ਦਰਸ਼ਨ ਸਿੰਘ ਪ੍ਰੀਤੀਮਾਨ
ਡਾ. ਅੰਬੇਡਕਰ ਆਜ਼ਾਦੀ ਤੋਂ ਪਿੱਛੋਂ ਦੇਸ਼ ਦੇ ਕਾਨੂੰਨ ਮੰਤਰੀ ਰਹੇ। ਆਪ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਭਾਰਤ ਦਾ ਸੰਵਿਧਾਨ ਲੋਕਤੰਤਰੀ ਅਤੇ ਧਰਮ-ਨਿਰਪੱਖ ਹੈ। ਇਹ 29 ਨਵੰਬਰ 1949 ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰ ਦਿੱਤਾ ਗਿਆ।
ਸਮਾਜ ਲਈ ਕੁਝ ਕਰ ਜਾਣ ਵਾਲੇ ਵਿਅਕਤੀ ਬਹੁਤੇ ਗ਼ਰੀਬੀ ’ਚੋਂ ਉੱਠੇ ਨਜ਼ਰ ਆਉਂਦੇ ਹਨ ਜੋ ਆਪਣੀ ਜ਼ਿੰਦਗੀ ’ਚ ਪਾਏ ਪੂਰਨਿਆਂ ਤੇ ਕੁਰਬਾਨੀਆਂ ਸਦਕਾ ਧਰੂ ਤਾਰੇ ਵਾਂਗ ਚਮਕਦੇ ਰਹਿੰਦੇ ਹਨ। ਸਮਾਜ ਉਨ੍ਹਾਂ ਦੇ ਦੱਸੇ ਰਾਹਾਂ ’ਤੇ ਤੁਰਦਿਆਂ ਆਪਣੀ ਮੰਜ਼ਿਲ ਵੱਲ ਵਧਦਾ ਰਹਿੰਦਾ ਹੈ। ਇਨ੍ਹਾਂ ਵਿਚ ਯੁੱਗ ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੀ ਸ਼ਾਮਲ ਹਨ। ਉਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਪਿੰਡ ਮਹੁੳ (ਮਹੂ) ਮੱਧ ਪ੍ਰਦੇਸ਼ ਵਿਚ ਮਾਤਾ ਸ੍ਰੀਮਤੀ ਭੀਮਾਬਾਈ ਦੀ ਕੁੱਖੋਂ ਪਿਤਾ ਸ੍ਰੀ ਮਾਲੋ ਸਕਪਾਲ ਦੇ ਘਰ ਹੋਇਆ ਸੀ।
ਡਾਕਟਰ ਅੰਬੇਡਕਰ ਮਹਾਰ ਜਾਤੀ ਨਾਲ ਸਬੰਧਤ ਸਨ ਅਤੇ ਮਾਪਿਆਂ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦੇ ਸਿਰ ਉੱਤੋਂ ਛੋਟੀ ਉਮਰ ’ਚ ਹੀ ਮਾਂ ਦਾ ਸਾਇਆ ਉੱਠ ਗਿਆ। ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੀਆਂ ਵੱਡੀਆਂ ਭੈਣਾਂ ਨੇ ਕੀਤਾ। ਡਾ. ਅੰਬੇਡਕਰ ਦਾ ਜੱਦੀ ਪਿੰਡ ਮਹਾਰਾਸ਼ਟਰ ਰਾਜ ਵਿਚ ‘ਅੰਬਾਵਡੇ’ ਸੀ। ਅਜੇ ਬਾਲਕ ਭੀਮ ਰਾਓ ਅੰਬੇਡਕਰ ਤਿੰਨ ਕੁ ਸਾਲ ਦੇ ਹੀ ਸਨ ਜਦ ਉਨ੍ਹਾਂ ਦੇ ਪਿਤਾ ਫ਼ੌਜ ਦੀ ਨੌਕਰੀ ਤੋਂ ਪੈਨਸ਼ਨ ਲੈ ਕੇ ਕਸਬਾ ਸਤਾਰਾ ਵਿਚ ਰਹਿਣ ਲੱਗੇ।
