ਵਿਜੇ ਕ੍ਰਾਂਤੀ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਅੱਤਵਾਦੀਆਂ ਦੁਆਰਾ 26 ਲੋਕਾਂ ਦੀ ਉਨ੍ਹਾਂ ਦਾ ਮਜ਼ਹਬ ਪੁੱਛ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਭਾਰਤੀ ਫ਼ੌਜਾਂ ਨੇ ਪਾਕਿਸਤਾਨ ’ਤੇ ਹਵਾਈ ਹਮਲੇ ਕਰ ਕੇ ਪਹਿਲਾਂ ਉਸ ਦੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਨੇਸਤੋ-ਨਾਬੂਦ ਕਰ ਦਿੱਤਾ ਅਤੇ ਫਿਰ ਜਦ ਉਸ ਨੇ ਸ਼ਰਮਿੰਦਗੀ ਤੋਂ ਬਚਣ ਲਈ ਪਲਟਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਫ਼ੌਜੀ ਟਿਕਾਣੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੇ।
ਭਾਰਤ ਨੇ ਆਪਣੇ ਹਵਾਈ ਹਮਲਿਆਂ ਨਾਲ ਜਦ ਇਹ ਦਿਖਾਇਆ ਕਿ ਉਹ ਉਸ ਦੀ ਫ਼ੌਜੀ ਤਾਕਤ ਨੂੰ ਬਹੁਤ ਕਮਜ਼ੋਰ ਕਰ ਸਕਦਾ ਹੈ ਤਦ ਉਸ ਦੇ ਹੌਸਲੇ ਪਸਤ ਹੋਏ ਜਿਸ ਦੇ ਨਤੀਜੇ ਵਜੋਂ ਫ਼ੌਜੀ ਟਕਰਾਅ ’ਤੇ ਵਿਰਾਮ ਲਗਾਉਣ ਲਈ ਸਹਿਮਤੀ ਬਣੀ।
ਪਾਕਿਸਤਾਨ ਨੇ ਭਾਰਤ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਨਾਕਾਮ ਕੋਸ਼ਿਸ਼ ਦੌਰਾਨ ਚੀਨ ਤੋਂ ਹਾਸਲ ਕੀਤੀਆਂ ਮਿਜ਼ਾਈਲਾਂ, ਜੰਗੀ ਜਹਾਜ਼ਾਂ ਅਤੇ ਹੋਰ ਹਥਿਆਰਾਂ ਦਾ ਇਸਤੇਮਾਲ ਕੀਤਾ। ਇਕ ਤਰ੍ਹਾਂ ਨਾਲ ਚੀਨ ਦੀ ਸਿੱਧੀ ਭੂਮਿਕਾ ਸਾਫ਼ ਤੌਰ ’ਤੇ ਜੱਗ ਜ਼ਾਹਰ ਹੋ ਗਈ। ਪਹਿਲਗਾਮ ਦੀ ਅੱਤਵਾਦੀ ਘਟਨਾ ਤੋਂ ਬਾਅਦ ਪਹਿਲਾਂ ਤਾਂ ਚੀਨ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਪਾਕਿਸਤਾਨ ਦਾ ਸਿੱਧੇ ਅਤੇ ਅਸਿੱਧੇ ਤੌਰ ’ਤੇ ਸਮਰਥਨ ਕਰਨ ਦੇ ਬਾਵਜੂਦ ਖ਼ੁਦ ਨੂੰ ਇਕ ਨਿਰਪੱਖ ਅਤੇ ਅਮਨਪਸੰਦ ਪੰਚ ਦੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸ ਨੇ ਪਾਕਿਸਤਾਨ ਦੀ ਸਾਖ਼ ਬਚਾਉਣ ਦੇ ਇਰਾਦੇ ਨਾਲ ਪਹਿਲਗਾਮ ਹਮਲੇ ਦੀ ਕਥਿਤ ਨਿਰਪੱਖ ਜਾਂਚ ਕਰਵਾਉਣ ਦੀ ਪਾਕਿਸਤਾਨੀ ਮੰਗ ਨੂੰ ਦੁਹਰਾਅ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਸੁਰੱਖਿਆ ਪ੍ਰੀਸ਼ਦ ਵਿਚ ਇਸ ਅੱਤਵਾਦੀ ਘਟਨਾ ਦੀ ਨਿੰਦਾ ਵਾਲੇ ਅਮਰੀਕੀ ਪ੍ਰਸਤਾਵ ਵਿੱਚੋਂ ਹਮਲੇ ਦੇ ਅਸਲੀ ਜ਼ਿੰਮੇਵਾਰ ਅਤੇ ਪਾਕਿਸਤਾਨ ਸਰਕਾਰ ਦੀ ਸਰਪ੍ਰਸਤੀ ਵਿਚ ਚੱਲਣ ਵਾਲੇ ਲਸ਼ਕਰ-ਏ-ਤੌਇਬਾ ਦੇ ਸਹਿਯੋਗੀ ਸੰਗਠਨ ‘ਦਿ ਰੈਜ਼ਿਸਟੈਂਸ ਫਰੰਟ’ ਦਾ ਨਾਂ ਹਟਵਾ ਦਿੱਤਾ।
ਇਸ ਤੋਂ ਪਹਿਲਾਂ ਵੀ ਉਹ ਖੂੰਖਾਰ ਅੱਤਵਾਦੀਆਂ ਨੂੰ ਆਲਮੀ ਪਾਬੰਦੀਆਂ ਤੋਂ ਬਚਾਉਣ ਦੀ ਨਾਕਾਮ ਪਰ ਬੇਸ਼ਰਮੀ ਭਰੀ ਕੋਸ਼ਿਸ਼ ਕਰ ਚੁੱਕਾ ਹੈ। ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਵਿਚ ਚੱਲਣ ਵਾਲਾ ਸਰਕਾਰੀ ਮੀਡੀਆ ਵੀ ਲਗਾਤਾਰ ਪਾਕਿਸਤਾਨ ਦੇ ਪੱਖ ਵਿਚ ਥੋਥੀ ਪ੍ਰਚਾਰ ਮੁਹਿੰਮ ਚਲਾਉਂਦਾ ਰਿਹਾ। ਉਸ ਦੇ ਅੰਗਰੇਜ਼ੀ ਦੇ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਭਾਰਤ ਦੀ ਫ਼ੌਜੀ ਕਾਰਵਾਈ ’ਤੇ ਕਿਹਾ ਕਿ ਭਾਰਤ ਨੂੰ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਸ ਨੂੰ ਕੌਣ ਚੇਤੇ ਕਰਵਾਏ ਕਿ ਜਦ ਕੋਵਿਡ ਦੇ ਪਸਾਰੇ ਪਿੱਛੇ ਉਸ ਦੀ ਭੂਮਿਕਾ ਦੀ ਜਾਂਚ ਲਈ ਆਸਟ੍ਰੇਲੀਆ ਸਰਕਾਰ ਨੇ ਮੰਗ ਕੀਤੀ ਸੀ ਤਾਂ ਉਸ ਨੇ ਉਸ ’ਤੇ ਵਪਾਰਕ ਪਾਬੰਦੀਆਂ ਲਗਾ ਦਿੱਤੀਆਂ ਸਨ। ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨਾਲ ਖੜ੍ਹਾ ਰਹਿਣ ਦੇ ਬਾਵਜੂਦ ਉਸ ਨੇ ਖ਼ੁਦ ਨੂੰ ਭਾਰਤ-ਪਾਕਿਸਤਾਨ ਟਕਰਾਅ ਵਿਚ ਨਿਰਪੱਖ ਦਿਖਾਉਣ ਦਾ ਢੌਂਗ ਕੀਤਾ ਪਰ ਉਸ ਦੇ ਢੌਂਗ ਦੀ ਪੋਲ ਖੁੱਲ੍ਹ ਗਈ।
ਉਂਜ ਤਾਂ ਅਮਰੀਕਾ ਨੇ ਭਾਰਤ-ਪਾਕਿਸਤਾਨ ਦਾ ਫ਼ੌਜੀ ਟਕਰਾਅ ਟਾਲਣ ਦਾ ‘ਸਿਹਰਾ’ ਲੈ ਕੇ ਚੀਨ ਦੇ ਖ਼ੁਦ ਨੂੰ ਇਹ ਦਰਸਾਉਣ ਦੇ ਇਰਾਦੇ ’ਤੇ ਪਾਣੀ ਫੇਰ ਦਿੱਤਾ ਕਿ ਉਸ ਦੀ ਹੈਸੀਅਤ ਵਧ ਗਈ ਹੈ ਪਰ ਇਸ ਤੋਂ ਬਾਅਦ ਵੀ ਉਹ ਪਾਕਿਸਤਾਨ ਦੇ ਮਾਧਿਅਮ ਨਾਲ ਏਸ਼ੀਆ ਅਤੇ ਅਰਬ ਸਾਗਰ ਵਿਚ ਆਪਣਾ ਵਿਸਥਾਰਵਾਦੀ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਤੋਂ ਬਾਜ਼ ਨਹੀਂ ਆਵੇਗਾ। ਚੀਨੀ ਨੇਤਾ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਪਣੇ ਮਿੱਤਰ ਦੀ ਰੱਖਿਆ ਲਈ ਉਸ ਦੇ ਨਾਲ ਖੜ੍ਹੇ ਰਹਿਣਗੇ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਨੂੰ ਕਿਹਾ ਸੀ ਕਿ ਚੀਨ ਆਪਣੇ ਸਦਾਬਹਾਰ ਦੋਸਤ ਤੇ ਰਣਨੀਤਕ ਸਹਿਯੋਗੀ ਦੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਸਮਝਦਾ ਹੈ ਅਤੇ ਉਸ ਦੀ ਸੁਰੱਖਿਆ ਲਈ ਉਸ ਦਾ ਸਮਰਥਨ ਕਰਦਾ ਹੈ।
ਸਭ ਜਾਣਦੇ ਹਨ ਕਿ ਚੀਨ ਦੀ ਅਸਲੀ ਚਿੰਤਾ ਪਾਕਿਸਤਾਨ ਦੀ ਸੁਰੱਖਿਆ ਨਹੀਂ ਬਲਕਿ ਸ਼ੀ ਜਿਨਪਿੰਗ ਦੇ ਸੁਪਨਿਆਂ ਵਾਲਾ ਉਹ ‘ਸੀਪੈਕ’ ਪ੍ਰਾਜੈਕਟ ਹੈ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ ’ਚੋਂ ਗੁਜ਼ਰਦਾ ਹੈ ਅਤੇ ਜਿੱਥੇ ਚੀਨ ਸ਼ਿਨਜਿਆਂਗ ਤੋਂ ਅਰਬ ਸਾਗਰ ਤੱਕ ਪੱਕਾ ਰਾਜਮਾਰਗ ਅਤੇ ਗਵਾਦਰ ਬੰਦਰਗਾਹ ਦਾ ਨਿਰਮਾਣ ਕਰ ਰਿਹਾ ਹੈ।
