ਰਬਿਆਂ ਨੂੰ ਚਿੱਤਰਾਂ ਦਾ ਰੂਪ ਦੇਣ ਵਾਲੇ ਗੁਰਅਮਰਪ੍ਰੀਤ ਕੌਰ ਦੱਸਦੇ ਹਨ ਕਿ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੇ ਉਨ੍ਹਾਂ ਨੂੰ ਮਜ਼ਬੂਤ ਬਣਾਇਆ ਹੈ। ਸਕੂਲ ਸਮੇਂ ਤੋਂ ਹੀ ਉਨ੍ਹਾਂ ਨੂੰ ਕੁਝ ਨਵਾਂ ਕਰਨ ਦੀ ਪ੍ਰੇਰਣਾ ਮਿਲਦੀ ਰਹੀ। ਉਨ੍ਹਾਂ ਦੀ ਕਲਾ ਨੂੰ ਉਸ ਵੇਲੇ ਹੋਰ ਹੌਂਸਲਾ ਮਿਲਿਆ ਜਦੋਂ ਦਿੱਲੀ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਇੱਕ ਬਜ਼ੁਰਗ ਮਹਿਲਾ ਉਸ ਦੀਆਂ ਪੇਂਟਿੰਗ ਦੇਖ ਕੇ ਭਾਵੁਕ ਹੋ ਗਈ ਅਤੇ ਉਸ ਨੂੰ ਗਲੇ ਲਾ ਲਿਆ। ਉਸ ਪਲ ਨੇ ਗੁਰਅਮਰਪ੍ਰੀਤ ਨੂੰ ਇਹ ਅਹਿਸਾਸ ਕਰਵਾਇਆ ਕਿ ਉਸ ਦੀ ਕਲਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਰਹੀ ਹੈ। ਉਹ ਅਜਿਹੇ ਚਿੱਤਰ ਬਣਾਉਣਾ ਪਸੰਦ ਕਰਦੇ ਹੈ ਜੋ ਮਨੁੱਖੀ ਅਹਿਸਾਸਾਂ ਅਤੇ ਅੰਦਰੂਨੀ ਭਾਵਨਾਵਾਂ ਨੂੰ ਦਰਸਾਉਂਦੇ ਹੋਣ।
ਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਵੀ ਆਪਣੀਆਂ ਪੇਂਟਿੰਗ ਵਿੱਚ ਵਿਸ਼ੇਸ਼ ਥਾਂ ਦਿੰਦੀ ਹਾਂ। ਮੇਰੀ ਕਲਾ ਸਿਰਫ਼ ਰੰਗਾਂ ਦਾ ਮੇਲ ਨਹੀਂ, ਸਗੋਂ ਜੀਵਨ ਦੇ ਅਨੁਭਵਾਂ ਅਤੇ ਸੰਵੇਦਨਾਵਾਂ ਦਾ ਪ੍ਰਤੀਬਿੰਬ ਹੈ। ਕਈ ਦਰਸ਼ਕ ਆਪਣੇ ਜੀਵਨ ਦੀਆਂ ਕਹਾਣੀਆਂ ਅਤੇ ਦਰਦ ਚਿੱਤਰਾਂ ਵਿੱਚ ਵੇਖਦੇ ਹਨ। ਮੇਰੇ ਲਈ ਇਹੀ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਕਿ ਕੋਈ ਵਿਅਕਤੀ ਮੇਰੇ ਵੱਲੋਂ ਬਣਾਈ ਕਲਾ ਨਾਲ ਆਪਣੇ ਆਪ ਨੂੰ ਜੋੜ ਸਕੇ। –ਗੁਰਅਮਰਪ੍ਰੀਤ ਕੌਰ, ਆਰਟਿਸਟ
