ਨਰਿੰਦਰ ਮੋਦੀ
ਪ੍ਰਯਾਗਰਾਜ ਵਿਚ ਵੀ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ ’ਤੇ ਮੇਰਾ ਇਹ ਸੰਕਲਪ ਹੋਰ ਦ੍ਰਿੜ੍ਹ ਹੋਇਆ। ਨਦੀ ਚਾਹੇ ਛੋਟੀ ਹੋਵੇ ਜਾਂ ਵੱਡੀ, ਹਰ ਨਦੀ ਨੂੰ ਜੀਵਨ ਦੇਣ ਵਾਲੀ ਮਾਂ ਦਾ ਸਰੂਪ ਮੰਨਦੇ ਹੋਏ ਅਸੀਂ ਨਦੀ ਉਤਸਵ ਜ਼ਰੂਰ ਮਨਾਈਏ। ਮਹਾਂਕੁੰਭ ਸਾਨੂੰ ਇਹ ਪ੍ਰੇਰਨਾ ਦੇ ਕੇ ਗਿਆ ਹੈ ਕਿ ਅਸੀਂ ਆਪਣੀਆਂ ਨਦੀਆਂ ਨੂੰ ਸਾਫ਼-ਸੁਥਰੀਆਂ ਰੱਖੀਏ। ਮੈਂ ਜਾਣਦਾ ਹਾਂ ਕਿ ਇੰਨਾ ਵਿਸ਼ਾਲ ਆਯੋਜਨ ਆਸਾਨ ਨਹੀਂ ਸੀ।
ਜਦ ਇਕ ਰਾਸ਼ਟਰ ਦੀ ਚੇਤਨਾ ਜਾਗਰਿਤ ਹੁੰਦੀ ਹੈ ਅਤੇ ਉਹ ਸੈਂਕੜੇ ਸਾਲਾਂ ਦੀ ਗੁਲਾਮੀ ਵਾਲੀ ਮਾਨਸਿਕਤਾ ਦੇ ਸਾਰੇ ਬੰਧਨਾਂ ਨੂੰ ਤੋੜ ਕੇ ਨਵੀਂ ਚੇਤਨਾ ਨਾਲ ਹਵਾ ਵਿਚ ਸਾਹ ਲੈਣ ਲੱਗਦੀ ਹੈ, ਉਦੋਂ ਉਹੋ ਜਿਹਾ ਹੀ ਦ੍ਰਿਸ਼ ਮੌਜੂਦ ਹੁੰਦਾ ਹੈ ਜਿਹੋ ਜਿਹਾ ਅਸੀਂ 13 ਜਨਵਰੀ ਤੋਂ ਬਾਅਦ ਤੋਂ ਪ੍ਰਯਾਗਰਾਜ ਵਿਚ ਏਕਤਾ ਦੇ ਮਹਾਂਕੁੰਭ ਵਿਚ ਦੇਖਿਆ।
ਬਾਈ ਜਨਵਰੀ 2024 ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਮੈਂ ਦੇਵ-ਭਗਤੀ ਦੇ ਨਾਲ-ਨਾਲ ਦੇਸ਼-ਭਗਤੀ ਦੀ ਗੱਲ ਆਖੀ ਸੀ। ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਅਸੀਂ ਦੇਸ਼ ਦੀ ਜਾਗਰਿਤ ਚੇਤਨਾ ਦੇ ਰੂਬਰੂ ਹੋਏ। ਤੀਰਥਰਾਜ ਪ੍ਰਯਾਗ ਦੇ ਇਸੇ ਖੇਤਰ ਵਿਚ ਏਕਤਾ, ਸਮਰਸੱਤਾ ਅਤੇ ਪ੍ਰੇਮ ਦਾ ਪਵਿੱਤਰ ਖੇਤਰ ਸ਼੍ਰੰਗਵੇਰਪੁਰ ਵੀ ਹੈ ਜਿੱਥੇ ਪ੍ਰਭੂ ਸ੍ਰੀਰਾਮ ਅਤੇ ਨਿਸ਼ਾਦਰਾਜ ਦਾ ਮਿਲਨ ਹੋਇਆ ਸੀ।
ਉਨ੍ਹਾਂ ਦੇ ਮਿਲਨ ਦਾ ਉਹ ਪ੍ਰਸੰਗ ਵੀ ਸਾਡੇ ਇਤਿਹਾਸ ਵਿਚ ਭਗਤੀ ਅਤੇ ਸਦਭਾਵਨਾ ਦੇ ਸੰਗਮ ਦੀ ਤਰ੍ਹਾਂ ਹੀ ਹੈ। ਇਹ ਤੀਰਥ ਅੱਜ ਵੀ ਸਾਨੂੰ ਏਕਤਾ ਅਤੇ ਸਮਰਸੱਤਾ ਦੀ ਪ੍ਰੇਰਨਾ ਦਿੰਦਾ ਹੈ। ਪ੍ਰਯਾਗਰਾਜ ਵਿਚ ਮਹਾਂਕੁੰਭ ਦਾ ਆਯੋਜਨ ਆਧੁਨਿਕ ਯੁੱਗ ਦੇ ਮੈਨੇਜਮੈਂਟ ਪ੍ਰੋਫੈਸ਼ਨਜ਼, ਪਲਾਨਿੰਗ ਅਤੇ ਪਾਲਿਸੀ ਐਕਸਪਰਟਸ ਲਈ ਨਵੇਂ ਸਿਰੇ ਤੋਂ ਅਧਿਐਨ ਦਾ ਵਿਸ਼ਾ ਬਣਿਆ ਹੈ। ਵਿਸ਼ਵ ਵਿਚ ਇਸ ਤਰ੍ਹਾਂ ਦੇ ਵਿਰਾਟ ਆਯੋਜਨ ਦੀ ਕੋਈ ਦੂਜੀ ਤੁਲਨਾ ਨਹੀਂ। ਇਹ ਦੇਖਣਾ ਬਹੁਤ ਹੀ ਸੁਖਦ ਰਿਹਾ ਕਿ ਬਹੁਤ ਵੱਡੀ ਗਿਣਤੀ ਵਿਚ ਭਾਰਤ ਦੀ ਨੌਜਵਾਨ ਪੀੜ੍ਹੀ ਪ੍ਰਯਾਗਰਾਜ ਪੁੱਜੀ। ਇਸ ਤੋਂ ਇਹ ਭਰੋਸਾ ਦ੍ਰਿੜ੍ਹ ਹੁੰਦਾ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਸਾਡੇ ਸੰਸਕਾਰਾਂ ਅਤੇ ਸੰਸਕ੍ਰਿਤੀ ਦੀ ਵਾਹਕ ਹੈ ਅਤੇ ਉਨ੍ਹਾਂ ਨੂੰ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਮਝਦੀ ਹੈ ਅਤੇ ਉਸ ਨੂੰ ਲੈ ਕੇ ਸੰਕਲਪਿਤ ਵੀ ਹੈ ਅਤੇ ਸਮਰਪਤ ਵੀ।
ਇਹ ਬਹੁਤ ਹੀ ਹਾਂ-ਪੱਖੀ ਸੰਕੇਤ ਹਨ ਜੋ ਸਾਡੀ ਅਮੀਰ ਸੰਸਕ੍ਰਿਤੀ ਦੀ ਸ਼ਾਹਦੀ ਭਰਦੇ ਹਨ ।ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੁੰਦੀ ਹੈ। ਉਸ ਵਿਚ ਰੂਹਾਨੀਅਤ ਦੀ ਭਾਵਨਾ ਮਜ਼ਬੂਤ ਹੋਣਾ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ। ਕਿੰਨੇ ਹੀ ਲੋਕਾਂ ਦਾ ਕੁੰਭ ਤੋਂ ਵਾਪਸੀ ਤੋਂ ਬਾਅਦ ਜਿਹੋ ਜਿਹਾ ਸਤਿਕਾਰ ਹੋਇਆ ਅਤੇ ਜਿਸ ਤਰ੍ਹਾਂ ਸਮਾਜ ਨੇ ਉਨ੍ਹਾਂ ਪ੍ਰਤੀ ਸ਼ਰਧਾ ਨਾਲ ਸਿਰ ਝੁਕਾਇਆ, ਉਹ ਨਾ-ਭੁੱਲਣਯੋਗ ਹੈ। ਦੇਖਿਆ ਜਾਵੇ ਤਾਂ ਬੀਤੇ ਕੁਝ ਦਹਾਕਿਆਂ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਇਹ ਆਉਣ ਵਾਲੀਆਂ ਸਦੀਆਂ ਦੀ ਇਕ ਨੀਂਹ ਰੱਖ ਗਿਆ। ਪ੍ਰਯਾਗਰਾਜ ਵਿਚ ਕਲਪਨਾ ਤੋਂ ਕਿਤੇ ਜ਼ਿਆਦਾ ਗਿਣਤੀ ਵਿਚ ਸ਼ਰਧਾਲੂ ਪੁੱਜੇ ਅਤੇ ਨਵੇਂ ਰਿਕਾਰਡ ਬਣੇ ਤਾਂ ਇਸ ਦੀ ਇਕ ਵਜ੍ਹਾ ਇਹ ਰਹੀ ਕਿ ਪ੍ਰਸ਼ਾਸਨ ਨੇ ਪੁਰਾਣੇ ਤਜਰਬਿਆਂ ਨੂੰ ਦੇਖਦੇ ਹੋਏ ਹੀ ਅਨੁਮਾਨ ਲਗਾਇਆ ਸੀ। ਅਮਰੀਕਾ ਦੀ ਆਬਾਦੀ ਤੋਂ ਲਗਪਗ ਦੁੱਗਣੇ ਲੋਕਾਂ ਨੇ ਏਕਤਾ ਦੇ ਮਹਾਂਕੁੰਭ ਵਿਚ ਹਿੱਸਾ ਲਿਆ।ਅਧਿਆਤਮ ਦੇ ਖੋਜਾਰਥੀ ਜਦ ਕਰੋੜਾਂ ਭਾਰਤ ਵਾਸੀਆਂ ਦੇ ਇਸ ਉਤਸ਼ਾਹ ’ਤੇ ਅਧਿਐਨ ਕਰਨਗੇ ਤਾਂ ਦੇਖਣਗੇ ਕਿ ਆਪਣੀ ਵਿਰਾਸਤ ’ਤੇ ਮਾਣ ਕਰਨ ਵਾਲਾ ਭਾਰਤ ਹੁਣ ਇਕ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਯੁੱਗ ਪਰਿਵਰਤਨ ਦੀ ਉਹ ਆਹਟ ਹੈ ਜੋ ਭਾਰਤ ਦਾ ਨਵਾਂ ਭਵਿੱਖ ਲਿਖਣ ਜਾ ਰਹੀ ਹੈ।
ਹਜ਼ਾਰਾਂ ਸਾਲਾਂ ਤੋਂ ਹਰ ਪੂਰਨ ਕੁੰਭ ਵਿਚ ਉਸ ਸਮੇਂ ਦੇ ਹਾਲਾਤ ’ਤੇ ਰਿਸ਼ੀਆਂ-ਮੁਨੀਆਂ ਦੁਆਰਾ 45 ਦਿਨਾਂ ਤੱਕ ਮੰਥਨ ਹੁੰਦਾ ਸੀ ਅਤੇ ਸਮਾਜ ਤੇ ਦੇਸ਼ ਨੂੰ ਨਵੇਂ ਦਿਸ਼ਾ-ਨਿਰਦੇਸ਼ ਮਿਲਦੇ ਸਨ। ਇਸ ਤੋਂ ਬਾਅਦ ਹਰ ਛੇ ਸਾਲਾਂ ਵਿਚ ਅਰਧ-ਕੁੰਭ ਹੁੰਦੇ-ਯਾਨੀ 144 ਸਾਲਾਂ ਦੇ ਅੰਤਰਾਲ ’ਤੇ ਜੋ ਦਿਸ਼ਾ-ਨਿਰਦੇਸ਼, ਜੋ ਪਰੰਪਰਾਵਾਂ, ਪੁਰਾਣੀਆਂ ਪੈ ਚੁੱਕੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਤਿਆਗ ਦਿੱਤਾ ਜਾਂਦਾ ਅਤੇ ਨਵੀਆਂ ਰਵਾਇਤਾਂ ਨੂੰ ਸਿਰਜਿਆ ਜਾਂਦਾ। ਇਸ ਮਹਾਂਕੁੰਭ ਨੇ ਵੀ ਭਾਰਤ ਦੀ ਵਿਕਾਸ ਯਾਤਰਾ ਦੇ ਨਵੇਂ ਅਧਿਆਏ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਹੈ-ਵਿਕਸਤ ਭਾਰਤ ਦਾ। ਜਿਵੇਂ ਬਾਲਕ ਰੂਪ ਵਿਚ ਸ੍ਰੀਕ੍ਰਿਸ਼ਨ ਨੇ ਮਾਤਾ ਯਸ਼ੋਧਾ ਨੂੰ ਆਪਣੇ ਮੂੰਹ ਵਿਚ ਬ੍ਰਹਿਮੰਡ ਦੇ ਦਰਸ਼ਨ ਕਰਵਾਏ ਸਨ, ਤਿਵੇਂ ਹੀ ਮਹਾਂਕੁੰਭ ਵਿਚ ਭਾਰਤ ਵਾਸੀਆਂ ਅਤੇ ਵਿਸ਼ਵ ਨੇ ਭਾਰਤ ਦੀ ਸਮਰੱਥਾ ਦੇ ਵਿਰਾਟ ਸਰੂਪ ਦੇ ਦਰਸ਼ਨ ਬਾਖ਼ੂਬੀ ਕਰ ਲਏ ਹਨ।ਸਾਨੂੰ ਹੁਣ ਇਸੇ ਸਮਰੱਥਾ ਤੋਂ ਪ੍ਰੇਰਿਤ ਹੋ ਕੇ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਪੈਣਾ ਹੈ। ਭਾਰਤ ਦੀ ਇਹ ਇਕ ਅਜਿਹੀ ਤਾਕਤ ਹੈ ਜਿਸ ਬਾਰੇ ਭਗਤੀ ਅੰਦੋਲਨ ਵਿਚ ਸਾਡੇ ਸੰਤਾਂ ਨੇ ਰਾਸ਼ਟਰ ਦੇ ਹਰ ਕੋਨੇ ਵਿਚ ਅਲਖ ਜਗਾਈ ਸੀ ਅਤੇ ਵਿਵੇਕਾਨੰਦ, ਸ੍ਰੀ ਅਰਬਿੰਦੋ ਆਦਿ ਨੇ ਸਾਨੂੰ ਇਸ ਬਾਰੇ ਜਾਗਰੂਕ ਕੀਤਾ ਸੀ।
