ਲਿਫ਼ਟਿੰਗ ਦੀ ਰਫ਼ਤਾਰ ਮੱਠੀ; ਕਿਸਾਨ ਹੋ ਰਹੇ ਨੇ ਖੱਜਲ-ਖੁਆਰ
28 ਅਕਤੂਬਰ, 2026 – ਬਠਿੰਡਾ : ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਰਹਿਣ ਅਤੇ ਮੌਸਮ ਦੀ ਮਾਰ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦੇ ਰਿਕਾਰਡ ਦਾਅਵਿਆਂ ਦੇ ਬਾਵਜੂਦ ਕਈ ਮੰਡੀਆਂ ਵਿੱਚ ਫ਼ਸਲ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਚੁਕਾਈ ਦੀ ਰਫ਼ਤਾਰ ਮੰਦੀ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਥੁੜ੍ਹ ਰਹੀ ਹੈ।
ਬਠਿੰਡਾ ਦੇ ਦਰਜਨਾਂ ਜਿਣਸ ਕੇਂਦਰਾਂ ਸਮੇਤ ਮਹਿਮਾ ਸਰਜਾ ਦੀ ਦਾਣਾ ਮੰਡੀ ਵਿੱਚ ਵੀ ਝੋਨੇ ਦੀਆਂ ਬੋਰੀਆਂ ਵੱਡੀ ਗਿਣਤੀ ਵਿੱਚ ਪਈਆਂ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਨਹੀਂ ਬਚੀ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਜਬੂਰੀਵੱਸ ਝੋਨਾ ਕੱਚੇ ਥਾਂ ’ਤੇ ਉਤਾਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਸਫ਼ਾਈ ਅਤੇ ਝਾਰ ਲਗਾਉਣ ਲਈ ਵੀ ਲੋੜੀਂਦੀ ਜਗ੍ਹਾ ਨਹੀਂ ਮਿਲ ਰਹੀ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਮਹਿਮਾ ਨੇ ਮਹਿਮਾ ਸਰਜਾ ਦੀ ਦਾਣਾ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ।
ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਨ੍ਹਾਂ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੱਕ ਹੈ, ਉਨ੍ਹਾਂ ਨੂੰ ਵੀ ਪਿਛਲੇ 10-10 ਦਿਨਾਂ ਤੋਂ ਮੰਡੀ ਵਿੱਚ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਮੁਤਾਬਕ ਚੁਕਾਈ ਵਿੱਚ ਦੇਰੀ ਕਾਰਨ ਕਿਸਾਨਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਮੰਡੀ ਵਿੱਚ ਫ਼ਸਲ ਦੀ ਵਿਕਰੀ ਤੇ ਅਗਲੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ ਦੀਆਂ ਮਹਿਮਾ ਸਰਜਾ, ਦਿਉਣ, ਜੰਡਾਂਵਾਲਾ, ਬੱਲੂਆਣਾ, ਅਬਲੂ, ਗੋਨਿਆਣਾ, ਭੁੱਚੋ ਮੰਡੀ, ਰਾਮਪੁਰਾ ਫੂਲ, ਮੌੜ, ਰਾਮਾਂ, ਸੰਗਤ, ਤਲਵੰਡੀ ਸਾਬੋ, ਮਹਿਰਾਜ, ਪੀਰਕੋਟ ਅਤੇ ਖੋਖਰ ਸਮੇਤ ਵੱਖ-ਵੱਖ ਮੰਡੀਆਂ ਅਤੇ ਖ਼ਰੀਦ ਕੇਂਦਰ ਨੱਕੋ ਨੱਕ ਭਰੇ ਹੋਏ ਹਨ।