ਬੇੜੀਆਂ ‘ਚ ਜਕੜੀ ਇਕ ਔਰਤ ਦੀ ਤਸਵੀਰ
ਗੁਰਅਮਰਪ੍ਰੀਤ ਕੌਰ ਦੇ ਵੱਲੋਂ ਕਿੰਨੀਆਂ ਹੀ ਅਜਿਹੀਆਂ ਪੇਂਟਿੰਗਸ ਬਣਾਈਆਂ ਗਈਆਂ ਜੋ ਬਿਨ੍ਹਾਂ ਬੋਲੇ ਵੇਖਣ ਵਾਲੇ ਅੰਦਰ ਕਾਂਬਾ ਛੇੜ ਦੇਣ। ਉਹਨਾਂ ਪੇਟਿੰਗਸ ਨੂੰ ਵੇਖਣ ਵਾਲਾ ਸਹਿਜੇ ਹੀ ਉਸ ਪੇਟਿੰਗ ਅੰਦਰ ਛੁਪੇ ਦਰਦ ਨੂੰ ਸਮਝ ਲੈਂਦਾ ਹੈ। ਅਜਿਹੀ ਹੀ ਇਕ ਔਰਤ ਦੀ ਦਰਦ ਭਰੀ ਕਹਾਣੀ ਪੇਂਟਿੰਗ ਵਿੱਚ ਗੁਰਮਨਪ੍ਰੀਤ ਨੇ ਬਿਆਨ ਕੀਤੀ ਹੈ। ਉਸ ਔਰਤ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਵਿਖਾਈਆਂ ਗਈਆਂ ਹਨ ਅਤੇ ਉਸ ਦੇ ਸੁਫ਼ਨੇ ਨੂੰ ਮਾਰ ਕੇ ਉਸ ਨੂੰ ਗੁਲਾਮੀ ਦੀ ਦਲ-ਦਲ ਵਿੱਚ ਧੱਕਿਆ ਗਿਆ।
ਅੰਦਰੋਂ ਝੰਜੋੜ ਕੇ ਰੱਖ ਦਿੱਤਾ
ਗੁਰਮਨਪ੍ਰੀਤ ਦੱਸਦੇ ਹਨ ਕਿ “ਇਹ ਕਿਸੇ ਔਰਤ ਦੀ ਸੱਚੀ ਕਹਾਣੀ ਹੈ, ਜਿਸਦੇ ਸਹੁਰਾ ਪਰਿਵਾਰ ਵੱਲੋਂ ਉਸ ਦੇ ਸੁਫ਼ਨਿਆਂ ਨੂੰ ਮਾਰ ਕੇ ਉਸ ਨੂੰ ਘਰ ਦੀ ਚਾਰਦੀਵਾਰੀ ਅੰਦਰ ਗੁਲਾਮ ਬਣਾ ਕੇ ਰੱਖਿਆ ਗਿਆ। ਇਸ ਦਾਸਤਾਨ ਨੇ ਉਹਨਾਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਆਪਣੇ ਦਿਲ ਦੇ ਵਲਵਲੇ ਉਹਨਾਂ ਨੇ ਕੈਨਵਸ ‘ਤੇ ਉਤਾਰ ਕੇ ਉਹਨਾਂ ਨੂੰ ਪੇਟਿੰਗ ਦਾ ਰੂਪ ਦਿੱਤਾ। ਉਹਨਾਂ ਦੀ ਇਹ ਤਸਵੀਰ ਸੂਬੇ ਪੱਧਰ ‘ਤੇ ਚੁਣੀ ਵੀ ਗਈ।”
ਜ਼ਿੰਦਗੀ ਦਾ ‘ਪਾਥ ਆਫ ਐਂਡਿਊਰੈਂਸ’
