ਅੱਤਵਾਦੀ ਸਮੂਹਾਂ ਲਈ ਪਾਕਿਸਤਾਨ ਦੀਆਂ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਭਾਵ ਦੱਖਣੀ ਏਸ਼ੀਆ ਤੱਕ ਸੀਮਿਤ ਨਹੀਂ ਹੈ। ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨੇ ਵਿਸ਼ਵ ਪੱਧਰ ’ਤੇ ਅੱਤਵਾਦੀ ਸਮੂਹਾਂ ਦੀ ਪਹੁੰਚ ਨੂੰ ਵਧਾ ਦਿੱਤਾ ਹੈ। ਜਦੋਂ ਅੱਤਵਾਦੀ ਖ਼ਤਰੇ ਹੁਣ ਕਿਸੇ ਭੂਗੋਲਿਕ ਸੀਮਾ ਤੱਕ ਸੀਮਤ ਨਹੀਂ ਹਨ ਤਾਂ ਉਨ੍ਹਾਂ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਸਹਿਯੋਗ ਜ਼ਰੂਰੀ ਹੈ।
ਰਾਜਨਾਥ ਸਿੰਘ
ਅੱਜ ਅੱਤਵਾਦ ਪੂਰੀ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੈ। ਇਹ ਮਨੁੱਖਤਾ, ਸ਼ਾਂਤੀ, ਸਹਿ-ਹੋਂਦ, ਵਿਕਾਸ ਤੇ ਲੋਕਤੰਤਰ ਵਰਗੀਆਂ ਕਦਰਾਂ-ਕੀਮਤਾਂ ਦਾ ਦੁਸ਼ਮਣ ਹੈ। ਇਹ ਇਕ ਅਜਿਹੀ ਕੱਟੜ ਸੋਚ ਦਾ ਨਤੀਜਾ ਹੈ, ਜੋ ਸਿਰਫ਼ ਵਿਨਾਸ਼, ਡਰ ਤੇ ਨਫ਼ਰਤ ਨੂੰ ਜਨਮ ਦਿੰਦਾ ਹੈ। ਇਤਿਹਾਸ ਇਸ ਦਾ ਗਵਾਹ ਹੈ ਕਿ ਅੱਤਵਾਦ ਹਰ ਨਜ਼ਰੀਏ ਨਾਲ ਤਬਾਹੀ ਕਰਦਾ ਹੈ। ਇਹ ਭੁਲੇਖਾ ਹੀ ਹੈ ਕਿ ਕੋਈ ਅੱਤਵਾਦੀ ‘ਆਜ਼ਾਦੀ ਘੁਲਾਟੀਆ’ ਹੋ ਸਕਦਾ ਹੈ। ਕੋਈ ਵੀ ਮਜ਼ਹਬੀ, ਵਿਚਾਰਕ ਜਾਂ ਸਿਆਸੀ ਕਾਰਨ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਅੱਤਵਾਦ ਦੀ ਕੁੱਖ ਤੋਂ ਕ੍ਰਾਂਤੀ ਨਹੀਂ, ਬਲਕਿ ਸਿਰਫ਼ ਨਫ਼ਰਤ, ਬਰਬਾਦੀ ਤੇ ਨਿਰਾਸ਼ਾ ਜਨਮ ਲੈਂਦੀ ਹੈ। ਕੋਈ ਮਨੁੱਖੀ ਟੀਚਾ ਕਦੀ ਵੀ ਖ਼ੂਨ-ਖ਼ਰਾਬੇ ਤੇ ਹਿੰਸਾ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ।
