ਮਹਿਮਾ ਸਰਜਾ ਸੇਵਾ ਕੇਂਦਰ ਦੇ ਮੁਲਾਜ਼ਮ ’ਤੇ ਅੱਖੜ ਰਵੱਈਏ ਦੇ ਦੋਸ਼; ਕਿਸਾਨ ਜਥੇਬੰਦੀ ਵੱਲੋਂ ਤਾਲਾਬੰਦੀ ਦੀ ਚਿਤਾਵਨੀ
07 ਜੁਲਾਈ, 2026 – ਬਠਿੰਡਾ : ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਨਤਾ ਵਿੱਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ ਵਿੱਚ ਸਰਟੀਫਿਕੇਟਾਂ ਅਤੇ ਆਧਾਰ ਕਾਰਡ ਨਾਲ ਸਬੰਧਤ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਪਿੰਡ ਮਹਿਮਾ ਭਗਵਾਨਾ ਦੇ ਵਸਨੀਕ ਬਲਵਿੰਦਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਬੇਟੀ ਮਹਿਕਪ੍ਰੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਦਾ ਰਿਹਾਇਸ਼ੀ (ਰੈਜ਼ੀਡੈਂਸ) ਸਰਟੀਫਿਕੇਟ ਬਣਵਾਉਣ ਲਈ ਪਿਛਲੇ ਇੱਕ ਹਫ਼ਤੇ ਤੋਂ ਮਹਿਮਾ ਸਰਜਾ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਬਲਵਿੰਦਰ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਮੁਲਾਜ਼ਮ ਸੁਖਚੈਨ ਸਿੰਘ ਵੱਲੋਂ ਉਨ੍ਹਾਂ ਨਾਲ ਬੇਹੱਦ ਅੱਖੜ ਅਤੇ ਗ਼ੈਰ-ਸਹਿਯੋਗੀ ਰਵੱਈਆ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸੇਵਾਵਾਂ ਲੈਣ ਲਈ ਇੱਥੇ ਆਉਂਦੇ ਹਨ, ਪਰ ਮੁਲਾਜ਼ਮ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਬਜਾਏ ਵਾਰ-ਵਾਰ ਗੇੜੇ ਲਗਵਾਉਂਦੇ ਹਨ।
ਬਜ਼ੁਰਗ ਵੀ ਪਰੇਸ਼ਾਨ, ਔਰਤਾਂ ਨੇ ਸੁਣਾਈ ਹੱਡਬੀਤੀ
ਇਸੇ ਤਰ੍ਹਾਂ ਇੱਕ ਹੋਰ ਪਿੰਡ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਰੀਬ 80 ਸਾਲਾ ਬਜ਼ੁਰਗ ਬੂਟਾ ਸਿੰਘ ਨੂੰ ਆਧਾਰ ਕਾਰਡ ਨਾਲ ਸਬੰਧਤ ਕੰਮ ਲਈ ਕਈ ਵਾਰ ਸੇਵਾ ਕੇਂਦਰ ਦੇ ਗੇੜੇ ਲਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਵਾਰ ਕਦੇ ਆਪਰੇਟਰ ਦੇ ਗ਼ੈਰ-ਹਾਜ਼ਰ ਹੋਣ ਅਤੇ ਕਦੇ ਮਸ਼ੀਨ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ ਜਾਂਦਾ ਹੈ। ਮੌਕੇ ’ਤੇ ਮੌਜੂਦ ਕੁਝ ਔਰਤਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਧਾਰ ਕਾਰਡ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਕੰਮਾਂ ਲਈ ਕਈ ਵਾਰ ਸੇਵਾ ਕੇਂਦਰ ਦੇ ਚੱਕਰ ਲਗਾਉਣੇ ਪਏ ਹਨ। ਦੂਰ-ਦੁਰਾਡੇ ਤੋਂ ਆਉਣ ਦੇ ਬਾਵਜੂਦ ਕੰਮ ਨਾ ਹੋਣ ਕਾਰਨ ਉਨ੍ਹਾਂ ਦੇ ਸਮੇਂ ਅਤੇ ਪੈਸੇ, ਦੋਵਾਂ ਦੀ ਬਰਬਾਦੀ ਹੋ ਰਹੀ ਹੈ।
ਕਿਸਾਨ ਜਥੇਬੰਦੀ ਦੀ ਤਿੱਖੀ ਚਿਤਾਵਨੀ ਅਤੇ ਉੱਚ ਅਧਿਕਾਰੀਆਂ ਦੀ ਚੁੱਪ
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਇਸ ਮਾਮਲੇ ‘ਤੇ ਤਿੱਖੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜੇਕਰ ਸੇਵਾ ਕੇਂਦਰ ਵਿੱਚ ਲੋਕਾਂ ਦੇ ਕੰਮ ਸਮੇਂ ਸਿਰ ਨਾ ਕੀਤੇ ਗਏ ਅਤੇ ਮੁਲਾਜ਼ਮਾਂ ਦੇ ਰਵੱਈਏ ਵਿੱਚ ਸੁਧਾਰ ਨਾ ਆਇਆ, ਤਾਂ ਕਿਸਾਨ ਜਥੇਬੰਦੀ ਵੱਲੋਂ ਸੇਵਾ ਕੇਂਦਰ ਨੂੰ ਤਾਲਾ ਲਗਾ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਹਾਇਕ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਮਲੇ ਬਾਰੇ ਕੋਈ ਸਪਸ਼ਟ ਜਵਾਬ ਦੇਣ ਦੀ ਬਜਾਏ ਗੋਲਮੋਲ ਜਵਾਬ ਦੇ ਕੇ ਪੱਲਾ ਛੁਡਾ ਲਿਆ। ਉੱਧਰ, ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਸੇਵਾਵਾਂ ਦੇਣ ਵਾਲੇ ਮਹਿਮਾ ਸਰਜਾ ਸੇਵਾ ਕੇਂਦਰ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਸਮੇਂ ਸਿਰ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਜਾਣ।
ਪੰਜਾਬੀ ਟ੍ਰਿਬਯੂਨ