ਜਲੰਧਰ ਦੀ ਹੋਣਹਾਰ ਧੀ ਹਰਨਾਜ਼ ਕੌਰ ਕੋਹਲੀ ਨੇ ਸਿਰਫ਼ 8 ਸਾਲ ਦੀ ਉਮਰ ‘ਚ ਵੱਡੀ ਉਪਲਬਧੀ ਹਾਸਲ ਕਰਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
21 ਮਈ, 2026 – ਜਲੰਧਰ: ਜ਼ਿਲ੍ਹਾ ਜਲੰਧਰ ਦੀ ਹੋਣਹਾਰ ਧੀ ਹਰਨਾਜ਼ ਕੌਰ ਕੋਹਲੀ ਨੇ ਛੋਟੀ ਉਮਰ ਵਿੱਚ ਵੱਡਾ ਕਾਰਨਾਮ ਕਰ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਸ਼ਹਿਰ ਅਤੇ ਸਕੂਲ ਦਾ ਨਾਮ ਵੀ ਦੁਨੀਆਂ ਤੱਕ ਪਹੁੰਚਾ ਦਿੱਤਾ ਹੈ। ਦਰਅਸਲ ਸਿਰਫ਼ 8 ਸਾਲ ਦੀ ਉਮਰ ਵਿਚ ਵੱਡੀ ਉਪਲਬਧੀ ਹਾਸਲ ਕਰਨ ਵਾਲੀ ਜਲੰਧਰ ਦੀ ਹਰਨਾਜ਼ ਕੌਰ ਕੋਹਲੀ ਨੇ ਰਾਡ ਨਾਲ ਲਟਕਦੇ ਹੋਏ ਸਭ ਤੋਂ ਵੱਧ ਹੂਲਾ ਹੂਪ ਕਰਕੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਹਰਨਾਜ਼ ਦੀ ਇਸ ਕਾਮਯਾਬੀ ਨਾਲ ਉਸਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ ਅਤੇ ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਜਿਸ ਨਾਲ ਪਰਿਵਾਰ ਦੀ ਖੁਸ਼ੀ ਵੀ ਦੁੱਗਣੀ ਹੋ ਗਈ ਹੈ।
ਪਰਿਵਾਰ ਨੂੰ ਮਾਣ
ਖ਼ਾਸ ਕਰਕੇ ਹਰਨਾਜ਼ ਦੇ ਮਾਤਾ-ਪਿਤਾ ਅਤੇ ਉਸਦੇ ਦਾਦਾ ਅਤੇ ਦਾਦੀ ਨੇ ਹਰਨਾਜ਼ ਦੀ ਇਸ ਉਪਲਬਧੀ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ‘ਸਾਡੀ ਧੀ ‘ਤੇ ਸਾਨੂੰ ਬਹੁਤ ਮਾਣ ਹੈ। ਜਲੰਧਰ ਨਿਵਾਸੀ ਦਿਲਰਾਜ ਸਿੰਘ ਅਤੇ ਗਗਨਦੀਪ ਕੌਰ ਦੀ ਧੀ ਹਰਨਾਜ਼ ਕੌਰ ਨੇ ਸਿਰਫ਼ 8 ਸਾਲ ਦੀ ਉਮਰ ਵਿੱਚ ਇੰਡੀਆ ਬੁੱਕ ਆਫ਼ ਰਿਕਾਰਡਜ਼ 2026 ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਪਰਿਵਾਰ ਖੁਸ਼ੀ ਨਾਲ ਭਰਿਆ ਹੋਇਆ ਹੈ, ਰਿਸ਼ਤੇਦਾਰ ਅਤੇ ਸ਼ਹਿਰ ਵਸਨੀਕ ਲਗਾਤਾਰ ਵਧਾਈਆਂ ਦੇ ਰਹੇ ਹਨ।‘
ਪਰਿਵਾਰ ਮੁਤਾਬਕ ‘ਹਰਨਾਜ਼ ਬਚਪਨ ਤੋਂ ਹੀ ਬਹੁਤ ਹੋਣਹਾਰ ਅਤੇ ਮਿਹਨਤੀ ਰਹੀ ਹੈ ਅਤੇ ਆਉਣ ਵਾਲੇ ਸਮੇਂ ‘ਚ ਉਹ ਆਪਣੀ ਧੀ ਨੂੰ ਹੋਰ ਵੀ ਮਿਹਨਤ ਕਰਵਾਉਣਗੇ ਤਾਂ ਜੋ ਹਰਨਾਜ਼ ਆਪਣੇ ਸੁਫ਼ਨੇ ਪੂਰੇ ਕਰ ਸਕੇ।‘
ਹੋਰਨਾਂ ਲਈ ਪ੍ਰੇਰਣਾ ਹਰਨਾਜ਼: ਮਾਤਾ–ਪਿਤਾ
ਇਸ ਮੌਕੇ ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਇੰਨੀ ਛੋਟੀ ਉਮਰ ਵਿੱਚ ਇੰਨੀ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ, ਜੋ ਕਿ ਪੂਰੇ ਪਰਿਵਾਰ ਲਈ ਮਾਣ ਅਤੇ ਖੁਸ਼ਕਿਸਮਤੀ ਦੀ ਗੱਲ ਹੈ। ਹਰਨਾਜ਼ ਦੀ ਸਫਲਤਾ ਹੋਰ ਬੱਚਿਆਂ ਨੂੰ ਪ੍ਰੇਰਿਤ ਕਰੇਗੀ ਸਖ਼ਤ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਛੋਟੀ ਉਮਰ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਲਾਕੇ ਦੇ ਲੋਕਾਂ ਨੇ ਵੀ ਹਰਨਾਜ਼ ਕੌਰ ਦੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਸ ਦੇ ਸੋਹਣੇ ਭਵਿੱਖ ਦੀ ਕਾਮਨਾ ਕੀਤੀ।
ਦੱਸ ਦਈਏ ਕਿ ਜਲੰਧਰ ਦੇ ਇਨੋਸੈਂਟ ਹਾਰਟ ਸਕੂਲ ‘ਚ ਤੀਜੀ ਜਮਾਤ ਦੀ ਵਿਦਿਆਰਥਣ ਹਰਨਾਜ਼ ਦਾ ਵੀ ਸੁਫਨਾ ਹੈ ਕਿ ਹੋਰ ਮਿਹਨਤ ਕਰ ਕੇ ਉਹ ਏਸ਼ੀਆ ਲੈਵਲ ਵਿੱਚ ਵੀ ਇਸ ਤਰ੍ਹਾਂ ਹੀ ਨਾਮ ਬਣਾਵੇ। ਹਰਨਾਜ਼ ਨੇ ਕਿਹਾ ਕਿ ‘ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਅਤੇ ਜਦੋਂ ਮੈਂ ਇਹ ਰਿਕਾਰਡ ਬਣਾਇਆ ਤਾਂ ਮੇਰੇ ਪਰਿੜਾਰ ਦੇ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਵੀ ਸ਼ਾਬਾਸ਼ੀ ਦਿੱਤੀ ਅਤੇ ਅੱਗੇ ਵਧਣ ਲਈ ਅਸ਼ੀਰਵਾਦ ਦਿੱਤਾ ਹੈ।‘
ETV BHARAT