ਬੰਪਰ ਪੈਦਾਵਾਰ ਬਣੀ ਕਿਸਾਨਾਂ ਲਈ ਮੁਸੀਬਤ। ਮੰਡੀ ‘ਚ ਨਹੀਂ ਮਿਲ ਰਿਹਾ ਮੁੱਲ। ਸਬਜ਼ੀ ਮੰਡੀ ‘ਚ ਖੱਜਲ ਹੋ ਰਹੇ ਕਿਸਾਨ।
21 ਅਪ੍ਰੈਲ, 2026 – ਖੰਨਾ (ਲੁਧਿਆਣਾ): ਪੰਜਾਬ ਅੰਦਰ ਇਸ ਵਾਰ ਸਬਜ਼ੀਆਂ ਦੀ ਬੰਪਰ ਪੈਦਾਵਾਰ ਨੇ ਕਿਸਾਨਾਂ ਨੂੰ ਫਾਇਦਾ ਦੇਣ ਦੀ ਥਾਂ ਉਨ੍ਹਾਂ ਦਾ ਹੌਂਸਲਾ ਤੋੜਿਆ ਹੈ। ਕਿਸਾਨਾਂ ਦੀ ਸਬਜ਼ੀ ਮੁਸ਼ਕਲ ਨਾਲ 2 ਰੁਪਏ ਤੋਂ ਲੈਕੇ 7 ਰੁਪਏ ਪ੍ਰਤੀ ਕਿਲੋ ਨਾਲ ਵਿਕ ਰਹੀ ਹੈ। ਇਹ ਹਾਲਾਤ ਦੇਖਦੇ ਹੋਏ ਮੰਡੀ ਵਿੱਚ ਸਬਜ਼ੀਆਂ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਉਮੀਦਾਂ ਟੁੱਟ ਗਈਆਂ ਹਨ। ਇੱਥੋ ਤੱਕ ਕਿ ਆੜ੍ਹਤੀ ਵੀ ਕਿਸਾਨਾਂ ਦੇ ਨਾਲ ਹਨ ਅਤੇ ਸਰਕਾਰ ਅੱਗੇ ਮੁੜ ਐਮਐਸਪੀ ਦੀ ਮੰਗ ਕੀਤੀ ਹੈ।
ਘੀਆ, ਸ਼ਿਮਲਾ ਮਿਰਚ ਅਤੇ ਪੇਠਾ ਸਣੇ ਕਈ ਸਬਜ਼ੀਆਂ ਦੇ ਰੇਟ ਘੱਟ
ਖੰਨਾ ਸਬਜ਼ੀ ਮੰਡੀ ਵਿੱਚ ਇਸ ਸਮੇਂ ਘੀਆ, ਸ਼ਿਮਲਾ ਮਿਰਚ ਅਤੇ ਪੇਠੇ ਸਣੇ ਕਈ ਕਿਸਮਾਂ ਦੀਆਂ ਮੌਸਮੀ ਸਬਜ਼ੀਆਂ ਦੀ ਵੱਡੀ ਆਮਦ ਹੋ ਰਹੀ ਹੈ। ਰੋਪੜ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਅਤੇ ਨਵਾਂ ਸ਼ਹਿਰ ਵਰਗੇ ਜ਼ਿਲ੍ਹਿਆਂ ਤੋਂ ਕਿਸਾਨ ਆਪਣੀ ਫ਼ਸਲ ਵੇਚਣ ਲਈ ਇੱਥੇ ਪਹੁੰਚ ਰਹੇ ਹਨ, ਪਰ ਮੰਡੀ ਵਿੱਚ ਮਿਲ ਰਹੇ ਘੱਟ ਭਾਅ ਕਾਰਨ ਉਹ ਨਿਰਾਸ਼ ਹੋ ਕੇ ਵਾਪਸ ਜਾ ਰਹੇ ਹਨ।
“ਕਿਰਾਇਆ ਵੀ ਨਹੀਂ ਨਿਕਲ ਰਿਹਾ”
ਰੋਪੜ ਤੋਂ ਆਏ ਇੱਕ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ, ਉਹ ਹਰ ਰੋਜ਼ ਲਗਭਗ 2500 ਰੁਪਏ ਗੱਡੀ ਦਾ ਕਿਰਾਇਆ ਦੇ ਕੇ ਸਬਜ਼ੀਆਂ ਮੰਡੀ ਵਿੱਚ ਲਿਆਉਂਦਾ ਹੈ, ਪਰ ਇੱਥੇ ਉਨ੍ਹਾਂ ਨੂੰ ਕੋਈ ਵਾਜ਼ਿਬ ਮੁੱਲ ਨਹੀਂ ਮਿਲ ਰਿਹਾ ਹੈ। 25 ਕਿੱਲੋ ਘੀਏ ਦਾ ਲਿਫਾਫਾ ਸਿਰਫ਼ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 50 ਰੁਪਏ ਵਿੱਚ ਵਿਕਦਾ ਹੈ।
“ਜੇਕਰ ਅਸੀਂ ਸਬਜ਼ੀ ਨਾ ਵੇਚੀਏ ਤਾਂ ਇਹ ਖ਼ਰਾਬ ਹੋ ਜਾਵੇਗੀ ਅਤੇ ਸਾਨੂੰ ਕੁਝ ਵੀ ਹਾਸਿਲ ਨਹੀਂ ਹੋਵੇਗਾ, ਇਸ ਕਰਕੇ ਮਜਬੂਰੀ ਵਸ ਘਾਟੇ ‘ਚ ਹੀ ਵੇਚਣੀ ਪੈਂਦੀ ਹੈ।” –ਮੰਡੀ ਸਬਜ਼ੀਆਂ ਲੈ ਕੇ ਪਹੁੰਚਿਆ ਕਿਸਾਨ