ਇੱਥੋਂ ਹੀ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਲਈ ਆਪ ਨੂੰ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। ਦਸਵੀਂ ਐਲਫਿਨਸਟੋਨ ਹਾਈ ਸਕੂਲ ਬੰਬਈ ਅਤੇ ਬਾਰ੍ਹਵੀਂ ਤੇ ਬੀਏ ਐਲਫਿਨਸਟੋਨ ਕਾਲਜ ਬੰਬਈ ਤੋਂ ਪਾਸ ਕੀਤੀ। ਐੱਮਏ, ਪੀਐੱਚਡੀ ਕੋਲੰਬੀਆ ਯੂਨੀਵਰਸਿਟੀ, ਅਮਰੀਕਾ ਤੋਂ ਕੀਤੀ। ਐੱਮਐੱਮਸੀ ਅਤੇ ਡੀਐੱਸਸੀ, ਲੰਡਨ ਸਕੂਲ ਆਫ ਇਕਨੋਮਿਕਸ ਅਤੇ ਬਾਰ ਐਟ ਲਾਅ ਲੰਡਨ ਤੋਂ ਕੀਤੀ। ਜਰਮਨੀ ਯੂਨੀਵਰਸਿਟੀ ਵਿਚ ਕੁਝ ਸਮਾਂ ਇਕਨੋਮਿਕਸ ਦੀ ਪੜ੍ਹਾਈ ਕੀਤੀ। ਛੋਟੀ ਉਮਰ ਵਿਚ ਹੀ ਆਪ ਦਾ ਵਿਆਹ ਰਾਮਾ ਬਾਈ ਨਾਲ ਹੋ ਗਿਆ ਸੀ।
ਆਪ ਦੇ ਘਰ ਬੱਚੇ ਯਸ਼ਵੰਤ, ਰਮੇਸ਼, ਇੰਦੂ, ਰਾਜ ਰਤਨ ਅਤੇ ਗੰਗਾਧਰ ਪੈਦਾ ਹੋਏ। ਸੰਨ 1935 ਵਿਚ ਉਨ੍ਹਾਂ ਦੀ ਧਰਮ-ਪਤਨੀ ਰਾਮਾ ਬਾਈ ਦਾ ਦੇਹਾਂਤ ਹੋ ਗਿਆ। ਪੈਸੇ ਅਤੇ ਇਲਾਜ ਦੀ ਘਾਟ ਕਾਰਨ ਤਿੰਨ ਬੇਟੇ ਇਕ ਬੇਟੀ ਰਮੇਸ਼, ਇੰਦੂ, ਰਾਜ ਰਤਨ ਅਤੇ ਗੰਗਾਧਰ ਰੱਬ ਨੂੰ ਪਿਆਰੇ ਹੋ ਗਏ। ਫਿਰ ਆਪ ਨੂੰ ਮਜਬੂਰਨ 1948 ਵਿਚ ਸਵਿਤਾ ਭਾਰਦਵਾਜ ਨਾਲ ਦੂਜਾ ਵਿਆਹ ਕਰਵਾਉਣਾ ਪਿਆ।
ਉਮਰ ਦੇ ਆਖ਼ਰੀ ਵਰਿ੍ਹਆਂ ’ਚ ਆਪ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ। ਡਾ: ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਲੋਕ ‘ਬਾਬਾ ਸਾਹਿਬ’ ਆਖ ਕੇ ਯਾਦ ਕਰਦੇ ਹਨ। ਆਪ ਨੇ ਕੁਝ ਸਮਾਂ ਮਹਾਰਾਜਾ ਬੜੌਦਾ ਦੇ ਬਤੌਰ ਮਿਲਟਰੀ ਸੈਕਟਰੀ ਦੀ ਨੌਕਰੀ ਕੀਤੀ ਪਰ ਉੱਥੇ ਵੀ ਜਾਤ-ਪਾਤ ਅਤੇ ਛੂਤ-ਛਾਤ ਦਾ ਬੋਲਬਾਲਾ ਹੋਣ ਕਾਰਨ ਜ਼ਿਆਦਾ ਸਮਾਂ ਨੌਕਰੀ ਨਾ ਕਰ ਸਕੇ। ਅਖ਼ੀਰ ਅਸਤੀਫ਼ਾ ਦੇ ਕੇ ਬੰਬਈ (ਮੁੰਬਈ) ਆ ਗਏ। ਰੋਜ਼ੀ-ਰੋਟੀ ਲਈ ਕਈ ਵਾਰ ਉਨ੍ਹਾਂ ਕਾਨੂੰਨ ਦੀ ਵਿੱਦਿਆ ਕਾਲਜ ਵਿਚ ਪੜ੍ਹਾਈ। ਉਹ ਜਾਤ-ਪਾਤ ਅਤੇ ਛੂਤ-ਛਾਤ ਦੇ ਕੋਹੜ ਨੂੰ ਖ਼ਤਮ ਕਰਨਾ ਚਾਹੁੰਦੇ ਸਨ।
ਉਹ ਚਾਹੁੰਦੇ ਸਨ ਕਿ ਸਿੱਖਿਆ ਦਾ ਪਸਾਰ, ਸ਼ਹਿਰੀਕਰਨ ਅਤੇ ਉਦਯੋਗੀਕਰਨ ਬਹੁਤ ਜ਼ਰੂਰੀ ਹੈ। ਆਪ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਹੋਂਦ ’ਚ ਲਿਆਂਦੀ ਤਾਂ ਜੋ ਉਸ ਦੀ ਮਦਦ ਸਦਕਾ ਗ਼ਰੀਬ ਬੱਚੇ ਪੜ੍ਹ-ਲਿਖ ਸਕਣ। ਆਪ ਨੇ ਸਮਾਜ ਨੂੰ ਜਾਗਿ੍ਰਤ ਕਰਨ ਲਈ ‘ਮੂਕ ਨਾਇਕ’ ‘ਬਹਿਸ਼ਕਿ੍ਰਤ’, ‘ਜਨਤਾ’ ਅਤੇ ‘ਪ੍ਰਾਬੁੱਧ ਭਾਰਤ’ ਅਖ਼ਬਾਰ ਸਮੇਂ-ਸਮੇਂ ’ਤੇ ਕੱਢੇ।
ਉਨ੍ਹਾਂ ਨੇ ਰਸਾਲੇ ਅਤੇ ਕਿਤਾਬਾਂ ਵੀ ਕੱਢੀਆਂ ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ : ‘ਬੁੱਧਾ ਅਤੇ ਉਸ ਦਾ ਧੰਮ’, ‘ਜਾਤ-ਪਾਤ ਦਾ ਬੀਜਨਾਸ’, ‘ਸ਼ੂਦਰ ਕੌਣ ਸਨ’, ‘ਕਾਂਗਰਸ ਅਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ’, ‘ਪਾਕਿਸਤਾਨ ਜਾਂ ਭਾਰਤ ਦਾ ਬਟਵਾਰਾ’, ‘ਬੁੱਧ ਜਾਂ ਕਾਰਲ ਮਾਰਕਸ’, ‘ਹਿੰਦੂ ਧਰਮ ਦੀਆਂ ਬੁਝਾਰਤਾਂ’, ‘ਵੀਜ਼ੇ ਦਾ ਇੰਤਜ਼ਾਰ’, ‘ਰੁਪਏ ਦੀ ਸਮੱਸਿਆ: ਇਸ ਦਾ ਆਰੰਭ ਅਤੇ ਹੱਲ’, ‘ਹਿੰਦੂ ਧਰਮ ਦੀ ਫ਼ਿਲਾਸਫ਼ੀ, ‘ਫੈੱਡਰੇਸ਼ਨ ਬਨਾਮ ਆਜ਼ਾਦੀ’, ‘ਵਿਦੇਸ਼ੀ ਨੂੰ ਇਕ ਗੁਜ਼ਾਰਸ਼’, ‘ਸ੍ਰੀ ਗਾਂਧੀ ਅਤੇ ਅਛੂਤਾਂ ਦਾ ਉਧਾਰ’, ‘ਭਾਰਤੀ ਮੁਦਰਾ ਅਤੇ ਬੈਂਕਾਂ ਦਾ ਇਤਿਹਾਸ’, ‘ਅਛੂਤ ਕੌਣ ਔਰ ਕੈਸੇ’, ‘ਭਾਰਤ ਦਾ ਸੰਵਿਧਾਨ’ ਆਦਿ।
