ਮੁਖ਼ਤਾਰ ਗਿੱਲ
ਰਾਸ਼ਟਰਪਤੀ ਰਾਜ ਤੋਂ ਬਾਅਦ ਜਮਹੂਰੀ ਅਮਲ ਦੇ ਪਿੱਛੋਂ ਉੱਥੇ ਚੁਣੀ ਹੋਈ ਸਰਕਾਰ ਬਣੀ ਪਰ ਕੇਂਦਰ ਸ਼ਾਸਿਤ ਸੂਬਾ ਹੋਣ ਦੀ ਵਜ੍ਹਾ ਕਰ ਕੇ ਵੀ ਅੱਤਵਾਦ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਦਿਸਦੀਆਂ ਹਨ।
ਜੰਮੂ-ਕਸ਼ਮੀਰ ਵਿਚ ਪਿਛਲੇ ਕੁਝ ਸਮੇਂ ਤੋਂ ਦਹਿਸ਼ਤਗਰਦਾਂ ਦੇ ਹਮਲਿਆਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ’ਚ ਜਿਸ ਕਦਰ ਵਾਧਾ ਹੋਇਆ ਹੈ, ਉਸ ਤੋਂ ਚਿੰਤਾ ਸੁਭਾਵਿਕ ਹੈ। ਕੀ ਇਹ ਸਮੱਸਿਆ ਇਕ ਵਾਰ ਫਿਰ ਜਟਿਲ ਸ਼ਕਲ ਅਖ਼ਤਿਆਰ ਕਰ ਰਹੀ ਹੈ? ਇਸ ਹਮਲੇ ਨੇ ਅੱਤਵਾਦੀਆਂ ਤੇ ਉਨ੍ਹਾਂ ਦੇ ਆਕਾਵਾਂ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਰ ਕਰਨ ਦਾ ਕੰਮ ਕੀਤਾ ਹੈ ਜੋ ਭਾਰਤ ਸਰਕਾਰ ਲਈ ਖ਼ਤਰੇ ਦੀ ਘੰਟੀ ਹੈ। ਵਾਦੀ ਵਿਚ ਖ਼ੂਨ-ਖ਼ਰਾਬਾ ਰੋਕਣ ਲਈ ਉਸ ਨੂੰ ਸਖ਼ਤ ਅਤੇ ਫ਼ੈਸਲਾਕੁੰਨ ਕਦਮ ਹਰ ਹਾਲਤ ਵਿਚ ਚੁੱਕਣੇ ਹੀ ਪੈਣਗੇ।
ਏਨਾ ਸਾਫ਼ ਹੈ ਕਿ ਅੱਤਵਾਦ ਦੇ ਰਸਤੇ ਭਾਰਤ ’ਚ ਜੋ ਮਕਸਦ ਦਹਿਸ਼ਤਗਰਦ ਹਾਸਲ ਕਰਨਾ ਚਾਹੁੰਦੇ ਹਨ, ਉਹ ਪੂਰਾ ਹੋਣਾ ਸੰਭਵ ਨਹੀਂ ਹੈ ਪਰ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਹਮਲਿਆਂ ਦੀ ਰਣਨੀਤੀ ਵਿਚ ਜਿਹੜੀ ਤਬਦੀਲੀ ਆਈ ਹੈ, ਉਹ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਉੱਥੇ ਹੁਣ ਹਰ ਰੋਜ਼ ਅੱਤਵਾਦੀ ਹਮਲੇ, ਉਨ੍ਹਾਂ ਨਾਲ ਸੁਰੱਖਿਆ ਬਲਾਂ ਦੇ ਮੁਕਾਬਲੇ, ਕੁਝ ਅੱਤਵਾਦੀਆਂ ਦਾ ਮਾਰੇ ਜਾਣਾ ਜਾਂ ਫਿਰ ਫ਼ੌਜੀ ਜਵਾਨਾਂ ਦੀਆਂ ਸ਼ਹਾਦਤੀ ਘਟਨਾਵਾਂ ਅਕਸਰ ਸਾਹਮਣੇ
ਆਉਣ ਲੱਗੀਆਂ ਹਨ। ਬੀਤੇ ਕੁਝ ਸਾਲਾਂ ’ਚ ਪਾਕਿਸਤਾਨ ਸਥਿਤ ਟਿਕਾਣਿਆਂ ਤੋਂ ਆਪਣੀਆਂ ਗਤੀਵਿਧੀਆਂ ਸੰਚਾਲਤ ਕਰਨ ਵਾਲੇ ਅੱਤਵਾਦੀ ਸੰਗਠਨਾਂ ਨੇ ਸੁਰੱਖਿਆ ਬਲਾਂ ਦੇ ਕੈਂਪਾਂ ਉੱਤੇ ਹਮਲੇ ਕਰਨ ਅਤੇ ਨਿਸ਼ਾਨੇ ਮਿੱਥ ਕੇ ਹਮਲਿਆਂ ਦੀ ਰਣਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਇਸੇ ਰਣਨੀਤੀ ਤਹਿਤ ਅੱਤਵਾਦੀਆਂ ਨੇ ਸੈਲਾਨੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੇ ਪਿੱਛੇ ਲੁਕਿਆ ਮਕਸਦ ਸਾਫ਼ ਤੇ ਸਪਸ਼ਟ ਹੈ ਕਿ ਜੰਮੂ-ਕਸ਼ਮੀਰ ਵਿਚ ਸੈਰ-ਸਪਾਟੇ ਲਈ ਜਾਂ ਕਿਸੇ ਹੋਰ ਕਾਰਨਾਂ ਕਰਕੇ ਆਉਣ ਵਾਲੇ ਬਾਹਰ ਦੇ ਲੋਕਾਂ ਅੰਦਰ ਡਰ ਪੈਦਾ ਕੀਤਾ ਜਾਵੇ। ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪੈਂਦੇ ਸੈਲਾਨੀ ਕੇਂਦਰ ਪਹਿਲਗਾਮ ਨੇੜਲੇ ਖ਼ੂਬਸੂਰਤ ਘਾਹ ਦੇ ਮੈਦਾਨ ‘ਬੈਸਾਰਨ ਘਾਟੀ’ ਵਿਚ ਮੰਗਲਵਾਰ ਦੁਪਹਿਰੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ 26 ਸੈਲਾਨੀਆਂ ਤੇ ਦੋ ਸਥਾਨਕ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਵਿਦੇਸ਼ੀ ਸੈਲਾਨੀ ਵੀ ਦੱਸੇ ਜਾਂਦੇ ਹਨ। ਇੱਥੇ ਹੋਏ ਦਹਿਸ਼ਤੀ ਹਮਲੇ ਦੌਰਾਨ ਮਦਦ ਲਈ ਕੁਰਲਾਉਂਦੇ ਰਹੇ ਲੋਕਾਂ ਦੀਆਂ ਚੀਕਾਂ ਬੈਸਾਰਨ ਦੇ ਮੈਦਾਨੀ ਇਲਾਕੇ ਵਿਚ ਗੂੰਜਦੀਆਂ ਰਹੀਆਂ ਪਰ ਮਦਦ ਲਈ ਕੋਈ ਵੀ ਨਹੀਂ ਸੀ। ਉਨ੍ਹਾਂ ਦੇ ਸਕੇ-ਸਬੰਧੀਆਂ ਦੀਆਂ ਲਾਸ਼ਾਂ ਖ਼ੂਨ ਨਾਲ ਲਥਪਥ ਪਈਆਂ ਸਨ। ਪੁਣੇ ਦੇ ਇਕ ਕਾਰੋਬਾਰੀ ਦੀ 26 ਸਾਲਾ ਧੀ ਅਸ਼ਵਰੀ ਜਗਦਲੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਦੇ ਪਿਤਾ ਤੇ ਚਾਚੇ ਨੂੰ ਗੋਲ਼ੀ ਮਾਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਅਪਸ਼ਬਦ ਕਹੇ। ਉਸ ਦੇ 54 ਸਾਲਾ ਪਿਤਾ ਸੰਤੋਸ਼ ਜਗਦਲੇ ਨੂੰ ਕਿਹਾ ਕਿ ਉਹ ਤੰਬੂ ਤੋਂ ਬਾਹਰ ਆ ਕੇ ਆਇਤ ਪੜ੍ਹੇ।
ਜਦੋਂ ਉਹ ਅਜਿਹਾ ਨਾ ਕਰ ਸਕੇ ਤਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਤਿੰਨ ਗੋਲ਼ੀਆਂ ਮਾਰ ਦਿੱਤੀਆਂ। ਇਹ ਹਮਲਾ ਜੰਮੂ-ਕਸ਼ਮੀਰ ਨੂੰ ਸੰਵਿਧਾਨਕ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਮਨਸੂਖ਼ ਕਰਨ ਤੋਂ ਬਾਅਦ ਸਭ ਤੋਂ ਵੱਡਾ ਹੈ। ਇਸ ਤੋਂ ਪਹਿਲਾਂ ਫਰਵਰੀ 2019 