ਲਖਵਿੰਦਰ ਸਿੰਘ ਲੱਖਾ ਮਹਿਮਾ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਹਿਮਾ ਸਰਜਾ ਮੰਡੀ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਤੁਰੰਤ ਚੁਕਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚੋਂ ਫ਼ਸਲ ਦੀ ਸਮੇਂ ਸਿਰ ਚੁਕਾਈ ਹੋਣ ਨਾਲ ਨਵੀਂ ਫ਼ਸਲ ਉਤਾਰਨ ਲਈ ਥਾਂ ਬਣੇਗੀ ਅਤੇ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਰੀਦ ਦੇ ਨਾਲ-ਨਾਲ ਚੁਕਾਈ ਦੇ ਪ੍ਰਬੰਧਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।
Mukerian Paddy Lifting: ਭੰਗਾਲਾ ’ਚ ਚੁਕਾਈ ਨਾ ਹੋਣ ਕਾਰਨ ਝੋਨੇ ਦੇ ਢੇਰ ਲੱਗੇ
ਆੜ੍ਹਤੀਆਂ ਨੂੰ ਮੰਡੀ ਵਿੱਚ ਮੀਂਹ ਕਾਰਨ ਫਸਲ ਨੁਕਸਾਨੇ ਜਾਣ ਦਾ ਖਦਸ਼ਾ; ਵੇਅਰਹਾਉਸ ਦੀ ਚੁਕਾਈ ਨਾਮਾਤਾਰ
28 ਅਕਤੂਬਰ, 2026 – ਮੁੱਕੇਰੀਆਂ : ਪ੍ਰਸਾਸ਼ਨਿਕ ਦਾਅਵਿਆਂ ਦੇ ਉਲਟ ਮੁਕੇਰੀਆਂ ਦੀ ਭੰਗਾਲਾ ਦਾਣਾ ਮੰਡੀ ਵਿੱਚ ਕਰੀਬ ਡੇਢ ਲੱਖ ਬੋਰੀ ਦੀ ਚੁਕਾਈ ਹੋਣ ਵਾਲੀ ਪਈ ਹੈ ਪਰ ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਦਾ ਦਾਅਵਾ ਹੈ ਕਿ ਚੁਕਾਈ ਖਰੀਦ ਏਜੰਸੀ ਨੇ ਕਰਵਾਉਣੀ ਹੈ, ਉਨ੍ਹਾਂ ਦੀ ਇਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਧਿਕਾਰੀ ਇਸ ਤੋ ਅਣਜਾਣ ਬਣੇ ਹੋਏ ਹਨ ਕਿ ਮੰਡੀ ਪ੍ਰਬੰਧਾਂ ਬਦਲੇ ਹੀ ਮਾਰਕੀਟ ਕਮੇਟੀ ਵੱਲੋਂ ਫਸਲ ’ਤੇ ਹਰ ਸਾਲ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਵਸੂਲੀ ਜਾਂਦੀ ਹੈ।
ਮਾਰਕੀਟ ਕਮੇਟੀ ਮੁਕੇਰੀਆ ਅਧੀਨ ਆਉਂਦੀ ਭੰਗਾਲਾ ਦਾਣਾ ਮੰਡੀ ਵਿੱਚ ਪਹਿਲੇ ਦਿਨ ਤੋਂ ਹੀ ਚੁਕਾਈ ਦੀ ਸਮੱਸਿਆ ਬਣੀ ਹੋਈ ਹੈ। ਮੰਡੀ ਵਿੱਚ ਪਨਗਰੇਨ ਅਤੇ ਵੇਅਰਹਾਊਸ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਪਨਗਰੇਨ ਦੀ ਚੁਕਾਈ ਕੁੱਝ ਹੱਦ ਤੱਕ ਠੀਕ ਹੈ, ਪਰ ਵੇਅਰਹਾਊਸ ਅਧੀਨ ਆਉਂਦੇ ਆੜ੍ਹਤੀਆਂ ਦੇ ਫੜ੍ਹਾਂ ’ਤੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਆੜ੍ਹਤੀਆਂ ਅਨੁਸਾਰ ਮੰਡੀ ਵਿੱਚ ਅੰਦਾਜ਼ਨ ਕਰੀਬ ਡੇਢ ਲੱਖ ਤੋਂ ਵੱਧ ਬੋਰੀ ਚੁਕਾਈ ਹੋਣ ਵਾਲੀ ਪਈ ਹੈ ਅਤੇ ਕਿਸਾਨਾਂ ਦੇ ਬੈਠਣ ਲਈ ਮੰਡੀ ਵਿੱਚ ਬਣੇ ਸ਼ੈੱਡ ਦੇ ਅੰਦਰ ਆੜ੍ਹਤੀਆ ਨੂੰ ਬਾਰਦਾਨਾ ਅਤੇ ਕਿਸਾਨਾਂ ਨੂੰ ਆਪਣੀ ਫਸਲ ਢੇਰੀ ਕਰਨੀ ਪੈ ਰਹੀ ਹੈ।
ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਦੱਸਿਆ ਕਿ ਸਰਕਾਰ ਤੇ ਪ੍ਰਸਾਸ਼ਨ ਨੇ ਫਸਲ ਦੀ ਆਮਦ ਤੋਂ ਪਹਿਲਾਂ ਖਰੀਦ ਪ੍ਰਬੰਧ ਮੁਕੰਮਲ ਕਰਨੇ ਹੁੰਦੇ ਹਨ ਪਰ ਦਾਣਾ ਮੰਡੀ ਭੰਗਾਲਾ ਦਾ ਵੇਅਰਹਾਊਸ ਵੱਲੋਂ ਸ਼ੈਲਰ ਮਾਲਕ ਨਾਲ ਸਮਝੌਤਾ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਕਰੀਬ 10-15 ਦਿਨ ਮਗਰੋਂ ਹੋਇਆ। ਮਗਰੋਂ ਸਬੰਧਤ ਸ਼ੈਲਰ ਮਾਲਕ ਨੇ ਮਨਮਾਨੇ ਢੰਗ ਨਾਲ ਚੁਕਾਈ ਕੀਤੀ ਅਤੇ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗ ਗਏ। ਜੇ ਮੰਡੀ ਵਿੱਚ ਆਈ ਫਸਲ ਮੀਂਹ ਕਾਰਨ ਭਿੱਜਦੀ ਹੈ ਤਾਂ ਇਸ ਦਾ ਨੁਕਸਾਨ ਕਿਸਾਨ ਨੂੰ ਝੱਲਣਾ ਪੈਂਦਾ ਹੈ, ਪਰ ਜੇ ਭਰਾਈ ਕੀਤੀਆਂ ਬੋਰੀਆਂ ਭਿੱਜਣ ਕਾਰਨ ਨੁਕਸਾਨੀਆਂ ਜਾਂਦੀਆਂ ਹਨ ਤਾਂ ਉਸ ਦਾ ਨੁਕਸਾਨ ਆੜ੍ਹਤੀਏ ਨੂੰ ਹੁੰਦਾ ਹੈ। ਇਸ ਨੁਕਸਾਨੇ ਲਈ ਨਾ ਤਾਂ ਖਰੀਦ ਏਜੰਸੀਆਂ ਪੱਲਾ ਫੜਾਉਂਦੀਆ ਹਨ ਅਤੇ ਨਾ ਹੀ ਸ਼ੈਲਰ ਮਾਲਕ ਕੋਈ ਰਾਹ ਦਿੰਦੇ ਹਨ। ਮੀਂਹ ਮਗਰੋਂ ਮੌਸਮ ’ਚ ਨਮੀ ਵਧ ਗਈ ਹੈ।
ਮੰਡੀ ਸੁਪਰਵਾਈਜ਼ਰ ਜਤਿੰਦਰ ਕੁਮਾਰ ਨੇ ਮੰਨਿਆ ਕਿ ਵੇਅਰਹਾਊਸ ਦੀ ਚੁਕਾਈ ਨਾ ਮਾਤਰ ਹੋਣ ਕਾਰਨ ਇਹ ਸਮੱਸਿਆ ਆਈ ਹੈ। ਪਿਛਲੇ ਦੋ ਦਿਨਾਂ ਤੋਂ ਮੰਡੀ ਵਿੱਚ ਖਰੀਦ ਨਾ ਹੋਣ ਦੇ ਬਾਵਜੂਦ ਕਰੀਬ 30,000 ਕੁਇੰਟਲ ਤੋਂ ਵੱਧ ਝੋਨਾ ਚੁਕਾਈ ਵਾਲਾ ਪਿਆ ਹੈ।
ਚੁਕਾਈ ਦੀ ਜਿ਼ੰਮੇਵਾਰੀ ਖ਼ਰੀਦ ਏਜੰਸੀ ਦੀ : ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚੋਂ ਚੁਕਾਈ ਦੀ ਜ਼ਿੰਮੇਵਾਰੀ ਖਰੀਦ ਏਜੰਸੀ ਦੀ ਹੈ। ਉਨ੍ਹਾਂ ਖਰੀਦ ਏਜੰਸੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਬਾਰੇ ਆਖਦਿਆਂ ਦਾਅਵਾ ਕੀਤਾ ਕਿ ਚੁਕਾਈ ਲਈ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹਨ।
ਪੰਜਾਬੀ ਟ੍ਰਿਬਯੂਨ