ਉਹ ਦੱਸਦੇ ਹਨ ਕਿ ਉਹਨਾਂ ਦੀ ਪ੍ਰਸਿੱਧ ਲੜੀ ਪਾਥ ਆਫ ਐਂਡਿਊਰੈਂਸ ਖਾਸ ਤੌਰ ’ਤੇ ਔਰਤਾਂ ਦੇ ਅੰਦਰਲੇ ਸੰਘਰਸ਼, ਚੁੱਪ ਦਰਦ ਅਤੇ ਹੌਸਲੇ ਨੂੰ ਦਰਸਾਉਂਦੀ ਹੈ। ਇਹ ਚਿੱਤਰ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ, ਸਗੋਂ ਮਨੁੱਖੀ ਭਾਵਨਾਵਾਂ ਦਾ ਦਰਪਣ ਬਣ ਜਾਂਦੇ ਹਨ। ਗੁਰਅਮਰਪ੍ਰੀਤ ਕੌਰ ਆਪਣੀ ਕਲਾ ਨੂੰ ਕੇਵਲ ਇਕ ਪਛਾਣ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ, ਉਹ ਚਾਹੁੰਦੇ ਹਨ ਕਿ ਇਕ ਅਜਿਹਾ ਮੰਚ ਬਣੇ ਜਿੱਥੇ ਕਲਾਕਾਰ ਇਕੱਠੇ ਹੋ ਕੇ ਆਪਣੀ ਕਲਾ ਨੂੰ ਨਿਖਾਰ ਸਕਣ। ਇਕ ਦੂਜੇ ਦਾ ਸਾਥ ਦੇ ਸਕਣ ਅਤੇ ਨਵੀਆਂ ਸੋਚਾਂ ਨੂੰ ਜਨਮ ਦੇ ਸਕਣ।
ਕਲਾ ਰੂਪ ਦੇ ਕਈ ਸੁਮੇਲ
ਉਹਨਾਂ ਦੀ ਕਲਾ ਵਿੱਚ ਕਈ ਰੂਪਾਂ ਦਾ ਸੁੰਦਰ ਮੇਲ ਵੇਖਣ ਨੂੰ ਮਿਲਦਾ ਹੈ। ਬਾਰੀਕ ਕਲਮ ਨਾਲ ਬਣੇ ਚਿੱਤਰ, ਕੋਲੇ ਨਾਲ ਕੀਤੀਆਂ ਰੇਖਾਵਾਂ, ਤੇਲ ਰੰਗਾਂ ਦੀਆਂ ਰਚਨਾਵਾਂ ਅਤੇ ਇਕੋ ਲਕੀਰ ਨਾਲ ਬਣਾਈ ਕਲਾ ਉਹਨਾਂ ਦੀ ਖਾਸ ਪਛਾਣ ਬਣ ਚੁੱਕੀ ਹੈ। ਗੁਰਅਮਰਪ੍ਰੀਤ ਕੌਰ ਮੰਨਦੇ ਹਨ ਕਿ ਇਕੋ ਲਕੀਰ ਨਾਲ ਬਣੀ ਕਲਾ ਮਨ ਦੀ ਅਟੱਲ ਧਾਰਾ ਅਤੇ ਅੰਦਰਲੇ ਅਹਿਸਾਸਾਂ ਨੂੰ ਪ੍ਰਗਟ ਕਰਦੀ ਹੈ। ਉਹਨਾਂ ਦਾ ਇਕ ਹੋਰ ਸੁਫ਼ਨਾ ਲੋਕਾਂ ਦੇ ਘਰਾਂ ਅਤੇ ਕੰਮਕਾਜ ਵਾਲੀਆਂ ਥਾਵਾਂ ਵਿੱਚ ਅਜਿਹੀ ਕਲਾ ਪਹੁੰਚਾਉਣਾ ਹੈ ਜੋ ਸਿਰਫ਼ ਕੰਧਾਂ ਦੀ ਸਜਾਵਟ ਨਾ ਬਣੇ, ਸਗੋਂ ਮਨ ਨੂੰ ਸ਼ਾਂਤੀ ਅਤੇ ਰੂਹ ਨੂੰ ਸੁਕੂਨ ਦੇਵੇ। ਉਹਨਾਂ ਦੇ ਹਰ ਚਿੱਤਰ ਵਿੱਚ ਇਕ ਜਿਉਂਦੀ ਕਹਾਣੀ ਵੱਸਦੀ ਹੈ ਜੋ ਕਿਸੇ ਨਾ ਕਿਸੇ ਮਨੁੱਖ ਦੇ ਜੀਵਨ ਨਾਲ ਜੁੜ ਜਾਂਦੀ ਹੈ। ਸ਼ਾਇਦ ਇਹ ਹੀ ਉਹਨਾਂ ਦੀ ਕਲਾ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਇਹ ਸਿਰਫ਼ ਅੱਖਾਂ ਨਾਲ ਨਹੀਂ ਵੇਖੀ ਜਾਂਦੀ, ਸਗੋਂ ਦਿਲ ਨਾਲ ਮਹਿਸੂਸ ਕੀਤੀ ਜਾਂਦੀ ਹੈ।
ਕਲਾ ਨੂੰ ਰੁਜ਼ਗਾਰ ਦਾ ਵਸੀਲਾ ਵੀ ਬਣਾਇਆ
ਗੁਰਅਮਰਪ੍ਰੀਤ ਕਹਿੰਦੇ ਹਨ ਕਿ “ਸ਼ੁਰੂਆਤੀ ਦੌਰ ਵਿੱਚ ਉਹ ਆਪਣੇ ਮਨ ਦੇ ਭਾਵਾਂ ਨੂੰ ਅਕਾਰ ਦੇ ਕੇ ਪੇਟਿੰਗ ਦੇ ਰੂਪ ਵਿੱਚ ਉਭਾਰਦੇ ਸਨ, ਪਰ ਬਾਅਦ ਵਿੱਚ ਲੋਕ ਉਹਨਾਂ ਤੱਕ ਪਹੁੰਚ ਕਰਨ ਲੱਗੇ ਅਤੇ ਇਹ ਕਲਾ ਉਹਨਾਂ ਦੇ ਰੁਜ਼ਗਾਰ ਦਾ ਵਸੀਲਾ ਬਣ ਗਿਆ। ਉਹਨਾਂ ਨੂੰ ਜ਼ਿਆਦਾ ਸਕੂਨ ਆਪਣੇ ਅੰਦਰ ਦੀ ਕਲਾਕਾਰੀ ਨੂੰ ਚਿੱਤਰਾਂ ਵਿੱਚ ਉਭਾਰ ਕੇ ਮਿਲਦਾ ਹੈ, ਕਿਉਂਕਿ ਉਸ ਸਮੇਂ ਆਪਣੇ ਵਿਚਾਰਾਂ ਨਾਲ ਖੁੱਲ੍ਹੇ ਹੋ ਕੇ ਵਿਚਰਦੇ ਹਨ। ਜਦਕਿ ਕਮਰਸ਼ਅਲ ਖੇਤਰ ਵਿੱਚ ਉਹਨਾਂ ਨੂੰ ਗ੍ਰਾਹਕਾਂ ਦੀ ਮਰਜ਼ੀ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਹੈ।”
ਕਲਾ ਬਹੁਤ ਮਹਿੰਗਾ ਸ਼ੌਂਕ ਹੈ, ਜਿਸ ਲਈ ਕਲਾਕਾਰ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਹੋਣਾ ਪੈਂਦਾ ਹੈ। ਸ਼ੁਰੂਆਤੀ ਦੌਰ ਵਿੱਚ ਕਲਾਕਾਰ ਨੂੰ ਆਪਣੇ ਬਲਬੂਤੇ ‘ਤੇ ਹੀ ਸਾਰੇ ਕੰਮ ਕਰਨੇ ਪੈਂਦੇ ਹਨ। ਕਲਾ ਨੂੰ ਕਿੱਤਾ ਬਣਾ ਕੇ ਪੂਰੀ ਉਮਰ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ।– ਗੁਰਅਮਰਪ੍ਰੀਤ ਕੌਰ, ਆਰਟਿਸਟ
