ਸਖ਼ਤ ਮਿਹਨਤ ਤੇ ਲਗਨ ਨਾਲ ਹਰਮਨਪ੍ਰੀਤ ਕੌਰ ਨੇ ਮਾਰੀ ਬਾਜ਼ੀ
06 ਅਕਤੂਬਰ, 2026 – ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਦੀ ਹਰਮਨਪ੍ਰੀਤ ਕੌਰ ਨੇ ਵੱਕਾਰੀ ਪ੍ਰੀਖਿਆ UPSC CAPF ਵਿੱਚ ਦੇਸ਼ ਭਰ ’ਚੋਂ 78ਵਾਂ ਰੈਂਕ ਹਾਸਲ ਕੀਤਾ ਹੈ। ਸਾਲ 2025 ਦੀ ਇਸ ਪ੍ਰੀਖਿਆ ਦਾ ਨਤੀਜਾ ਹਾਲ ਹੀ ਵਿੱਚ ਘੋਸ਼ਿਤ ਕੀਤਾ ਗਿਆ। ਡਾ. ਬਿਕਰਜੀਤ ਸਿੰਘ ਸਾਧੂਵਾਲਾ ਅਤੇ ਡਾ. ਵੀਰਪਾਲ ਕੌਰ ਸਾਧੂਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਰਮਨਪ੍ਰੀਤ ਕੌਰ ਨੇ ਇਸ ਪ੍ਰੀਖਿਆ ਨੂੰ ਆਪਣੇ ਲਈ ਚੁਣੌਤੀ ਬਣਾਇਆ ਹੋਇਆ ਸੀ। ਪੜ੍ਹਨ ਦੀ ਲਗਨ ਅਤੇ ਜਨੂਨ ਕਰਕੇ ਹਰਮਨਪ੍ਰੀਤ ਕੌਰ ਨੂੰ ਇਹ ਕਾਮਯਾਬੀ ਹਾਸਲ ਹੋਈ।
ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿੱਚ ਸੀ ਬੀ ਐੱਸ ਈ ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਿਟ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਤੇ ਨੈੱਟ ਪ੍ਰੀਖਿਆ ਪਾਸ ਕਰਨ ਉਪਰੰਤ ਯੂ ਪੀ ਐੱਸ ਸੀ (ਮੇਨ) ਦੀ ਤਿਆਰੀ ਸ਼ੁਰੂ ਕੀਤੀ। ਇਸ ਦੌਰਾਨ ਹੀ ਯੂ ਪੀ ਐੱਸ ਸੀ ਸੀ ਏ ਪੀ ਐੱਫ ਦੀ ਪ੍ਰੀਖਿਆ ਆਈ, ਜਿਸ ਵਿੱਚ ਇਹ ਸਥਾਨ ਮਿਲਿਆ। ਉਸ ਨੇ ਜ਼ਿਆਦਾਤਰ ਪੜ੍ਹਾਈ ਔਨਲਾਈਨ ਅਤੇ ਘਰ ਬੈਠ ਕੇ ਹੀ ਕੀਤੀ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਅਪਰੈਲ 2026 ਵਿੱਚ ਪੀ ਸੀ ਐੱਸ ਦੀ ਪ੍ਰੀਖਿਆ ਵੀ ਦਿੱਤੀ, ਜਿਸ ਦਾ ਨਤੀਜਾ ਅਗਲੇ ਮਹੀਨੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਕੌਰ ਕੇਂਦਰੀ ਹਥਿਆਰਬੰਦ ਪੁਲੀਸ ਬਲ ਵਿੱਚ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਬਿਕਰਜੀਤ ਸਿੰਘ ਸਾਧੂਵਾਲਾ ਵਿਦਿਆਰਥੀ ਲਹਿਰ ਦੌਰਾਨ ਪ੍ਰਮੁੱਖ ਅੰਦੋਲਨਕਾਰੀ ਮੰਨੇ ਜਾਂਦੇ ਰਹੇ ਹਨ ਅਤੇ ਉਹ ਅੱਜਕੱਲ੍ਹ ਆਈ ਡੀ ਪੀ ਨਾਲ ਗੂੜ੍ਹੀ ਸਾਂਝ ਰੱਖਦੇ ਹੋਏ ਇਲਾਕੇ ਦੇ ਹਰ ਵਿਦਿਆਰਥੀ, ਸਮਾਜਿਕ ਅਤੇ ਲੋਕ ਮੁੱਦਿਆਂ ਵਿੱਚ ਪ੍ਰਮੁੱਖ ਰੂਪ ’ਚ ਭਾਗ ਲੈਂਦੇ ਹਨ। ਉਹ ਅੱਜਕੱਲ੍ਹ ਹਰਿਆਣਾ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਧਰਮਪਤਨੀ ਵੀਰਪਾਲ ਕੌਰ ਇੱਕ ਪ੍ਰਮੁੱਖ ਅੰਦੋਲਨਕਾਰੀ ਅਧਿਆਪਕ ਆਗੂ ਵਜੋਂ ਜਾਣੇ ਜਾਂਦੇ ਹਨ।
ਉੱਥੇ ਹੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਹਰਮਨਪ੍ਰੀਤ ਕੌਰ ਨੂੰ ਉਸਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਪੰਜਾਬੀ ਟ੍ਰਿਬਯੂਨ