10,000 ਪਠਾਣਾਂ ਦੇ ਹਮਲੇ ਦਾ ਮੁਕਾਬਲਾ ਕਰਦਿਆਂ ਪੀਤਾ ਸੀ ਸ਼ਹੀਦੀ ਜਾਮ
ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ ਕਾਂਡ ਦੀ ਸਿਰਜਣਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ਵਿਚ ਹੈ) ਵਿਚ 1897 ਵਿਚ ਜਿਹੜੀ ਬਗਾਵਤ ਉੱਭਰ ਰਹੀ ਸੀ, ਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
ਫ਼ਿਰੋਜ਼ਪੁਰ : ਸਾਰਾਗੜ੍ਹੀ ਦਾ ਸਾਕਾ ਬਲੀਦਾਨ ਦੀ ਇਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆ ਭਰ ਵਿਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜੀਮੈਂਟ ਦੇ ਉਹਨਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦੇ 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ। ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ ਕਾਂਡ ਦੀ ਸਿਰਜਣਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ਵਿਚ ਹੈ) ਵਿਚ 1897 ਵਿਚ ਜਿਹੜੀ ਬਗਾਵਤ ਉੱਭਰ ਰਹੀ ਸੀ, ਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
36ਵੀਂ ਸਿੱਖ ਬਟਾਲੀਅਨ (ਅੱਜ-ਕੱਲ੍ਹ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਅਜੇ ਸਿਰਫ ਦਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲ੍ਹਾ ਲੋਕਹਾਰਟ ਪਹੁੰਚ ਜਾਏ। ਇਹ ਕਿਲ੍ਹਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿਚ ਸਥਿਤ ਸੀ। 12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਨੇ ਸਾਰਾਗੜ੍ਹੀ ਨਾਲ ਸੰਪਰਕ ਪੈਦਾ ਕੀਤਾ ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਕੀ ਵਿਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਅਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਚੌਕੀ ’ਤੇ ਹਮਲਾ ਕਰ ਦਿੱਤਾ। ਦੋਨਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜਾ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜ੍ਹੀ ਚੌਕੀ ’ਤੇ ਭਾਰੀ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ।
ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜ੍ਹੀ ਦੀ ਚੌਕੀ ’ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿਚ ਹਮਲਾ ਕਰ ਦਿੱਤਾ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਕੀ ਤੋਂ ਬਾਹਰ ਆ ਕੇ ਪਠਾਣਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜ੍ਹੀ ਚੌਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤੇ ਗੋਲਾ-ਬਾਰੂਦ ਮੰਗਿਆ ਪਰ ਚੌਕੀ ਦੇ ਅੰਦਰ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਉਣਾ ਮੁਸ਼ਕਲ ਸੀ। ਅਜੇ ਉਨ੍ਹਾਂ ਨੇ ਦੁਸ਼ਮਣ ਦੇ ਕੁਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ’ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ” ਨੂੰ ਸੱਚ ਕਰਕੇ ਦਿਖਾਇਆ।
ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਰ ਨਿਸ਼ਾਨੇਬਾਜ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵਜੋਂ ਸਾਰਾਗੜ੍ਹੀ ਚੌਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਕੀ ਦੀ ਇਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰ ਕੇ ਹਜ਼ਾਰਾਂ ਦੀ ਗਿਣਤੀ ਵਿਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇੱਕੋ ਇਕ ਵਸੀਲਾ ਸੀ, ਨੇ ਕਿਲ੍ਹੇ ਦੇ ਕਮਾਂਡਰ ਨੂੰ ਕਿਲ੍ਹੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁਝ ਸਮੇਂ ਬਾਅਦ ਇਨ੍ਹਾਂ ਫੌਜੀਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿੱਥੋਂ ਦੁਸ਼ਮਣ ਚੌਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰੰਗ ਰੇਂਜ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿਚ ਗੋਲੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਉਪਰੰਤ ਸਾਰੇ ਵਾਤਾਵਰਨ ’ਚ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਣ ਉਸ ਸਮੇਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰੇ ਹੋਏ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰ ਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇਨ੍ਹਾਂ 21 ਜਵਾਨਾਂ ਵਿਚ ਹਰ ਇਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੇਂ ਉੱਚ ਸਰਬੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਅਤੇ ਇਨ੍ਹਾਂ ਦੀਆਂ ਵਿਧਵਾਵਾਂ ਨੂੰ ਉਸ ਸਮੇਂ ਮੁਤਾਬਕ ਪੈਨਸ਼ਨ ਅਤੇ 500 ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ ਆਸ਼ਰਿਤਾਂ ਨੂੰ 50-50 ਏਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆ ਦੇ 10 ਬਿਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇੰਗਲੈਂਡ ਤੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ।
ਫ਼ਿਰੋਜ਼ਪੁਰ ਛਾਉਣੀ ’ਚ ਸਿੱਖ ਸੂਰਬੀਰ ਸ਼ਹੀਦਾਂ ਦੀ ਯਾਦ ’ਚ ਬਣਾਇਆ ਗਿਆ ਹੈ ਮਿਊਜ਼ੀਅਮ
ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਂ ਹਵਾਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ, ਅਤੇ ਭਗਵਾਨ ਸਿੰਘ ਹਨ। ਇਨ੍ਹਾਂ ਸਮੂਹ ਸ਼ਹੀਦਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਕੀਤਾ ਜਾਂਦਾ ਹੈ। ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸਾਰਾਗੜ੍ਹੀ ਜੰਗ 1897 ਦੇ ਸਿੱਖ ਸੂਰਬੀਰ ਸ਼ਹੀਦਾਂ ਦੀ ਯਾਦ ਵਿੱਚ ਮਿਊਜ਼ੀਅਮ ਵੀ ਬਣਾਇਆ ਗਿਆ ਹੈ ਅਤੇ ਵਿਲੱਖਣ ਕਿਸਮ ਦਾ ‘‘ਸਾਰਾਗੜ੍ਹੀ ਵਾਰ ਮੈਮੋਰੀਅਲ’’ ਬਣਾਇਆ ਗਿਆ ਹੈ। ਇਸ ਵਾਰ ਮੈਮੋਰੀਅਲ ਯਾਦਗਾਰ ਦੇ ਕੇਂਦਰ ਵਿੱਚ 31 ਫੁੱਟ ਉਚਾਈ ਵਾਲਾ ਟਾਵਰ 4 ਫੁੱਟ ਉੱਚੇ ਗੋਲਾਕਾਰ ਪਲੇਟਫਾਰਮ ’ਤੇ ਬਣਾਇਆ ਗਿਆ ਹੈ।
ਪੰਜਾਬੀ ਜਾਗਰਣ