ਚਿੱਤਰਕਾਰੀ ਵੇਲੇ ਇਹਨਾਂ ਤਕਨੀਕਾਂ ਦੀ ਵਰਤੋਂ
ਗੁਰਅਮਰਪ੍ਰੀਤ ਕੌਰ ਆਪਣੀ ਕਲਾ ਵਿੱਚ ਕਈ ਵੱਖ-ਵੱਖ ਮਾਧਿਅਮ ਅਤੇ ਤਕਨੀਕਾਂ ਦੀ ਵਰਤੋਂ ਕਰਦੇ ਹਨ। ਉਹ ਆਪਣੀ ਪੇਂਟਿੰਗ ਅਤੇ ਕਲਾਕ੍ਰਿਤੀਆਂ ਬਣਾਉਣ ਲਈ ਮੁੱਖ ਤੌਰ ‘ਤੇ ਇਹ ਚੀਜ਼ਾਂ ਵਰਤਦੇ ਹੈ।
- ਆਇਲ ਕਲਰਾਂ ਦੀ ਵਰਤੋਂ — ਡੂੰਘੇ ਜਜ਼ਬਾਤ ਅਤੇ ਭਾਵਪੂਰਨ ਪ੍ਰਗਟਾਵਾ ਨੂੰ ਦਰਸਾਉਣ ਲਈ
- ਮਾਈਕ੍ਰੋਨ ਪੈਨ ਨਾਲ ਫਾਈਨ ਲਾਈਨ ਆਰਟ — ਬਾਰੀਕ ਡਿਟੇਲ ਅਤੇ ਸ਼ਾਂਤ ਅਭਿਵਿਅਕਤੀ ਲਈ
- ਚਾਰਕੋਲ ਸਕੈਚਿੰਗ — ਕੱਚੇ ਜਜ਼ਬਾਤਾਂ ਅਤੇ ਅੰਦਰੂਨੀ ਦਰਦ ਨੂੰ ਉਭਾਰਣ ਲਈ
- ਪੈਂਸਿਲ ਸਕੈਚ ਵਰਕ — ਕੁਦਰਤੀ ਅਤੇ ਸਹਿਜ ਪ੍ਰਗਟਾਵਾ ਲਈ
- ਡਿਜ਼ੀਟਲ ਸਕੈਚਿੰਗ ਅਤੇ ਡਿਜ਼ੀਟਲ ਆਰਟ — ਆਧੁਨਿਕ ਸੁਹਜ ਸ਼ਾਸਤਰ ਅਤੇ ਸ਼ੁੱਧਤਾ ਲਈ
- ਮਿਕਸਡ ਮੀਡੀਆ ਤਕਨੀਕ — ਵੱਖ-ਵੱਖ ਮਾਧਿਅਮਾਂ ਨੂੰ ਮਿਲਾ ਕੇ ਨਵੀਂ ਦ੍ਰਿਸ਼ਟੀਗਤ ਭਾਸ਼ਾ ਬਣਾਉਣ ਲਈ
- ਐਕ੍ਰਿਲਿਕ ਕਲਰ ਵਰਕ — ਜੀਵੰਤ ਅਤੇ ਭਾਵਪੂਰਤ ਰਚਨਾਵਾਂ ਲਈ
- ਵਨ ਲਾਈਨ ਆਰਟ ਤਕਨੀਕ — ਇਕ ਲਗਾਤਾਰ ਲਾਈਨ ਰਾਹੀਂ ਭਾਵਨਾਵਾਂ ਦਾ ਪ੍ਰਵਾਹ ਦਰਸਾਉਣ ਲਈ
- ਟੈਕਸਚਰ ਅਤੇ ਸਿੰਬੋਲਿਕ ਡਿਜ਼ਾਈਨ ਦੀ ਵਰਤੋਂ — ਧੀਰਜ, ਇਲਾਜ ਅਤੇ ਆਜ਼ਾਦੀ ਵਰਗੇ ਵਿਸ਼ਿਆਂ ਨੂੰ ਦਰਸਾਉਣ ਲਈ
- ਇਮੋਸ਼ਨਲ ਅਤੇ ਸਟੋਰੀਟੈਲਿੰਗ ਆਧਾਰਿਤ ਕਲਾ ਸ਼ੈਲੀ — ਦਰਸ਼ਕਾਂ ਨਾਲ ਅੰਦਰੂਨੀ ਜੁੜਾਅ ਬਣਾਉਣ ਲਈ
ਨਿੱਜੀ ਜ਼ਿੰਦਗੀ ਵਿੱਚ ਕੌਣ ਹੈ ਗੁਰਅਮਰਪ੍ਰੀਤ ?
