ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲਗਾਤਾਰ ਤਿੰਨ ਦਿਨਾਂ ਦੌਰਾਨ ਤਿੰਨ ਨਹਿਰਾਂ ਦੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
04 ਜੁਲਾਈ, 2026 – ਫ਼ਿਰੋਜ਼ਪੁਰ: ਜ਼ਿਲ੍ਹੇ ਵਿੱਚ ਲਗਾਤਾਰ ਤਿੰਨ ਦਿਨਾਂ ਦੌਰਾਨ ਤਿੰਨ ਨਹਿਰਾਂ ਦੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਤਾਜ਼ਾ ਘਟਨਾ ਪਿੰਡ ਆਸਲਾ ਵਿੱਚ ਵਾਪਰੀ, ਜਿੱਥੇ ਮਾਇਆ ਵਾਡ ਨਹਿਰ ਤਿੰਨ ਥਾਵਾਂ ਤੋਂ ਟੁੱਟ ਗਈ। ਇਸ ਕਾਰਨ ਸੈਂਕੜੇ ਏਕੜ ਵਿੱਚ ਲੱਗੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਦੀਆਂ ਮਹੀਨਿਆਂ ਦੀਆਂ ਮਿਹਨਤਾਂ ‘ਤੇ ਪਾਣੀ ਫਿਰ ਗਿਆ ਪਰ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਪ੍ਰਸ਼ਾਸਨ ਨੇ ਨਹੀਂ ਕੀਤੀ ਸੁਣਵਾਈ
ਪ੍ਰਭਾਵਿਤ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ‘ਨਹਿਰ ਪਿਛਲੇ ਦਿਨ ਤੋਂ ਹੀ ਓਵਰਫਲੋਅ ਹੋ ਰਹੀ ਸੀ। ਜਿਸ ਦਾ ਪਤਾ ਲੱਗਦੇ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਪਰ ਕਿਸੇ ਨੇ ਵੀ ਇਸ ਸ਼ਿਕਾਇਤ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਸਵੇਰੇ ਨਹਿਰ ਤਿੰਨ ਥਾਵਾਂ ਤੋਂ ਟੁੱਟ ਗਈ, ਜਿਸ ਕਾਰਨ ਤੇਜ਼ ਵਹਾਅ ਵਾਲਾ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਗਿਆ ਅਤੇ ਦਰਜਨਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ। ਪਾਣੀ ਦੇ ਤੇਜ਼ ਵਹਾਅ ਨਾਲ ਝੋਣੇ ਦੀ ਕਈ ਏਕੜ ਜ਼ਮੀਨ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ‘।
ਸਰਕਾਰ ਤੋਂ ਮੁਆਵਜ਼ੇ ਦੀ ਮੰਗ
ਕਿਸਾਨ ਅਮਰੀਕ ਸਿੰਘ ਨੇ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਹੱਕਾਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ।‘
ਇਸ ਮੌਕੇ ਸੂਬਾ ਸਕੱਤਰ ਸੁਖਰਾਜ ਸਿੰਘ ਗੋਰਾ ਨੇ ਵੀ ਸਰਕਾਰ ਅਤੇ ਨਹਿਰ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਦਿਨ ਜਨਤਾ ਵਿੱਚ ਬੈਠਦੇ ਹਨ ਅਤੇ ਕਹਿੰਦੇ ਹਨ ਕੇ ਕਿਸਾਨਾਂ ਲਈ ਕਸੀਆਂ ਦਾ ਪਾਣੀ ਛੱਡਿਆ ਜਾ ਰਿਹਾ ਹੈ, ਪਰ ਜਦੋਂ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਉਸ ਸਮੇਂ ਮੁੱਖ ਮੰਤਰੀ ਸਾਰ ਕਿਊਂ ਨਹੀਂ ਲੈਂਦੇ। ਜੇਕਰ ਸਮੇਂ ਸਿਰ ਨਹਿਰ ਦੀ ਮੁਰੰਮਤ ਅਤੇ ਨਿਗਰਾਨੀ ਕੀਤੀ ਜਾਂਦੀ ਤਾਂ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਟਾਲਿਆ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਤੋਂ ਜਲਦ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰਾਂ ਦੀ ਸੰਭਾਲ ਲਈ ਪੱਕੇ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।‘
ETV BHARAT