ਇਸ ਦਾ ਅਹਿਸਾਸ ਗਾਂਧੀ ਜੀ ਨੇ ਵੀ ਕੀਤਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੀ ਇਸ ਸ਼ਕਤੀ ਦੇ ਵਿਰਾਟ ਸਰੂਪ ਨੂੰ ਜੇ ਅਸੀਂ ਜਾਣਿਆ ਹੁੰਦਾ ਅਤੇ ਉਸ ਨੂੰ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਵੱਲ ਮੋੜਿਆ ਹੁੰਦਾ ਤਾਂ ਉਹ ਗੁਲਾਮੀ ਦੇ ਪ੍ਰਭਾਵਾਂ ਤੋਂ ਬਾਹਰ ਨਿਕਲਦੇ ਭਾਰਤ ਦੀ ਬਹੁਤ ਵੱਡੀ ਸ਼ਕਤੀ ਬਣ ਜਾਂਦੀ, ਪਰ ਅਸੀਂ ਉਦੋਂ ਇਹ ਨਹੀਂ ਕਰ ਸਕੇ। ਮੈਨੂੰ ਤਸੱਲੀ ਅਤੇ ਖ਼ੁਸ਼ੀ ਹੈ ਕਿ ਜਨਤਾ ਜਨਾਰਦਨ ਦੀ ਇਹੀ ਤਾਕਤ ਹੁਣ ਵਿਕਸਤ ਭਾਰਤ ਲਈ ਇਕਜੁੱਟ ਹੋ ਰਹੀ ਹੈ। ਜਦ ਮੈਂ ਚੋਣਾਂ ਲਈ ਕਾਸ਼ੀ ਗਿਆ ਸੀ ਤਾਂ ਮੈਂ ਕਿਹਾ ਸੀ-ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਇਸ ਵਿਚ ਇਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਸੀ, ਸਾਡੀ ਮਾਂ ਸਰੂਪ ਨਦੀਆਂ ਦੀ ਪਵਿੱਤਰਤਾ ਅਤੇ ਸਵੱਛਤਾ ਨੂੰ ਲੈ ਕੇ।
ਪ੍ਰਯਾਗਰਾਜ ਵਿਚ ਵੀ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ ’ਤੇ ਮੇਰਾ ਇਹ ਸੰਕਲਪ ਹੋਰ ਦ੍ਰਿੜ੍ਹ ਹੋਇਆ। ਨਦੀ ਚਾਹੇ ਛੋਟੀ ਹੋਵੇ ਜਾਂ ਵੱਡੀ, ਹਰ ਨਦੀ ਨੂੰ ਜੀਵਨ ਦੇਣ ਵਾਲੀ ਮਾਂ ਦਾ ਸਰੂਪ ਮੰਨਦੇ ਹੋਏ ਅਸੀਂ ਨਦੀ ਉਤਸਵ ਜ਼ਰੂਰ ਮਨਾਈਏ। ਮਹਾਂਕੁੰਭ ਸਾਨੂੰ ਇਹ ਪ੍ਰੇਰਨਾ ਦੇ ਕੇ ਗਿਆ ਹੈ ਕਿ ਅਸੀਂ ਆਪਣੀਆਂ ਨਦੀਆਂ ਨੂੰ ਸਾਫ਼-ਸੁਥਰੀਆਂ ਰੱਖੀਏ। ਮੈਂ ਜਾਣਦਾ ਹਾਂ ਕਿ ਇੰਨਾ ਵਿਸ਼ਾਲ ਆਯੋਜਨ ਆਸਾਨ ਨਹੀਂ ਸੀ।
ਮੈਂ ਪ੍ਰਾਰਥਨਾ ਕਰਦਾ ਹਾਂ ਮਾਂ ਗੰਗਾ ਨੂੰ, ਮਾਂ ਯਮੁਨਾ ਨੂੰ , ਮਾਂ ਸਰਸਵਤੀ ਨੂੰ… ਹੇ ਮਾਂ ਸਾਡੀ ਅਰਾਧਨਾ ਵਿਚ ਕੁਝ ਕਮੀ ਰਹਿ ਗਈ ਹੋਵੇ ਤਾਂ ਮਾਫ਼ ਕਰ ਦਿਉ। ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਹੀ ਸਭ ਆਯੋਜਨ ਸਫਲਤਾਪੂਰਵਕ ਸੰਪੂਰਨ ਹੋ ਪਾਉਂਦੇ ਹਨ। ਜਨਤਾ ਜਨਾਰਦਨ ਮੇਰੇ ਲਈ ਈਸ਼ਵਰ ਦਾ ਹੀ ਸਰੂਪ ਹੈ। ਸ਼ਰਧਾਲੂਆਂ ਦੀ ਸੇਵਾ ਵਿਚ ਜੇ ਸਾਡੇ ਕੋਲੋਂ ਕੋਈ ਕਮੀ-ਪੇਸ਼ੀ ਰਹਿ ਗਈ ਹੋਵੇ ਤਾਂ ਮੈਂ ਜਨਤਾ ਜਨਾਰਦਨ ਤੋਂ ਵੀ ਮਾਫ਼ੀ ਮੰਗਦਾ ਹਾਂ। ਸ਼ਰਧਾ ਨਾਲ ਭਰੇ ਜੋ ਕਰੋੜਾਂ ਲੋਕ ਮਹਾਂਕੁੰਭ ਦਾ ਹਿੱਸਾ ਬਣੇ, ਉਨ੍ਹਾਂ ਦੀ ਸੇਵਾ ਦਾ ਫ਼ਰਜ਼ ਸ਼ਰਧਾ ਦੀ ਸਮਰੱਥਾ ਨਾਲ ਹੀ ਪੂਰਾ ਹੋਇਆ। ਇਹ ਬੇਮਿਸਾਲ ਕਾਮਯਾਬੀ ਆਖੀ ਜਾ ਸਕਦੀ ਹੈ। ਯੂਪੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਯੋਗੀ ਜੀ ਦੀ ਅਗਵਾਈ ਵਿਚ ਸ਼ਾਸਨ, ਪ੍ਰਸ਼ਾਸਨ ਅਤੇ ਜਨਤਾ ਨੇ ਇਕੱਠੇ ਹੋ ਕੇ ਏਕਤਾ ਦੇ ਇਸ ਮਹਾਂਕੁੰਭ ਨੂੰ ਸਫਲ ਬਣਾਇਆ। ਕੇਂਦਰ ਹੋਵੇ ਜਾਂ ਰਾਜ, ਇੱਥੇ ਨਾ ਕੋਈ ਸ਼ਾਸਕ ਸੀ, ਨਾ ਪ੍ਰਸ਼ਾਸਕ, ਹਰ ਕੋਈ ਸ਼ਰਧਾ ਭਾਵ ਨਾਲ ਭਰਿਆ ਸੇਵਕ ਸੀ।
ਸਾਡੇ ਸਫ਼ਾਈ ਕਰਮੀ, ਪੁਲਿਸ ਮੁਲਾਜ਼ਮ, ਮਲਾਹ ਸਾਥੀ, ਵਾਹਨ ਚਾਲਕ, ਭੋਜਨ ਬਣਾਉਣ ਵਾਲੇ, ਸਾਰਿਆਂ ਨੇ ਪੂਰੀ ਸ਼ਰਧਾ ਅਤੇ ਸੇਵਾ ਭਾਵ ਨਾਲ ਮਹਾਂਕੁੰਭ ਨੂੰ ਸਫਲ ਬਣਾਇਆ। ਪ੍ਰਯਾਗਰਾਜ ਦੇ ਵਾਸੀਆਂ ਨੇ ਤਮਾਮ ਪਰੇਸ਼ਾਨੀਆਂ ਸਹਾਰ ਕੇ ਸ਼ਰਧਾਲੂਆਂ ਦੀ ਜੋ ਸੇਵਾ ਕੀਤੀ, ਉਹ ਅਦੁੱਤੀ ਹੈ। ਉਨ੍ਹਾਂ ਦੇ ਅਤਿਥੀ ਭਾਵ ਦਾ ਹਰ ਕੋਈ ਕਾਇਲ ਹੋਇਆ ਹੈ। ਇਹ ਭਾਵ ਹਰ ਹਿੰਦੁਸਤਾਨੀ ਵਿਚ ਹੋਣਾ ਚਾਹੀਦਾ ਹੈ।