ਗੁਰਅਮਰਪ੍ਰੀਤ ਕੌਰ ਪੰਜਾਬ ਦੇ ਨਿੱਕੇ ਜਿਹੇ ਪਿੰਡ ਦੀ ਸਧਾਰਣ ਕੁੜੀ ਹੈ। ਜਿਸ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੁੰਬਲੀ ਨਾਲ ਜੁੜਿਆ ਹੋਇਆ ਹੈ। ਕਲਾਕਾਰ ਹੋਣ ਦੇ ਨਾਲ-ਨਾਲ ਉਹ ਇਕ ਧੀ ਦੀ ਮਾਂ ਵੀ ਹੈ। ਗੁਰਅਮਰਪ੍ਰੀਤ ਕੌਰ ਜਿਥੇ ਇਕ ਚੰਗੀ ਕਲਾਕਾਰ ਹੈ ਉਥੇ ਹੀ ਇਕ ਨੂੰਹ ਅਤੇ ਮਾਂ ਹੋਣ ਦੀ ਭੂਮਿਕਾ ਵੀ ਸੁਚੱਜੇ ਢੰਗ ਨਾਲ ਨਿਭਾ ਰਹੀ ਹੈ।
ਗੁਰਅਮਰਪ੍ਰੀਤ ਦੀਆਂ ਪ੍ਰਾਪਤੀਆਂ
ਗੁਰਅਮਰਪ੍ਰੀਤ ਕੌਰ ਆਪਣੇ ਆਪ ਤੋਂ ਸਿੱਖੀ ਇੱਕ ਫ੍ਰੀਲਾਂਸ ਕਲਾਕਾਰ ਅਤੇ ਪੰਜਾਬ ਆਰਟ ਹਾਊਸ ਦੀ ਸੰਸਥਾਪਕ ਹਨ, ਜੋ ਚਾਰਕੋਲ, ਤੇਲ ਚਿੱਤਰਕਾਰੀ ਅਤੇ ਮਿਸ਼ਰਤ ਮੀਡੀਆ ਰਾਹੀਂ ਭਾਵਨਾਤਮਕ ਅਤੇ ਸੋਚਣ ਲਈ ਪ੍ਰੇਰਿਤ ਕਰਨ ਵਾਲੀ ਕਲਾ ਬਣਾਉਂਦੇ ਹਨ। ਉਨ੍ਹਾਂ ਦੀ ਕਲਾ ਦਾ ਮੁੱਖ ਵਿਸ਼ਾ ਔਰਤਾਂ ਦੀ ਸਹਿਨਸ਼ੀਲਤਾ, ਹੌਸਲਾ ਅਤੇ ਅੰਦਰੂਨੀ ਤਾਕਤ ਹੈ। ਉਨ੍ਹਾਂ ਨੇ ਚੰਡੀਗੜ੍ਹ ਮਿਊਜ਼ੀਅਮ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਰਗੀਆਂ ਪ੍ਰਸਿੱਧ ਥਾਵਾਂ ‘ਤੇ ਪ੍ਰਦਰਸ਼ਨੀ ਲਗਾਈਆਂ ਹਨ, ਜਦਕਿ ਉਨ੍ਹਾਂ ਦੀ ਇਕੱਲੇ ਪ੍ਰਦਰਸ਼ਨੀ “ਸਹਿਣਸ਼ੀਲਤਾ ਦਾ ਮਾਰਗ” (Path of Endurance) ਨੂੰ ਅਲਾਇੰਸ ਫਰਾਂਸਿਸ ਡੀ ਚੰਡੀਗੜ੍ਹ (Alliance Française de Chandigarh) ਵਿੱਚ ਕਾਫ਼ੀ ਪ੍ਰਸ਼ੰਸਾ ਮਿਲੀ। ਉਨ੍ਹਾਂ ਦੀ ਕਲਾ ਨੂੰ ਲੋਕਾਂ ਅਤੇ ਕਲਾ-ਪ੍ਰੇਮੀਆਂ ਵੱਲੋਂ ਬਹੁਤ ਸਰਾਹਿਆ ਗਿਆ ਹੈ, ਅਤੇ ਉਹ ਵਰਕਸ਼ਾਪਾਂ ਰਾਹੀਂ ਨਵੇਂ ਕਲਾਕਾਰਾਂ ਨੂੰ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕੋਲ ਕੰਪਿਊਟਰ ਵਿਗਿਆਨ ਵਿੱਚ ਮਾਸਟਰ ਡਿਗਰੀ ਵੀ ਹੈ।
ETV BHARAT