ਸ਼ਰੇਆਮ 17 ਸਾਲਾ ਮੁੰਡੇ ਦਾ ਕੁਝ ਲੋਕਾਂ ਨੇ ਕਤਲ ਕਰ ਦਿੱਤਾ। ਕਤਲਕਾਂਡ ਦੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ।
01 ਸਤੰਬਰ, 2026 – ਪਟਿਆਲਾ: ਜ਼ਿਲ੍ਹੇ ਦੇ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਰਣਜੀਤ ਨਗਰ ਵਿੱਚ ਇੱਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰਨ ਦਾ ਇਲਜ਼ਾਮ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਾਰਦਾਤ ਨਾਲ ਸਬੰਧਤ CCTV ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
“ਵਾਰਦਾਤ ਮੌਕੇ ਕਰੀਬ 10 ਤੋਂ 12 ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕੁਝ ਨੂੰ ਮੈਂ ਜਾਣਦਾ ਵੀ ਹਾਂ। ਮੁਲਜ਼ਮ ਉਸ ਮੌਕੇ ਨਸ਼ੇ ਦੀ ਹਾਲਤ ਵਿੱਚ ਹੁੱਲੜਬਾਜ਼ੀ ਕਰ ਰਹੇ ਸੀ ਅਤੇ ਕਿਸੇ ਨੂੰ ਮਾਰ ਰਹੇ ਸੀ। ਮੈਂ ਉਸਨੂੰ ਛੁਡਾਉਣ ਲਈ ਗਿਆ ਸੀ ਤਾਂ ਇਸ ਦੌਰਾਨ ਮੁਲਜ਼ਮਾਂ ਨੇ ਮੇਰੇ ਪੁੱਤ ਦਾ ਚਾਕੂ ਮਾਰ ਕਤਲ ਕਰ ਦਿੱਤਾ।”–ਮ੍ਰਿਤਕ ਦਾ ਪਿਤਾ
ਪਿਤਾ ਦੀਆਂ ਅੱਖਾਂ ਸਾਹਮਣੇ ਪੁੱਤ ਦਾ ਕਤਲ ?
ਮ੍ਰਿਤਕ ਦੇ ਪਿਤਾ ਰਾਜੀਵ ਕੁਮਾਰ ਨੇ ਦੱਸਿਆ ਕਿ ਵਾਰਦਾਤ ਸਮੇਂ ਕੁਝ ਨੌਜਵਾਨ ਆਪਸ ਵਿੱਚ ਲੜ ਰਹੇ ਸਨ। ਮੈਂ ਝਗੜਾ ਛੁਡਵਾਉਣ ਲਈ ਅੱਗੇ ਗਿਆ ਸੀ ਤਾਂ ਮੇਰਾ ਪੁੱਤਰ ਵੀ ਸਾਡੇੇ ਪਿੱਛੇ ਆ ਗਿਆ। ਇਸੇ ਦੌਰਾਨ ਹਮਲਾਵਰਾਂ ਨੇ ਮੇਰੇ ਪੁੱਤਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਪੁਰਾਣੀ ਰੰਜ਼ਿਸ਼ ਬਣੀ ਕਤਲ ਦੀ ਵਜ੍ਹਾ ?
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ DSP ਸਿਟੀ-2 ਜੰਗਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ “ਮ੍ਰਿਤਕ ਨੌਜਵਾਨ ਅਤੇ ਕੁਝ ਹੋਰ ਨੌਜਵਾਨਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਹ ਵਿਵਾਦ ਕਰੀਬ ਦੋ ਸਾਲ ਪਹਿਲਾਂ ਦਾ ਹੈ, ਜਦੋਂ ਇਹ ਨੌਜਵਾਨ ਸਕੂਲ ਵਿੱਚ ਪੜ੍ਹਦੇ ਸਨ।”
“ਮ੍ਰਿਤਕ ਤਨਵੀਰ ਦੀ ਉਮਰ 17 ਸਾਲ ਦੇ ਕਰੀਬ ਸੀ। ਸਕੂਲ ਪੜ੍ਹਦਿਆਂ ਸਮੇਂ ਦੀ ਦੋਵਾਂ ਧਿਰਾਂ ਦੀ ਆਪਸ ਵਿੱਚ ਪੁਰਾਣੀ ਰੰਜ਼ਿਸ਼ ਸੀ। ਵਾਰਦਾਤ ਵਾਲੇ ਦਿਨ ਕੁਝ ਨੌਜਵਾਨ ਇਕੱਠੇ ਬੈਠੇ ਹੋਏ ਸਨ। ਇਸ ਦੌਰਾਨ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋਣ ਤੋਂ ਬਾਅਦ ਪੁਰਾਣਾ ਵਿਵਾਦ ਮੁੜ ਭੜਕ ਗਿਆ। ਪਹਿਲਾਂ ਹੋਈ ਤਕਰਾਰ ਨੇ ਬਾਅਦ ਵਿੱਚ ਹਿੰਸਕ ਰੂਪ ਧਾਰ ਲਿਆ ਅਤੇ ਮਾਮਲਾ ਕਤਲ ਤੱਕ ਪਹੁੰਚ ਗਿਆ। ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।”– ਜੰਗਜੀਤ ਸਿੰਘ, ਡੀਐਸਪੀ
CCTV ਫੁਟੇਜ ਦੀ ਵੀ ਜਾਂਚ ਕਰ ਰਹੀ ਪੁਲਿਸ
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ CCTV ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਦੇ ਅਸਲ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ETV BHARAT