ਇਕਬਾਲ ਸਿੰਘ ਲਾਲਪੁਰਾ

ਮੈਂ ਇਹ ਲਿਖਤ ਬਹੁਤ ਦੁਖੀ ਮਨ ਨਾਲ ਲਿਖ ਰਿਹਾ ਹਾਂ। ਮੇਰੇ ਧਰਮ ਨਾਲ ਜੁੜੀਆਂ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੀਆਂ ਨੂੰ, ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ, ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ ,ਨਾ ਕਿ ਵਾਦ-ਵਿਵਾਦ, ਭਾਵਨਾਵਾਂ ਭੜਕਾਉਣ ਜਾਂ ਰਾਜਨੀਤਿਕ ਸ਼ੋਸ਼ਣ ਦਾ ਸਾਧਨ ਹੈ । ਮੈਂ ਨੈਤਿਕ ਤੌਰ ’ਤੇ ਅਜੋਕਿਆਂ ਘਟਨਾਵਾਂ ਨੂੰ ,ਆਉਣ ਵਾਲੀ ਪੀੜ੍ਹੀ ਦੇ ਗਿਆਨ ਲਈ , ਦਰਜ ਕਰਨੀ ਜ਼ਰੂਰੀ ਸਮਝਦਾ ਹਾਂ, ਕਿਉਂਕਿ ਭਵਿੱਖ ਦੇ ਨੌਜਵਾਨ ਪੁੱਛਣਗੇ, ਕਿ ਜਦੋਂ ਸਾਡੀ ਧਾਰਮਿਕ ਆਸਥਾ ਨੂੰ ਢਾਹ ਲੱਗ ਰਹੀ ਸੀ, ਤਾਂ ਕੋਈ ਆਵਾਜ਼ ਕਿਉਂ ਨਹੀਂ ਉੱਠੀ?
ਧਰਮ ਸ਼ਰਧਾ ਅਤੇ ਵਿਸ਼ਵਾਸ ਦਾ ਮਾਮਲਾ ਹੈ। ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਫ਼ਲਸਫ਼ੇ ’ਤੇ ਵਿਸ਼ਵਾਸ ਰੱਖਦੇ ਹੋ, ਤਾਂ ਉਸਨੂੰ ਸੱਚੀ ਸ਼ਰਧਾ ਤੇ ਨੀਅਤ ਨਾਲ ਅਪਣਾਓ ਅਤੇ ਗੁਰਮੁਖ ਬਣਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਸ਼ਰਧਾ ਤੇ ਵਿਸ਼ਵਾਸ ਨਹੀਂ ਹੈ ਤਾਂ ਆਪਣੀ ਜ਼ਿੰਦਗੀ ਜਿਓ , ਪਰ ਗੁਰਮਤ, ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਬਾਰੇ ਟਿੱਪਣੀ, ਵਾਦ-ਵਿਵਾਦ ਜਾਂ ਸ਼ੋਸ਼ਣ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਵੀ ਨਹੀਂ ਹੈ । ਕਿਸੇ ਧਰਮ ਵਾਰੇ ਆਸਥਾ ਥੋਪੀ ਨਹੀਂ ਜਾ ਸਕਦੀ, ਪਰ ਸ਼ਰਧਾ ਨਾ ਰਖਣ ਵਾਲੇ ,ਕਿਸੇ ਵਿਅਕਤੀ ਨੂੰ ਧਰਮ ਦੀ ਆਂ ਪਵਿੱਤਰ ਪਰੰਪਰਾਵਾਂ ਨੂੰ ਠੇਸ ਪਹੁੰਚਾਉਣ ਦੀ ਆਜ਼ਾਦੀ ਵੀ ਨਹੀਂ ਦਿਤੀ ਜਾ ਸਕਦੀ ।
