ਪੁਲੀਸ ਨੇ ਜਲ ਤੋਪਾਂ ਚਲਾੲੀਆਂ; ਕੲੀ ਜ਼ਖ਼ਮੀ; ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਹੋਣ ਮਗਰੋਂ ਧਰਨਾ ਸਮਾਪਤੀ ਦਾ ਐਲਾਨ
14 ਮਾਰਚ, 2026 – ਐਸ ਏ ਐਸ ਨਗਰ (ਮੁਹਾਲੀ) : ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਆਈਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਉੱਤੇ ਪੁਲੀਸ ਨੇ ਚੰਡੀਗੜ੍ਹ ਦੀ ਸਰਹੱਦ ਉੱਤੇ ਜਲ ਤੋਪਾਂ ਚਲਾਈਆਂ। ਚੰਡੀਗੜ੍ਹ ਪੁਲੀਸ ਵੱਲੋਂ ਮਾਰੀਆਂ ਪਾਣੀ ਦੀਆਂ ਬੁਛਾੜਾਂ ਕਾਰਨ ਫ਼ਿਰੋਜ਼ਪੁਰ ਤੋਂ ਆਈ ਨਿਫ਼ਾ ਨਾਂ ਦੀ ਆਸ਼ਾ ਵਰਕਰ ਦੀ ਅੱਖ ਵਿਚ ਜ਼ਖ਼ਮ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਧਰਨਾਕਾਰੀਆਂ ਨੇ ਖਾਲੀ ਭਾਂਡੇ ਖੜਕਾ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੁਹਾਲੀ ਪ੍ਰਸ਼ਾਸਨ ਵੱਲੋਂ 25 ਮਾਰਚ ਨੂੰ ਸੰਯੁਕਤ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਕਰਵਾ ਕੇ ਲਿਖਤੀ ਪੱਤਰ ਸੌਂਪਿਆ ਗਿਆ, ਜਿਸ ਮਗਰੋਂ ਆਸ਼ਾ ਵਰਕਰ ਸ਼ਾਂਤ ਹੋਈਆਂ ਅਤੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ। ਆਸ਼ਾ ਵਰਕਰਾਂ ਪਹਿਲਾਂ ਮੁਹਾਲੀ ਦੇ ਫੇਜ਼ ਅੱਠ ਸਥਿਤ ਅੰਬ ਸਾਹਿਬ ’ਚ ਇਕੱਤਰ ਹੋਈਆਂ। ਇਸ ਮਗਰੋਂ ਬੁੜੈਲ ਜੇਲ੍ਹ ਰਾਹੀਂ ਵਿਧਾਨ ਸਭਾ ਜਾਣ ਲਈ ਚੰਡੀਗੜ੍ਹ ਵੱਲ ਰਵਾਨਾ ਹੋਈਆਂ। ਆਸ਼ਾ ਵਰਕਰਾਂ ਨੇ ਪੰਜਾਬ ਪੁਲੀਸ ਦੇ ਬੈਰੀਕੇਡਾਂ ਨੂੰ ਪਾਸੇ ਹਟਾ ਦਿੱਤਾ ਪਰ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ।
ਧਰਨੇ ਨੂੰ ਯੂਨੀਅਨ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਜਨਰਲ ਸਕੱਤਰ ਸ਼ਿੰਦਰਪਾਲ ਕੌਰ, ਜਸਵੀਰ ਕੌਰ ਭਾਦਸੋਂ, ਦਲਜੀਤ ਕੌਰ, ਪਵਨਪ੍ਰੀਤ ਕੌਰ, ਮਨਦੀਪ ਕੌਰ, ਕਿਰਨਜੀਤ ਕੌਰ, ਇੰਦੂ ਰਾਣਾ, ਕਮਲਜੀਤ ਕੌਰ, ਮਨਜੀਤ ਕੌਰ ਖਾਲਸਾ, ਨੀਤੂ ਬਾਲਾ, ਮਨਦੀਪ ਕੌਰ, ਜਸਵੀਰ ਕੌਰ ਮੁਹਾਲੀ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਤਹਿਤ 24 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਅਤੇ ਦਰਜਾ ਚਾਰ ਦਾ ਗਰੇਡ ਦੇ ਕੇ ਈ ਪੀ ਐੱਫ਼ ਸਹੂਲਤ ਦਿੱਤੀ ਜਾਵੇ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦਾ ਮਾਣ-ਭੱਤਾ ਹਰਿਆਣਾ ਪੈਟਰਨ ’ਤੇ 2500 ਰੁਪਏ ਮਹੀਨਾ ਕੀਤਾ ਜਾਵੇ। ਉਨ੍ਹਾਂ ਦੇ ਪ੍ਰਤੀ ਮਹੀਨਾ 25 ਟੂਰ ਕੀਤੇ ਜਾਣ ਅਤੇ ਹਰ ਟੂਰ ਦਾ 500 ਰੁਪਏ ਦਿੱਤਾ ਜਾਵੇ। ਆਸ਼ਾ ਵਰਕਰਾਂ ਦੇ ਭੱਤੇ ਬਹਾਲ ਕੀਤੇ ਜਾਣ। ਇਸ ਤੋਂ ਇਲਾਵਾ ਸੇਵਾਮੁਕਤੀ ’ਤੇ ਪੰਜ ਲੱਖ ਦਾ ਫੰਡ ਅਤੇ ਪੈਨਸ਼ਨ ਦਿੱਤੀ ਜਾਵੇ। ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਤਰੱਕੀਆਂ ਸਮੇਤ ਹੋਰ ਦਰਜਨ ਦੇ ਕਰੀਬ ਮੰਗਾਂ ਪ੍ਰਵਾਨ ਕੀਤੀਆਂ ਜਾਣ। ਅਜਿਹਾ ਨਾ ਹੋਣ ’ਤੇ ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਪੰਜਾਬੀ ਟ੍ਰਿਬਯੂਨ