ਡਾ. ਅੰਬੇਡਕਰ ਆਜ਼ਾਦੀ ਤੋਂ ਪਿੱਛੋਂ ਦੇਸ਼ ਦੇ ਕਾਨੂੰਨ ਮੰਤਰੀ ਰਹੇ। ਆਪ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਭਾਰਤ ਦਾ ਸੰਵਿਧਾਨ ਲੋਕਤੰਤਰੀ ਅਤੇ ਧਰਮ-ਨਿਰਪੱਖ ਹੈ। ਇਹ 29 ਨਵੰਬਰ 1949 ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਸੰਨ 1952 ਵਿਚ ਬਾਬਾ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ। ਆਪ ਆਪਣੇ ਅੰਤ ਸਮੇਂ ਤਕ ਰਾਜ ਸਭਾ ਦੇ ਮੈਂਬਰ ਰਹੇ। ਹਿਸਟਰੀ, ਸਮਾਜ ਸ਼ਾਸਤਰ, ਅਰਥ ਸ਼ਾਸਤਰ, ਪੋਲੀਟੀਕਲ ਸਾਇੰਸ, ਕਾਨੂੰਨ ਦੀ ਵਿੱਦਿਆ, ਐੱਮਏ, ਐੱਮਐੱਸਸੀ, ਪੀਐੱਚਡੀ, ਡੀਐੱਸਸੀ ਡਿਗਰੀ ਪਾਸ ਹਿੰਦੂ ਸ਼ਾਸਤਰਾਂ ਦੀ ਇਤਿਹਾਸਕ ਤੇ ਧਾਰਮਿਕ ਪੜਚੋਲ ਕਰਨ ਵਾਲਾ ਵਿਦਵਾਨ ਏਨੀਆਂ ਡਿਗਰੀਆਂ ਵਾਲਾ, ਬਹੁ-ਪੱਖੀ ਇਨਸਾਨ, ਭਾਰਤ ਤਾਂ ਕੀ, ਵਿਸ਼ਵ ਵਿਚ ਵੀ ਨਜ਼ਰ ਨਹੀਂ ਆਉਂਦਾ। ਬਾਬਾ ਸਾਹਿਬ ਦੀ ਪਛਾਣ ਪਰਿਵਰਤਨ ਲਿਆਉਣ ’ਚ ਵੀ ਬਣੀ। ਆਧੁਨਿਕ ਭਾਰਤ ਦੀ ਨੀਂਹ ਰੱਖਣ ਵਾਲੇ ਬਾਬਾ ਸਾਹਿਬ ਸਦਕਾ ‘ਰਿਜ਼ਰਵ ਬੈਂਕ ਆਫ ਇੰਡੀਆ’ ਸਥਾਪਤ ਹੋਇਆ।
ਹੀਰਾ ਕੁੰਡ, ਸੋਨ ਨਦੀ, ਦਾਮੋਦਰ ਘਾਟੀ ਪਰਿਯੋਜਨਾ ਵਿਚ ਵੀ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ ਸੀ। ਡਾ. ਭੀਮ ਰਾਓ ਅੰਬੇਡਕਰ ਜਾਤ-ਪਾਤ, ਛੂਤ-ਛਾਤ ਅਤੇ ਦੱਬੇ-ਕੁਚਲੇ ਲੋਕਾਂ ਲਈ ਬੁਲੰਦ ਆਵਾਜ਼ ਬਣ ਕੇ ਸਾਹਮਣੇ ਆਏ ਸਨ। ਉਨ੍ਹਾਂ ਨੇ ਹਰ ਭੁੱਖੇ-ਪਿਆਸੇ ਲਈ ਹੱਕ ਦਾ ਨਾਅਰਾ ਲਾਇਆ। ਜੱਗ-ਜਣਨੀ ਦੀ ਰਾਖੀ ਲਈ ਸੂਰਾ ਮੈਦਾਨ ’ਚ ਨਿੱਤਰ ਆਇਆ। ਇਸਤਰੀ ਵਰਗ ਨੂੰ ਹੱਕ ਦਿਵਾਉਣ ਲਈ ਪੂਰਾ ਜ਼ੋਰ ਲਾਇਆ। ਅੱਜ 30 ਕਰੋੜ ਤੋਂ ਉੱਪਰ ਦਲਿਤ ਬਾਬਾ ਸਾਹਿਬ ਨੂੰ ਮਸੀਹਾ ਮੰਨਦੇ ਹਨ। ਦੁਨੀਆ ਦਾ ਸ਼ਾਇਦ ਹੀ ਕੋਈ ਨੇਤਾ ਅਜਿਹਾ ਹੋਵੇਗਾ ਜਿਸ ਨੇ ਐਨੀ ਲੋਕਪਿ੍ਰਅਤਾ ਪਾਈ ਹੈ।