ਗੁਰੂ ਨਾਨਕ ਦੇਵ ਜੀ ਨੇ ਧਰਤੀ ’ਤੇ ਦੇਵਤੇ ਪੈਦਾ ਕੀਤੇ ਹਨ ! ਸਲੋਕੁ ਮਃ ੧ ॥ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ ਅਜਿਹੇ ਮਨੁੱਖ ਜੋ ਸੱਚ, ਦਇਆ, ਨਿਮਰਤਾ ਅਤੇ ਬਹਾਦਰੀ ਨਾਲ ਜੀਵਨ ਜੀਉਂਦੇ ਹੋਏ , ਮਨੁੱਖਤਾ ਦੀ ਰਹਿਨੁਮਾਈ, ਸਹਾਇਤਾ ਅਤੇ ਰੱਖਿਆ ਕਰਨ ॥ ਮੈਨੂੰ ਇਸ ਗੱਲ ਦਾ ਮਾਣ ਅਤੇ ਇਹਸਾਸ ਹੈ ਕਿ ਮੈਂ ਸਿੱਖ ਵਜੋਂ ਜਨਮ ਲਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਵਤਿਆਂ ਦੇ ਨਿਰਮਲ ਪੰਥ ਨੂੰ ਹੋਰ ਉੱਚਾਈ ’ਤੇ ਲੈ ਜਾਂਦਿਆਂ ਖ਼ਾਲਸੇ ਦੀ ਸਾਜਨਾ ਕੀਤੀ॥ “ਅਕਾਲ ਪੁਰਖ ਦੀ ਫੌਜ” ਜਿਸ ਦਾ ਉਦੇਸ਼ ,ਡਰ ਰਹਿਤ , ਨਿਆਂ ਅਤੇ ਮਨੁੱਖਤਾ ਦੀ ਰੱਖਿਆ ਤੇ ਅਧਾਰਿਤ ਸਮਾਜ ਦੀ ਸਿਰਜਣਾ ਹੈ, ਇਸ ਦੀ ਪੂਰਤੀ ਲਈ,ਖ਼ਾਲਸੇ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ , ਮਨੁੱਖਤਾ ਦੀ ਰੱਖਿਆ ਕੀਤੀ ਅਤੇ ਇਸ ਧਰਤੀ ’ਤੇ ਹਲੇਮੀ ਰਾਜ, ਜਾ ਰਾਮ ਰਾਜ ਦੀ ਸਥਾਪਨਾ ਕੀਤੀ। ਸਾਨੂੰ ਆਪਣੇ ਪੂਰਵਜਾਂ ’ਤੇ ਮਾਣ ਹੈ ਕਿ ਉਨ੍ਹਾਂ,ਤਾਕਤ ਜਾਂ ਸਾਮਰਾਜ ਲਈ ਨਹੀਂ, ਸਗੋਂ ਮਨੁੱਖਤਾ ,ਧਰਮ ਦੀ ਰਾਖੀ ਅਤੇ ਸੇਵਾ ਲਈ ਜੀਵਨ ਅਰਪਣ ਕੀਤਾ।
ਇਤਿਹਾਸ ਸਾਨੂੰ ਦੁਖਦ ਸੱਚ ਵੀ ਦਸਦਾ ਹੈ। ਕਿ ਉਨ੍ਹੀਵੀਂ ਸਦੀ ਵਿੱਚ ਸਿੱਖ ਆਪਣਾ ਸਾਮਰਾਜ ਅੰਦਰੂਨੀ ਫੁੱਟ, ਧੋਖੇ ਅਤੇ ਸਾਜ਼ਿਸ਼ਾਂ ਕਾਰਨ ਗੁਆ ਬੈਠੇ ਹਨ। ਮਹਾਨ ਗੁਰਦੁਆਰਾ ਸੁਧਾਰ ਅੰਦੋਲਨ, ਜਿਸ ਰਾਹੀਂ ,ਸਿੱਖ ਸਮਾਜ ਦੇ ਪ੍ਹਚਾਰ ਤੇ ਪ੍ਰਸਾਰ , ਆਤਮਿਕ ਜਾਗਰੂਕਤਾ ਦੀ ਵੱਡੀ ਸੰਭਾਵਨਾ ਸੀ, ਕੇਵਲ ਉੱਤਰੀ ਭਾਰਤ ਦੇ ਕੁਝ ਸੌ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਸੀਮਤ ਹੋ ਕੇ ਰਹਿ ਗਇਆ , ਇਸ ਅੰਦੋਲਨ ਦੇ ਆਗੂ ਬਿਨਾਂ ਧਾਰਮਿਕ ਜ਼ਿੰਮੇਵਾਰੀ ਪੂਰੀ ਤੇ ਵਿਓਂਤ ਕੀਤੇ , ਰਾਜਨੀਤੀ ਵਿੱਚ ਦਾਖ਼ਲ ਹੋ ਗਏ ਅਤੇ ਸਭ ਤੋਂ ਪਵਿੱਤਰ ਧਾਰਮਿਕ ਸਥਾਨਾਂ ਨੂੰ ਰਾਜਨੀਤਿਕ ਅੰਦੋਲਨਾਂ ਲਈ ਵਰਤਣਾਂ ਸ਼ੁਰੂ ਕਰ ਦਿੱਤਾ , ਜਦੋਂ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਦੇਵਤਿਆਂ ਵਾਲੇ ਜੀਵਨ ਦੇ ਸੁਨੇਹੇ ਦਾ ਪ੍ਰਚਾਰ ਅਣਡਿੱਠਾ ਕਰ ਦਿੱਤਾ ਗਿਆ।
1947 ਵਿੱਚ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕੀਤਾ ਅਤੇ ਮੁਸਲਿਮ ਲੀਗ ਤੇ ਬ੍ਰਿਟਿਸ਼ ਸਾਜ਼ਿਸ਼ਾਂ ਨੂੰ ਨਾਕਾਮ ਬਣਾਇਆ। ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਆਗੂ ,ਸਿੱਖਾਂ ਲਈ ਇਜ਼ਤ ,ਸਨਮਾਨ ਵਾਲੇ ਅਜ਼ਾਦੀ ਦਾ ਨਿੱਘ ਮਾਨਣ ਵਾਲੀ ਥਾਂ ,ਸਿੱਖਾਂ ਲਈ ਬਰਾਬਰ ਮੌਕਿਆਂ ਦੇ ਵਾਅਦਿਆਂ ਤੋਂ ਪਿੱਛੇ ਹੱਟ ਗਏ , ਖ਼ਾਸ ਕਰਕੇ ਗੁਰਮੁਖੀ ਭਾਸ਼ਾ ਅਤੇ ਸਿੱਖ ਸੱਭਿਆਚਾਰ ਦੀ ਤਰੱਕੀ ਦੇ ਵਾਅਦੇ ਵੀ ਪੂਰੇ ਨਹੀਂ ਕੀਤੇ। ਮੌਕਾਪਰਸਤ ਸਿੱਖ ਨੇਤਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ, ਪਰ ਗੁਰਦੁਆਰਾ ਸਰੋਤਾਂ ’ਤੇ ਕਬਜ਼ੇ ਦੀ ਲਾਲਸਾ ਉਨ੍ਹਾਂ ਦੇ ਦਿਲ ਵਿੱਚੋਂ ਕਦੇ ਵੀ ਘੱਟ ਨਹੀਂ ਹੋਈ।
ਸਿੱਖ ਨੇਤਾਵਾਂ ਨੂੰ ਉਸਦੇ ਆਪਣੇ ਖੇਤਰ ਵਿੱਚ ਹੀ ਕਮਜ਼ੋਰ ਕਰਨ ਲਈ, ਜਾਣ-ਬੁੱਝ ਕੇ ਸਿੱਖ ਇਤਿਹਾਸ ਨੂੰ ਪੜਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਪਰ ਗੁਰੂ ਸਾਹਿਬਾਨ ਨਾਲ ਜੁੜੀਆਂ ਵਸਤਾਂ ਦੀ ਬਹਾਲੀ ਅਤੇ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਨਾਲ ਧਰਮ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼,ਬਿਨਾਂ ਸਿੱਖ ਦਰਸ਼ਨ ਨੂੰ ਸਮਝੇ ਕਰਨੀ ਸ਼ੁਰੂ ਕਰ ਦਿੱਤੀ ,ਇਹ ਰੁਝਾਨ ਇਤਿਹਾਸਕ ਤੱਥਾਂ ਅਤੇ ਸਿੱਖੀ ਦੇ ਸਿਧਾਂਤਾਂ ਦੇ ਵਿਰੁੱਧ ਹੈ, ਕਿਉਂਕਿ ਸਿੱਖ ਧਰਮ ਕਰਮ ਕਾਂਡ ,ਵਿਅਕਤੀ ਪੂਜਾ ਅਤੇ ਰਾਜਨੀਤਿਕ ਦਖਲਅੰਦਾਜ਼ੀ ਨੂੰ ਨਕਾਰਦਾ ਹੈ।

ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ, ਸਿੱਖ ਵਿਦਵਾਨ
ਦਵੇਤ ਵਿੱਚ ਫਸੇ , ਸਿੱਖ ਰਾਜਨੀਤਿਕ ਨੇਤਾਵਾਂ ਨੇ ਗੁਰਦੁਆਰਾ ਕਮੇਟੀਆਂ ਦੀ ਮੈਂਬਰੀ ਨੂੰ ਰਾਜਨੀਤਿਕ ਸੱਤਾ ਦੀ ਪਹਿਲੀ ਪੌੜੀ ਬਣਾ ਲਿਆ ਜੋ ਅੱਜ ਵੀ ਜਾਰੀ ਹੈ । ਗੁਰਦੁਆਰਾ ਸਰੋਤਾਂ ਅਤੇ ਸਿੱਖ ਭਾਵਨਾਵਾਂ ਦਾ ਖੁੱਲ੍ਹੇਆਮ ,ਰਾਜਨੀਤਕ ਲਾਭ , ਨਿੱਜੀ ਪ੍ਰਭਾਵ ਅਤੇ ਪਰਿਵਾਰ ਨੂੰ ਮਜ਼ਬੂਤ ਕਰਨ ਲਈ ਦੁਰਪਯੋਗ ਕਰਨਾ ਸ਼ੁਰੂ ਕਰ ਦਿੱਤਾ, ਸ਼ਾਇਦ ਇਸ ਕਾਰਨ ਹੀ ਸਿੱਖ ਸੰਸਥਾਵਾਂ ਨੂੰ ਬਾਹਰੀ ਤਾਕਤਾਂ ਨਾਲੋਂ ਵੱਧ ਨੁਕਸਾਨ ਅੰਦਰੋਂ ਹੋ ਰਿਹਾ ਹੈ ।
ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੈ ਕਿ ,ਜੋ ਵੀ ਵਿਅਕਤੀ ਜਾਂ ਸੰਸਥਾ ਸੇਵਾ ਭਾਵਨਾ ਨਾਲ , ਸਿੱਖ ਧਰਮ,ਸਿੱਖਿਆ ਅਤੇ ਸਿੱਖ ਸਮਾਜਿਕ ਸੰਸਥਾਵਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ, ਉਸਦਾ ਸਵਾਗਤ ਕਰਨਾ ਚਾਹੀਦਾ ਹੈ। ਸਿੱਖੀ ਕਦੇ ਵੀ ਬੰਦ ਦਰਵਾਜ਼ਿਆਂ ਵਾਲਾ ਧਰਮ ਨਹੀਂ ਰਿਹਾ ਹੈ । ਪਰ ਧਾਰਮਿਕ ਆਗੂਆਂ ਨੂੰ ਸਮਾਜ ਵਿੱਚ ਸੱਤਾ ਦੇ ਦਲਾਲਾਂ ਵਜੋਂ ਨਹੀਂ, ਸਗੋਂ ਮਾਰਗ ਦਰਸ਼ਕ ਅਤੇ ਪ੍ਰੇਰਕ ਵਜੋਂ ਨਜ਼ਰ ਆਉਣਾ ਚਾਹੀਦਾ ਹੈ । ਤਾਂ ਜੋ ਸਚ ਤੇ ਝੂਠ ਦਾ ਨਿਰਣਾ ਹੋ ਸਕੇ ਅਤੇ ਵਿਰੋਧੀ ਤਾਕਤਾਂ ਤੋਂ ਸਿੱਖਾਂ ਦੀ ਰੱਖਿਆ ਹੋਵੇ , ਜੋ ਸਿੱਖ ਦੀ ਪਹਿਚਾਣ, ਫ਼ਲਸਫ਼ਾ ਅਤੇ ਮਨੁੱਖਤਾ ਦੇ ਰੱਖਿਅਕ ਦੇ ਰੂਪ ਬਾਰੇ ਦੁਬਿਧਾ ਖੜ੍ਹੀ ਕਰਦੇ ਹਨ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ , ਪਿਛਲੇ ਇਕ ਸੌ ਸਤਾਸੀ ਸਾਲਾਂ ਦੌਰਾਨ , ਬ੍ਰਿਟਿਸ਼ ਰਾਜ , ਅਕਾਲੀ ਨੇਤ੍ਰਿਤਵ, ਕਾਂਗਰਸ, ਕਮਿਊਨਿਸਟ ਜਾਂ ਹੋਰਾਂ ਨੇ ਇਕੱਲੇ ਜਾਂ ਮਿਲ ਕੇ ਸਿੱਖ ਧਰਮ ਦੇ ਫਲਸਫੇ ਤੇ ਜੀਵਨ ਨੂੰ ਲਾਭ ਨਾਲੋਂ ਵੱਧ ਨੁਕਸਾਨ ਪਹੁੰਚਾਇਆ ਹੈ। ਇਸ ਸੱਚਾਈ ਨੂੰ ਦੋਸ਼ ਜਾਂ ਕੜਵਾਹਟ ਤੋਂ ਉੱਪਰ ਉੱਠ ਕੇ ਸਵੀਕਾਰ ਕਰਨ ਦੀ ਲੋੜ ਹੈ।
