ਲੁਧਿਆਣਾ ਦੀ ਦਿਵਿਆਂਗ ਮਹਿਲਾ ਡਾਕਟਰ ਰੁਪਿੰਦਰ ਕੌਰ ਨੇ ਐਵਰੈਸਟ ਬੇਸ ਕੈਂਪ ਤੱਕ ਦਾ ਸਫ਼ਰ ਪੂਰਾ ਕੀਤਾ।
29 ਅਪ੍ਰੈਲ, 2026 – ਲੁਧਿਆਣਾ: “ਹੌਸਲਾ” ਅਤੇ “ਜ਼ਜ਼ਬਾ” ਜੀਵਨ ਦੇ ਸਭ ਤੋਂ ਵੱਡੇ ਦੋਸਤ ਹਨ। ਇਹ ਉਹ ਅੰਦਰੂਨੀ ਤਾਕਤਾਂ ਹਨ ਜੋ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਮਨੁੱਖ ਨੂੰ ਡਿੱਗਣ ਨਹੀਂ ਦਿੰਦੀਆਂ, ਸਗੋਂ ਉੱਠ ਕੇ ਮੁੜ ਲੜਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਹੌਸਲੇ ਅਤੇ ਜ਼ਜ਼ਬੇ ਨਾਲ ਹੀ ਸੁਫ਼ਨੇ ਪੂਰੇ ਕੀਤੇ ਜਾਂਦੇ ਹਨ। ਕਈ ਵਾਰ ਇਨਸਾਨ ਸਾਰੀ ਜ਼ਿੰਦਗੀ ਹੀ ਇਨ੍ਹਾਂ ਸੁਫ਼ਨਿਆਂ ਦੇ ਸਹਾਰੇ ਜ਼ਿੰਦਗੀ ਜੀਅ ਲੈਂਦਾ ਹੈ, ਅਸੀਂ ਜੋ ਸੁਫ਼ਨੇ ਲੈਂਦੇ ਹਾਂ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਵੀ ਕਰਨਾ ਚਾਹੀਦਾ ਹੈ। ਇਹ ਸੁਫ਼ਨੇ ਉਦੋਂ ਹੀ ਪੂਰੇ ਹੁੰਦੇ ਹਨ ਜਦੋਂ ਅਸੀਂ ਮਿਹਨਤ ਕਰਦੇ ਹਾਂ। ਲੁਧਿਆਣਾ ਦੀ ਰਹਿਣ ਵਾਲੀ ਦਿਵਿਆਂਗ ਡਾਕਟਰ ਰੁਪਿੰਦਰ ਕੌਰ ਨੇ ਐਵਰੈਸਟ ਬੇਸ ਕੈਂਪ ‘ਤੇ ਜਾ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਿਸ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੇ ਬਚਪਨ ਦੇ ਸੁਫ਼ਨੇ ਨੂੰ ਪੂਰਾ ਕੀਤਾ ਹੈ।
ਪੰਜਾਬ ਦੀ ਪਹਿਲੀ ਦਿਵਿਆਂਗ ਔਰਤ ਦੇ ਜਜ਼ਬੇ ਦੀ ਕਹਾਣੀ
ਡਾਕਟਰ ਰੁਪਿੰਦਰ ਪੇਸ਼ੇ ਵਜੋਂ ਲੁਧਿਆਣਾ ਦੇ ਜੋਧਾਂ ਦੇ ਵਿੱਚ ਆਯੁਰਵੈਦਿਕ ਮੈਡੀਕਲ ਅਫ਼ਸਰ ਹੈ ਅਤੇ 65 ਫੀਸਦੀ ਪੋਲੀਓ ਦੀ ਸ਼ਿਕਾਰ ਹੈ। ਪਰ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਮਾਊਂਟ ਐਵਰੈਸਟ ਵਰਗੇ ਪਹਾੜ ‘ਤੇ ਚੜ੍ਹੇ ਪਰ ਲਾਚਾਰੀ ਇਸ ਵਿੱਚ ਰੋੜਾ ਬਣ ਰਹੀ ਸੀ। ਡਾਕਟਰ ਰੁਪਿੰਦਰ ਨੇ ਹਿੰਮਤ ਅਤੇ ਜਜ਼ਬੇ ਨਾਲ ਆਪਣਾ ਸੁਫ਼ਨਾ ਪੂਰਾ ਕੀਤਾ ਹੈ। ਡਾਕਟਰ ਰੁਪਿੰਦਰ ਕੌਰ ਐਵਰੇਸਟ ਬੇਸ ਕੈਂਪ ਤੱਕ ਪਹੁੰਚਣ ਵਾਲੀ ਪੰਜਾਬ ਦੀ ਪਹਿਲੀ ਦਿਵਿਆਂਗ ਔਰਤ ਹੈ। ਜਿਸ ਨੇ ਵ੍ਹੀਲ ਚੇਅਰ ‘ਤੇ ਜਾ ਕੇ ਆਪਣੇ ਇਸ ਟੀਚੇ ਨੂੰ ਪੂਰਾ ਕੀਤਾ। ਐਵਰੈਸਟ ਬੇਸ ਕੈਂਪ ਦੀ ਸਮੁੰਦਰੀ ਤਹਿ ਤੋਂ ਉੱਚਾਈ ਲੱਗਭਗ 17,598 ਫੁੱਟ ਹੈ। ਜਿੱਥੇ ਚੰਗੇ ਚੰਗੇ ਨਹੀਂ ਜਾ ਸਕਦੇ ਉੱਥੇ ਡਾਕਟਰ ਰੁਪਿੰਦਰ ਦਾ ਜਜ਼ਬਾ ਉਸ ਨੂੰ ਲੈ ਕੇ ਗਿਆ।
ਸੁਫ਼ਨਾ ਕੀਤਾ ਪੂਰਾ
ਡਾਕਟਰ ਰੁਪਿੰਦਰ ਨੇ ਦੱਸਿਆ ਕਿ “ਚਾਰ ਮਹੀਨੇ ਦੀ ਉਮਰ ਦੇ ਵਿੱਚ ਉਹ ਪੋਲੀਓ ਦੀ ਸ਼ਿਕਾਰ ਹੋ ਗਈ ਸੀ। ਹੌਲੀ–ਹੌਲੀ ਉਸ ਦੀ ਇਹ ਬਿਮਾਰੀ ਵੱਧਦੀ ਗਈ ਅਤੇ ਹੁਣ 65 ਫੀਸਦੀ ਪੋਲੀਓ ਹੋ ਗਿਆ। ਪੋਲੀਓ ਦੇ ਬਾਵਜੂਦ ਮੇਰੇ ਮਾਤਾ–ਪਿਤਾ ਨੇ ਮੈਨੂੰ ਪੜ੍ਹਾਇਆ। ਪਹਿਲਾਂ ਮੈਂ ਸਿਰਫ ਫ਼ਰਸ਼ ‘ਤੇ ਰੁੜ ਸਕਦੀ ਸੀ। ਫਿਰ ਹੌਲੀ–ਹੌਲੀ ਕਿਸੇ ਦੀ ਮਦਦ ਦੇ ਨਾਲ ਮੈਂ ਚੱਲਣਾ ਸਿੱਖਿਆ ਅਤੇ ਫਿਰ ਕਾਲਜ ‘ਚ ਮੈਡੀਕਲ ਦੀ ਪੜ੍ਹਾਈ ਕਰਦੇ ਹੋਏ ਮੈਂ ਆਪਣੀਆਂ ਲੱਤਾਂ ਦਾ ਆਪਰੇਸ਼ਨ ਕਰਵਾਇਆ ਅਤੇ ਹੁਣ ਮੈਂ ਡੰਡੇ ਦੇ ਸਹਾਰੇ ਨਾਲ ਖੜੀ ਹੋ ਸਕਦੀ ਅਤੇ ਥੋੜਾ ਤੁਰ ਵੀ ਸਕਦੀ ਹਾਂ। ਮੇਰਾ ਪੇਕਾ ਪਰਿਵਾਰ ਮੋਗਾ ਜ਼ਿਲ੍ਹਾ ਦੇ ਪਿੰਡ ਦਾਊਧਰ ਦੀ ਰਹਿਣ ਵਾਲਾ ਹੈ ਅਤੇ ਮੇਰਾ ਵਿਆਹ ਲੁਧਿਆਣਾ ਹੋਇਆ ਹੈ।”
“ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਮੈਂ ਕੋਈ ਐਡਵੈਂਚਰ ਕਰਾ, ਜਿਵੇਂ ਆਮ ਲੋਕ ਪਹਾੜਾਂ ‘ਤੇ ਚੜ੍ਹਦੇ ਹਨ। ਮੈਂ ਵੀ ਅਜਿਹੀ ਚੁਣੌਤੀਆਂ ਨੂੰ ਪੂਰਾ ਕਰਨਾ ਚਾਹੁੰਦੀ ਸੀ। ਪਰ ਮੇਰਾ ਸੁਫ਼ਨਾ ਉਦੋਂ ਸੱਚ ਹੋਇਆ ਜਦੋਂ ਟੈਫ ਯਾਨੀ ਟਿਕੇਸ਼ ਐਬਿਲਿਟੀ ਫਾਊਂਡੇਸ਼ਨ ਵੱਲੋਂ ਇਸ ਸਬੰਧੀ ਇੱਕ ਗਰੁੱਪ ਐਵਰੈਸਟ ਬੇਸ ਕੈਂਪ ‘ਤੇ ਜਾਣ ਲਈ ਤਿਆਰ ਕੀਤਾ, ਜਿਸ ਦਾ ਮੈਂ ਹਿੱਸਾ ਬਣੀ। ਸਾਡੇ 13 ਲੋਕਾਂ ਦਾ ਗਰੁੱਪ ਐਵਰੈਸਟ ਬੇਸ ਕੈਂਪ ਤੱਕ ਪਹੁੰਚਿਆ ਜਿਨ੍ਹਾਂ ਵਿੱਚੋਂ 6 ਅਪਾਹਜ ਸਨ।” –ਡਾਕਟਰ ਰੁਪਿੰਦਰ ਕੌਰ
ਕਿਵੇਂ ਕੀਤੀ ਤਿਆਰੀ ?
ਡਾਕਟਰ ਰੁਪਿੰਦਰ ਦੱਸਦੇ ਹਨ ਕਿ “ਇਸ ਲਈ ਮੈਂ ਸਖ਼ਤ ਮਿਹਨਤ ਅਤੇ ਸਿਖਲਾਈ ਲਈ ਹੈ। ਲੱਗਭਗ ਚਾਰ ਮਹੀਨੇ ਪਹਿਲਾਂ ਮੈਂ ਸਿਖਲਾਈ ਸ਼ੁਰੂ ਕਰ ਦਿੱਤੀ ਸੀ। ਸਭ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਵੀਲ ਚੇਅਰ ਤਿਆਰ ਕਰਵਾਈ ਜੋ ਕਿ ਹੱਥਾਂ ਦੇ ਨਾਲ ਹੀ ਚਲਦੀ ਸੀ ਕਿਉਂਕਿ ਆਟੋਮੈਟਿਕ ਉੱਥੇ ਕੰਮ ਨਹੀਂ ਕਰਦਾ ਹੈ। ਫਿਰ ਮੈਂ ਲਗਾਤਾਰ ਯੋਗਾ ਸੈਸ਼ਨ ਲਏ, ਆਪਣੇ ਆਪ ਨੂੰ ਦਿਮਾਗੀ ਤੌਰ ‘ਤੇ ਤਿਆਰ ਕੀਤਾ। ਫਿਰ ਸਰੀਰਕ ਤੌਰ ‘ਤੇ ਵੀ 4 ਮਹੀਨੇ ਕਸਰਤ ਕੀਤੀ। ਲਗਾਤਾਰ ਆਪਣੇ ਆਪ ਨੂੰ ਫਿੱਟ ਬਣਾਇਆ ਅਤੇ ਲਗਭਗ ਚਾਰ ਕਿਲੋ ਦੇ ਕਰੀਬ ਵਜਨ ਘਟਾਇਆ ਅਤੇ ਫਿਰ ਇਸ ਇਤਿਹਾਸਿਕ ਸਫਰ ਲਈ ਜਾਣ ਦੀ ਤਿਆਰੀ ਹੋਈ। ਇਸ ਵਿੱਚ ਮੇਰੇ ਪਰਿਵਾਰ ਨੇ ਵੀ ਪੂਰਾ ਸਾਥ ਦਿੱਤਾ। ਹਸਪਤਾਲ ਤੋਂ ਮੈਂ ਲਗਭਗ 25 ਦਿਨ ਦੀ ਛੁੱਟੀ ਲਈ। 14 ਅਪ੍ਰੈਲ ਨੂੰ ਮੈਂ ਆਪਣਾ ਇਹ ਸਫ਼ਰ ਕੀਤਾ ਅਤੇ 21 ਅਪ੍ਰੈਲ ਨੂੰ ਉਹ ਵਾਪਿਸ ਲੁਧਿਆਣਾ ਪਰਤੇ।”