ਕੁਦਰਤੀ ਆਫ਼ਤਾਂ ਤੇ ਮਹਾਮਾਰੀਆਂ ਤਾਂ ਸਮੇਂ ਦੇ ਨਾਲ ਸਮਾਪਤ ਹੋ ਗਈਆਂ, ਪਰ ਅੱਤਵਾਦ ਅਜਿਹੀ ਮਹਾਮਾਰੀ ਹੈ, ਜੋ ਆਪਣੇ ਆਪ ਖ਼ਤਮ ਨਹੀਂ ਹੋਵੇਗੀ। ਇਸ ਦੇ ਖ਼ਾਤਮੇ ਲਈ ਪੁਖ਼ਤਾ ਤੇ ਸਮੂਹਕ ਕੋਸ਼ਿਸ਼ ਜ਼ਰੂਰੀ ਹੈ। ਜਦ ਤੱਕ ਇਸ ਦੀ ਹੋਂਦ ਰਹੇਗੀ, ਉਹ ਵਿਸ਼ਵ ਸ਼ਾਂਤੀ ਤੇ ਸਹਿ-ਹੋਂਦ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਂਦਾ ਰਹੇਗਾ। ਭਾਰਤ ਨੇ ਅੱਤਵਾਦ ਖ਼ਿਲਾਫ਼ ਲੜਾਈ ’ਚ ਪੂਰੀ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ। ਪਾਕਿਸਤਾਨ ਵੱਲੋਂ ਪੋਸ਼ਿਤ ਅੱਤਵਾਦ ਦਾ ਭਾਰਤ ਦਹਾਕਿਆਂ ਤੋਂ ਸ਼ਿਕਾਰ ਰਿਹਾ ਹੈ। ਪਹਿਲਗਮਾਮ ’ਚ ਬੇਗੁਨਾਹ ਸੈਲਾਨੀਆਂ ਨੂੰ ਸਿਰਫ਼ ਉਨ੍ਹਾਂ ਦੇ ਮਜ਼ਹਬ ਦੇ ਆਧਾਰ ’ਤੇ ਮਾਰਿਆ ਗਿਆ। ਇਹ ਜ਼ੁਲਮ ਦੀ ਹੱਦ ਸੀ। ਇਸ ਹਮਲੇ ਦਾ ਮਕਸਦ ਭਾਰਤ ਦੀ ਏਕਤਾ ਤੋੜਣਾ ਤੇ ਦੇਸ਼ ’ਚ ਡਰ ਫੈਲਾਉਣਾ ਸੀ, ਪਰ ਅਜਿਹੀ ਘਿਨਾਉਣੀ ਕੋਸ਼ਿਸ਼ ਹਮੇਸ਼ਾ ਨਾਕਾਮ ਹੀ ਹੁੰਦੀ ਹੈ। ਕੋਈ ਮਜ਼ਹਬ ਨਿਰਦੋਸ਼ਾਂ ਦੀ ਹੱਤਿਆ ਨੂੰ ਵਾਜਬ ਨਹੀਂ ਠਹਿਰਾਉਂਦਾ।
ਅੱਤਵਾਦੀ ਸਿਰਫ਼ ਮਜ਼ਹਬ ਦਾ ਨਾਂ ਲੈ ਕੇ ਤੇ ਆਪਣੇ ਮਾੜੇ ਕੰਮਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਸਾਡੀ ਨੀਤੀ ਹੈ ਕਿ ਅੱਤਵਾਦੀ ਜਿੱਥੇ ਵੀ ਹੋਣਗੇ, ਅਸੀਂ ਉਨ੍ਹਾਂ ਨੂੰ ਖ਼ਤਮ ਕਰਨ ਤੋਂ ਨਹੀਂ ਝਿਜਕਾਂਗੇ ।ਇਸ ਦੇ ਨਾਲ ਹੀ ਅੱਤਵਾਦ ਨੂੰ ਪਨਾਹ ਦੇਣ ਵਾਲੀ ਸਰਕਾਰ ਤੇ ਅੱਤਵਾਦ ਦੇ ਮਾਸਟਰਮਾਈਂਡ ਵਿਚਾਲੇ ਫ਼ਰਕ ਕੀਤੇ ਬਿਨਾਂ ਮੂੰਹ ਤੋੜ ਜਵਾਬ ਦਿਆਂਗੇ। ਭਾਰਤ ਹੁਣ ਪਹਿਲਾਂ ਦੀ ਤਰ੍ਹਾਂ ਸਿਰਫ਼ ਪ੍ਰਤੀਕਿਰਿਆ ਦੇਣ ਵਾਲਾ ਦੇਸ਼ ਨਹੀਂ ਰਿਹਾ। ਸਾਡੀ ਨੀਤੀ ’ਚ ਮੌਲਿਕ ਤਬਦੀਲੀ ਆਈ ਹੈ। ਹੁਣ ਅਸੀਂ ਅੱਤਵਾਦ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਨੀਤੀ ’ਤੇ ਚੱਲਦੇ ਹਾਂ। 