ਇਸ ਲਈ ਮੈਂ ਸਾਰੇ ਰਾਜਨੀਤਿਕ ਦਲਾਂ ਅਤੇ ਸੰਗਠਨਾਂ ਨੂੰ ਨਿਮਰਤਾ ਪਰ ਦ੍ਰਿੜ੍ਹਤਾ ਨਾਲ ਅਪੀਲ ਕਰਦਾ ਹਾਂ ਕਿ ਸਿੱਖਾਂ ਨੂੰ ਅਜਾਦ ਛੱਡ ਦਿਓ, ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸਿੱਖ ਜੀਵਨ , ਸਿੱਖ ਮਰਯਾਦਾ ਉੱਤੇ ਵਿਸ਼ਵਾਸ ਨਹੀਂ ਰੱਖਦੇ , ਤਾਂ ਆਪਣੇ ਆਪ ਨੂੰ ਸਿੱਖਾਂ ਦਾ ਹਿਤੈਸ਼ੀ ਵੀ ਨਾ ਦੱਸੋ। ਸਿੱਖ ਧਰਮ ਨੂੰ ਰਾਜਨੀਤਿਕ ਸਹਾਇਕਾਂ ਦੀ ਨਹੀਂ, ਸਗੋਂ ਸੱਚੇ ਸ਼ਰਧਾਵਾਨ ਸਿੱਖਾਂ ਦੀ ਲੋੜ ਹੈ।
ਮੇਰੀ ਅਪੀਲ ਸਿੱਖ ਬੁੱਧੀਜੀਵੀਆਂ ,ਸਾਬਕਾ ਅਫ਼ਸਰਸ਼ਾਹੀ, ਸੈਨਾ ਅਤੇ ਅਰਧਸੈਨਿਕ ਬਲਾਂ ਦੇ ਅਧਿਕਾਰੀਆਂ, ਵਪਾਰੀਆਂ, ਪੇਸ਼ੇਵਰਾਂ ਅਤੇ ਸਮਾਜ ਸੇਵੀਆਂ ,ਨੂੰ ਵੀ ਹੈ ਕਿ ਆਓ ਗੁਰਦੁਆਰਿਆਂ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਦੇਵਤਿਆਂ ਵਾਲੇ ਸਿੱਖ ਦਰਸ਼ਨ ਦਾ ਪ੍ਹਚਾਰ ਪਰਸਾਰ ਕਰੀਏ। ਇਹ ਸੁਨੇਹਾ ਬ੍ਰਹਿਮੰਡ ਦੇ ਆਖ਼ਰੀ ਮਨੁੱਖ ਤੱਕ ਪੁੱਜੇ ਇਸ ਲਈ ਇਕੱਠੇ ਯਤਨ ਕਰੀਏ । ਸਿੱਖੀ ਇਮਾਰਤਾਂ ਵਿੱਚ ਕੈਦ ਰਹਿਣ ਵਾਲੀ ਨਹੀਂ ,ਇਹ ਜੀਵਨ ਜਿਉਣ ਦੀ ਵਿਧੀ ਹੈ ਅਤੇ ਹਰ ਸਿੱਖ ਦੇ ਆਚਰਨ ਰਾਹੀਂ ਪ੍ਵਗਟ ਹੋਵੇ ਹੀ ਸਹੀ ਤਰੀਕਾ ਹੈ।
ਸਿੱਖ ਆਗੂਆਂ ਨੂੰ ਵੀ ਆਤਮ-ਚਿੰਤਨ ਕਰਨ ਦੀ ਲੋੜ ਹੈ। ਗੁਰਦੁਆਰਿਆਂ ਦਾ ਆਰਥਿਕ ਲਾਭ, ਰਿਸ਼ਤੇਦਾਰਾਂ ਨੂੰ ਨੌਕਰੀਆਂ ਜਾਂ ਰਾਜਨੀਤਿਕ ਲਾਭ ਲਈ ਦੁਰਪਯੋਗ ਆਖ਼ਿਰਕਾਰ ਪੰਥਕ ਸ਼ਕਤੀ ਨੂੰ ਹੀ ਨਸ਼ਟ ਕਰਦਾ ਹੈ। ਇਤਿਹਾਸ ਗਵਾਹ ਹੈ—ਜੋ ਵੀ ਸਿੱਖ ਇਸ ਰਾਹ ’ਤੇ ਚੱਲਿਆ, ਉਹ ਬਚਿਆ ਨਹੀ ਭਾਵੇਂ ਉਹ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ । ਜਾਗਤ ਜੋਤ ਗੁਰੂ ,ਬੇਇਮਾਨੀ, ਅਹੰਕਾਰ ਅਤੇ ਬਿਪਰਨ ਦੇ ਰਾਹ ਨੂੰ ਆਸ਼ੀਰਵਾਦ ਨਹੀਂ ਦਿੰਦੇ , ਉਸ ਲਈ ਸੱਚ , ਸੇਵਾ ਤੇ ਸਿਮਰਨ ਦਾ ਰਾਹ ਅਪਣਾਉਣਾ ਚਾਹੀਦਾ ਹੈ।