ਅੱਜ ਪੂਰੇ ਵਿਸ਼ਵ ਵਿਚ ਸਭ ਤੋਂ ਵੱਧ ਬੁੱਤ ਡਾ: ਅੰਬੇਡਕਰ ਦੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਤੋਂ ਖ਼ੁਸ਼ ਹੋ ਕੇ ਐੱਲਐੱਲਡੀ ਕੋਲੰਬੀਆ ਯੂਨੀਵਰਸਿਟੀ ਨੇ 1952 ਵਿਚ ਪ੍ਰਦਾਨ ਕੀਤੀ। ਉਨ੍ਹਾਂ ਨੂੰ ਡੀ.ਲਿਟ 1953 ਵਿਚ ਉਸਮਾਨੀਆ ਯੂਨੀਵਰਸਿਟੀ ਨੇ ਭਾਰਤ ਦਾ ਸੰਵਿਧਾਨ ਲਿਖਣ ’ਤੇ ਪ੍ਰਦਾਨ ਕੀਤੀ ਸੀ। ਸੰਨ 1991 ’ਚ ਉਨ੍ਹਾਂ ਦੇ ਸੌਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਭਾਰਤ ਦੇ ਸਰਵਉੱਚ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦੀ ਦੂਜੀ ਪਤਨੀ ਦਾ 2003 ਵਿਚ ਦੇਹਾਂਤ ਹੋ ਗਿਆ ਸੀ।
ਉਨ੍ਹਾਂ ਦਾ ਪੁੱਤਰ ਯਸ਼ਵੰਤ ਅੰਬੇਡਕਰ (ਭਈਆ ਸਾਹਿਬ) ਵਜੋਂ ਮਸ਼ਹੂਰ ਹੈ। ਬਾਬਾ ਸਾਹਿਬ ਦਾ ਪੋਤਾ ਪ੍ਰਕਾਸ਼ ਅੰਬੇਡਕਰ ਬੁਧਿਸਟ ਸੁਸਾਇਟੀ ਆਫ ਇੰਡੀਆ ਦਾ ਸਾਬਕਾ ਮੁੱਖ ਸਲਾਹਕਾਰ ਹੈ ਅਤੇ ਵੰਚਿਤ ਬਹੁਜਨ ਅਘਾੜੀ ਦੀ ਅਗਵਾਈ ਕਰ ਰਿਹਾ ਹੈ ਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਰਹਿ ਚੁੱਕਾ ਹੈ। ਡਾ. ਭੀਮ ਰਾਓ ਅੰਬੇਡਕਰ ਨੇ 6 ਦਸੰਬਰ 1956 ਨੂੰ ਦਿੱਲੀ ’ਚ ਆਖ਼ਰੀ ਸਾਹ ਲਿਆ ਸੀ ਅਤੇ ਉਨ੍ਹਾਂ ਦਾ ਸਸਕਾਰ ਬੰਬਈ ਵਿਚ ਕੀਤਾ ਗਿਆ ਸੀ। ਭਾਰਤ ਮਾਂ ਦੇ ਸਪੂਤ, ਚਾਨਣ ਦੇ ਵਣਜਾਰੇ ਨੂੰ ਜਹਾਨ ਸਦਾ ਚੇਤੇ ਕਰਦਾ ਰਹੂਗਾ। ਯੁੱਗ ਪੁਰਸ਼ ਨੂੰ ਸਲਾਮ।
ਮੋਬਾਈਲ : 98786-06963
ਆਭਾਰ : https://www.punjabijagran.com/editorial/general-babasaheb-dr-bhim-rao-ambedkar-who-laid-the-foundation-of-modern-india-9218060.html
test