ਕਈ ਚੁਣੌਤੀਆਂ ਦਾ ਕੀਤਾ ਸਾਹਮਣਾ
ਡਾਕਟਰ ਰੁਪਿੰਦਰ ਕੌਰ ਦੱਸਦੇ ਹਨ ਕਿ ਐਵਰੈਸਟ ਬੇਸ ਕੈਂਪ ਦੀ ਉਚਾਈ ਸਮੁੰਦਰੀ ਤਹਿ ਤੋਂ 17 ਹਜ਼ਾਰ ਫੁੱਟ ਉੱਚੀ ਹੈ। ਜਿੱਥੇ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਖਾਸ ਕਰਕੇ ਦਿਵਿਆਂਗ ਲੋਕਾਂ ਲਈ। ਉਨ੍ਹਾਂ ਨੇ ਕਿਹਾ ਕਿ ਨੇਪਾਲ ਦੇ ਰਸਤੇ ਅਸੀਂ ਉੱਥੇ ਪਹੁੰਚੇ, ਜਿੱਥੇ ਪਹਿਲਾਂ ਮੈਡੀਕਲ ਟੈਸਟ ਕਰਵਾਏ ਉਸ ਤੋਂ ਬਾਅਦ ਆਪਣੇ ਆਪ ਨੂੰ ਤਿਆਰ ਕੀਤਾ। ਰਸਤੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਇਆ, ਕਈ ਵਾਰ ਬਹੁਤ ਉਚਾਈ ‘ਤੇ ਜਾਣ ਲਈ ਸਹਾਰਾ ਲੈਣਾ ਪੈਂਦਾ ਸੀ। ਫਿਰ ਉੱਪਰ ਜਾ ਕੇ ਆਕਸੀਜਨ ਦੀ ਵੀ ਕਮੀ ਹੋ ਜਾਂਦੀ ਸੀ। ਪਰ ਮੇਰੇ ਨਾਲ ਗਏ ਕੈਂਪ ਦੇ ਹੋਰਨਾਂ ਮੈਂਬਰਾਂ ਵੱਲੋਂ ਮੇਰਾ ਪੂਰਾ ਸਾਥ ਦਿੱਤਾ ਗਿਆ। ਜਿੱਥੇ ਲੋੜ ਪਈ ਉਹ ਮੈਨੂੰ ਚੁੱਕ ਵੀ ਲੈਂਦੇ ਸਨ।”
“ਮੇਰਾ ਸੁਫ਼ਨਾ ਮੈਂ ਪੂਰਾ ਕੀਤਾ ਇਸ ਲਈ ਮੈਨੂੰ ਬਹੁਤ ਖੁਸ਼ੀ ਹੈ। ਕਿਉਂਕਿ ਸਾਡੇ ਵਰਗੇ ਕਈ ਲੋਕ ਅਜਿਹੇ ਹਨ, ਜੋ ਆਪਣੀਆਂ ਇੱਛਾਵਾਂ ਨੂੰ ਮਾਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਪੂਰੀਆਂ ਨਹੀਂ ਕਰ ਪਾਉਂਦੇ।” –ਡਾਕਟਰ ਰੁਪਿੰਦਰ ਕੌਰ
13 ਮੈਂਬਰੀ ਟੀਮ
ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਐਵਰੇਸਟ ਬੇਸ ਕੈਂਪ ‘ਤੇ ਉਨ੍ਹਾਂ ਦੇ ਨਾਲ 13 ਮੈਂਬਰੀ ਟੀਮ ਗਈ ਸੀ। ਜਿਨ੍ਹਾਂ ਵਿੱਚੋਂ ਖੁਦ ਟਿਕੇਸ਼ ਵੀ ਸਨ ਜੋ ਕਿ ਖੁਦ ਵਿਸ਼ਵ ਰਿਕਾਰਡ ਹੋਲਡਰ ਹਨ। ਇਸ ਗਰੁੱਪ ਵਿੱਚ ਅਸੀਂ ਸਮੀਰ ਦੇਸ਼ਮੁਖ, ਵਿਕਾਸ ਪਟੇਲ, ਦੀਪਿੰਦਰ ਸਿੰਘ ਅਤੇ ਪ੍ਰਿੰਯਕਾ ਅਗਰਵਾਲ ਸਾਰੇ ਦਿਵਿਆਂਗ ਸੀ। ਇਸ ਤੋਂ ਇਲਾਵਾ ਵਿਸ਼ਾਲ ਡੀ ਕੋਸਟਾ, ਸੇਸਿਲ ਰੋਡਰਿਕਸ, ਸਿਡੇਨਸਟ੍ਰਿਕ ਗੌਤਮ, ਸੁਧਾਕਰ ਕੁਮਾਰ, ਅਯੂਬ ਅੰਸਾਰੀ, ਪ੍ਰਸੰਨਾ ਰੈਡੀ ਅਤੇ ਦਿਪੇਸ਼ ਭਾਟੇਵਾੜਾ ਸ਼ਾਮਲ ਸਨ।
TAF ਦਾ ਧੰਨਵਾਦ
ਜਿੱਥੇ ਇੱਕ ਪਾਸੇ ਡਾਕਟਰ ਰੁਪਿੰਦਰ ਕੌਰ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉੱਥੇ ਹੀ ਇਸ ਐਬਿਲਿਟੀ ਫਾਊਂਡੇਸ਼ਨ ਦਾ ਵੀ ਧੰਨਵਾਦ ਕਰਦੇ ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਉਸ ਦਾ ਸੁਫ਼ਨਾ ਪੂਰਾ ਹੋ ਸਕਿਆ ਹੈ ਤਾਂ ਫਾਊਂਡੇਸ਼ਨ ਦਾ ਇੱਕ ਬਹੁਤ ਵੱਡਾ ਹੱਥ ਹੈ, ਜੋ ਕਿ ਸਾਡੇ ਵਰਗੇ ਲੋਕਾਂ ਬਾਰੇ ਵੀ ਸੋਚਦੇ ਹਨ। ਕਿਉਂਕਿ ਦਿਵਿਆਂਗ ਹੋਣਾ ਸਾਡੀ ਕਮੀ ਨਹੀਂ, ਇਸ ਨੂੰ ਅਸੀਂ ਆਪਣੀ ਸ਼ਕਤੀ ਬਣਾਉਣਾ ਚਾਹੁੰਦੇ ਹਾਂ। ਇਸ ਸ਼ਕਤੀ ਨੂੰ ਫਾਊਂਡੇਸ਼ਨ ਨੇ ਹੀ ਸਮਝਿਆ ਅਤੇ ਸਾਨੂੰ ਉੱਥੇ ਲੈ ਜਾਣ ਬਾਰੇ ਸੋਚਿਆ ਜਿੱਥੇ ਜਾਣਾ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ।
“ਮੈਂ ਅੱਗੇ ਦੇ ਟੀਚੇ ਬਾਰੇ ਤਾਂ ਨਹੀਂ ਸੋਚਿਆ ਪਰ ਹੁਣ ਜਰੂਰ ਕੋਸ਼ਿਸ਼ ਕਰੇਗੀ ਕਿ ਹੁਣ ਹੋਰਨਾਂ ਥਾਵਾਂ ਉੱਤੇ ਵੀ ਜਾਵਾ, ਜਿੱਥੇ ਮੈਂ ਜਾਣਾ ਚਾਹੁੰਦੀ ਹਾਂ। ਮੈਂ ਐਵਰੈਸਟ ਬੇਸ ਕੈਂਪ ਕਿਤਾਬਾਂ ਜਾਂ ਫਿਰ ਟੀਵੀ ਦੇ ਵਿੱਚ ਦੇਖਿਆ ਸੀ ਪਰ ਵਿਅਕਤੀਗਤ ਤੌਰ ‘ਤੇ ਪਹੁੰਚਣਾ ਮੇਰਾ ਸੁਫ਼ਨਾ ਸੀ ਜੋ ਪੂਰਾ ਹੋ ਗਿਆ ਹੈ।” –ਡਾਕਟਰ ਰੁਪਿੰਦਰ ਕੌਰ
