10 ਮਾਰਚ, 2025 – ਗੁਰੂਸਰ ਸੁਧਾਰ : ਇੱਥੋਂ ਨੇੜਲੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਨੇ ਭੁਪਾਲ ਵਿੱਚ ਹੋਈ 42ਵੀਂ ਕੌਮੀ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਰੋਇੰਗ ਮਹਿਲਾ ਕੌਕਸਲੈੱਸ ਟੀਮ ਪੇਅਰ ਸਕਲ ਈਵੈਂਟ ਵਿੱਚ ਆਲ ਇੰਡੀਆ ਪੁਲੀਸ ਲਈ ਖੇਡਦਿਆਂ ਗੁਰਬਾਣੀ ਕੌਰ ਨੇ ਆਪਣੀ ਸਾਥਣ ਦਿਲਜੋਤ ਕੌਰ ਨਾਲ ਮਿਲ ਕੇ 2 ਕਿਲੋਮੀਟਰ ਰੇਸ ਵਿੱਚ ਇਹ ਖ਼ਿਤਾਬ ਜਿੱਤਿਆ। ਭੁਪਾਲ ਤੋਂ ਫ਼ੋਨ ’ਤੇ ਗੱਲ ਕਰਦਿਆਂ ਗੁਰਬਾਣੀ ਕੌਰ ਨੇ ਕਿਹਾ ਕਿ ਦਿਲਜੋਤ ਤੇ ਉਸ ਨੇ ਦੇਸ਼ ਦੀਆਂ 9 ਬਿਹਤਰੀਨ ਟੀਮਾਂ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਟੀਮ ਈਵੈਂਟ ਵਿੱਚ ਕੇਰਲ ਦੀ ਵਿਨੀਜਾ ਅਤੇ ਐਲੀਨਾ ਐਂਟੋ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ, ਜਦਕਿ ਪੰਜਾਬ ਦੀ ਜੈਸਮੀਨ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਹੈ।
42ਵੀਂ ਕੌਮੀ ਸੀਨੀਅਰ ਰੋਇੰਗ ਚੈਂਪੀਅਨਸ਼ਿਪ ਵਿੱਚ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਟੀਮ ਨੇ ਕੁੱਲ 7 ਸੋਨੇ ਦੇ ਤਗ਼ਮੇ ਜਿੱਤ ਕੇ ਸਮੁੱਚੀ ਚੈਂਪੀਅਨਸ਼ਿਪ ਜਿੱਤੀ ਹੈ। ਚੈਂਪੀਅਨਸ਼ਿਪ ਵਿੱਚ ਗੁਰਬਾਣੀ ਕੌਰ ਦੀ ਆਲ ਇੰਡੀਆ ਪੁਲੀਸ ਓਵਰਆਲ ਦੂਜੇ ਸਥਾਨ ’ਤੇ ਅਤੇ ਕੇਰਲ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਭੁਪਾਲ ਵਿੱਚ ਆਈਟੀਬੀਪੀ ’ਚ ਤਾਇਨਾਤ ਗੁਰਬਾਣੀ ਕੌਰ ਚੰਡੀਗੜ੍ਹ ਟੈਕਨੀਕਲ ਯੂਨੀਵਰਸਿਟੀ ਤੋਂ ਐੱਮਪੀਐੱਡ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ 2022 ਅਤੇ 2023 ਵਿੱਚ ਸੋਨੇ ਦਾ ਤਗ਼ਮਾ, 2023 ਵਿੱਚ ਗੋਆ ਦੀਆਂ ਕੌਮੀ ਖੇਡਾਂ ’ਚ ਚਾਂਦੀ, ਜਦਕਿ 2024 ਦੀ ਕੌਮੀ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਜਿੱਤਿਆ ਸੀ।
ਪੰਜਾਬੀ ਟ੍ਰਿਬਯੂਨ
test