ਕਾਂਗਰਸ ਨੇ ਡੀਸੀ ਨੂੰ ਰਾਜਪਾਲ ਦੇ ਨਾਂ ਦਿੱਤਾ ਮੰਗ ਪੱਤਰ
ਕਾਂਗਰਸ ਅੱਜ ਗਵਰਨਰ ਦੇ ਨਾਮ ਦਾ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦੇ ਰਹੀ ਹੈ
05 ਮਈ, 2025 – ਲੁਧਿਆਣਾ/ਬਰਨਾਲਾ: 1 ਮਈ ਨੂੰ ਮਜ਼ਦੂਰ ਦਿਵਸ ਉੱਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸੀਐਮ ਮਾਨ ਵੱਲੋਂ ਵਿਧਾਨ ਸਭਾ ਅੰਦਰ ਕਥਿਤ ਨਸ਼ੇ ਦੀ ਹਾਲਤ ਵਿੱਚ ਆਉਣ ਦੇ ਇਲਜ਼ਾਮਾਂ ਖਿਲਾਫ ਕਾਂਗਰਸ ਵੱਲੋਂ ਸੂਬੇ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਡੀਸੀ ਦਫਤਰਾਂ ਵਿੱਚ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਦਿੱਤੇ ਗਏ ਅਤੇ ਮੁੱਖ ਮੰਤਰੀ ‘ਤੇ ਕਾਰਵਾਈ ਦੀ ਮੰਗ ਕੀਤੀ ਗਈ।
“ਵਿਧਾਨ ਸਭਾ ਪੰਜਾਬ ਦੀ ਸਿਆਸਤ ਦਾ ਮੰਦਰ, ਜਿੱਥੇ ਸ਼ਰਾਬ ਪੀ ਕੇ ਜਾਣਾ ਇੱਕ ਗੁਨਾਹ“
ਲੁਧਿਆਣਾ ਵਿੱਚ ਕਾਂਗਰਸ ਦੇ ਵਫ਼ਦ ਨੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਲੁਧਿਆਣਾ ਦੇ ਡੀਸੀ ਨੂੰ ਦਿੱਤਾ। ਇਸ ਦੌਰਾਨ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ “ਜਿਵੇਂ ਕੋਈ ਸ਼ਰਾਬ ਪੀ ਕੇ ਗੁਰਦੁਆਰੇ ਅਤੇ ਮੰਦਰ ਨਹੀਂ ਜਾ ਸਕਦਾ ਅਤੇ ਜੇਕਰ ਜਾਂਦਾ ਹੈ ਤਾਂ ਇਸ ਨੂੰ ਬੇਅਦਬੀ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਵਿਧਾਨ ਸਭਾ ਵੀ ਪੰਜਾਬ ਦੀ ਸਿਆਸਤ ਦਾ ਮੰਦਰ ਹੈ, ਜਿੱਥੇ ਸ਼ਰਾਬ ਪੀ ਕੇ ਜਾਣਾ ਇੱਕ ਗੁਨਾਹ ਹੈ। ਇਸ ਕਰਕੇ ਮੁੱਖ ਮੰਤਰੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।”
“ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਡੋਪ ਟੈਸਟ ਹੋਣ“
ਕਾਂਗਰਸੀ ਆਗੂ ਬਲਵਿੰਦਰ ਬੈਂਸ ਨੇ ਕਿਹਾ “ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਮੈਂਬਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਜਿਹੜਾ ਸ਼ਰਾਬ ਪੀ ਕੇ ਆਇਆ ਹੈ ਜਾਂ ਕੋਈ ਹੋਰ ਨਸ਼ਾ ਕਰਕੇ ਆਇਆ ਹੈ ਉਸ ਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ।”
ਬਰਨਾਲਾ ਵਿੱਚ ਵੀ ਡੀਸੀ ਨੂੰ ਸੌਂਪਿਆ ਮੰਗ ਪੱਤਰ
ਪਾਰਟੀ ਦੀਆਂ ਹਦਾਇਤਾਂ ਮੁਤਾਬਕ ਬਰਨਾਲਾ ਵਿੱਚ ਵੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਮੁੱਖ ਮੰਤਰੀ ਦੇ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ (DC) ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਸਰਕਾਰ ਦੀ ਕਾਰਜਪ੍ਰਣਾਲੀ ਅਤੇ ਵਿਧਾਨ ਸਭਾ ਦੀ ਮਰਿਆਦਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।
“ਸਿਰਫ਼ ਇੱਕ ਸਿਆਸੀ ਡਰਾਮਾ ਬਣ ਕੇ ਰਹਿ ਗਏ ‘ਵਿਸ਼ੇਸ਼ ਸੈਸ਼ਨ‘”
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੋਸ਼ ਲਾਇਆ ਕਿ “ਸਰਕਾਰ ਵੱਲੋਂ ਬੁਲਾਏ ਜਾਂਦੇ ‘ਵਿਸ਼ੇਸ਼ ਸੈਸ਼ਨ‘ ਸਿਰਫ਼ ਇੱਕ ਸਿਆਸੀ ਡਰਾਮਾ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਜ਼ਮੀਨੀ ਪੱਧਰ ‘ਤੇ ਕੋਈ ਵਜੂਦ ਨਹੀਂ ਹੈ। ਮੁੱਖ ਮੰਤਰੀ ‘ਤੇ ਸਿੱਧਾ ਹਮਲਾ ਕਰਦਿਆਂ ਢਿੱਲੋਂ ਨੇ ਕਿਹਾ, “ਸਦਨ ਦੇ ਅੰਦਰ ਮੁੱਖ ਮੰਤਰੀ ਦੀ ਬੋਡੀ ਲੈਂਗੁਏਜ ਅਤੇ ਬੋਲਬਾਣੀ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਨਸ਼ੇ ਦੀ ਹਾਲਤ ਵਿੱਚ ਹੋਣ। ਇਸ ਘਟਨਾ ਨੇ ਪੂਰੇ ਪੰਜਾਬ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ।” ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਸਦਨ ਦੀ ਪਵਿੱਤਰਤਾ ਬਣਾਈ ਰੱਖਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।
ਸਰਕਾਰ ਦੀ ਕਾਰਗੁਜ਼ਾਰੀ ‘ਤੇ ਵਰ੍ਹਦਿਆਂ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ 16 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਅਜੇ ਤੱਕ ਕਾਗਜ਼ਾਂ ਵਿੱਚ ਹੀ ਦਫ਼ਨ ਹੈ। ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਨਾ ਤਾਂ ਪ੍ਰਿੰਸੀਪਲ ਪੂਰੇ ਹਨ ਅਤੇ ਨਾ ਹੀ ਬੁਨਿਆਦੀ ਢਾਂਚਾ ਸੁਧਰਿਆ ਹੈ। ਹਲਕਾ ਮਹਿਲ ਕਲਾਂ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਪਿੰਡ ਠੀਕਰੀਵਾਲ ਵਿੱਚ ਲੜਕੀਆਂ ਲਈ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ, ਜੋ ਕਿ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੀ ਯਾਦ ਵਿੱਚ ਬਣਨਾ ਸੀ, ਪਰ ਅਫ਼ਸੋਸ ਕਿ ਇਹ ਪ੍ਰੋਜੈਕਟ ਅਜੇ ਤੱਕ ਅਮਲੀ ਰੂਪ ਨਹੀਂ ਲੈ ਸਕਿਆ।
ETV BHARAT