12 ਫਰਵਰੀ, 2025 – ਧਰਮਕੋਟ : ਵਿਦੇਸ਼ ਭੇਜਣ ਦੇ ਨਾਮ ਉੱਤੇ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਨੇ ਇੱਥੇ ਇਮੀਗ੍ਰੇਸ਼ਨ ਵਾਲਿਆਂ ਦੀ ਮਾਲਕੀ ਵਾਲੇ ਸਕੂਲ ਸਾਹਮਣੇ ਧਰਨਾ ਦਿੱਤਾ। ਪੀੜਤ ਪਰਿਵਾਰ ਦੇ ਹੱਕ ’ਚ ਭਾਰਤੀ ਕਿਸਾਨ ਯੂਨੀਅਨ ਬ੍ਰਾਹਮਕੇ ਅਤੇ ਪਿੰਡਾਂ ਦੇ ਲੋਕ ਵੀ ਧਰਨੇ ’ਤੇ ਬੈਠੇ। ਦਿਨ ਭਰ ਚੱਲਿਆ ਇਹ ਧਰਨਾ ਪ੍ਰਸ਼ਾਸਨ ਦੇ ਦਖ਼ਲ ਮਗਰੋਂ ਸਮਾਪਤ ਹੋਇਆ। ਜਾਣਕਾਰੀ ਮੁਤਾਬਕ ਕੋਟ ਈਸੇ ਖਾਂ ਰਾਜ ਮਾਰਗ ’ਤੇ ਸਥਿਤ ਸਕੂਲ ਮਾਲਕਾਂ ਦਾ ਜਗਰਾਉਂ ਵਿੱਚ ਇਮੀਗ੍ਰੇਸ਼ਨ ਦਫਤਰ ਹੈ। ਉਨ੍ਹਾਂ ਨੇ ਪਿੰਡ ਬਾਕਰਵਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਵਿਦੇਸ਼ ਨਿਊਜ਼ੀਲੈਂਡ ਭੇਜਣ ਦਾ ਭਰੋਸਾ ਦੇ ਕੇ ਤਿੰਨ ਮਹੀਨੇ ਪਹਿਲਾਂ 13 ਲੱਖ ਰੁਪਏ ਦੀ ਰਾਸ਼ੀ ਲਈ ਸੀ।
ਪੀੜਤ ਪਰਿਵਾਰ ਨੇ ਸਾਢੇ ਗਿਆਰਾਂ ਲੱਖ ਰੁਪਏ ਸੈਂਟਰ ਸੰਚਾਲਕ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਜਦਕਿ ਡੇਢ ਲੱਖ ਰੁਪਏ ਦੀ ਰਾਸ਼ੀ ਨਗਦ ਦਿੱਤੀ ਸੀ। ਸੈਂਟਰ ਸੰਚਾਲਕਾਂ ਨੇ ਵੀਜ਼ਾ ਲੱਗਣ ਦਾ ਝੂਠਾ ਸਬਜ਼ਬਾਗ ਦਿਖਾ ਨੌਜਵਾਨ ਨੂੰ ਦਿੱਲੀ ਲਿਜਾ ਕੇ ਕੁਝ ਦਿਨ ਬਿਠਾਈ ਰੱਖਿਆ ਅਤੇ ਫਿਰ ਵਾਪਸ ਪੰਜਾਬ ਭੇਜ ਦਿੱਤਾ। ਪਰਿਵਾਰ ਨੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਪਰ ਮਾਮਲਾ ਨਾ ਸੁਲਝਿਆ ਜਿਸ ਕਾਰਨ ਅੱਜ ਪੀੜਤ ਪਰਿਵਾਰ ਨੇ ਧਰਨਾ ਲਾ ਦਿੱਤਾ।
ਪਹਿਲਾਂ ਤਾਂ ਸਕੂਲ ਦੇ ਪ੍ਰਿੰਸੀਪਲ ਜੋ ਇੰਮੀਗ੍ਰੇਸ਼ਨ ਸੰਚਾਲਕ ਦੇ ਮਾਤਾ ਹਨ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਧੀ ਦਾ ਵੱਖਰਾ ਕੰਮ ਹੈ ਪਰ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਮਾਮਲਾ ਸੁਲਝ ਗਿਆ। ਪੀੜਤ ਧਿਰ ਨੂੰ 6 ਲੱਖ ਰੁਪਏ ਦੀ ਰਾਸ਼ੀ ਮੌਕੇ ’ਤੇ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਜਦਕਿ ਬਕਾਇਆ ਰਾਸ਼ੀ 28 ਫਰਵਰੀ ਨੂੰ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ
test