ਆਰਥਿਕ ਗਲਿਆਰੇ ਦੇ ਨਾਂ ’ਤੇ ਸ਼•ੁਰੂ ਕੀਤੇ ਗਏ ਇਸ ਪ੍ਰਾਜੈਕਟ ’ਤੇ ਚੀਨ ਹੁਣ ਤੱਕ 60 ਅਰਬ ਡਾਲਰ ਤੋਂ ਵੀ ਵੱਧ ਧਨ ਖ਼ਰਚ ਚੁੱਕਾ ਹੈ। ਇਸ ਪ੍ਰਾਜੈਕਟ ਵਿਰੁੱਧ ਬਲੋਚਿਸਤਾਨ ਦੀ ਜਨਤਾ ਅਤੇ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਨੇ ਪਹਿਲਾਂ ਤੋਂ ਹੀ ਪਾਕਿਸਤਾਨ ਅਤੇ ਚੀਨ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਹੁਣ ਉਹ ਹੋਰ ਕਰਨਗੇ। ਭਾਰਤ-ਪਾਕਿਸਤਾਨ ਟਕਰਾਅ ਦੇ ਜੰਗ ਵਿਚ ਬਦਲਣ ਦੀ ਹਾਲਤ ਵਿਚ ਨਾ ਸਿਰਫ਼ ਸ਼ੀ ਜਿਨਪਿੰਗ ਦਾ ‘ਸੀਪੈਕ’ ਵਾਲਾ ਸੁਪਨਾ ਚਕਨਾਚੂਰ ਹੋ ਜਾਂਦਾ ਬਲਕਿ ਮਕਬੂਜ਼ਾ ਕਸ਼ਮੀਰ ਦੀ ਭਾਰਤ ਵਿਚ ਵਾਪਸੀ ਦਾ ਰਾਹ ਵੀ ਕੁਝ ਹੋਰ ਪੱਧਰਾ ਹੋ ਜਾਂਦਾ। ਚੀਨ ਇਸ ਤੋਂ ਵੀ ਘਬਰਾਇਆ ਕਿ ਭਾਰਤੀ ਫ਼ੌਜ ਨੇ ਉਸ ਦੇ ਕਥਿਤ ਵਿਸ਼ਵ ਪੱਧਰੀ ਹਥਿਆਰਾਂ ਖ਼ਾਸ ਤੌਰ ’ਤੇ ਉਸ ਦੇ ਜੈੱਟ ਜਹਾਜ਼ਾਂ ਅਤੇ ਏਅਰ ਡਿਫੈਂਸ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਉਸ ਦੇ ਹਥਿਆਰਾਂ ’ਤੇ ਦੁਨੀਆ ਹੁਣ ਭਰੋਸਾ ਨਹੀਂ ਕਰਨ ਵਾਲੀ। ਚੀਨ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਚੁੱਕਾ ਹੈ ਕਿ ਉਸ ਦੇ ਹਥਿਆਰਾਂ ’ਤੇ ਬੇਭਰੋਸਗੀ ਦਾ ਉਸ ਨੂੰ ਬਹੁਤ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸੇ ਲਈ ਆਪਣਾ ਗੁੱਸਾ ਕੱਢਣ ਲਈ ਹੁਣ ਚੀਨ ਇਸ ਕੂੜ-ਪ੍ਰਚਾਰ ਵਿਚ ਲੱਗੇਗਾ ਕਿ ਭਾਰਤ ਨੂੰ ਵੀ ਖ਼ਾਸਾ ਫ਼ੌਜੀ ਨੁਕਸਾਨ ਸਹਿਣਾ ਪਿਆ ਹੈ।