ਵਿਚ ਪੁਲਵਾਮਾ ’ਚ ਹੋਏ ਆਤਮਘਾਤੀ ਅੱਤਵਾਦੀ ਹਮਲੇ ਵਿਚ ਸੀਆਰਪੀਐੱਫ ਦੇ 47 ਜਵਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਤਨਜ਼ੀਮ ‘ਦਿ ਰਿਜ਼ਿਸਟੈਂਸ ਫਰੰਟ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਦਰਿਸ਼ਗਰਦ ਹਮਲਾਵਰਾਂ ਦਾ ਪਤਾ ਲਾਉਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਣੇ ਦੁਨੀਆ ਦੇ ਵੱਖ-ਵੱਖ ਨੇਤਾਵਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦਾ ਦੌਰਾ ਵਿਚਾਲੇ ਛੱਡ ਦਿੱਤਾ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੰਮੂ-ਕਸ਼ਮੀਰ ਜਾ ਕੇ ਸਥਿਤੀ ਦਾ ਜ਼ਾਇਜ਼ਾ ਲੈਣ ਦਾ ਹੁਕਮ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀਨਗਰ ਪਹੁੰਚ ਕੇ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
ਮਈ 2020 ਵਿਚ ਹੁੰਦਵਾੜਾ ’ਚ ਸੀਆਰਪੀਐੱਫ ਦੀ ਇਕ ਗਸ਼ਤੀ ਪਾਰਟੀ ’ਤੇ ਦਹਿਸ਼ਤਗਰਦਾਂ ਦੇ ਹਮਲੇ ਵਿਚ ਚਾਰ ਜਵਾਨ ਸ਼ਹੀਦ ਹੋਏ ਸਨ। ਬਾਰਾਂ ਦਸੰਬਰ 2021 ਨੂੰ ਅੱਤਵਾਦੀਆਂ ਦੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿਚ ਤਿੰਨ ਪੁਲਿਸ ਕਰਮੀ ਸ਼ਹੀਦ ਅਤੇ 11 ਜ਼ਖ਼ਮੀ ਹੋ ਗਏ ਸਨ। ਛੱਬੀ ਫਰਵਰੀ 2023 ਨੂੰ ਪੁਲਵਾਮਾ ’ਚ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ, ਹੱਬਾ ਕਦਲ ਵਿਚ ਦੋ ਸਿੱਖ, ਪ੍ਰਿੰਸੀਪਲ ਤੇ ਅਧਿਆਪਕ ਤੇ ਪਰਵਾਸੀ ਮਜ਼ਦੂਰ ਮਾਰੇ ਗਏ।
ਅਕਤੂਬਰ 2023 ’ਚ ਅੱਤਵਾਦੀਆਂ ਦੇ ਅਨੰਤਨਾਗ ਤੇ ਸ਼ੋਪੀਆਂ ਜ਼ਿਲਿ੍ਹਆਂ ਵਿਚ ਪਰਵਾਸੀ ਮਜ਼ਦੂਰਾਂ ਉੱਤੇ ਕਈ ਹਮਲੇ ਹੋਏ। ਉੱਤਰ ਪ੍ਰਦੇਸ਼ ਦੇ ਇਕ ਪਰਵਾਸੀ ਮਜ਼ਦੂਰ ਤੇ ਘਰ ਦੇ ਬਾਹਰ ਕ੍ਰਿਕਟ ਖੇਡ ਰਹੇ ਇੰਸਪੈਕਟਰ ਮਗਰੂਰ ਅਹਿਮਦ ਦੀ ਜਾਨ ਲੈ ਲਈ ਗਈ। ਸਤੰਬਰ ’ਚ ਕੋਕੇਰਨਾਗ ਦੇ ਜੰਗਲ ਵਿਚ ਹੋਏ ਮੁਕਾਬਲੇ ’ਚ ਕਮਾਂਡਿੰਗ ਅਫ਼ਸਰ, ਮੇਜਰ ਤੇ ਡੀਐੱਸਪੀ ਸ਼ਹੀਦ ਹੋ ਗਏ। ਤੀਹ ਮਈ 2024 ਨੂੰ ਪੁਣਛ ’ਚ ਫ਼ੌਜ ਦੇ ਕਾਫ਼ਲੇ ’ਤੇ ਘਾਤ ਲਾ ਕੇ ਕੀਤੇ ਹਮਲੇ ਵਿਚ ਇਕ ਜਵਾਨ ਸ਼ਹੀਦ, ਜੰਮੂ ਤੋਂ ਕਟੜਾ ਜਾ ਰਹੀ ਤੀਰਥ ਯਾਤਰੀਆਂ ਦੀ ਬੱਸ ’ਤੇ ਹਮਲਾ ਕੀਤਾ ਤੇ ਬੱਸ ਖੱਡ ਵਿਚ ਜਾ ਡਿੱਗੀ। ਡਰਾਈਵਰ-ਕੰਡਕਟਰ ਸਮੇਤ 11 ਮੌਤਾਂ ਹੋ ਗਈਆਂ ਤੇ 33 ਜ਼ਖ਼ਮੀ ਹੋਏ।
ਜੁਲਾਈ ਮਹੀਨੇ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ 15 ਜਵਾਨ ਸ਼ਹੀਦ ਹੋਏ। ਡੋਡਾ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਕੈਪਟਨ ਦੀਪਕ ਸਿੰਘ 8 ਜੁਲਾਈ ਨੂੰ ਕਠੂਆ ’ਚ 5 ਜਵਾਨ ਸ਼ਹੀਦ ਹੋਏ। ਇਕ ਜੇਸੀਓ ਸਮੇਤ ਚਾਰ ਜਵਾਨ ਸ਼ਹੀਦ ਹੋਏ। ਗਾਂਦਰਬਲ ਵਿਚ ਸਰੁੰਗ ਦੇ ਨਿਰਮਾਣ ’ਚ ਲੱਗੇ ਇਕ ਅਧਿਕਾਰੀ ਸਮੇਤ 7 ਮਜ਼ਦੂਰ ਮਾਰੇ ਗਏ। ਜੰਮੂ ਦੇ ਅਖਨੂਰ ’ਚ ਫ਼ੌਜ ਦੇ ਕੈਪਟਨ ਕਰਮਜੀਤ ਸਿੰਘ ਬਖ਼ਸ਼ੀ ਅਤੇ ਨਾਇਕ ਮੁਕੇਸ਼ ਸ਼ਹੀਦ ਹੋ ਗਏ। ਪਹਿਲਗਾਮ ਦੀ ਬੈਸਰਾਨ ਘਾਟੀ ਵਿਚ ਸੈਲਾਨੀਆਂ ’ਤੇ ਗੋਲ਼ੀਬਾਰੀ ਦਾ ਮਕਸਦ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਾ ਹੈ ਜਿਸ ਵਿਚ ਸੈਰ-ਸਪਾਟੇ ਦੀ ਭੂਮਿਕਾ ਬੜੀ ਅਹਿਮ ਹੈ। ਦਹਿਸ਼ਤਗਰਦ ਸੈਲਾਨੀਆਂ ਵਿਚ ਖ਼ੌਫ਼ ਪੈਦਾ ਕਰਨਾ ਚਾਹੁੰਦੇ ਹਨ ਤਾਂ ਕਿ ਕਸ਼ਮੀਰ ਦੀ ਇਸ ਜੀਵਨ ਰੇਖਾ ਨੂੰ ਤਬਾਹ ਕੀਤਾ ਜਾ ਸਕੇ। ਦੂਸਰਾ ਮਕਸਦ ਸਰਕਾਰ ਤੇ ਸੁਰੱਖਿਆ ਬਲਾਂ ਨੂੰ ਚੁਣੌਤੀ ਪੇਸ਼ ਕਰਨਾ ਤੇ ਬਾਹਰਲੇ ਲੋਕਾਂ ਨੂੰ ਡਰਾਉਣਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਸਥਾਨਕ ਲੋਕਾਂ ਵਿਚ ਅੱਤਵਾਦੀਆਂ ਖ਼ਿਲਾਫ਼ ਗੁੱਸਾ ਵੇਖਿਆ ਗਿਆ, ਉਹ ਭਵਿੱਖ ਲਈ ਇਕ ਉਮੀਦ ਜਗਾਉਂਦਾ ਹੈ। ਰਾਜ ਦੀਆਂ ਸਭ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਇਸ ਕਾਇਰਤਾਪੂਰਨ ਹਮਲੇ ਦੀ ਇਕਸੁਰ ’ਚ ਨਿੰਦਾ ਕੀਤੀ ਹੈ।
ਰਾਸ਼ਟਰਪਤੀ ਰਾਜ ਤੋਂ ਬਾਅਦ ਜਮਹੂਰੀ ਅਮਲ ਦੇ ਪਿੱਛੋਂ ਉੱਥੇ ਚੁਣੀ ਹੋਈ ਸਰਕਾਰ ਬਣੀ ਪਰ ਕੇਂਦਰ ਸ਼ਾਸਿਤ ਸੂਬਾ ਹੋਣ ਦੀ ਵਜ੍ਹਾ ਕਰ ਕੇ ਵੀ ਅੱਤਵਾਦ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਦਿਸਦੀਆਂ ਹਨ। ਜੇਕਰ ਹੁਣ ਵੀ ਕੇਂਦਰ, ਉਪ ਰਾਜਪਾਲ ਤੇ ਮੁੱਖ ਮੰਤਰੀ ਨੇ ਇਸ ਮਸਲੇ ’ਤੇ ਕੋਈ ਠੋਸ ਤੇ ਯਕੀਨਨ ਕੋਈ ਕਾਰਵਾਈ ਨਾ ਕੀਤੀ ਤਾਂ ਦੂਰਗਾਮੀ ਘਾਤਕ ਨਤੀਜੇ ਸਾਹਮਣੇ ਆ ਸਕਦੇ ਹਨ।
ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਘਿਨੌਣੇ ਹਮਲੇ ਤੋਂ ਬਾਅਦ ਭਾਰਤ ਸਰਕਾਰ ’ਤੇ ਜਵਾਬੀ ਕਾਰਵਾਈ ਕਰਨ ਦਾ ਦਬਾਅ ਬਹੁਤ ਵਧ ਚੁੱਕਾ ਹੈ। ਇਹ ਦਹਿਸ਼ਤੀ ਹਮਲਾ ਕੋਈ ਸਾਧਾਰਨ ਘਟਨਾ ਨਹੀਂ ਹੈ। ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਨੂੰ ਇਸ ਕਾਰੇ ਦੇ ਮਾੜੇ ਨਤੀਜਿਆਂ ਦਾ ਅਹਿਸਾਸ ਸੀ, ਫਿਰ ਵੀ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਇਕ ਤਰ੍ਹਾਂ ਨਾਲ ਭਾਰਤੀ ਹਕੂਮਤ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ ਜਿਸ ਨੂੰ ਸਵੀਕਾਰ ਕਰਨਾ ਭਾਰਤ ਦੀ ਮਜਬੂਰੀ ਬਣ ਗਿਆ ਹੈ।
ਇਹੀ ਵਜ੍ਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਆਪਣਾ ਸਾਊਦੀ ਅਰਬ ਦਾ ਦੌਰਾ ਛੋਟਾ ਕਰ ਕੇ ਵਤਨ ਪਰਤ ਆਏ ਹਨ ਅਤੇ ਬੁੱਧਵਾਰ ਨੂੰ ਕਈ ਹੰਗਾਮੀ ਮੀਟਿੰਗਾਂ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਮੌਜੂਦਾ ਹਾਲਾਤ ਵਿਚ ਭਾਰਤ ਨੂੰ ਕੌਮਾਂਤਰੀ ਭਾਈਚਾਰੇ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਅਮਰੀਕਾ, ਰੂਸ, ਚੀਨ ਸਮੇਤ ਕਈ ਹੋਰ ਦੇਸ਼ਾਂ ਤੇ ਸੰਯੁਕਤ ਰਾਸ਼ਟਰ ਸੰਗਠਨ ਨੇ ਵੀ ਇਸ ਘਿਨੌਣੇ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਨੂੰ ਪੂਰੀ ਹਮਾਇਤ ਦਿੱਤੀ ਹੈ।
-ਸੰਪਰਕ : 98140-82217
Credit : https://www.punjabijagran.com/editorial/general-a-riot-of-terror-in-paradise-9482661.html
test