ਸਿਖ ਪੰਥ ਨੂੰ ਮਾਨਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ,ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਇਜ਼ਤ ਬਹਾਲ ਕਰਨ, ਜ਼ਖ਼ਮਾਂ ’ਤੇ ਮਲਹਮ ਰੱਖਣ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਯਤਨ ਕੀਤੇ ਅਤੇ ਕਰ ਰਹੇ ਹਨ। ਇਸ ਦੇ ਨਾਲ ਹੀ ਦੁਨੀਆ ਭਰ ਦੀਆਂ ਉਹਨਾਂ ਸਰਕਾਰਾਂ ਦਾ ਵੀ ਧੰਨਵਾਦ, ਜੋ ਸਿੱਖਾਂ ਦੀ ਮਦਦ ਕਰਦੀਆਂ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਵਿਰੁੱਧ ਵਰਤਦੀਆਂ ਨਹੀਂ ਹਨ । ਸਿੱਖ ਕੌਮ ਨੇ ਬਹੁਤ ਦੁੱਖ ਸਹੇ ਹਨ, ਪਰ ਹੁਣ ਪੀੜਤ ਹੋਣ ਦੀ ਮਾਨਸਿਕਤਾ ਰੱਖਣ ਦਾ ਸਮਾਂ ਨਹੀਂ ਹੈ,ਹੁਣ ਜ਼ਿੰਮੇਵਾਰੀ ਸੰਭਾਲ ਅੱਗੇ ਵਧਣ ਦਾ ਵੇਲਾ ਹੈ ਤੇ ਗੁਰੂ ਪੰਥ ਲਈ ਕੁਝ ਕਰ ਕੇ ਦਿਖਾਉਣ ਦਾ ।
ਇਹ ਕੋਈ ਰਾਜਨੀਤਿਕ ਬਿਆਨ ਨਹੀਂ ,ਇਹ ਕਿਸੇ ਦੀ ਜਾਤ ਤੋਂ ਹਮਲਾ ਨਹੀਂ , ਸਗੋਂ ਇਹ ਗੁਰੂ ਲਈ ਸ਼ਰਧਾ ਤੋਂ ਜਨਮੀ -ਆਸਥਾ ਲਈ ਅਤੇ ਭਵਿੱਖ ਦੀ ਤਰੱਕੀ ਤੇ ਤਰੱਕੀ ਲਈ ਅਪੀਲ ਹੈ।
ਆਓ ਮਿਲਕੇ,ਸਿੱਖ ਗੁਰੂ ਸਾਹਿਬਾਨ ਨੂੰ ਵਿਵਾਦਾਂ ਤੋਂ ਉੱਪਰ ਰੱਖੀਏ ,ਸਿੱਖ ਸੰਸਥਾਵਾਂ ਨੂੰ ਉਨ੍ਹਾਂ ਦੇ ਮਕਸਦ ਵੱਲ ਵਾਪਸ ਲਿਆਈਏ,ਅਤੇ ਸਿੱਖਾਂ ਨੂੰ ਫਿਰ ਤੋਂ,ਧਰਤੀ ਦੇ ਦੇਵਤੇ ਬਣਨ ਦਾ ਰਾਹ ਪੱਧਰਾ ਕਰੀਏ ,ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਹੋਵੇ।
(ਸਾਬਕਾ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ, 9780003333)