ਇਸ ਵਿਚ ਉਸ ਦੇ ਪ੍ਰਭਾਵ ਵਿਚ ਕੰਮ ਕਰਨ ਵਾਲਾ ਪੱਛਮੀ ਮੀਡੀਆ ਵੀ ਉਸ ਦਾ ਸਾਥ ਦੇਵੇਗਾ। ਭਾਰਤ ਦੇ ਸਾਹਮਣੇ ਚੀਨ ਦਾ ਅਸਲੀ ਦੋਹਰਾ ਚਰਿੱਤਰ ਹੋਰ ਸਾਫ਼ ਹੋ ਕੇ ਸਾਹਮਣੇ ਆ ਗਿਆ ਹੈ। ਇਸ ਦੇ ਨਾਲ ਹੀ ਤੁਰਕੀ ਦਾ ਵੀ ਭਾਰਤ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਸਾਫ਼ ਹੋ ਗਿਆ। ਇਹ ਗੱਲ ਹੋਰ ਹੈ ਕਿ ਭਾਰਤ ਨੇ ਉਸ ਦੇ ਹਥਿਆਰਾਂ ਦੀ ਵੀ ਮਾਰੂ ਸਮਰੱਥਾ ਦੀ ਫੂਕ ਕੱਢ ਦਿੱਤੀ। ਉਹ ਸ਼ਾਇਦ ਹੀ ਆਪਣਾ ਵਤੀਰਾ ਬਦਲੇ ਪਰ ਭਾਰਤ ਦੇ ਪੱਖ ਵਿਚ ਇਹ ਹੈ ਕਿ ਕਈ ਇਸਲਾਮੀ ਦੇਸ਼ ਤੁਰਕੀ ਦਾ ਕੱਦ ਵਧਦਾ ਹੋਇਆ ਨਹੀਂ ਦੇਖਣਾ ਚਾਹੁੰਦੇ। ਉਲਟਾ ਉਸ ਨੇ ਭਾਰਤ ਦੀ ਨਾਰਾਜ਼ਗੀ ਵੀ ਮੁੱਲ ਲੈ ਲਈ ਹੈ ਜੋ ਉਸ ਨੂੰ ਵਿੱਤੀ ਨੁਕਸਾਨ ਕਰ ਸਕਦੀ ਹੈ। ਕੀ ਭਾਰਤ-ਪਾਕਿਸਤਾਨ ਦੇ ਫ਼ੌਜੀ ਟਕਰਾਅ ਵਿਚ ਚੀਨ ਖ਼ੁਦ ਕੁੱਦਣ ਦੀ ਹਿਮਾਕਤ ਕਰਦਾ? ਅਮਰੀਕਾ ਅਤੇ ਦੂਜੇ ਦੇਸ਼ਾਂ ਤੋਂ ਉੱਠ ਰਹੇ ਆਰਥਿਕ ਅਤੇ ਕੂਟਨੀਤਕ ਵਿਰੋਧ ਨੂੰ ਦੇਖਦੇ ਹੋਏ ਚੀਨ ਭਾਰਤ ਵਿਰੁੱਧ ਕੋਈ ਫ਼ੌਜੀ ਕਦਮ ਚੁੱਕਣ ਦੀ ਗ਼ਲਤੀ ਨਾ ਕਰਦਾ।
ਸੰਨ 1962 ਵਿਚ ਕਮਜ਼ੋਰ ਅਤੇ ਆਪਣੀ ਰੱਖਿਆ ਪ੍ਰਤੀ ਇਕਦਮ ਉਦਾਸੀਨ ਭਾਰਤ ’ਤੇ ਹਮਲੇ ਤੋਂ ਬਾਅਦ ਤੋਂ ਚੀਨ ਨੇ ਆਪਣੇ ਹਰ ਹਮਲੇ ਵਿਚ ਮਾਰ ਖਾਧੀ ਹੈ। ਫਿਰ ਭਾਵੇਂ ਹੀ ਉਹ 1979 ਵਿਚ ਵੀਅਤਨਾਮ ’ਤੇ ਉਸ ਦਾ ਹਮਲਾ ਹੋਵੇ ਜਾਂ ਫਿਰ ਭਾਰਤ ਵਿਰੁੱਧ ਡੋਕਲਾਮ, ਗਲਵਾਨ ਆਦਿ ਵਿਚ ਨਾਜਾਇਜ਼ ਕਬਜ਼ਾ ਹੋਵੇ। ਹਰ ਵਾਰ ਉਸ ਨੂੰ ਮੂੰਹ ਦੀ ਖਾਣੀ ਪਈ। ਇਸੇ ਲਈ ਪਾਕਿਸਤਾਨ ਵਰਗੇ ਦੀਵਾਲੀਆ ਦੋਸਤ ਲਈ ਜੰਗ ਵਿਚ ਕੁੱਦ ਕੇ ਮਾਰ ਖਾਣ ਅਤੇ ਆਪਣੀ ਚੌਧਰ ਗੁਆਉਣ ਵਰਗੀ ਗ਼ਲਤੀ ਤਾਂ ਚੀਨ ਨਾ ਕਰਦਾ ਪਰ ਉਹ ਭਾਰਤ ਨੂੰ ਤੰਗ-ਪਰੇਸ਼ਾਨ ਕਰਨ ਵਾਲੀਆਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਵੇਗਾ। ਭਾਰਤ ਨੂੰ ਸੋਚਣਾ ਹੋਵੇਗਾ ਕਿ ਚੀਨ ਨੂੰ ਕਿਵੇਂ ਨੱਥ ਪਾਈ ਜਾਵੇ। ਉਹ ਹਰਗਿਜ਼ ਭਰੋਸੇਯੋਗ ਨਹੀਂ ਹੈ।
ਉਹ ਪਾਕਿਸਤਾਨ ਦੀ ਤਰ੍ਹਾਂ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੋਰ ਹੈ।ਹੋਣਾ ਤਾਂ ਇਹ ਚਾਹੀਦਾ ਹੈ ਕਿ ਆਰਥਿਕ ਪੱਖੋਂ ਪਸਤ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਪਾਕਿਸਤਾਨ ਚੀਨ ਦੇ ਬਲਬੂਤੇ ਉਛਲਣ ਦੀ ਬਜਾਏ ਅੱਤਵਾਦੀਆਂ ’ਤੇ ਲਗਾਮ ਲਗਾਉਣ ਅਤੇ ਆਪਣੀ ਭਲਾਈ ਵੱਲ ਧਿਆਨ ਦੇਵੇ ਪਰ ਫ਼ਿਲਹਾਲ ਇਸ ਦੇ ਆਸਾਰ ਨਹੀਂ ਹਨ। ਚੀਨ ਉਸ ਨੂੰ ਉਕਸਾਉਂਦਾ ਰਹੇਗਾ। ਜੇ ਪਾਕਿਸਤਾਨ ਹੁਣ ਵੀ ਨਾ ਸੁਧਰਿਆ ਤਾਂ ਉਸ ਦਾ ਹਸ਼ਰ ਬਹੁਤ ਬੁਰਾ ਹੋਵੇਗਾ ਕਿਉਂਕਿ ਉਸ ਦੀ ਸਿੱਧੀ ਮਦਦ ਲਈ ਪੂਰੀ ਤਰ੍ਹਾਂ ਖੁੱਲ੍ਹ ਕੇ ਕੋਈ ਵੀ ਨਹੀਂ ਆਉਣ ਵਾਲਾ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਾਕਿਸਤਾਨ ਦੀ ਅੱਤਵਾਦ ਤੋਂ ਕਿਨਾਰਾ ਕਰਨ ਵਿਚ ਹੀ ਭਲਾਈ ਹੈ।
(ਲੇਖਕ ਸੀਨੀਅਰ ਕਾਲਮ-ਨਵੀਸ ਅਤੇ ਸੈਂਟਰ ਫਾਰ ਹਿਮਾਲਿਅਨ ਏਸ਼ੀਆ ਸਟੱਡੀਜ਼ ਐਂਡ ਇੰਗੇਜਮੈਂਟ ਦਾ ਮੁਖੀ ਹੈ)
Credit : https://www.punjabijagran.com/editorial/general-india-also-hurt-china-during-military-clash-with-pakistan-9490253.html
test