ਮੰਡੀ ਅਤੇ ਰਿਟੇਲ ਰੇਟ ਵਿੱਚ ਫ਼ਰਕ, ਕਿਸਾਨ ਨੂੰ ਵੱਡਾ ਘਾਟਾ
ਇੱਕ ਹੋਰ ਕਿਸਾਨ ਨੇ ਦੱਸਿਆ ਕਿ, ਖੀਰੇ ਦੇ ਰੇਟ ਵੀ ਬਹੁਤ ਡਿੱਗੇ ਹੋਏ ਹਨ। 20 ਤੋਂ 22 ਕਿੱਲੋ ਦਾ ਲਿਫਾਫਾ ਕੇਵਲ 70 ਰੁਪਏ ਵਿੱਚ ਵਿਕ ਰਿਹਾ ਹੈ, ਜਦਕਿ ਰਿਟੇਲ ਵਿੱਚ ਇਹੀ ਖੀਰਾ 10 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਣਾ ਪੈਂਦਾ ਹੈ ਕਿਉਂਕਿ ਕਾਫੀ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਕਿਸਾਨਾਂ ਦੇ ਮੁਤਾਬਕ, ਇਸ ਵਾਰ ਬੀਜ, ਖਾਦ, ਦਵਾਈਆਂ ਅਤੇ ਮਜ਼ਦੂਰੀ ਦੇ ਵਧਦੇ ਖ਼ਰਚਿਆਂ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਮੁੱਲ ਨਹੀਂ ਮਿਲ ਰਿਹਾ। ਜ਼ਿਆਦਾਤਰ ਕਿਸਾਨ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਜਿਸ ਕਰਕੇ ਉਨ੍ਹਾਂ ‘ਤੇ ਆਰਥਿਕ ਬੋਝ ਹੋਰ ਵੱਧ ਗਿਆ ਹੈ ਅਤੇ ਉਹ ਭਾਰੀ ਘਾਟਾ ਝੱਲ ਰਹੇ ਹਨ।
MSP ਤੈਅ ਕੀਤੀ ਜਾਵੇ: ਆੜ੍ਹਤੀ
ਦੂਜੇ ਪਾਸੇ ਮੰਡੀ ਦੇ ਆੜ੍ਹਤੀ ਦਾ ਕਹਿਣਾ ਹੈ ਕਿ, “ਕਿਸਾਨ ਰੋਜ਼ਾਨਾ ਉਨ੍ਹਾਂ ਕੋਲ ਆਪਣਾ ਦੁੱਖੜਾ ਲੈ ਕੇ ਆਉਂਦੇ ਹਨ। ਮੰਡੀ ਵਿੱਚ ਗਾਹਕਾਂ ਦੀ ਆਵਾਜਾਈ ਵੀ ਘੱਟ ਹੋ ਗਈ ਹੈ, ਜਿਸ ਕਾਰਨ ਮੰਗ ਘੱਟ ਹੈ ਅਤੇ ਭਾਅ ਵਿੱਚ ਭਾਰੀ ਗਿਰਾਵਟ ਹੈ।”
ਸਬਜ਼ੀਆਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ (MSP) ਤੈਅ ਕੀਤਾ ਜਾਵੇ ਤਾਂ ਜੋ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਵੀ ਘਾਟੇ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ।
– ਆੜ੍ਹਤੀ
ਉਨ੍ਹਾਂ ਕਿਹਾ ਕਿ, “ਮੌਜੂਦਾ ਹਾਲਾਤ ਇਹ ਦਰਸਾਉਂਦੇ ਹਨ ਕਿ ਬੰਪਰ ਪੈਦਾਵਾਰ ਹੋਣ ਦੇ ਬਾਵਜੂਦ ਕਿਸਾਨ ਖੁਸ਼ ਨਹੀਂ ਹਨ, ਸਗੋਂ ਘੱਟ ਭਾਅ ਅਤੇ ਵਧਦੇ ਖ਼ਰਚਿਆਂ ਦੇ ਦਬਾਅ ਹੇਠ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।”
ETV BHARAT