ਪੁਲਿਸ ਦੇ ਸਹਾਇਕ ਸੁਪਰਿੰਟੈਂਡੈਂਟ ਨੂੰ ਜੇਲ੍ਹ ਦੇ ਹਵਾਲਾਤੀਆਂ ਤੱਕ ਮੋਬਾਈਲ ਫੋਨ ਪਹੁੰਚਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
01 ਅਗਸਤ, 2026 – ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਥਿਤ ਕੇਂਦਰੀ ਜੇਲ੍ਹ ਅੰਦਰ ਹਵਾਲਾਤੀਆਂ ਅਤੇ ਕੈਦੀਆਂ ਤੱਕ ਮੋਬਾਈਲ ਫੋਨ ਪਹੁੰਚਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੇ ਸਹਾਇਕ ਸੁਪਰਿੰਟੈਂਡੈਂਟ ਬਿੰਨੀ ਟਾਂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਪੂਰੇ ਰੈਕੇਟ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
‘ਜਾਂਚ ਦੌਰਾਨ ਸਾਹਮਣੇ ਆਇਆ ਨਾਮ‘
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ, ‘ਦੋ ਦਿਨ ਪਹਿਲਾਂ ਹੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ 6 ਮੋਬਾਈਲ ਫੋਨ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ 7 ਹਵਾਲਾਤੀਆਂ ਅਤੇ ਇੱਕ ਜੇਲ੍ਹ ਵਾਰਡਰ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਜੇਲ੍ਹ ਵਾਰਡਨ ਹਵਾਲਾਤੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਤੱਕ ਮੋਬਾਈਲ ਫੋਨ ਪਹੁੰਚਾਉਂਦਾ ਸੀ।‘
ਇਸ ਮਾਮਲੇ ਦੀ ਅਗਲੀ ਜਾਂਚ ਦੌਰਾਨ ਪੁਲਿਸ ਨੂੰ ਜੇਲ੍ਹ ਦੇ ਸਹਾਇਕ ਸੁਪਰਿੰਟੈਂਡੈਂਟ ਬਿੰਨੀ ਟਾਂਕ ਦੀ ਵੀ ਕਥਿਤ ਸ਼ਮੂਲੀਅਤ ਦੇ ਸਬੂਤ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।- ਡੀਐਸਪੀ ਸੁਖਵਿੰਦਰ ਸਿੰਘ
‘ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ‘
ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਆਖਿਆ ਕਿ, ‘ਮੁਲਜ਼ਮ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਹੁਣ ਤੱਕ ਕਿੰਨੇ ਮੋਬਾਈਲ ਫੋਨ ਜੇਲ੍ਹ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਤੱਕ ਪਹੁੰਚਾਏ ਗਏ, ਇਸ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਸਨ ਅਤੇ ਕੀ ਇਸ ਦੇ ਬਦਲੇ ਪੈਸਿਆਂ ਦੀ ਲੈਣ–ਦੇਣ ਕੀਤੀ ਜਾਂਦੀ ਸੀ।‘
ਡੀਐਸਪੀ ਦਾ ਕਹਿਣਾ ਹੈ ਕਿ ਜਾਂਚ ਦੇ ਅਧਾਰ ‘ਤੇ ਜੇਕਰ ਹੋਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਤੋਂ ਬਾਅਦ ਜੇਲ੍ਹ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ETV BHARAT