ਮੈਂ ਪ੍ਰਯਾਗਰਾਜ ਦੇ ਸਾਰੇ ਵਾਸੀਆਂ ਅਤੇ ਯੂਪੀ ਦੀ ਜਨਤਾ ਦਾ ਸ਼ੁਕਰੀਆ ਅਦਾ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਮਹਾਂਕੁੰਭ ਦੇ ਦ੍ਰਿਸ਼ਾਂ ਨੂੰ ਦੇਖ ਕੇ ਰਾਸ਼ਟਰ ਦੇ ਉਜਵਲ ਭਵਿੱਖ ਨੂੰ ਲੈ ਕੇ ਮੇਰੀ ਆਸਥਾ ਕਈ ਗੁਣਾ ਮਜ਼ਬੂਤ ਹੋਈ ਹੈ। ਇਕ ਸੌ ਚਾਲੀ ਕਰੋੜ ਦੇਸ਼ ਵਾਸੀਆਂ ਨੇ ਜਿਸ ਤਰ੍ਹਾਂ ਪ੍ਰਯਾਗਰਾਜ ’ਚ ਏਕਤਾ ਦੇ ਮਹਾਂਕੁੰਭ ਨੂੰ ਅੱਜ ਦੇ ਵਿਸ਼ਵ ਦੀ ਇਕ ਮਹਾਨ ਪਛਾਣ ਬਣਾ ਦਿੱਤਾ, ਉਹ ਅਦਭੁਤ ਹੈ।
ਇਸ ਤੋਂ ਪ੍ਰੇਰਿਤ ਹੋ ਕੇ ਮੈਂ ਜਲਦ ਹੀ ਦੂਜੇ ਜਯੋਤਿਰਲਿੰਗ ’ਚੋਂ ਪਹਿਲੇ ਜਯੋਤਿਰਲਿੰਗ ਸ੍ਰੀ ਸੋਮਨਾਥ ਦੇ ਦਰਸ਼ਨ ਕਰਨ ਜਾਵਾਂਗਾ ਅਤੇ ਸ਼ਰਧਾ ਰੂਪੀ ਸੰਕਲਪ ਪੁਸ਼ਪ ਨੂੰ ਸਮਰਪਿਤ ਕਰਦੇ ਹੋਏ ਹਰ ਭਾਰਤੀ ਲਈ ਪ੍ਰਾਰਥਨਾ ਕਰਾਂਗਾ। ਮਹਾਂਕੁੰਭ ਦਾ ਸਰੂਪ ਮਹਾਂਸ਼ਿਵਰਾਤਰੀ ਮੌਕੇ ਪੂਰਨਤਾ ਪ੍ਰਾਪਤ ਕਰ ਗਿਆ ਪਰ ਮੈਨੂੰ ਭਰੋਸਾ ਹੈ ਕਿ ਮਾਂ ਗੰਗਾ ਦੀ ਨਿਰੰਤਰ ਵਗਦੀ ਪਵਿੱਤਰ ਧਾਰਾ ਦੀ ਤਰ੍ਹਾਂ ਮਹਾਂਕੁੰਭ ਦੀ ਰੂਹਾਨੀ ਚੇਤਨਾ ਤੇ ਏਕਤਾ ਦੀ ਧਾਰਾ ਵੀ ਨਿਰੰਤਰ ਵਗਦੀ ਰਹੇਗੀ।
-(ਪ੍ਰਧਾਨ ਮੰਤਰੀ ਦੇ ਬਲਾਗ ਦਾ ਸੰਪਾਦਿਤ ਅੰਸ਼)।
Credit : https://www.punjabijagran.com/editorial/general-the-sound-of-a-changing-era-was-heard-in-the-mahakumbh-9461742.html
test