2016 ਦੀ ਸਰਜੀਕਲ ਸਟ੍ਰਾਈਕ, 2019 ਦੀ ਬਾਲਾਕੋਟ ਏਅਰ ਸਟ੍ਰਾਈਕ ਤੇ 2025 ਦਾ ਆਪ੍ਰੇਸ਼ਨ ਸਿੰਧੂਰ ਸਾਡੀ ਇਸ ਨਵੀਂ ਨੀਤੀ ਤੇ ਵਚਨਬੱਧਤਾ ਦਾ ਸਬੂਤ ਹੈ। ਹੁਣ ਅਸੀਂ ਇਹ ਫ਼ਰਕ ਵੀ ਨਹੀਂ ਕਰਾਂਗੇ ਕਿ ਅੱਤਵਾਦੀ ਦੇਸ਼ ਵੱਲੋਂ ਪੋਸ਼ਿਤ ਹੈ ਜਾਂ ਕਿਸੇ ਸੰਗਠਨ ਨਾਲ ਜੁੜੇ ਹਨ। ਜੋ ਦੇਸ਼ ਅੱਤਵਾਦ ਨੂੰ ਸਮਰਥਨ ਦਿੰਦੇ ਹਨ, ਉਨ੍ਹਾਂ ਨੂੰ ਹੁਣ ਸਿੱਧਾ ਜਵਾਬ ਦਿੱਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ‘ਨੋ ਮਨੀ ਫਾਰ ਟੈਰਰ’ ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਸੀਂ ਇਕ ਇਕੱਲੇ ਹਮਲੇ ਨੂੰ ਵੀ ਕਈ ਹਮਲਿਆਂ ਦੇ ਬਰਾਬਰ ਮੰਨਦੇ ਹਾਂ। ਜਦ ਤੱਕ ਅੱਤਵਾਦ ਦਾ ਮੁੱਢੋਂ ਨਾਸ਼ ਨਹੀਂ ਹੋ ਜਾਂਦਾ, ਭਾਰਤ ਸ਼ਾਂਤ ਨਹੀਂ ਬੈਠੇਗਾ। ਆਪ੍ਰੇਸ਼ਨ ਸਿੰਧੂਰ ਨਾਲ ਭਾਰਤ ਨੇ ਨਾ ਸਿਰਫ਼ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ, ਬਲਕਿ ਇਹ ਵੀ ਦਿਖਾ ਦਿੱਤਾ ਕਿ ਭਾਰਤੀ ਹਥਿਆਰਬੰਦ ਦਸਤੇ ਤੇ ਸਰਕਾਰ ਅੱਤਵਾਦ ਦੇ ਪੂਰੇ ਸਫ਼ਾਏ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਹਾਲਾਂਕਿ ਅੱਤਵਾਦੀ ਤੇ ਉਨ੍ਹਾਂ ਦੇ ਕੈਂਪਾਂ ਨੂੰ ਤਬਾਹ ਕਰਨਾ ਇਕ ਜ਼ਰੂਰੀ ਕਦਮ ਹੈ, ਪਰ ਇਹ ਕਾਫ਼ੀ ਨਹੀਂ ਹੈ। ਅੱਤਵਾਦ ਖ਼ਤਮ ਕਰਨ ਲਈ ਉਸ ਪੂਰੇ ਨੈਟਵਰਕ ਨੂੰ ਤੋੜਨਾ ਹੋਵੇਗਾ, ਜੋ ਉਸ ਨੂੰ ਆਰਥਿਕ, ਵਿਚਾਰਿਕ, ਸਿਆਸੀ ਸਮਰਥਨ ਦਿੰਦਾ ਹੈ। ਜਦ ਤੱਕ ਇਸ ਸਰੰਚਨਾ ਨੂੰ ਜੜ੍ਹ ਤੋਂ ਨਹੀਂ ਪੁੱਟਿਆ ਜਾਵੇਗਾ, ਤਦ ਤੱਕ ਇਹ ਮੁਸ਼ਕਲ ਮੁੜ-ਮੁੜ ਕੇ ਆਉਂਦੀ ਰਹੇਗੀ। ਭਾਰਤ ਨੇ ਵਿਸ਼ਵ ਪੱਧਰੀ ਮੰਚਾਂ ’ਤੇ ਉਨ੍ਹਾਂ ਰਾਸ਼ਟਰਾਂ ਨੂੰ ਵੀ ਬੇਨਕਾਬ ਕੀਤਾ ਹੈ, ਜੋ ਅੱਤਵਾਦ ਨੂੰ ਰਣਨੀਤਕ ਉਪਕਰਣ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ।
