1 ਨਵੰਬਰ ਦੀ ਕਾਂਗਰਸ ਰੈਲੀ ‘ਤੇ ਜਤਾਇਆ ਇਤਰਾਜ਼
ਭਾਜਪਾ ਸੰਸਦ ਮੈਂਬਰ ਸਤਨਾਮ ਸੰਧੂ ਨੇ ਕੀਤੀ ਵਫ਼ਦ ਦੀ ਅਗਵਾਈ
31 ਅਕਤੂਬਰ, 2026 – ਚੰਡੀਗੜ੍ਹ : 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਪਰਿਵਾਰਾਂ ਨੇ ਅੱਜ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖਾਂ ਦੇ ਸੋਗ ਵਾਲੇ ਦਿਨ ਦਾ ਅਪਮਾਨ ਕਰਾਰ ਦਿੱਤਾ। ਇਹ ਇਤਰਾਜ਼ 1984 ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਇੱਕ ਵਫ਼ਦ ਵੱਲੋਂ ਪ੍ਰਗਟਾਇਆ ਗਿਆ, ਜਿਸ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।
ਵਫ਼ਦ ਨੇ ਪਰਿਵਾਰਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮੁੜ ਵਸੇਬੇ ਲਈ ਰਾਜਪਾਲ ਨੂੰ ਦਖਲ ਦੇਣ ਦੀ ਅਪੀਲ ਕੀਤੀ। ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਸਰਕਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧਤ ਹੁਕਮਾਂ ਨੂੰ ਲਾਗੂ ਕਰੇ। ਸੰਧੂ ਨੇ ਕਿਹਾ ਕਿ 1984 ਦੇ ਪੀੜਤਾਂ ਦਾ ਮੁੜ ਵਸੇਬਾ ਕਿਸੇ ਵੀ ਸਰਕਾਰ ਦਾ ਅਹਿਸਾਨ ਨਹੀਂ ਬਲਕਿ ਉਸਦੀ ਜ਼ਿੰਮੇਵਾਰੀ ਹੈ।
ਵਫ਼ਦ ਨੇ ਪੀੜਤ ਪਰਿਵਾਰਾਂ ਲਈ ਮਕਾਨਾਂ ਅਤੇ ਫਲੈਟਾਂ ਦੀ ਅਲਾਟਮੈਂਟ ਤੇ ਕਬਜ਼ੇ, ਕਾਰੋਬਾਰ ਲਈ ਬੂਥ, ਰੈੱਡ ਕਾਰਡ ਅਤੇ ਰੁਜ਼ਗਾਰ ਦੇ ਮੁੱਦੇ ਉਠਾਏ। ਮੈਂਬਰਾਂ ਨੇ ਕਿਹਾ ਕਿ ਸਰਕਾਰੀ ਫੈਸਲਿਆਂ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਕਈ ਪਰਿਵਾਰ ਅਜੇ ਵੀ ਦਫਤਰਾਂ ਦੇ ਧੱਕੇ ਖਾ ਰਹੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ ਲੰਬਿਤ ਪਏ ਮਾਮਲਿਆਂ ਦੀ ਸਥਿਤੀ ਬਾਰੇ ਰਿਪੋਰਟ ਮੰਗਣ ਅਤੇ ਇਹ ਯਕੀਨੀ ਬਣਾਉਣ ਕਿ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਦਹਾਕਿਆਂ ਤੱਕ ਇੰਤਜ਼ਾਰ ਕਰਵਾਉਣਾ ਸਿਰਫ ਬੇਇਨਸਾਫੀ ਨੂੰ ਹੋਰ ਡੂੰਘਾ ਕਰਨਾ ਹੈ।
ਵਫ਼ਦ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਸਕੱਤਰ ਦਲਜੀਤ ਸਿੰਘ, ਚੇਅਰਮੈਨ ਗੁਰਦੇਵ ਸਿੰਘ, ਇੰਦਰਪਾਲ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ (ਡੀ ਪੀ), ਭੁਪਿੰਦਰ ਕੌਰ, ਰਾਜਵੰਤ ਕੌਰ, ਸੰਗੀਤਾ ਕੌਰ ਅਤੇ ਇੱਕ ਵਿਧਵਾ ਗੁਰਦੇਵ ਕੌਰ ਸ਼ਾਮਲ ਸਨ।
ਪੀੜਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅਤੇ ਚੋਣ ਕਮਿਸ਼ਨ ਵਿਰੁੱਧ ਰਾਹੁਲ ਗਾਂਧੀ ਵੱਲੋਂ ਸੱਦੀ ਗਈ ਇਹ ਰੈਲੀ ਸਿੱਖਾਂ ਦੇ ਦਰਦ ਪ੍ਰਤੀ ਪਾਰਟੀ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ। 1 ਨਵੰਬਰ 1984 ਦਾ ਉਹ ਦਿਨ ਹੈ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਵੱਡੇ ਪੱਧਰ ‘ਤੇ ਕਤਲੇਆਮ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਇਹ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਅਤੇ ਉਸ ਇਨਸਾਫ ਦਾ ਹਿਸਾਬ ਮੰਗਣ ਦਾ ਦਿਨ ਹੈ ਜੋ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਸੇ ਸ਼ਹਿਰ ਅਤੇ ਉਸੇ ਤਰੀਕ ਨੂੰ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰਨਾ ਉਨ੍ਹਾਂ ਦੇ ਜ਼ਖਮਾਂ ਨੂੰ ਮੁੜ ਕੁਰੇਦਣ ਵਾਂਗ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਤੇ ਕਾਂਗਰਸ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ, ਤਾਂ ਕੋਈ ਹੋਰ ਤਰੀਕ ਚੁਣੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਇਨਸਾਫ ਅਤੇ ਸੰਵਿਧਾਨ ਦੀਆਂ ਗੱਲਾਂ ਕਰਦੀ ਹੈ, ਉਹ ਆਪਣੇ ਅਤੀਤ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੀ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਰੈਲੀ ਦਾ ਵਿਰੋਧ ਕਰਨਗੇ ਅਤੇ ਰਾਹੁਲ ਗਾਂਧੀ ਦੇ ਪੁਤਲੇ ਫੂਕਣਗੇ।
ਉੱਥੇ ਹੀ ਸਤਨਾਮ ਸਿੰਘ ਸੰਧੂ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਡੂੰਘੀ ਪੀੜਾ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਦਿੱਲੀ ਵਿੱਚ ਸਿਆਸੀ ਭੀੜ ਇਕੱਠੀ ਕਰਨਾ ਪੀੜਤਾਂ ਦੇ ਦੁੱਖਾਂ ਪ੍ਰਤੀ ਬੇਰੁਖ਼ੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ, ਮੁੜ ਵਸੇਬੇ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਦੀ ਲੜਾਈ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹਰ ਪੱਧਰ ‘ਤੇ ਖੜ੍ਹੇ ਰਹਿਣਗੇ।
ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ 1984 ਵਿੱਚ ਉਨ੍ਹਾਂ ਦੇ ਪਤੀ ਦੇ ਦੋ ਛੋਟੇ ਭਰਾਵਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਅੱਠ ਜੀਅ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਘਰ ਅਤੇ ਆਪਣੇ ਪਿਆਰੇ ਗੁਆਏ, ਉਹ ਅਜੇ ਵੀ ਉਸ ਸਦਮੇ ਵਿੱਚ ਜੀਅ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨਸਾਫ ਦੀ ਉਮੀਦ ਜਤਾਈ ਅਤੇ ਉਨ੍ਹਾਂ ਦੇ ਮੁੱਦੇ ਚੁੱਕਣ ਲਈ ਸਤਨਾਮ ਸੰਧੂ ਦਾ ਧੰਨਵਾਦ ਕੀਤਾ।
ਪੰਜਾਬੀ ਟ੍ਰਿਬਯੂਨ