ਡਾਕਟਰ ਰੁਪਿੰਦਰ ਕੌਰ ਦੀ ਸਾਥੀ ਸਟਾਫ ਨਰਸ ਅਮਰਜੀਤ ਕੌਰ ਨੇ ਦੱਸਿਆ ਕਿ “ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਡਾਕਟਰ ਰੁਪਿੰਦਰ ਨੇ ਆਪਣਾ ਸੁਫ਼ਨਾ ਪੂਰਾ ਕੀਤਾ ਅਤੇ ਇਸ ਮੁਕਾਮ ਤੱਕ ਪਹੁੰਚ ਸਕੇ। ਡਾਕਟਰ ਰੁਪਿੰਦਰ ਬਹੁਤ ਹੀ ਹਿੰਮਤ ਵਾਲੇ ਹਨ। ਸਾਨੂੰ ਜਦੋਂ ਦੂਰ–ਦੂਰ ਕੈਂਪ ਲਾਉਣ ਲਈ ਜਾਣਾ ਪੈਂਦਾ ਹੈ ਤਾਂ ਉਹ ਕਦੇ ਵੀ ਪਿੱਛੇ ਨਹੀਂ ਹੱਟਦੇ। ਅਸੀਂ ਜਦੋਂ ਕਦੇ ਮੁਸ਼ਕਲ ਜਗ੍ਹਾ ‘ਤੇ ਜਾਣਾ ਹੁੰਦਾ ਸੀ ਤਾਂ ਸਾਨੂੰ ਬਹੁਤ ਔਖਾ ਲੱਗਦਾ ਸੀ। ਪਰ ਡਾ. ਰੁਪਿੰਦਰ ਕੌਰ ਦੇ ਹੌਸਲੇ ਨੂੰ ਦੇਖ ਕੇ ਸਾਨੂੰ ਵੀ ਇਹੀ ਲੱਗਦਾ ਸੀ ਕਿ ਅਸੀਂ ਵੀ ਕਰ ਸਕਦੇ ਹਾਂ।”
ਡਾਕਟਰ ਰੁਪਿੰਦਰ ਕੌਰ ਦੀ ਸਾਥੀ ਸਟਾਫ ਨਰਸ ਨੇ ਕਿਹਾ ਡਾਕਟਰ ਰੁਪਿੰਦਰ ਕੌਰ ਐਵਰੇਸਟ ਦੇ ਬੇਸ ਕੈਂਪ ਤੱਕ ਪਹੁੰਚਣ ਵਾਲੀ ਉਹ ਪੰਜਾਬ ਦੀ ਪਹਿਲੀ ਦਿਵਿਆਂਗ ਮਹਿਲਾ ਬਣੀ ਹੈ। ਜਿੱਥੇ ਜਾਣਾ ਬਹੁਤ ਹੀ ਮੁਸ਼ਕਲ ਸੀ। ਹਸਪਤਾਲ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਸਾਰੇ ਕੰਮ ਅੱਗੇ ਹੋ ਕੇ ਕਰਦੇ ਹਨ। ਜਿਨ੍ਹੇ ਵੀ ਕੈਂਪ ਕਰਵਾਏ ਜਾਂਦੇ ਹਨ, ਉਹ ਸਾਰੇ ਕੈਂਪਾਂ ਵਿੱਚ ਹਿੱਸਾ ਲੈਂਦੇ ਹਨ। ਇੱਥੋਂ ਤੱਕ ਕਿ ਕੋਵਿਡ ਦੌਰਾਨ ਵੀ ਡਾਕਟਰ ਰੁਪਿੰਦਰ ਨੇ ਬਹੁਤ ਜਿਆਦਾ ਕੰਮ ਕੀਤਾ ਸੀ।
ETV BHARAT