ਭਾਰਤ ਨੇ ਸਿੰਧੂ ਜਲ ਸੰਧੀ ਮੁਲਤਵੀ ਕਰ ਕੇ ਇਹੀ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜਦ ਤੱਕ ਪਾਕਿਸਤਾਨ ਅੱਤਵਾਦ ਨੂੰ ਪੈਦਾ ਕਰਦੇ ਰਹੇਗਾ, ਤਦ ਤੱਕ ਉਸ ਨੂੰ ਆਰਥਿਕ ਜਾਂ ਕੂਟਨੀਤਕ ਲਾਭ ਨਹੀਂ ਮਿਲੇਗਾ। ਸਿੰਧੂ ਨਦੀ ਪ੍ਰਣਾਲੀ ਉਸ ਦੇ ਅਰਥਚਾਰੇ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੱਤਵਾਦ ਅਜਿਹਾ ਵਾਇਰਸ ਹੈ ਜੋ ਸਰਹੱਦਾਂ ਦੀ ਪਰਵਾਹ ਨਹੀਂ ਕਰਦਾ। ਅੱਤਵਾਦੀ ਘਟਨਾਵਾਂ ਨਾਲ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਮੇਂ ਦੀ ਮੰਗ ਹੈ ਕਿ ਵਿਸ਼ਵ ਪੱਧਰੀ ਭਾਈਚਾਰਾ ਸਿਆਸੀ ਸੁਆਰਥ ਛੱਡ ਕੇ ਅੱਤਵਾਦ ਖ਼ਿਲਾਫ਼ ਇਕਜੁਟ ਹੋਵੇ।
ਕਿਸੇ ਵੀ ਰਣਨੀਤਕ ਗਠਜੋੜ ਜਾਂ ਰਾਜਨੀਤਿਕ ਝੁਕਾਅ ਨੂੰ ਇਸ ਵਿਸ਼ਵਵਿਆਪੀ ਲੜਾਈ ਦੀ ਦਿਸ਼ਾ ਅਤੇ ਪ੍ਰਭਾਵ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਇਸ ਲੜਾਈ ਵਿਚ ਸਭ ਤੋਂ ਮੁੱਢਲਾ ਕਦਮ ਅੱਤਵਾਦ ਦੀ ਇਕ ਸਰਬਵਿਆਪੀ ਤੌਰ ’ਤੇ ਪ੍ਰਵਾਣਿਤ ਅਤੇ ਵਿਵਹਾਰਕ ਪਰਿਭਾਸ਼ਾ ’ਤੇ ਫ਼ੈਸਲਾ ਕਰਨਾ ਹੋਵੇਗਾ। ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਾਹਮਣੇ ‘ਅੰਤਰਰਾਸ਼ਟਰੀ ਅੱਤਵਾਦ ’ਤੇ ਵਿਆਪਕ ਸੰਮੇਲਨ’ ਰਾਹੀਂ ਇਸ ਦਿਸ਼ਾ ਵਿਚ ਯਤਨ ਕੀਤੇ ਹਨ, ਪਰ ਹੁਣ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਕਾਰਨ ਅੱਤਵਾਦੀ ਹਮਲਿਆਂ ਦੀ ਜਾਂਚ, ਕਾਨੂੰਨੀ ਕਾਰਵਾਈ ਅਤੇ ਦੋਸ਼ੀਆਂ ਦੀ ਹਵਾਲਗੀ ਵਰਗੀਆਂ ਪ੍ਰਕਿਰਿਆਵਾਂ ਵਿਚ ਰੁਕਾਵਟ ਆ ਰਹੀ ਹੈ। ਵਿਸ਼ਵ ਭਾਈਚਾਰੇ ਨੂੰ ਜਲਦੀ ਹੀ ਅੱਤਵਾਦ ਦੀ ਇਕ ਸਪੱਸ਼ਟ ਪਰਿਭਾਸ਼ਾ ’ਤੇ ਫ਼ੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਇਸ ਖ਼ਿਲਾਫ਼ ਕਾਰਵਾਈ ਪ੍ਰਭਾਵਸ਼ਾਲੀ ਅਤੇ ਨਿਆਂਪੂਰਨ ਹੋ ਸਕੇ। ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਪਾਕਿਸਤਾਨ ਨੂੰ ਦਿੱਤੇ ਗਏ ਬੇਲਆਉਟ ਪੈਕੇਜ ਅਤੇ ਕਰਜ਼ੇ ਸਰਹੱਦ ਪਾਰ ਅੱਤਵਾਦ ਨੂੰ ਪਾਲਣ-ਪੋਸ਼ਣ ਵਿਚ ਕਿਵੇਂ ਖ਼ਰਚ ਕੀਤੇ ਜਾਂਦੇ ਹਨ। ਭਾਰਤ ਨੇ ਆਈਐੱਮਐੱਫ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਨੂੰ ਵਾਰ-ਵਾਰ ਆਰਥਿਕ ਸਹਾਇਤਾ ਦੇਣਾ ਨਾ ਸਿਰਫ਼ ਗ਼ਲਤ ਸੁਨੇਹਾ ਭੇਜਦਾ ਹੈ, ਸਗੋਂ ਵਿਸ਼ਵਵਿਆਪੀ ਕਦਰਾਂ-ਕੀਮਤਾਂ ਦੀ ਵੀ ਅਣਦੇਖੀ ਕਰਦਾ ਹੈ। ਵਿੱਤੀ ਏਜੰਸੀਆਂ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣ ਤੋਂ ਇਲਾਵਾ, ਇਹ ਪਾਕਿਸਤਾਨ ਵਰਗੇ ਦੇਸ਼ਾਂ ਲਈ ਵੀ ਉਤਸ਼ਾਹ ਬਣ ਜਾਂਦਾ ਹੈ। ਜਦੋਂ ਤੱਕ ਪਾਕਿਸਤਾਨ ਇਮਾਨਦਾਰੀ ਨਾਲ ਆਪਣੇ ਅੱਤਵਾਦੀ ਨੈੱਟਵਰਕ ਨੂੰ ਖ਼ਤਮ ਨਹੀਂ ਕਰਦਾ, ਉਸ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਣੀ ਚਾਹੀਦੀ। ਐੱਫਏਟੀਐੱਫ ਵੱਲੋਂ ਇਸ ਨੂੰ ਗ੍ਰੇ ਲਿਸਟ ਵਿਚ ਰੱਖਣਾ ਇਕ ਤਰਕਪੂਰਣ ਅਤੇ ਜ਼ਰੂਰੀ ਕਦਮ ਹੈ। ਪਾਕਿਸਤਾਨ ਵਿਚ ਸਟੇਟ ਤੇ ਨਾਨ-ਸਟੇਟ ਐਕਟਰਸ ਵਿਚਕਾਰ ਕੋਈ ਵੰਡਣ ਵਾਲੀ ਰੇਖਾ ਨਹੀਂ ਬਚੀ ਹੈ। ਇਕ ਅਜਿਹੇ ਦੇਸ਼ ਤੋਂ ਅੱਤਵਾਦ ਖ਼ਿਲਾਫ਼ ਸਹਿਯੋਗ ਦੀ ਉਮੀਦ ਕਰਨਾ ਮੂਰਖਤਾ ਹੋਵੇਗੀ ਜਿਸ ਦੇ ਫ਼ੌਜੀ ਅਧਿਕਾਰੀ ਅੰਤਰਰਾਸ਼ਟਰੀ ਪੱਧਰ ’ਤੇ ਨਾਮਜ਼ਦ ਲਸ਼ਕਰ, ਜੈਸ਼ ਦੇ ਅੱਤਵਾਦੀਆਂ ਦੇ ਸਸਕਾਰ ਵਿਚ ਸ਼ਾਮਲ ਹੁੰਦੇ ਹਨ।
