ਈ ਓ ਦੇ ਹੁਕਮਾਂ ਦੇ ਬਾਵਜੂਦ ਪਾਰਕ ਤੇ ਸਕੂਲ ਵਿਚਾਲੇ ਕੂੜੇ ਦਾ ਡੰਪ ਬਰਕਰਾਰ
03 ਸਤੰਬਰ, 2026 – ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਫਾਈ ਮੁਹਿੰਮ ਚਾਲੀ ਮੁਕਤਿਆਂ ਦੇ ਪਵਿੱਤਰ ਸ਼ਹਿਰ ’ਚ ਆ ਕੇ ਦਮ ਤੋੜ ਰਹੀ ਹੈ। ਸਫਾਈ ਕਰਨ ਵਾਲੇ ਹੀ ਗੰਦਗੀ ਫੈਲਾ ਰਹੇ ਹਨ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਲੱਖਾਂ ਰੁਪਏ ਲਾ ਕੇ ਚਾਲੂ ਕੀਤੇ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ‘ਗੁਰੂ ਗੋਬਿੰਦ ਸਿੰਘ ਪਾਰਕ’, ਸਰਕਾਰੀ ਸਕੂਲ (ਲੜਕੇ) ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਗੰਦਗੀ ਵਿੱਚ ਵਾਧਾ ਕਰਨ ਵਾਸਤੇ ਇੱਥੇ ਖੁੱਲ੍ਹਾ ਪਿਸ਼ਾਬਘਰ ਵੀ ਬਣਿਆ ਹੋਇਆ ਹੈ। ਇਸ ਦੀਆਂ ਪਾਈਪਾਂ ਬੰਦ ਹੋਣ ਕਰ ਕੇ ਇਸ ਦਾ ਗੰਦਾ ਪਾਣੀ ਸੜਕ ਉੱਪਰ ਖੜ੍ਹਾ ਰਹਿੰਦਾ ਹੈ। ਕੂੜੇ ਦੇ ਢੇਰ ਉੱਪਰ ਕੁੱਤੇ ਅਤੇ ਆਵਾਰਾ ਪਸ਼ੂ ਫਿਰਦੇ ਰਹਿੰਦੇ ਹਨ। ਸਿੱਤਮ ਦੀ ਗੱਲ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਵੱਲੋਂ ਇੱਥੇ ਕੂੜਾ ਸੁੱਟਣ ਦੀ ਸਖਤ ਮਨਾਹੀ ਕੀਤੀ ਹੋਈ ਹੈ ਪਰ ਫਿਰ ਵੀ ਕੌਂਸਲ ਦੇ ਸਫ਼ਾਈ ਕਰਮਚਾਰੀ, ਮੀਟ ਦੀਆਂ ਦੁਕਾਨਾਂ ਵਾਲੇ, ਹੋਟਲਾਂ-ਢਾਬਿਆਂ ਤੇ ਘਰਾਂ ਵਾਲੇ ਗੰਦਗੀ ਸੁੱਟਦੇ ਹਨ ਜਿਸ ਕਰਕੇ ਸੈਰ ਕਰਨ ਵਾਲੇ, ਰਾਹਗੀਰ, ਸਕੂਲ ਦੇ ਬੱਚੇ ਡਾਢੇ ਦੁਖੀ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਇੱਥੇ ਲਾਉਣ ਤੋਂ ਰੋਕਣ ਵਾਸਤੇ ਸਖਤ ਕਾਰਵਾਈ ਕਰੇ।
ਕੌਂਸਲਰ ਸੰਜਨਾ ਭੰਮ ਤੇ ਕਰਮਜੀਤ ਭੰਮ ਨੇ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਡਿਪਟੀ ਕਮਿਸ਼ਨਰ, ਕੌਂਸਲ ਪ੍ਰਧਾਨ ਅਤੇ ਈ ਓ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਪਰ ਵਾਅਦਾ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਜੇ ਇੱਥੋਂ ਕੂੜਾ ਡੰਪ ਖਤਮ ਨਾ ਕੀਤਾ ਗਿਆ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪੰਜਾਬੀ ਟ੍ਰਿਬਯੂਨ