ਇਕ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ ਅਤੇ ਉਹ ਨਾਨ-ਸਟੇਟ ਐਕਟਰਸ ਦੇ ਹੱਥਾਂ ਵਿਚ ਪਹੁੰਚ ਸਕਦੇ ਹਨ। ਇਹ ਸਾਰੀ ਮਨੁੱਖਤਾ ਲਈ ਇਕ ਬਹੁਤ ਗੰਭੀਰ ਖ਼ਤਰਾ ਹੈ। ਇਸ ਲਈ, ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਲਿਆਂਦਾ ਜਾਣਾ ਚਾਹੀਦਾ ਹੈ। ਪ੍ਰੌਕਸੀ ਯੁੱਧ ਦੀ ਚੁਣੌਤੀ ਵੀ ਖ਼ਤਰਨਾਕ ਹੈ। ਕੁਝ ਦੇਸ਼ ਆਪਣੇ ਦੋਸਤ ਦੇਸ਼ਾਂ ਦੀ ਆੜ ਵਿਚ ਗੁਆਂਢੀ ਦੇਸ਼ਾਂ ਵਿਚ ਅੱਤਵਾਦ ਅਤੇ ਅਸਥਿਰਤਾ ਫੈਲਾਉਂਦੇ ਹਨ। ਜਦੋਂ ਤੱਕ ਇਸ ਰੁਝਾਨ ਦਾ ਪਰਦਾਫਾਸ਼ ਨਹੀਂ ਹੁੰਦਾ, ਇਹ ਰੁਝਾਨ ਜਾਰੀ ਰਹੇਗਾ। ਅੱਤਵਾਦੀ ਹਮਲਿਆਂ ਪ੍ਰਤੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਕਿਸੇ ਖਾਸ ਸਥਾਨ ਜਾਂ ਪੀੜਤਾਂ ਦੀ ਕੌਮੀਅਤ ’ਤੇ ਅਾਧਾਰਿਤ ਨਹੀਂ ਹੋਣੀ ਚਾਹੀਦੀ। ਜਦੋਂ ਦੇਸ਼ ਆਪਣੇ ਹਿੱਤਾਂ ਦੇ ਅਾਧਾਰ ’ਤੇ ਫ਼ੈਸਲਾ ਕਰਦੇ ਹਨ ਕਿ ਕਿਹੜੇ ਹਮਲਿਆਂ ਦੀ ਨਿੰਦਾ ਕਰਨੀ ਹੈ ਅਤੇ ਕਿਹੜੇ ਨੂੰ ਨਜ਼ਰਅੰਦਾਜ਼ ਕਰਨਾ ਹੈ, ਤਾਂ ਇਹ ਅੱਤਵਾਦ ਖ਼ਿਲਾਫ਼ ਸਮੂਹਿਕ ਯਤਨਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਅੱਤਵਾਦੀਆਂ ਨੂੰ ਅਸਿੱਧੇ ਤੌਰ ’ਤੇ ਜਾਇਜ਼ਤਾ ਪ੍ਰਦਾਨ ਕਰਦਾ ਹੈ।
ਅੱਤਵਾਦੀ ਸਮੂਹਾਂ ਲਈ ਪਾਕਿਸਤਾਨ ਦੀਆਂ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਭਾਵ ਦੱਖਣੀ ਏਸ਼ੀਆ ਤੱਕ ਸੀਮਿਤ ਨਹੀਂ ਹੈ। ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨੇ ਵਿਸ਼ਵ ਪੱਧਰ ’ਤੇ ਅੱਤਵਾਦੀ ਸਮੂਹਾਂ ਦੀ ਪਹੁੰਚ ਨੂੰ ਵਧਾ ਦਿੱਤਾ ਹੈ। ਜਦੋਂ ਅੱਤਵਾਦੀ ਖ਼ਤਰੇ ਹੁਣ ਕਿਸੇ ਭੂਗੋਲਿਕ ਸੀਮਾ ਤੱਕ ਸੀਮਤ ਨਹੀਂ ਹਨ ਤਾਂ ਉਨ੍ਹਾਂ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਸਹਿਯੋਗ ਜ਼ਰੂਰੀ ਹੈ।
(ਲੇਖਕ ਕੇਂਦਰੀ ਰੱਖਿਆ ਮੰਤਰੀ ਹਨ)
ਪੰਜਾਬੀ ਜਾਗਰਣ
test